English | 繁體中文 | 简体中文 | Français | ਪੰਜਾਬੀ
ਤਾਜ਼ਾ ਜਾਣਕਾਰੀ ਲਓ
ਪ੍ਰਮੁੱਖ ਸੇਵਾਵਾਂ

ਸੰਖੇਪ ਜਾਣਕਾਰੀ
ਬ੍ਰਿਟਿਸ਼ ਕੋਲੰਬੀਆ ਵਿੱਚ ਸਾਡੇ ਕੋਲ ਸਫਲਤਾ ਲਈ ਲੋੜੀਂਦੀ ਹਰ ਚੀਜ਼ ਹੈ - ਉਹ ਸਰੋਤ ਜਿਨ੍ਹਾਂ ਦੀ ਦੁਨੀਆ ਨੂੰ ਲੋੜ ਹੈ, ਉਹ ਬੰਦਰਗਾਹ ਜਿਨ੍ਹਾਂ ਰਾਹੀਂ ਅਸੀਂ ਇਹਨਾਂ ਨੂੰ ਮਾਰਕਿਟਾਂ ਤੱਕ ਪਹੁੰਚਾ ਸਕਦੇ ਹਾਂ, ਅਤੇ ਉਹ ਲੋਕ ਜੋ ਇਹ ਸਭ ਸੰਭਵ ਬਣਾਉਂਦੇ ਹਨ।
ਬੀ.ਸੀ. ਕਈ ਸਾਲਾਂ ਤੋਂ ਵੱਡੀਆਂ ਚੁਣੌਤੀਆਂ ਦੇ ਬਾਵਜੂਦ ਆਰਥਿਕ ਤੌਰ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਅਸੀਂ ਆਪਣੀਆਂ ਖੂਬੀਆਂ ‘ਤੇ ਨਿਰਭਰ ਹੁੰਦਿਆਂ ਹੋਰ ਮਜ਼ਬੂਤ ਬਣ ਰਹੇ ਹਾਂ, ਤਾਂ ਜੋ ਟਰੰਪ ਦੇ ਟੈਰਿਫ਼ਾਂ ਅਤੇ ਵਿਸ਼ਵ-ਪੱਧਰੀ ਆਰਥਿਕ ਅਣਿਸ਼ਚਿਤਤਾ ਦੇ ਪ੍ਰਭਾਵਾਂ ਨਾਲ ਨਜਿੱਠ ਸਕੀਏ।
ਅਸੀਂ ਇਕੱਠੇ ਮਿਲ ਕੇ ਇੱਕ ਸੁਰੱਖਿਅਤ ਭਵਿੱਖ ਅਤੇ ਮਜ਼ਬੂਤ ਆਰਥਿਕਤਾ ਬਣਾ ਰਹੇ ਹਾਂ - ਜਿੱਥੇ ਬੀ.ਸੀ. ਬਦਲਦੇ ਸੰਸਾਰ ਵਿੱਚ ਸਫਲ ਹੋਣ ਲਈ ਤਿਆਰ ਹੈ। ਅਜਿਹੀ ਥਾਂ ਜਿੱਥੇ ਰਹਿਣ ਵਾਲੇ ਲੋਕਾਂ ਕੋਲ ਵਧੀਆ ਨੌਕਰੀਆਂ, ਮਜ਼ਬੂਤ ਸਰਕਾਰੀ ਸੇਵਾਵਾਂ, ਅਤੇ ਚੰਗੀ ਜ਼ਿੰਦਗੀ ਬਣਾਉਣ ਦੇ ਮੌਕੇ ਹਨ। ਜਿੱਥੇ ਸਾਨੂੰ ਜੀਵਨ ਦੇਣ ਵਾਲੀ ਧਰਤੀ, ਪਾਣੀ ਅਤੇ ਹਵਾ ਦੀ ਸੁਰੱਖਿਆ ਕੀਤੀ ਜਾਂਦੀ ਹੈ। ਅਤੇ ਜਿੱਥੇ ਹੁਨਰਮੰਦ ਲੋਕ ਅਤੇ ਸਫਲ ਕੰਪਨੀਆਂ ਆਉਣਾ ਚਾਹੁੰਦੀਆਂ ਹਨ।
ਕਿਉਂਕਿ ਜਦੋਂ ਅਸੀਂ ਬੀ.ਸੀ. ਨੂੰ ਹੋਰ ਮਜ਼ਬੂਤ ਬਣਾਉਂਦੇ ਹਾਂ, ਉਦੋਂ ਜ਼ਿੰਦਗੀ ਬਿਹਤਰ ਹੁੰਦੀ ਹੈ। ਅਤੇ ਬੀ.ਸੀ. ਉਦੋਂ ਸਫਲ ਹੁੰਦਾ ਹੈ ਜਦੋਂ ਅਸੀਂ ਇਕੱਠੇ ਸਫਲ ਹੁੰਦੇ ਹਾਂ।

ਲੁੱਕ ਵੈਸਟ: ਮਜ਼ਬੂਤ ਬੀ.ਸੀ. ਅਤੇ ਕੈਨੇਡਾ ਲਈ ਨੌਕਰੀਆਂ ਅਤੇ ਖੁਸ਼ਹਾਲੀ
‘ਲੁੱਕ ਵੈਸਟ’ ਬੀ.ਸੀ. ਦੀ ਉਸ ਪਹੁੰਚ ਨੂੰ ਦਰਸਾਉਂਦੀ ਹੈ ਜਿਸ ਨਾਲ ਅਸੀਂ ਟਰੰਪ ਦੇ ਟੈਰਿਫ਼ਾਂ ਅਤੇ ਵਧਦੀ ਵਿਸ਼ਵ-ਪੱਧਰੀ ਅਸਥਿਰਤਾ ਨਾਲ ਆਈਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ।
ਇਹ ਇੱਕ ਟੀਚਾਬੱਧ ਕਾਜਨੀਤੀ ਹੈ ਜੋ ਮੁੱਖ ਪ੍ਰੋਜੈਕਟ ਹੋਰ ਤੇਜ਼ੀ ਨਾਲ ਪੂਰੇ ਕਰਨ, ਹੁਨਰ ਸਿਖਲਾਈ ਵਧਾਉਣ ਅਤੇ ਮੁੱਖ ਖੇਤਰਾਂ ਨੂੰ ਮਜ਼ਬੂਤ ਕਰਨ ‘ਤੇ ਕੇਂਦਰਿਤ ਹੈ।
ਇਹ ਬੀ.ਸੀ. ਦੀਆਂ ਤਾਕਤਾਂ ‘ਤੇ ਨਿਰਭਰ ਹੈ ਅਤੇ ਅੱਗੇ ਦੀਆਂ ਕਾਰਵਾਈਆਂ ਲਈ ਤਰਜੀਹਾਂ ਤੈਅ ਕਰਦੀ ਹੈ – ਇਹ ਬੀ.ਸੀ. ਨੂੰ ਕੈਨੇਡਾ ਦੀ ਆਰਥਿਕਤਾ ਵਿੱਚ ਪ੍ਰਮੁੱਖ ਯੋਗਦਾਨ ਪਾਉਣ ਵਾਲੇ ਸੂਬੇ ਵਜੋਂ ਸਥਾਪਤ ਕਰਨ ਅਤੇ ਲੋਕਾਂ ਲਈ ਨੌਕਰੀਆਂ ਅਤੇ ਮੌਕੇ ਮੁਹੱਈਆ ਕਰਦੀ ਹੈ।
ਲੁੱਕ ਵੈਸਟ ਕਾਰਜਨੀਤੀ ਪੜ੍ਹੋ
ਲੁੱਕ ਵੈਸਟ ਕਾਰਜਨੀਤੀ ਡਾਊਨਲੋਡ ਕਰੋ (PDF, 9.2MB)
ਬੀ.ਸੀ. ਦੀਆਂ ਖੂਬੀਆਂ ਦੇ ਅਧਾਰ ‘ਤੇ ਅੱਗੇ ਵੱਧਣਾ
ਦੁਨੀਆ ਲਈ ਲੋੜੀਂਦੇ ਸਰੋਤ
ਅਸੀਂ ਬੀ.ਸੀ. ਲਈ ਇੱਕ ਵਿਲੱਖਣ ਮੌਕੇ ਦਾ ਲਾਭ ਉਠਾ ਰਹੇ ਹਾਂ, ਤਾਂ ਜੋ ਆਪਣੀ ਸਮਰੱਥਾ ਨੂੰ ਇੱਕ ਸਾਫ਼ ਊਰਜਾ ਦੇ ਮਜ਼ਬੂਤ ਕੇਂਦਰ ਵਜੋਂ ਵਧਾਇਆ ਜਾ ਸਕੇ ਅਤੇ ਦੁਨੀਆ ਨੂੰ ਲੋੜੀਂਦੇ ਖਣਿਜ ਪਹੁੰਚਾਏ ਜਾ ਸਕਣ।
ਨੌਕਰੀਆਂ ਪੈਦਾ ਕਰਨ ਵਾਲੇ ਮੁੱਖ ਪ੍ਰੋਜੈਕਟ
ਅਸੀਂ ਮਨਜ਼ੂਰੀ ਦੀਆਂ ਪ੍ਰਕਿਰਿਆਵਾਂ ਨੂੰ ਤੇਜ਼ ਕਰ ਰਹੇ ਹਾਂ, ਤਾਂ ਜੋ ਉਹ ਪ੍ਰੋਜੈਕਟ ਬਣ ਸਕਣ ਜੋ ਹਜ਼ਾਰਾਂ ਵਧੀਆ ਨੌਕਰੀਆਂ ਪੈਦਾ ਕਰਨ, ਭਾਈਚਾਰਿਆਂ ਨੂੰ ਖੁਸ਼ਹਾਲ ਬਣਾਉਣ, ਅਤੇ ਸਾਡੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਨ।
ਕਾਰੋਬਾਰ ਕਰਨ ਲਈ ਸ਼ਾਨਦਾਰ ਥਾਂ
ਅਸੀਂ ਕਾਰੋਬਾਰ ਕਰਨਾ ਵਧੇਰੇ ਅਸਾਨ ਬਣਾ ਰਹੇ ਹਾਂ, ਲੋਕਾਂ ਲਈ ਭਰੋਸੇਯੋਗ, ਅਤੇ ਵਧੀਆ ਨੌਕਰੀਆਂ ਪੈਦਾ ਕਰ ਰਹੇ ਹਾਂ, ਅਤੇ ਬੀ.ਸੀ. ਦੀ ਵਿਭਿੰਨ ਆਰਥਿਕਤਾ ਨੂੰ ਉਤਾਰ-ਚੜ੍ਹਾਅ ਵਾਲੀਆਂ ਪਰਿਸਥਿਤੀਆਂ ਵਿੱਚ ਮਜ਼ਬੂਤ ਰੱਖ ਰਹੇ ਹਾਂ।
ਵਧੇਰੇ ਮਜ਼ਬੂਤ ਸਰਕਾਰੀ ਸੇਵਾਵਾਂ
ਅਸੀਂ ਗੁਣਵੱਤਾ ਵਾਲੀ ਸਿਹਤ ਸੰਭਾਲ, ਬਾਲ-ਸੰਭਾਲ ਅਤੇ ਉਹ ਘਰ ਉਪਲਬਧ ਕਰਵਾਉਣ ਲਈ ਕੰਮ ਕਰ ਰਹੇ ਹਾਂ ਜੋ ਲੋਕਾਂ ਲਈ ਕਿਫ਼ਾਇਤੀ ਹੋਣ - ਇਹ ਸਭ ਮਜ਼ਬੂਤ ਆਰਥਿਕਤਾ ਦੀ ਨੀਂਹ ਹਨ।


ਵਾਤਾਵਰਨ ਪੱਖੋਂ ਸਾਫ਼ ਊਰਜਾ ਨਾਲ ਤਰੱਕੀ ਦਾ ਰਾਹ ਪੱਧਰਾ ਕਰਨਾ ਅਤੇ ਦੁਨੀਆ ਲਈ ਲੋੜੀਂਦੇ ਸਰੋਤ ਉਪਲਬਧ ਕਰਨਾ
ਬੀ.ਸੀ. ਕੋਲ ਵਾਤਾਵਰਨ ਪੱਖੋਂ ਸਾਫ਼ ਊਰਜਾ ਹੈ ਜਿਸਦੀ ਕਾਰੋਬਾਰਾਂ ਨੂੰ ਵਧਣ ਅਤੇ ਸਫਲ ਹੋਣ ਲਈ ਲੋੜ ਹੈ, ਅਤੇ ਉਹ ਕੁਦਰਤੀ ਸਰੋਤ ਹਨ ਜਿਨ੍ਹਾਂ ਦੀ ਦੁਨੀਆ ਨੂੰ ਲੋੜ ਹੈ। ਅਸੀਂ ਸਭ ਲਈ ਬਿਹਤਰ ਭਵਿੱਖ ਬਣਾਉਣ ਦੇ ਮੌਕੇ ਅਪਣਾ ਰਹੇ ਹਾਂ।
ਵਾਤਾਵਰਨ ਪੱਖੋਂ ਸਾਫ਼ ਊਰਜਾ
ਬੀ.ਸੀ. ਕੋਲ ਵਾਤਾਵਰਨ ਪੱਖੋਂ ਦੁਨੀਆ ਦੀ ਸਭ ਤੋਂ ਸਾਫ਼ ਅਤੇ ਕਿਫ਼ਾਇਤੀ ਬਿਜਲੀ ਵਿੱਚੋਂ ਇੱਕ ਉਪਲਬਧ ਹੈ – 98% ਬਿਜਲੀ ਨਵਿਆਉਣਯੋਗ ਸਰੋਤਾਂ ਤੋਂ ਆਉਂਦੀ ਹੈ।
ਮਹੱਤਵਪੂਰਨ ਖਣਿਜਾਂ ਨਾਲ ਭਰਪੂਰ
ਬੀ.ਸੀ. ਕੋਲ 34 ਵਿੱਚੋਂ 19 ਵਿਰਲੇ ਅਤੇ ਮਹੱਤਵਪੂਰਨ ਖਣਿਜ ਹਨ, ਜੋ ਆਧੁਨਿਕ ਅਤੇ ਵਾਤਾਵਰਨ ਪੱਖੋਂ ਸਾਫ਼ ਤਕਨਾਲੋਜੀ ਬਣਾਉਣ ਜਾਂ ਚਲਾਉਣ ਲਈ ਲੋੜੀਂਦੇ ਹਨ।
ਆਰਥਿਕ ਤਰੱਕੀ ਦਾ ਕੇਂਦਰ
ਬੀ.ਸੀ. ਪ੍ਰਾਈਵੇਟ ਖੇਤਰ ਵਿੱਚ ਨੌਕਰੀਆਂ ਦੇ ਵਾਧੇ, ਉੱਚ ਤਨਖ਼ਾਹਾਂ ਅਤੇ ਘੱਟ ਬੇਰੁਜ਼ਗਾਰੀ ਵਿੱਚ ਰਾਸ਼ਟਰੀ ਪੱਧਰ ‘ਤੇ ਅਗਵਾਈ ਕਰ ਰਿਹਾ ਹੈ।
ਵਾਤਾਵਰਨ ਪੱਖੋਂ ਸਾਫ਼ ਊਰਜਾ ਦੀ ਤਾਕਤ ਨਾਲ ਆਰਥਿਕਤਾ ਨੂੰ ਨਵੀਂ ਦਿਸ਼ਾ ਦੇਣਾ
ਬ੍ਰਿਟਿਸ਼ ਕੋਲੰਬੀਆ ਦੁਨੀਆ ਦੀਆਂ ਉਨ੍ਹਾਂ ਵਿਰਲੀਆਂ ਥਾਵਾਂ ਵਿੱਚੋਂ ਇੱਕ ਹੈ ਜਿੱਥੇ ਬਿਜਲੀ ਵਾਤਾਵਰਨ ਪੱਖੋਂ ਸਾਫ਼, ਘੱਟ ਲਾਗਤ ਵਾਲੀ ਅਤੇ ਭਰੋਸੇਯੋਗ ਹੈ। ਬੀ.ਸੀ. ਵਿੱਚ ਬਣਦੀ 98% ਬਿਜਲੀ ਵਾਤਾਵਰਨ ਪੱਖੋਂ ਸਾਫ਼ ਜਾਂ ਨਵਿਆਉਣਯੋਗ ਸਰੋਤਾਂ ਤੋਂ ਆਉਂਦੀ ਹੈ।
ਇਸਦਾ ਮਤਲਬ ਹੈ ਕਿ ਅਸੀਂ ਆਪਣੀ ਵਾਤਾਵਰਨ ਪੱਖੋਂ ਸਾਫ਼ ਊਰਜਾ ਦੀ ਸਪਲਾਈ ਵਧਾਉਣ 'ਤੇ ਧਿਆਨ ਦੇ ਸਕਦੇ ਹਾਂ, ਤਾਂ ਜੋ ਹੋਰ ਨੌਕਰੀਆਂ ਅਤੇ ਵਧੀਆ ਨਿਵੇਸ਼ ਦੇ ਮੌਕੇ ਬਣ ਸਕਣ।
ਬੀ.ਸੀ. ਦੀਆਂ ਖੂਬੀਆਂ
- ਬੀ.ਸੀ. ਵਿੱਚ ਬਿਜਲੀ ਕਿਫ਼ਾਇਤੀ ਹੈ। ਸਾਡੀਆਂ ਦਰਾਂ ਨੌਰਥ ਅਮਰੀਕਾ ਵਿੱਚ ਸਭ ਤੋਂ ਘੱਟ ਦਰਾਂ ਵਿੱਚੋਂ ਹਨ ਅਤੇ ਅਸੀਂ ਲੋਕਾਂ ਅਤੇ ਕਾਰੋਬਾਰਾਂ ਨੂੰ ਹੋਰ ਬਚਤ ਕਰਨ ਲਈ ਪ੍ਰੋਗਰਾਮ ਵੀ ਮੁਹੱਈਆ ਕਰਵਾਉਂਦੇ ਹਾਂ।
- ਨੌਰਥ ਅਮਰੀਕਾ ਦੇ ਪੱਛਮੀ ਗ੍ਰਿਡ ਨਾਲ ਜੁੜਿਆ ਸਿਸਟਮ। ਬੀ.ਸੀ. ਦਾ ਮੌਕੇ ਮੁਤਾਬਕ ਢੱਲਣ ਵਾਲਾ ਹਾਈਡ੍ਰੋਇਲੈਕਟ੍ਰਿਕ ਸਿਸਟਮ, ਸਾਨੂੰ ਕੀਮਤਾਂ ਘੱਟ ਹੋਣ ‘ਤੇ ਬਿਜਲੀ ਖਰੀਦਣ ਅਤੇ ਮੰਗ ਵਧਣ ‘ਤੇ ਵੇਚਣ ਦੀ ਆਗਿਆ ਦਿੰਦਾ ਹੈ – ਇਸ ਨਾਲ ਭੁਗਤਾਨ ਦਰ ਕਿਫ਼ਾਇਤੀ ਰਹਿੰਦੀ ਹੈ।
- ਵਾਤਾਵਰਨ ਪੱਖੋਂ ਸਾਫ਼ ਊਰਜਾ ਚੰਗੀਆਂ ਨੌਕਰੀਆਂ ਪੈਦਾ ਕਰਦੀ ਹੈ। ਬੀ.ਸੀ. ਦੀ ਵਾਤਾਵਰਨ ਪੱਖੋਂ ਸਾਫ਼ ਊਰਜਾ ਵੱਲ ਤਬਦੀਲੀ ਸਾਡੀ ਪੀੜ੍ਹੀ ਲਈ ਨੌਕਰੀਆਂ ਪੈਦਾ ਕਰਨ ਦਾ ਇੱਕ ਵੱਡਾ ਮੌਕਾ ਹੈ – ਜੋ ਪਬਲਿਕ ਅਤੇ ਪ੍ਰਾਈਵੇਟ ਨਿਵੇਸ਼ ਵਿੱਚ ਅਰਬਾਂ ਡਾਲਰ ਆਕਰਸ਼ਿਤ ਕਰਦਾ ਹੈ ਅਤੇ ਨਿਰਮਾਣ ਅਤੇ ਨਵੇਂ ਪੇਸ਼ਿਆਂ, ਜਿਵੇਂ ਕਿ EV ਟੈਕਨੀਸ਼ੀਅਨ, ਹੀਟ ਪੰਪ ਅਤੇ ਸੋਲਰ ਇੰਸਟਾਲਰ ਵਿੱਚ ਹਜ਼ਾਰਾਂ ਚੰਗੀਆਂ ਨੌਕਰੀਆਂ ਪੈਦਾ ਕਰਦਾ ਹੈ।
- ਨੌਕਰੀਆਂ ਪੈਦਾ ਕਰਨ ਵਾਲੇ ਵਾਤਾਵਰਨ ਪੱਖੋਂ ਸਾਫ਼ ਊਰਜਾ ਦੀ ਤਲਾਸ਼ ਵਿੱਚ ਹਨ। ਹੋਰ ਕੰਪਨੀਆਂ ਸਾਫ਼ ਊਰਜਾ ਵੱਲ ਜਾ ਰਹੀਆਂ ਹਨ, ਇਸ ਨਾਲ ਬੀ.ਸੀ. ਕਾਰੋਬਾਰ ਸ਼ੁਰੂ ਕਰਨ ਜਾਂ ਵਧਾਉਣ ਲਈ ਪ੍ਰਮੁੱਖ ਚੋਣ ਬਣਦਾ ਜਾ ਰਿਹਾ ਹੈ।
ਸਾਡੀਆਂ ਖੂਬੀਆਂ ਦੇ ਅਧਾਰ ‘ਤੇ ਅੱਗੇ ਵੱਧਣਾ
- ਨੌਰਥ ਕੋਸਟ ਟ੍ਰਾਂਸਮਿਸ਼ਨ ਲਾਈਨ ਨੂੰ ਅੱਗੇ ਵਧਾਉਣਾ। ਇਹ ਬਦਲਾਅ ਲਿਆਉਣ ਵਾਲਾ ਰਾਸ਼ਟਰ-ਨਿਰਮਾਣ ਪ੍ਰੋਜੈਕਟ ਉੱਤਰੀ-ਪੱਛਮੀ ਬੀ.ਸੀ. ਵਿੱਚ ਬਿਜਲੀ ਦੀ ਸਮਰੱਥਾ ਨੂੰ ਦੁੱਗਣੇ ਤੋਂ ਵੱਧ ਵਧਾ ਦੇਵੇਗਾ, ਜਿਸ ਨਾਲ ਬੰਦਰਗਾਹਾਂ ਅਤੇ ਉਦਯੋਗਾਂ ਨੂੰ ਬਿਜਲੀ ਉਪਲਬਧ ਹੋਵੇਗੀ। ਇਹ ਭਵਿੱਖ ਦੇ ਕੁਦਰਤੀ ਸਰੋਤ ਪ੍ਰੋਜੈਕਟਾਂ, ਬੰਦਰਗਾਹ ਅੱਪਗ੍ਰੇਡ ਅਤੇ ਵਧ ਰਹੇ ਭਾਈਚਾਰਿਆਂ ਲਈ ਬਿਜਲੀ ਰਾਹੀਂ ਸਾਡੀ ਆਰਥਿਕਤਾ ਨੂੰ ਵਧਾਉਣ ਅਤੇ ਵਿਕਸਤ ਕਰਨ ਦੇ ਲਈ ਅਰਬਾਂ ਡਾਲਰ ਦੇ ਆਰਥਿਕ ਮੌਕੇ ਆਕਰਸ਼ਿਤ ਕਰੇਗਾ ਅਤੇ ਨਿਰਯਾਤ ਮਾਰਕਿਟਾਂ ਵਿੱਚ ਵਾਧਾ ਕਰੇਗਾ। ਇਹ ਭਵਿੱਖ ਵਿੱਚ ਕੈਨੇਡਾ ਦੀਆਂ ਉੱਤਰੀ ਅਤੇ ਪੱਛਮੀ ਆਰਕਟਿਕ ਸੁਰੱਖਿਆ ਖੇਤਰਾਂ ਨਾਲ ਸੰਪਰਕ ਬਣਾਉਣ ਵਿੱਚ ਵੀ ਸਹਾਇਤਾ ਕਰੇਗਾ। ਨਿਰਮਾਣ 2026 ਵਿੱਚ ਫਰਸਟ ਨੇਸ਼ਨਜ਼ ਦੀ ਭਾਈਵਾਲੀ ਵਿੱਚ ਸ਼ੁਰੂ ਕੀਤਾ ਜਾਵੇਗਾ।
- ਦੂਜੀ ‘ਕੌਲ ਫੌਰ ਪਾਵਰ’ (ਬਿਜਲੀ ਦੀ ਮੰਗ) ਦੀ ਸ਼ੁਰੂਆਤ ਕਰਨਾ। ਅਸੀਂ ਫਰਸਟ ਨੇਸ਼ਨਜ਼ ਅਤੇ ਸੁਤੰਤਰ ਪਾਵਰ (ਬਿਜਲੀ) ਉਤਪਾਦਕਾਂ ਨੂੰ ਵਾਤਾਵਰਨ ਪੱਖੋਂ ਹੋਰ ਸਾਫ਼ ਊਰਜਾ ਪ੍ਰੋਜੈਕਟ ਬਣਾਉਣ ਲਈ ਸੱਦਾ ਦੇ ਰਹੇ ਹਾਂ। ਇਹ 2024 ਦੀ ‘ਕੌਲ ਫੌਰ ਪਾਵਰ’ ‘ਤੇ ਅਧਾਰਿਤ ਹੈ, ਜਿਸ ਨੇ 10 ਨਵੇਂ ਹਵਾ-ਸ਼ਕਤੀ ਅਤੇ ਸੋਲਰ ਪ੍ਰੋਜੈਕਟ ਲਿਆਂਦੇ, ਜੋ ਅੰਦਾਜ਼ੇ ਅਨੁਸਾਰ ਨਿੱਜੀ ਪੂੰਜੀ ਵਿੱਚ $6 ਬਿਲੀਅਨ ਆਕਰਸ਼ਿਤ ਕਰਨਗੇ ਅਤੇ ਨਿਰਮਾਣ ਦੌਰਾਨ 2,000 ਨੌਕਰੀਆਂ ਪੈਦਾ ਕਰਨਗੇ। ਦੋਵੇਂ ਕੌਲਾਂ ਮਿਲ ਕੇ 1 ਮਿਲੀਅਨ ਘਰਾਂ ਲਈ ਬਿਜਲੀ ਉਤਪਾਦਨ ਕਰਨਗੀਆਂ।
- ਆਰਥਿਕ ਵਾਧੇ ਲਈ ਸਮਰੱਥਾ ਵਧਾਉਣਾ। ਅਸੀਂ ਹੋਰ ਬਿਜਲੀ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੇ ਹਾਂ, ਜੋ ਭੂ-ਤਾਪੀ (geothermal), ਪੰਪ ਸਟੋਰੇਜ ਅਤੇ ਹਾਈਡ੍ਰੋ-ਇਲੈਕਟ੍ਰਿਕ ਵਰਗੇ ਵੱਖ-ਵੱਖ ਵਾਤਾਵਰਨ ਪੱਖੋਂ ਸਾਫ਼ ਊਰਜਾ ਸਰੋਤਾਂ ਤੋਂ ਆਵੇਗੀ। ਇਸ ਨਾਲ ਚਰਮ ਮੰਗ ਪੂਰੀ ਕਰਨ ਅਤੇ ਹਵਾ ਅਤੇ ਸੂਰਜੀ ਊਰਜਾ ਨੂੰ ਬੈਕਅੱਪ ਮਿਲਣ ਵਿੱਚ ਸਹਾਇਤਾ ਮਿਲੇਗੀ।
- ਊਰਜਾ ਕੁਸ਼ਲਤਾ ਨੂੰ ਵਧਾਉਣਾ। ਅਸੀਂ ਲੋਕਾਂ ਅਤੇ ਕਾਰੋਬਾਰਾਂ ਨੂੰ ਘੱਟ ਬਿਜਲੀ ਵਰਤਣ ਅਤੇ ਪੈਸਾ ਬਚਾਉਣ ਵਿੱਚ ਸਹਾਇਤਾ ਦੇਣ ਦੇ ਨਵੇਂ ਤਰੀਕੇ ਲੱਭ ਰਹੇ ਹਾਂ। ਇਹ ਵਧ ਰਹੀ ਮੰਗ ਪੂਰੀ ਕਰਨ ਦਾ ਸਭ ਤੋਂ ਸਾਫ਼ ਅਤੇ ਸਸਤਾ ਤਰੀਕਾ ਹੈ। ਇਹ ਉਪਰਾਲੇ ਗਾਹਕਾਂ ਲਈ $80 ਮਿਲੀਅਨ ਦੀ ਬਚਤ ਕਰ ਸਕਦੇ ਹਨ ਅਤੇ ਹਰ ਸਾਲ 200,000 ਘਰਾਂ ਨੂੰ ਚਲਾਉਣ ਲਈ ਲੋੜੀਂਦੀ ਬਿਜਲੀ ਮੁਹੱਈਆ ਕਰ ਸਕਦੇ ਹਨ।
- ਗ੍ਰਿਡ ਕਨੈਕਸ਼ਨ ਨੂੰ ਤੇਜ਼ ਕਰਨਾ। ਬੀ.ਸੀ. ਹਾਇਡਰੋ ਨਵੇਂ ਘਰਾਂ ਅਤੇ ਕਾਰੋਬਾਰਾਂ ਲਈ ਗ੍ਰਿਡ ਨਾਲ ਕੁਨੈਕਸ਼ਨ ਕਰਨ ਦੀ ਪ੍ਰਕਿਰਿਆ ਵਧੇਰੇ ਤੇਜ਼ ਅਤੇ ਸਸਤੀ ਕਰ ਰਿਹਾ ਹੈ।
- ਪਰਿਵਾਰਾਂ ਦੀ ਲਾਗਤਾਂ ਵਿੱਚ ਸਹਾਇਤਾ। ਅਸੀਂ ਬਿਜਲੀ ਦੀਆਂ ਦਰਾਂ ਘੱਟ ਰੱਖਣ ‘ਤੇ ਧਿਆਨ ਦੇ ਰਹੇ ਹਾਂ। ਗਾਹਕਾਂ ਲਈ ਹੋਰ ਬਿਲਿੰਗ ਚੋਣਾਂ ਉਪਲਬਧ ਕਰਵਾ ਰਹੇ ਹਾਂ ਤਾਂ ਕਿ ਉਹ ਪੈਸਾ ਬਚਾ ਸਕਣ। ਜ਼ਰੂਰਤਮੰਦ ਲੋਕਾਂ ਲਈ ਵਧੇਰੇ ਸਹਾਇਤਾ ਮੁਹੱਈਆ ਕਰ ਰਹੇ ਹਾਂ ਅਤੇ ਪੇਂਡੂ, ਦੂਰ-ਦਰਾਡੇ ਅਤੇ ਫਰਸਟ ਨੇਸ਼ਨਜ਼ ਭਾਈਚਾਰਿਆਂ ਵਿੱਚ ਖ਼ਰਚ ਘਟਾ ਰਹੇ ਹਾਂ।
ਵਧੇਰੇ ਉਜੱਲ ਭਵਿੱਖ ਨੂੰ ਯਕੀਨੀ ਬਣਾਉਣਾ
- ਬੀ.ਸੀ. ਹਾਇਡਰੋ ਅਗਲੇ 10 ਸਾਲਾਂ ਵਿੱਚ $36 ਬਿਲੀਅਨ ਦਾ ਨਿਵੇਸ਼ ਕਰ ਰਿਹਾ ਹੈ ਤਾਂ ਜੋ ਨਵੇਂ ਬਿਜਲੀ ਪ੍ਰੋਜੈਕਟ ਬਣਾਏ ਜਾ ਸਕਣ ਜੋ ਸੂਬੇ ਭਰ ਵਿੱਚ ਘਰਾਂ, ਕਾਰੋਬਾਰਾਂ ਅਤੇ ਉਦਯੋਗਾਂ ਨੂੰ ਬਿਜਲੀ ਮੁਹੱਈਆ ਕਰਨਗੇ। ਇਹ ਹਰ ਸਾਲ 12,500 ਤੱਕ ਨੌਕਰੀਆਂ ਦਾ ਸਹਿਯੋਗ ਕਰੇਗਾ ਅਤੇ ਫਰਸਟ ਨੇਸ਼ਨਜ਼ ਅਤੇ ਭਾਈਚਾਰਿਆਂ ਲਈ ਆਰਥਿਕ ਮੌਕੇ ਪੈਦਾ ਕਰੇਗਾ।
ਹੋਰ ਜਾਣੋ
ਦੁਨੀਆ ਨੂੰ ਲੋੜੀਂਦੇ ਮਹੱਤਵਪੂਰਣ ਖਣਿਜ ਅਤੇ ਧਾਤ ਮੁਹੱਈਆ ਕਰਨਾ
ਬ੍ਰਿਟਿਸ਼ ਕੋਲੰਬੀਆ ਕੋਲ ਉਹ ਮਹੱਤਵਪੂਰਨ ਖਣਿਜ ਅਤੇ ਕੀਮਤੀ ਧਾਤਾਂ ਹਨ ਜਿਨ੍ਹਾਂ ਦੀ ਦੁਨੀਆ ਨੂੰ ਵਾਤਾਵਰਨ ਪੱਖੋਂ ਸਾਫ਼ ਊਰਜਾ, ਤਕਨਾਲੋਜੀ ਅਤੇ ਰਾਸ਼ਟਰੀ ਸੁਰੱਖਿਆ ਉਤਪਾਦਾਂ ਲਈ ਲੋੜ ਹੈ।
ਸ਼ੁਰੂਆਤੀ ਖਣਿਜ ਖੋਜ ਤੋਂ ਲੈ ਕੇ ਲੰਬੇ ਸਮੇਂ ਦੀ ਖਾਣ ਪ੍ਰਕਿਰਿਆ ਤੱਕ, ਬੀ.ਸੀ. ਦੁਨੀਆ ਦੇ ਸਭ ਤੋਂ ਉੱਚੇ ਵਾਤਾਵਰਨ ਅਤੇ ਲੇਬਰ ਮਾਪਦੰਡਾਂ ਨੂੰ ਕਾਇਮ ਰੱਖਦਿਆਂ, ਇੱਕ ਮਜ਼ਬੂਤ ਸਪਲਾਈ ਚੇਨ ਤਿਆਰ ਕਰ ਰਿਹਾ ਹੈ ਜੋ ਵਿਸ਼ਵ ਪੱਧਰ ਦੀ ਮੰਗ ਨੂੰ ਪੂਰਾ ਕਰਦੀ ਹੈ।
ਬੀ.ਸੀ. ਦੀ ਜ਼ਿੰਮੇਵਾਰੀ ਨਾਲ ਖੋਦੀ ਗਈ ਸਪਲਾਈ ਦੁਨੀਆ ਦੀ ਰੂਸ, ਚੀਨ ਅਤੇ ਅਮਰੀਕਾ ਵਰਗੇ ਦੇਸ਼ਾਂ 'ਤੇ ਨਿਰਭਰਤਾ ਘਟਾਉਂਦੀ ਹੈ, ਅਤੇ ਵਾਤਾਵਰਨ ਅਤੇ ਲੇਬਰ ਦੇ ਉੱਚੇ ਮਾਪਦੰਡਾਂ ਨੂੰ ਪੂਰਾ ਕਰਦੀ ਹੈ।
ਇਹ ਖਾਣਾਂ ਕਈ ਦਹਾਕਿਆਂ ਤੱਕ ਚੱਲਦੀਆਂ ਹਨ। ਇਹ ਭਰੋਸੇਯੋਗ ਨੌਕਰੀਆਂ ਪੈਦਾ ਕਰਦੀਆਂ ਹਨ ਜਿਨ੍ਹਾਂ ਦੇ ਆਧਾਰ 'ਤੇ ਭਾਈਚਾਰੇ ਵਿਕਸਤ ਹੁੰਦੇ ਹਨ, ਨਿਵੇਸ਼ ਆਉਂਦਾ ਹੈ ਅਤੇ ਬੀ.ਸੀ. ਹੋਰ ਮਜ਼ਬੂਤ ਹੁੰਦਾ ਹੈ। ਇਹ ਕੈਨੇਡਾ ਦੀ ਆਰਥਿਕ ਸੁਤੰਤਰਤਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਵੀ ਮਜ਼ਬੂਤ ਕਰਦੀਆਂ ਹਨ।
ਬੀ.ਸੀ. ਦੀਆਂ ਖੂਬੀਆਂ
- ਉੱਚ ਕੋਟੀ ਦੇ ਹੁਨਰਮੰਦ ਲੋਕ। ਬੀ.ਸੀ. ਆਪਣੀ ਖਾਣ-ਖੋਜ ਮਹਾਰਤ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ। ਕੈਨੇਡਾ ਦੀਆਂ 25% ਖਾਣ-ਤਕਨਾਲੋਜੀ ਕੰਪਨੀਆਂ ਦੇ ਮੁੱਖ ਦਫ਼ਤਰ ਬੀ.ਸੀ. ਵਿੱਚ ਹਨ। ਸਾਡੀਆਂ ਉੱਚ ਪੱਧਰੀ ਯੂਨੀਵਰਸਿਟੀਆਂ ਅਤੇ ਖੋਜ ਕੇਂਦਰ ਲੋਕਾਂ ਨੂੰ ਵਧੀਆ ਨੌਕਰੀਆਂ ਲਈ ਤਿਆਰ ਕਰਨ ਅਤੇ ਨਵੀਆਂ ਤਕਨਾਲੋਜੀਆਂ ਦੀ ਖੋਜ ਕਰਨ ਵਿੱਚ ਮਦਦ ਕਰਦੇ ਹਨ।
- ਬੀ.ਸੀ. ਸਰੋਤਾਂ ਵਿੱਚ ਧਨੀ ਹੈ। ਅਸੀਂ ਕੈਨੇਡਾ ਦੇ 34 ਅਹਿਮ ਖਣਿਜਾਂ ਵਿੱਚੋਂ 19 ਦਾ ਉਤਪਾਦਨ ਕਰਦੇ ਹਾਂ ਜਾਂ ਕਰ ਸਕਦੇ ਹਾਂ। ਇਸ ਵਿੱਚ ਤਾਮਾ, ਮੋਲਿਬਡੇਨਮ, ਨਿੱਕਲ ਅਤੇ ਜਰਮੇਨੀਅਮ ਵਰਗੇ ਵਿਰਲੇ ਧਰਤੀ ਤੱਤ ਸ਼ਾਮਲ ਹਨ।
- ਅਣਵਿਕਸਤ ਸੰਭਾਵਨਾ – ਉੱਤਰੀ-ਪੱਛਮੀ ਬੀ.ਸੀ. ਵਿੱਚ ਦੁਨੀਆ ਦੇ ਸਭ ਤੋਂ ਵੱਡੇ ਅਹਿਮ ਅਤੇ ਕੀਮਤੀ ਧਾਤਾਂ ਦੇ ਡਿਪੌਜ਼ਿਟ ਮੌਜੂਦ ਹਨ।
- ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਸਾਲ 2040 ਤੱਕ, ਸੰਸਾਰ ਭਰ ਵਿੱਚ ਮਹੱਤਵਪੂਰਨ ਖਣਿਜਾਂ ਦੀ ਲੋੜ 5 ਗੁਣਾ ਵੱਧ ਹੋਵੇਗੀ ਅਤੇ ਵਾਤਾਵਰਨ ਪੱਖੋਂ ਸਾਫ਼ ਊਰਜਾ ਤਕਨਾਲੋਜੀ ਵਿੱਚ ਵਰਤੇ ਜਾਣ ਵਾਲੇ ਖਣਿਜਾਂ ਲਈ ਇਹ ਲੋੜ 20 ਗੁਣਾ ਤੋਂ ਵੀ ਵੱਧ ਹੋਵੇਗੀ।
- ਫਰਸਟ ਨੇਸ਼ਨਜ਼ ਨਾਲ ਮਜ਼ਬੂਤ ਸਾਂਝੇਦਾਰੀਆਂ। ਅਸੀਂ ਇਕੱਠੇ ਕੰਮ ਕਰ ਰਹੇ ਹਾਂ ਤਾਂ ਜੋ ਨੌਕਰੀਆਂ ਪੈਦਾ ਹੋਣ, ਆਰਥਿਕਤਾ ਵਧੇ ਅਤੇ ਵਾਤਾਵਰਨ ਦੀ ਸੁਰੱਖਿਆ ਹੋਵੇ। ਅਸੀਂ ਖਣਿਜ ਰੌਇਲਟੀ ਸਾਂਝੀ ਕਰਦੇ ਹਾਂ ਤਾਂ ਕਿ ‘ਫਰਸਟ ਪੀਪਲਜ਼’ ਨੂੰ ਉਹ ਧਨ ਲਾਭ ਮਿਲੇ ਜੋ ਅਸੀਂ ਇਕੱਠੇ ਬਣਾਉਂਦੇ ਹਾਂ।
- ਡਿਲਿਵਰੀ ਲਈ ਤਿਆਰ। ਬੀ.ਸੀ. ਵਿੱਚ ਵਿਕਾਸ ਅਧੀਨ 33 ਮੁੱਖ ਖਣਨ ਪ੍ਰੋਜੈਕਟ ਹਨ (25 ਸੰਭਾਵਤ ਨਵੀਆਂ ਖਾਣਾਂ, 7 ਵੱਡੇ ਵਿਸਤਾਰ ਅਤੇ ਇੱਕ ਪੁਨਰ-ਨਿਰਮਾਣ(revitalization)। ਸਾਡੇ ਕੋਲ ਮਜ਼ਬੂਤ ਸੜਕਾਂ, ਰੇਲਵੇ ਅਤੇ ਬੰਦਰਗਾਹ ਵੀ ਹਨ ਤਾਂ ਜੋ ਉਤਪਾਦਾਂ ਨੂੰ ਸੰਸਾਰ ਤੱਕ ਪਹੁੰਚਾਇਆ ਜਾ ਸਕੇ।
ਸਾਡੀਆਂ ਖੂਬੀਆਂ ਦੇ ਅਧਾਰ ‘ਤੇ ਅੱਗੇ ਵੱਧਣਾ
- ਜ਼ਿੰਮੇਵਾਰ ਵਿਕਾਸ ਨੂੰ ਤੇਜ਼ ਕਰਨਾ। ਸਾਲ 2017 ਤੋਂ, ਅਸੀਂ ਖਣਿਜ ਖੋਜ ਵਿੱਚ 124% ਦਾ ਵਾਧਾ ਕੀਤਾ ਹੈ ਅਤੇ ਮੁੱਖ ਖਾਣਾਂ ਦੇ ਪਰਮਿਟ ਲਈ ਉਡੀਕ ਸਮਾਂ 37% ਘਟਾਇਆ ਹੈ। ਅੱਜ, ਬੀ.ਸੀ. ਵਿੱਚ ਲਗਭਗ 250 ਕੰਪਨੀਆਂ ਵੱਲੋਂ 424 ਸਰਗਰਮ ਖਣਨ ਖੋਜ ਪ੍ਰੋਜੈਕਟ ਚੱਲ ਰਹੇ ਹਨ।
- ਕੈਨੇਡਾ ਦੀ ਆਰਥਿਕ ਤਾਕਤ ਦੀ ਵਰਤੋਂ ਕਰਨਾ। ਅਸੀਂ ਫਰਸਟ ਨੇਸ਼ਨਜ਼ ਨਾਲ ਮਿਲ ਕੇ ਉੱਤਰ-ਪੱਛਮੀ ਬੀ.ਸੀ. ਵਿੱਚ ਵਿਸ਼ਵ-ਆਗੂ ਮਹੱਤਵਪੂਰਨ ਖਣਿਜ ਉਦਯੋਗ ਬਣਾਉਣ ਲਈ ਕੰਮ ਕਰ ਰਹੇ ਹਾਂ, ਅਤੇ ਨਾਲ ਹੀ ਮਹੱਤਵਪੂਰਨ ਜ਼ਮੀਨਾਂ ਅਤੇ ਪਾਣੀਆਂ ਦੀ ਸੁਰੱਖਿਆ ਕਰ ਰਹੇ ਹਾਂ। ਯੂਕੌਨ ਅਤੇ ਐਲਬਰਟਾ ਵਿੱਚ ਪ੍ਰੋਜੈਕਟਾਂ ਦੇ ਨਾਲ, ਇਹ ਕੈਨੇਡਾ ਦੀ ਆਰਥਿਕ ਸੁਰੱਖਿਆ ਨੂੰ ਆਰਥਿਕ ਖਤਰਿਆਂ ਦੇ ਸਾਹਮਣੇ ਮਜ਼ਬੂਤ ਕਰਨ ਲਈ ਰਾਸ਼ਟਰ-ਨਿਰਮਾਣ ਦਾ ਮੌਕਾ ਹੈ।
- ਨਿਵੇਸ਼ਕਾਂ ਨੂੰ ਭਰੋਸਾ ਮਹਿਸੂਸ ਕਰਵਾਉਣਾ। ਅਸੀਂ ਫਰਸਟ ਨੇਸ਼ਨਜ਼ ਨਾਲ ਮਿਲ ਕੇ ਸੰਧੀਆਂ (treaties), ਸਮਝੌਤੇ ਅਤੇ ਨਵੀਂ ਪਰਮਿਟਿੰਗ ਸਹਾਇਤਾ ਤਿਆਰ ਕਰ ਰਹੇ ਹਾਂ ਜੋ ਯਕੀਨ ਲਿਆਉਂਦੇ ਹਨ ਅਤੇ ਨਿਵੇਸ਼ਕਾਂ ਅਤੇ ਭਾਈਚਾਰਿਆਂ ਲਈ ਯੋਜਨਾ ਬਣਾਉਣਾ ਅਤੇ ਵਿਕਾਸ ਕਰਨਾ ਅਸਾਨ ਬਣਾਉਂਦੇ ਹਨ।
- ਭਰੋਸੇਯੋਗ, ਉੱਚ-ਤਨਖਾਹ ਵਾਲੀਆਂ ਨੌਕਰੀਆਂ ਪੈਦਾ ਕਰਨਾ। ਇਸ ਵੇਲੇ, ਬੀ.ਸੀ. ਵਿੱਚ ਲਗਭਗ 40,000 ਲੋਕ ਖਣਨ ਖੇਤਰ ਵਿੱਚ ਕੰਮ ਕਰ ਰਹੇ ਹਨ, ਜੋ ਸਲਾਨਾ ਔਸਤ $138,500 ਕਮਾ ਰਹੇ ਹਨ। ਨਵੇਂ ਖਣਨ ਪ੍ਰੋਜੈਕਟ 15,000 ਲੰਬੇ ਸਮੇਂ ਦੀਆਂ ਨੌਕਰੀਆਂ ਅਤੇ ਉਸਾਰੀ ਵਿੱਚ 25,000 ਨੌਕਰੀਆਂ ਜੋੜ ਸਕਦੇ ਹਨ।
- ਵਾਤਾਵਰਨ ਦੀ ਸੁਰੱਖਿਆ। ਅਸੀਂ ਫਰਸਟ ਨੇਸ਼ਨਜ਼ ਨਾਲ ਮਿਲ ਕੇ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ ਕਿ ਬੀ.ਸੀ. ਦੀਆਂ ਖਾਣਾਂ ਸੰਸਾਰ ਵਿੱਚ ਵਾਤਾਵਰਨ ਪੱਖੋਂ ਸਭ ਤੋਂ ਸਾਫ਼ ਹੋਣ। ਅਸੀਂ ਆਪਣੇ ਸਰੋਤਾਂ ਦੀ ਸੰਭਾਲ ਕਰ ਰਹੇ ਹਾਂ ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਜ਼ਮੀਨ, ਹਵਾ ਅਤੇ ਪਾਣੀ ਦੀ ਸੁਰੱਖਿਆ ਕਰਨ ਲਈ ਟਿਕਾਊ ਢੰਗ ਨਾਲ ਵਿਕਾਸ ਕਰ ਰਹੇ ਹਾਂ। ਬੀ.ਸੀ. ਨੇ ਸਾਲ 2030 ਤੱਕ ਆਪਣੀ 30% ਜ਼ਮੀਨ ਅਤੇ ਪਾਣੀਆਂ ਦੀ ਸੁਰੱਖਿਆ ਕਰਨ ਦੀ ਯੋਜਨਾ ਬਣਾਈ ਹੈ।
ਵਧੇਰੇ ਉੱਜਲ ਭਵਿੱਖ ਨੂੰ ਯਕੀਨੀ ਬਣਾਉਣਾ
- ਬੀ.ਸੀ. ਕੋਲ ਇੱਕ ਅਜਿਹਾ ਇਤਿਹਾਸਕ ਮੌਕਾ ਹੈ, ਜਿਸ ਵਿੱਚ ਉਹ ਕੁਝ ਅਜਿਹਾ ਪੇਸ਼ ਕਰ ਸਕਦਾ ਹੈ ਜੋ ਸਾਡੇ ਪੱਧਰ 'ਤੇ ਕੋਈ ਹੋਰ ਦੇਸ਼ ਨਹੀਂ ਕਰ ਸਕਦਾ – ਇੰਡੀਜਨਸ (ਮੂਲ ਨਿਵਾਸੀ) ਲੋਕਾਂ ਨਾਲ ਮਜ਼ਬੂਤ ਭਾਈਵਾਲੀ, ਜੋ ਮਹੱਤਵਪੂਰਨ ਖਣਿਜਾਂ ਤੱਕ ਭਰੋਸੇਯੋਗ ਪਹੁੰਚ ਅਤੇ ਵਿਸ਼ਵ-ਆਗੂ ਵਾਤਾਵਰਨ ਸੁਰੱਖਿਆ ਵੱਲ ਲਿਜਾਏਗੀ।
- ਜੇ ਇਸ ਮੌਕੇ ਨੂੰ ਵਿਕਸਤ ਕੀਤਾ ਜਾਂਦਾ ਹੈ, ਤਾਂ ਬੀ.ਸੀ. ਦੇ 32 ਨਵੇਂ ਖਣਨ ਪ੍ਰੋਜੈਕਟ ਕੁੱਲ ਮਿਲਾ ਕੇ ਹੇਠਾਂ ਦਿੱਤੀ ਰਕਮ ਲਿਆ ਸਕਦੇ ਹਨ:
- ਪੂੰਜੀ ਨਿਵੇਸ਼ ਵਿੱਚ $47.5 ਬਿਲੀਅਨ
- ਸਾਡੀ ਸਲਾਨਾ GDP ਵਿੱਚ $15 ਬਿਲੀਅਨ
- $1.8 ਬਿਲੀਅਨ ਹਰ ਸਾਲ ਸਰਕਾਰ ਲਈ, ਉਨ੍ਹਾਂ ਸੇਵਾਵਾਂ ਨੂੰ ਆਰਥਿਕ ਸਹਾਇਤਾ ਦੇਣ ਲਈ ਜਿਨ੍ਹਾਂ 'ਤੇ ਲੋਕ ਨਿਰਭਰ ਹਨ
ਹੋਰ ਜਾਣੋ
ਹਾਈਡ੍ਰੋਜਨ, ਬਾਇਓਫਿਊਲ ਅਤੇ ਨਵਿਆਉਣਯੋਗ ਨੈਚੁਰਲ ਗੈਸ ਨਾਲ ਸਮਰੱਥ ਹੋਣਾ
ਬੀ.ਸੀ. ਵਾਤਾਵਰਨ ਪੱਖੋਂ ਵਧੇਰੇ ਸਾਫ਼ ਇੰਧਨ (fuels) ਬਣਾਉਣ ਵਿੱਚ ਅਗਵਾਈ ਕਰ ਰਿਹਾ ਹੈ, ਜੋ ਧਰਤੀ ਲਈ ਬਿਹਤਰ ਹਨ। ਇਹ ਇੰਧਨ ਸੰਸਾਰ ਭਰ ਵਿੱਚ ਮੰਗ ਵਿੱਚ ਹਨ। ਹਾਈਡ੍ਰੋਜਨ, ਬਾਇਓਫਿਊਲ ਅਤੇ ਨਵਿਆਉਣਯੋਗ ਨੈਚੁਰਲ ਗੈਸ, ਸੁਰੱਖਿਅਤ ਅਤੇ ਲਾਗਤ-ਪ੍ਰਭਾਵਸ਼ਾਲੀ ਹੱਲ ਹਨ। ਇਹ ਉਨ੍ਹਾਂ ਖੇਤਰਾਂ ਲਈ ਬਹੁਤ ਵਧੀਆ ਹਨ ਜਿਨ੍ਹਾਂ ਦਾ ਬਿਜਲੀਕਰਨ ਕਰਨਾ ਮੁਸ਼ਕਲ ਹੈ, ਜਿਵੇਂ ਸ਼ਿਪਿੰਗ, ਹਵਾਈ ਯਾਤਰਾ ਅਤੇ ਰਿਮੋਟ (ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ) ਕੰਮ।
ਬੀ.ਸੀ. ਦੀਆਂ ਖੂਬੀਆਂ
- ਵਾਤਾਵਰਨ ਪੱਖੋਂ ਸਾਫ਼ ਇੰਧਨ ਨਵੀਨਤਾ ਵਿੱਚ ਅਗਵਾਈ। ਬੀ.ਸੀ. ਵਾਤਾਵਰਨ ਪੱਖੋਂ ਸਾਫ਼ ਇੰਧਨਾਂ ਵੱਲ ਬਦਲਾਅ ਦੀ ਅਗਵਾਈ ਕਰਨ ਲਈ ਵਿਲੱਖਣ ਤੌਰ 'ਤੇ ਤਿਆਰ ਹੈ। ਸਾਡੇ ਕੋਲ ਕੁਦਰਤੀ ਸਰੋਤਾਂ ਦੀ ਭਰਮਾਰ, ਨਵਿਆਉਣਯੋਗ ਬਿਜਲੀ ਅਤੇ ਹਾਈਡ੍ਰੋਜਨ ਅਤੇ ਫਿਊਲ ਸੈੱਲ ਤਕਨਾਲੋਜੀ ਵਿੱਚ ਨਿਪੁੰਨਤਾ ਹੈ।
- ਕੈਨੇਡਾ ਵਿੱਚ ਪਹਿਲਾ ਸੂਬਾ। ਬੀ.ਸੀ. ਉਹ ਪਹਿਲਾ ਸੂਬਾ ਸੀ ਜਿਸ ਨੇ ਵਾਤਾਵਰਨ ਪੱਖੋਂ ਸਾਫ਼ ਊਰਜਾ ਪ੍ਰੋਜੈਕਟ ਪ੍ਰਸਤਾਵਾਂ ਨੂੰ ਸਮਰਥਨ ਦੇਣ ਲਈ ਇੱਕ ਸਮਰਪਿਤ ਦਫ਼ਤਰ ਖੋਲ੍ਹਿਆ, ਜਿਨ੍ਹਾਂ ਵਿੱਚ ਆਉਣ ਵਾਲੇ ਸਮੇਂ ਵਿੱਚ ਜਲਦੀ ਲਾਗੂਕਰਨ ਅਤੇ ਪ੍ਰਭਾਵ ਲਈ ਮਜ਼ਬੂਤ ਸੰਭਾਵਨਾ ਹੈ। ਕਲੀਨ ਐਨਰਜੀ ਅਤੇ ਮੇਜਰ ਪ੍ਰੋਜੈਕਟਸ ਦਫ਼ਤਰ ਖੁਲ੍ਹਣ ਤੋਂ ਬਾਅਦ, ਕਈ ਕੰਪਨੀਆਂ ਨੇ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਵਿੱਚ ਦਿਲਚਸਪੀ ਦਿਖਾਈ ਹੈ।
- ਘੱਟ-ਕਾਰਬਨ ਵਾਲੀ ਹਾਈਡ੍ਰੋਜਨ ਦਾ ਸਰੋਤ। ਬੀ.ਸੀ. ਹਾਈਡ੍ਰੋਜਨ ਨੂੰ ਵਾਤਾਵਰਨ ਪੱਖੋਂ ਸਾਫ਼ ਊਰਜਾ ਦੇ ਇੱਕ ਹੋਰ ਸਰੋਤ ਵਜੋਂ ਅਪਣਾ ਰਿਹਾ ਹੈ। ਅਸੀਂ ਕੈਨੇਡਾ ਦੀ ਪਹਿਲੀ ਸੂਬਾਈ ਹਾਈਡ੍ਰੋਜਨ ਕਾਰਜਨੀਤੀ ਤਿਆਰ ਕੀਤੀ – ਸਾਡੀ ਯੋਜਨਾ ਹਾਈਡ੍ਰੋਜਨ ਆਰਥਿਕਤਾ ਵਿੱਚ ਮੋਢੀ ਬਣਨ ਦੀ ਹੈ। ਅਸੀਂ ਨਵਿਆਉਣਯੋਗ ਊਰਜਾ ਦੀ ਵਰਤੋਂ ਕਰਕੇ ਅਤੇ ਕਾਰਬਨ ਕੈਪਚਰ ਅਤੇ ਸਟੋਰੇਜ ਨਾਲ ਨੈਚੁਰਲ ਗੈਸ ਤੋਂ ਘੱਟ-ਕਾਰਬਨ ਵਾਲੀ ਹਾਈਡ੍ਰੋਜਨ ਤਿਆਰ ਕਰ ਸਕਦੇ ਹਾਂ।
- ਨਵੀਨਤਾ ਦਾ ਕੇਂਦਰ। ਬੀ.ਸੀ. NorthX Climate Tech ਰਾਹੀਂ ਵਾਤਾਵਰਨ ਪੱਖੋਂ ਸਾਫ਼ ਇੰਧਨ ਤਿਆਰ ਕਰਨ, ਉਸਦੀ ਢੋਆ-ਢੁਆਈ ਕਰਨ ਅਤੇ ਉਸ ਨੂੰ ਸਟੋਰ ਕਰਨ ਦੇ ਨਵੇਂ ਤਰੀਕੇ ਵਿਕਸਤ ਕਰਨ ਲਈ ਖੋਜਕਰਤਾਵਾਂ, ਉੱਦਮਕਰਤਾਵਾਂ ਅਤੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ।
- ਵਿਸ਼ਵ ਪੱਧਰ 'ਤੇ ਵੱਧਦੀ ਮੰਗ। ਵਾਤਾਵਰਨ ਪੱਖੋਂ ਸਾਫ਼ ਇੰਧਨ ਬੀ.ਸੀ. ਵਿੱਚ ਵਰਤੇ ਜਾ ਸਕਦੇ ਹਨ ਅਤੇ ਉਹਨਾਂ ਦੇਸ਼ਾਂ ਨੂੰ ਵੇਚੇ ਜਾ ਸਕਦੇ ਹਨ ਜਿਨ੍ਹਾਂ ਨੂੰ ਉਹਨਾਂ ਦੀ ਲੋੜ ਹੈ। ਵਾਤਾਵਰਨ ਪੱਖੋਂ ਸਾਫ਼ ਇੰਧਨਾਂ ਦੀ ਮਾਰਕਿਟ ਤੇਜ਼ੀ ਨਾਲ ਵੱਧ ਰਹੀ ਹੈ।
ਸਾਡੀਆਂ ਖੂਬੀਆਂ ਦੇ ਅਧਾਰ ‘ਤੇ ਅੱਗੇ ਵੱਧਣਾ
- ਵਾਤਾਵਰਨ ਪੱਖੋਂ ਸਾਫ਼ ਇੰਧਨਾਂ ਦੀ ਸਪਲਾਈ ਵਧਾਉਣਾ। ਅਸੀਂ ਸਾਲ 2030 ਤੱਕ, ਹਰ ਸਾਲ 1.3 ਬਿਲੀਅਨ ਲੀਟਰ ਬਾਇਓਫਿਊਲ ਤਿਆਰ ਕਰਨ ਦਾ ਟੀਚਾ ਰੱਖਦੇ ਹਾਂ। ਕੈਨੇਡਾ ਦਾ ਪਹਿਲਾ ਨਵਿਆਉਣਯੋਗ ਡੀਜ਼ਲ ਪਲਾਂਟ 2023 ਵਿੱਚ ਪ੍ਰਿੰਸ ਜੌਰਜ ਵਿੱਚ ਖੁਲ੍ਹਿਆ ਸੀ।
- ਵਾਤਾਵਰਨ ਪੱਖੋਂ ਸਾਫ਼ ਊਰਜਾ ਦੀ ਆਰਥਿਕਤਾ ਨੂੰ ਵਧਾਉਣਾ। ਅਸੀਂ ਨਵੀਆਂ ਵਾਤਾਵਰਨ ਪੱਖੋਂ ਸਾਫ਼ ਇੰਧਨ ਤਕਨਾਲੋਜੀਆਂ ਦੇ ਵਿਕਾਸ ਨੂੰ ਸਹਿਯੋਗ ਦੇ ਰਹੇ ਹਾਂ ਅਤੇ ਸਾਲ 2027 ਤੱਕ ਪੁਰਾਣੀਆਂ ਫੌਸਿਲ ਫਿਊਲ ਸਬਸਿਡੀਆਂ ਨੂੰ ਖਤਮ ਕਰ ਰਹੇ ਹਾਂ।
- ਫੌਸਿਲ ਫਿਊਲ ਨੂੰ ਵਾਤਾਵਰਨ ਪੱਖੋਂ ਹੋਰ ਸਾਫ਼ ਬਣਾਉਣਾ। ਅਸੀਂ ਗੈਸੋਲੀਨ ਅਤੇ ਡੀਜ਼ਲ ਵਿੱਚ ਹੋਰ ਬਾਇਓਫਿਊਲ ਸ਼ਾਮਲ ਕਰ ਰਹੇ ਹਾਂ ਅਤੇ ਸਖਤ ਨਿਕਾਸ ਮਿਆਰਾਂ ਨੂੰ ਲਾਗੂ ਕਰ ਰਹੇ ਹਾਂ, ਤਾਂ ਜੋ ਇੰਧਨ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਘਟਾਇਆ ਜਾ ਸਕੇ।
- ਕੈਨੇਡੀਅਨ ਬਾਇਓਫਿਊਲ ਉਤਪਾਦਨ ਦਾ ਸਮਰਥਨ। ਅਸੀਂ ਇਹ ਲਾਜ਼ਮੀ ਕਰ ਰਹੇ ਹਾਂ ਕਿ ਬੀ.ਸੀ. ਵਿੱਚ ਗੈਸੋਲੀਨ ਵਿੱਚ ਘੱਟੋ-ਘੱਟ 5% ਅਤੇ ਡੀਜ਼ਲ ਵਿੱਚ ਘੱਟੋ-ਘੱਟ 8% ਨਵਿਆਉਣਯੋਗ ਸਮੱਗਰੀ, ਕੈਨੇਡਾ ਵਿੱਚ ਤਿਆਰ ਕੀਤੀ ਜਾਵੇ।
- ਹਾਈਡ੍ਰੋਜਨ ਦੇ ਖੇਤਰੀ ਹੱਬ ਬਣਾਉਣਾ। ਅਸੀਂ ਭਾਈਵਾਲਾਂ ਨਾਲ ਮਿਲ ਕੇ ਹਾਈਡ੍ਰੋਜਨ ਉਸ ਥਾਂ ਦੇ ਨੇੜੇ ਤਿਆਰ ਕਰਨ ਲਈ ਕੰਮ ਕਰ ਰਹੇ ਹਾਂ ਜਿੱਥੇ ਇਸਦੀ ਲੋੜ ਹੈ, ਤਾਂ ਜੋ ਪੈਸੇ ਬਚਾਏ ਜਾ ਸਕਣ ਅਤੇ ਭਾਈਚਾਰਿਆਂ ਨੂੰ ਸਹਿਯੋਗ ਮਿਲੇ।
- ਫਰਸਟ ਨੇਸ਼ਨਜ਼ ਨਾਲ ਭਾਈਵਾਲੀ। ਅਸੀਂ ਇਕੱਠੇ ਮਿਲ ਕੇ ਵਾਤਾਵਰਨ ਪੱਖੋਂ ਸਾਫ਼ ਊਰਜਾ ਪ੍ਰੋਜੈਕਟ ਬਣਾਉਣ ਅਤੇ ਦੂਰ-ਦੁਰਾਡੇ ਦੇ ਭਾਈਚਾਰਿਆਂ ਨੂੰ ਸਾਫ਼ ਇੰਧਨਾਂ ਵੱਲ ਤਬਦੀਲ ਹੋਣ ਵਿੱਚ ਮਦਦ ਕਰ ਰਹੇ ਹਾਂ।
- ਇੰਧਨ ਭਰਨ ਨੂੰ ਅਸਾਨ ਬਣਾਉਣਾ। ਅਸੀਂ CleanBC Go Electric Hydrogen Fuelling Infrastructure Program ਵਰਗੇ ਪ੍ਰੋਗਰਾਮਾਂ ਰਾਹੀਂ, ਬੀ.ਸੀ. ਵਿੱਚ ਹਾਈਡ੍ਰੋਜਨ ਫਿਊਲਿੰਗ ਨੈਟਵਰਕ ਦਾ ਵਿਸਤਾਰ ਕਰਨ ਲਈ ਕੰਮ ਕਰ ਰਹੇ ਹਾਂ।
ਵਧੇਰੇ ਉੱਜਲ ਭਵਿੱਖ ਨੂੰ ਯਕੀਨੀ ਬਣਾਉਣਾ
- ਬੀ.ਸੀ. ਵਾਤਾਵਰਨ ਪੱਖੋਂ ਸਾਫ਼ ਊਰਜਾ ਵੱਲ ਤਬਦੀਲੀ ਵਿੱਚ ਵਿਸ਼ਵ-ਅਗਵਾਈ ਦੀ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਰਿਹਾ ਹੈ। ਇਸਦਾ ਮਤਲਬ ਹੈ ਹੋਰ ਵਧੀਆ ਨੌਕਰੀਆਂ, ਘੱਟ ਪ੍ਰਦੂਸ਼ਣ ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਮਜ਼ਬੂਤ ਆਰਥਿਕਤਾ।
- ਕਿਟੀਮੈਟ ਵਿੱਚ LNG ਕੈਨੇਡਾ ਪੜਾਅ 2 ਦਾ ਪ੍ਰਸਤਾਵਿਤ ਵਿਸਤਾਰ ਰਾਸ਼ਟਰੀ ਮਹੱਤਤਾ ਵਾਲਾ ਪ੍ਰੋਜੈਕਟ ਹੈ। ਇਹ ਲਿਕੁਇਫ਼ਾਈਡ ਨੈਚੁਰਲ ਗੈਸ ਦੇ ਉਤਪਾਦਨ ਨੂੰ ਦੋਗੁਣਾ ਕਰੇਗਾ, ਜਿਸ ਨਾਲ ਇਹ ਸੰਸਾਰ ਦੀ ਦੂਜੀ ਸਭ ਤੋਂ ਵੱਡੀ LNG ਸਹੂਲਤ ਬਣ ਜਾਵੇਗੀ। ਇਸ ਤੋਂ $33 ਬਿਲੀਅਨ ਪ੍ਰਾਈਵੇਟ ਨਿਵੇਸ਼ ਆਕਰਸ਼ਿਤ ਹੋਣ ਦੀ ਉਮੀਦ ਹੈ, ਵਧੀਆ ਨੌਕਰੀਆਂ ਪੈਦਾ ਹੋਣਗੀਆਂ ਅਤੇ ਇਹ ਵਿਸ਼ਵ-ਭਰ ਦੀਆਂ ਮਾਰਕਿਟਾਂ ਨੂੰ ਸਭ ਤੋਂ ਸਾਫ਼ LNG ਮੁਹੱਈਆ ਕਰੇਗਾ।
ਹੋਰ ਜਾਣੋ
ਇੱਕ ਮਜ਼ਬੂਤ ਮੈਨਿਊਫੈਕਚਰਿੰਗ ਅਤੇ ਮਾਸ ਟਿੰਬਰ ਖੇਤਰ ਬਣਾਉਣਾ
ਬੀ.ਸੀ. ਵਿੱਚ ਕੈਨੇਡਾ ਦਾ ਚੌਥਾ ਸਭ ਤੋਂ ਵੱਡਾ ਮੈਨਿਊਫੈਕਚਰਿੰਗ (ਉਤਪਾਦਨ) ਖੇਤਰ ਹੈ। ਇਹ 170,000 ਤੋਂ ਵੱਧ ਲੋਕਾਂ ਨੂੰ ਵਧੀਆ ਨੌਕਰੀਆਂ ਦਿੰਦਾ ਹੈ ਅਤੇ ਹਰ ਸਾਲ ਸਾਡੀ ਆਰਥਿਕਤਾ ਵਿੱਚ $18 ਬਿਲੀਅਨ ਦਾ ਯੋਗਦਾਨ ਪਾਉਂਦਾ ਹੈ।
ਤਕਨਾਲੋਜੀ ਅਤੇ ਖੋਜ ਵਿੱਚ ਸਾਡੀ ਮਜ਼ਬੂਤੀ ਦੇ ਕਾਰਨ, ਬੀ.ਸੀ. ਉੱਚ-ਪੱਧਰੀ ਉਤਪਾਦਨ ਅਤੇ ਮਾਸ ਟਿੰਬਰ ਨਿਰਮਾਣ ਲਈ ਇੱਕ ਮੁੱਖ ਕੇਂਦਰ ਬਣਦਾ ਜਾ ਰਿਹਾ ਹੈ। ਅਸੀਂ ਇਸ ਮੌਕੇ ਦੀ ਵਰਤੋਂ ਸਥਾਨਕ ਭਾਈਚਾਰਿਆਂ ਵਿੱਚ ਉਤਪਾਦਨ ਵਾਪਸ ਲਿਆਉਣ ਲਈ ਕਰ ਰਹੇ ਹਾਂ। ਇਹ ਅਗਲੇ 10 ਸਾਲਾਂ ਵਿੱਚ 50,000 ਨਵੀਆਂ ਨੌਕਰੀਆਂ ਪੈਦਾ ਕਰ ਸਕਦਾ ਹੈ। ਸਾਨੂੰ ਸੰਸਾਰ ਲਈ ਨਵੇਂ ਉਤਪਾਦ ਬਣਾਉਣ ਵਿੱਚ ਮਦਦ ਕਰ ਸਕਦਾ ਹੈ। ਅਤੇ ਆਪਣੇ ਕੁਦਰਤੀ ਸਰੋਤਾਂ ਤੋਂ ਹੋਰ ਮੁੱਲ ਹਾਸਲ ਕਰਨ ਵਿੱਚ ਮਦਦ ਕਰ ਸਕਦਾ ਹੈ।
ਬੀ.ਸੀ. ਦੀਆਂ ਖੂਬੀਆਂ
- ਉੱਚ-ਪੱਧਰੀ ਉਤਪਾਦਨ। ਬੀ.ਸੀ. ਪੁਰਾਣੇ ਉਦਯੋਗਾਂ ਵਿੱਚ ਆਟੋਮੇਸ਼ਨ, ਰੋਬੌਟ, ਡਿਜਿਟਲ ਸਿਸਟਮ ਅਤੇ ‘ਕਲੀਨ-ਟੈਕ’ (ਵਾਤਾਵਰਨ ਪੱਖੋਂ ਸਾਫ ਅਤੇ ਟਿਕਾਊ ਤਕਨਾਲੌਜੀ) ਵਰਗੇ ਨਵੇਂ ਸਾਧਨ ਸ਼ਾਮਲ ਕਰ ਰਿਹਾ ਹੈ। ਇਹ ਵੱਡੀਆਂ ਕੰਪਨੀਆਂ ਨੂੰ ਆਕਰਸ਼ਿਤ ਕਰਨ ਵਿੱਚ ਮਦਦ ਕਰਦਾ ਹੈ ਜੋ ਏਅਰੋਸਪੇਸ, ਲਾਈਫ ਸਾਇੰਸਿਜ਼ ਅਤੇ ਵਾਤਾਵਰਨ ਪੱਖੋਂ ਸਾਫ਼ ਊਰਜਾ ਵਰਗੇ ਖੇਤਰਾਂ ਵਿੱਚ ਕੰਮ ਕਰਦੀਆਂ ਹਨ।
- ਵੈਲਯੂ-ਐਡਿਡ ਟਿੰਬਰ ਮੈਨਿਊਫੈਕਚਰਿੰਗ (ਮੁੱਲ ਵਧਾਉਣ ਵਾਲੀਆਂ ਉਤਪਾਦਕ ਪ੍ਰਕਿਰਿਆਵਾਂ)। ਬੀ.ਸੀ. ਕੱਚੀ ਲੱਕੜ (raw logs) ਵੇਚਣ ਤੋਂ ਇੰਜੀਨੀਅਰਡ ਲੱਕੜ ਦੇ ਉਤਪਾਦ (ਉਸਾਰੀ ਲਈ ਵਰਤੇ ਜਾਣ ਵਾਲੇ) ਬਣਾਉਣ ਵੱਲ ਤਬਦੀਲ ਹੋ ਰਿਹਾ ਹੈ, ਜਿਵੇਂ ਘਰ ਬਣਾਉਣ ਲਈ ਵਰਤਿਆ ਜਾਣ ਵਾਲਾ ਮਾਸ ਟਿੰਬਰ। ਇਹ ਟਿਕਾਊ ਜੰਗਲਾਤ ਅਭਿਆਸਾਂ ਨੂੰ ਅਪਣਾਉਂਦਾ ਹੈ, ਘੱਟ ਲੱਕੜ ਵਰਤੋਂ ਕਰਕੇ ਹੋਰ ਨੌਕਰੀਆਂ ਪੈਦਾ ਕਰਦਾ ਹੈ, ਨਿਰਮਾਣ ਦੇ ਖਰਚੇ ਘਟਾਉਂਦਾ ਹੈ ਅਤੇ ਸਾਡੇ ਦਰੱਖਤਾਂ ਤੋਂ ਵੱਧ ਮੁੱਲ ਪ੍ਰਾਪਤ ਕਰਦਾ ਹੈ।
- ਤਕਨਾਲੋਜੀ ਅਤੇ ਨਵੀਨਤਾ ਦਾ ਜੀਵੰਤ ਖੇਤਰ। ਬੀ.ਸੀ. ਵਿੱਚ ਇੱਕ ਪ੍ਰਫੁੱਲਤ ‘ਟੈਕ ਖੇਤਰ’ ਅਤੇ ਮਜ਼ਬੂਤ ਖੋਜ ਅਤੇ ਵਿਕਾਸ ਪ੍ਰੋਗਰਾਮ ਹਨ। ਸਾਡੀਆਂ ਯੂਨੀਵਰਸਿਟੀਆਂ ਵਿੱਚ ਵਿਸ਼ਵ-ਪੱਧਰੀ ਖੋਜ, ਮੋਢੀ ਕੰਪਨੀਆਂ ਨੂੰ ਇੱਥੇ ਕਾਰੋਬਾਰ ਸ਼ੁਰੂ ਕਰਨ ਅਤੇ ਨਿਰਮਾਣ ਸਹੂਲਤਾਂ ਬਣਾਉਣ ਲਈ ਆਕਰਸ਼ਿਤ ਕਰ ਰਹੀਆਂ ਹਨ, ਅਤੇ ਨਾਲ ਹੀ ਨਵੇਂ ਉਤਪਾਦ ਲਾਂਚ ਕਰਨ ਦੀ ਤਿਆਰੀ ਕਰ ਰਹੀਆਂ ਹਨ।
- ਹੁਨਰਮੰਦ ਅਤੇ ਵਿਭਿੰਨ ਕਾਰਜਬਲ। ਬੀ.ਸੀ. ਦੇ ਕਰਮਚਾਰੀਆਂ ਨੂੰ ਉੱਚ ਪੱਧਰ ਦੀਆਂ ਪੋਸਟ-ਸੈਕੰਡਰੀ ਸੰਸਥਾਵਾਂ ਅਤੇ ਟੀਚਾਬੱਧ ਸਿਖਲਾਈ ਪ੍ਰੋਗਰਾਮਾਂ ਦੁਆਰਾ ਸਹਿਯੋਗ ਮਿਲਦਾ ਹੈ ਤਾਂ ਕਿ ਉਹ ਸਫਲ ਹੋ ਸਕਣ। ਸਾਡੇ ਇੰਜੀਨੀਅਰਿੰਗ ਗ੍ਰੈਜੂਏਟ ਉੱਚ ਮੰਗ ਵਿੱਚ ਹਨ ਅਤੇ ਉਹ ਇੱਥੇ ਉੱਚ-ਪੱਧਰੀ ਨਿਰਮਾਣ ਕਰਨ ਲਈ ਕੰਪਨੀਆਂ ਨੂੰ ਆਕਰਸ਼ਿਤ ਕਰਨ ਵਿੱਚ ਮਦਦ ਕਰਦੇ ਹਨ।
- ਵਿਸ਼ਵ-ਪੱਧਰੀ ਮਾਰਕਿਟਾਂ ਤੱਕ ਪਹੁੰਚ। ਬੀ.ਸੀ. ਏਸ਼ੀਆ-ਪੈਸਿਫਿਕ ਵਪਾਰ ਰੂਟਾਂ, ਮੁੱਖ ਬੰਦਰਗਾਹਾਂ ਅਤੇ ਸੰਸਾਰ ਦੀ ਦੋ-ਤਿਹਾਈ ਅਬਾਦੀ ਨਾਲ ਜੁੜਿਆ ਹੋਇਆ ਹੈ। ਬੀ.ਸੀ. ਦੇ ਅੱਧੇ ਨਿਰਯਾਤ ਮੈਨਿਊਫੈਕਚਰਡ ਉਤਪਾਦ ਹਨ।
ਸਾਡੀਆਂ ਖੂਬੀਆਂ ਦੇ ਅਧਾਰ ‘ਤੇ ਅੱਗੇ ਵੱਧਣਾ
- ਕੈਨੇਡਾ ਵਿੱਚ ਨਿਰਮਾਣ ਦੇ ਭਵਿੱਖ ਨੂੰ ਆਕਾਰ ਦੇਣਾ। ਅਸੀਂ UBC ਦੇ ਸਮਾਰਟ ਇਨਫਰਾਸਟਰਕਚਰ ਅਤੇ ਕਨਸਟਰਕਸ਼ਨ ਰਿਸਰਚ ਕਲਸਟਰ ਵਰਗੇ ਆਗੂ ਖੋਜ ਕੇਂਦਰਾਂ ਵਿੱਚ ਸਮਾਰਟ (ਵਾਤਾਵਰਨ ‘ਤੇ ਘੱਟ ਪ੍ਰਭਾਵ ਪਾਉਣ ਵਾਲੇ) ਨਿਰਮਾਣ ਹੱਲਾਂ ਵਿੱਚ ਅਗਵਾਈ ਕਰ ਰਹੇ ਹਾਂ – ਜਿਸ ਵਿੱਚ ਰੋਬੌਟਿਕਸ ਅਤੇ AI ਇੰਟੀਗ੍ਰੇਸ਼ਨ ਤੋਂ ਲੈ ਕੇ ਟਿਕਾਊ ਬਿਲਡਿੰਗ ਪ੍ਰਣਾਲੀਆਂ ਸ਼ਾਮਲ ਹਨ।
- ਮਾਸ ਟਿੰਬਰ ਨਵੀਨਤਾ ਵਿੱਚ ਅਗਵਾਈ। ਮਾਸ ਟਿੰਬਰ ਨਿਰਮਾਣ ਵਿੱਚ ਸਾਡੀ ਮਹਾਰਤ ਲਈ ਸਾਨੂੰ ਵਿਸ਼ਵ-ਪੱਧਰ 'ਤੇ ਮਾਨਤਾ ਮਿਲੀ ਹੋਈ ਹੈ - ਸਾਡੇ ਬਿਲਡਿੰਗ ਡਿਜ਼ਾਈਨਰ, ਮੈਨਿਊਫੈਕਚਰਰ ਅਤੇ ਬਿਲਡਰਾਂ ਦੀ ਦੁਨੀਆ ਭਰ ਵਿੱਚ ਮੰਗ ਹੈ।
- ਉਤਪਾਦਕਤਾ ਅਤੇ ਨਵੀਨਤਾ ਨੂੰ ਵਧਾਉਣਾ। ਅਸੀਂ ਮੈਨਿਊਫੈਕਚਰ ਕਰਨ ਵਾਲਿਆਂ ਨੂੰ ਨਵੀਂ ਤਕਨਾਲੋਜੀ ਅਤੇ ਉਪਕਰਣਾਂ ਵਿੱਚ ਨਿਵੇਸ਼ ਕਰਨ ਵਿੱਚ ਮਦਦ ਕਰ ਰਹੇ ਹਾਂ। ਇਸ ਨਾਲ ਉਹ ਹੋਰ ਕੁਸ਼ਲ, ਹੋਰ ਉਤਪਾਦਨ ਕਰਨ ਵਾਲੇ ਬਣਦੇ ਹਨ ਅਤੇ ਪ੍ਰਦੂਸ਼ਣ ਘਟਾਉਣ ਵਿੱਚ ਵੀ ਮਦਦ ਮਿਲਦੀ ਹੈ।
- ਵਾਤਾਵਰਨ ਪੱਖੋਂ ਸਾਫ਼ ਉਤਪਾਦਨ ਵਿੱਚ ਸਹਿਯੋਗ। ਅਸੀਂ ਮੈਨਿਊਫੈਕਚਰ ਕਰਨ ਵਾਲਿਆਂ ਨੂੰ ਸਾਫ਼ ਬਿਜਲੀ ਅਤੇ ਇੰਧਨਾਂ ਦੀ ਵਰਤੋਂ ਕਰਕੇ ਪ੍ਰਦੂਸ਼ਣ ਘਟਾਉਣ, ਸਮੱਗਰੀ ਨੂੰ ਦੁਬਾਰਾ ਵਰਤਣ ਅਤੇ ਰੀਸਾਈਕਲ ਕਰਨ ਦੇ ਤਰੀਕੇ ਵਰਤਣ ਅਤੇ ਆਉਟਪੁੱਟ-ਅਧਾਰਿਤ ਕਾਰਬਨ ਪ੍ਰਾਇਸਿੰਗ ਸਿਸਟਮ (ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਸੀਮਿਤ ਕਰਨ ਲਈ ਲਾਇਆ ਜਾਂਦਾ ਟੈਕਸ ਜਾਂ ਕੀਮਤ) ਲਾਗੂ ਕਰਨ ਵਿੱਚ ਮਦਦ ਕਰ ਰਹੇ ਹਾਂ।
- ਬੀ.ਸੀ. ਦੇ ਜੰਗਲਾਤ ਉਤਪਾਦਾਂ ਲਈ ਨਵੀਆਂ ਮਾਰਕਿਟਾਂ ਲੱਭਣਾ। ਅਸੀਂ ਬੀ.ਸੀ. ਦੇ ਜੰਗਲਾਤ ਉਤਪਾਦਾਂ ਲਈ ਮਾਰਕਿਟਾਂ ਵਿਕਸਤ ਕਰ ਰਹੇ ਹਾਂ ਅਤੇ ਉਨ੍ਹਾਂ ਵਿੱਚ ਵਿਭਿੰਨਤਾ ਲਿਆ ਰਹੇ ਹਾਂ, ਅਤੇ ‘ਫੌਰੈਸਟਰੀ ਇਨੋਵੇਸ਼ਨ ਇਨਵੈਸਟਮੈਂਟ ਪ੍ਰੋਗਰਾਮਾਂ’ ਰਾਹੀਂ ਲੱਕੜ ਦੀ ਵਰਤੋਂ ਦੇ ਫਾਇਦੇ ਪ੍ਰਚਾਰਿਤ ਕਰ ਰਹੇ ਹਾਂ।
- ਭਵਿੱਖ ਲਈ ਤਿਆਰ ਕਾਰਜਬਲ ਬਣਾਉਣਾ। ਅਸੀਂ ਯੂਥ ਪ੍ਰੋਗਰਾਮਾਂ, ਟ੍ਰੇਡਜ਼ ਲਈ ਸਿਖਲਾਈ ਅਤੇ ਹੁਨਰ ਵਧਾਉਣ ਵਾਲੀਆਂ ਪਹਿਲਕਦਮੀਆਂ ਦਾ ਵਿਸਤਾਰ ਕਰ ਰਹੇ ਹਾਂ, ਤਾਂ ਜੋ ਕਾਮੇ ਨਵੀਆਂ ਨੌਕਰੀਆਂ ਲਈ ਤਿਆਰ ਹੋਣ ਅਤੇ ਸਿੱਖਣਾ ਜਾਰੀ ਰੱਖ ਸਕਣ।
- ਸਾਡੀਆਂ ਸਪਲਾਈ ਚੇਨਾਂ ਨੂੰ ਹੋਰ ਮਜ਼ਬੂਤ ਅਤੇ ਵਿਭਿੰਨ ਬਣਾਉਣਾ। ਅਸੀਂ ਸ਼ਿਪਿੰਗ ਅਤੇ ਢੋਆ-ਢੁਆਈ ਦੇ ਨੈਟਵਰਕਾਂ ਨੂੰ ਸੁਧਾਰ ਰਹੇ ਹਾਂ ਅਤੇ ਕਾਰੋਬਾਰਾਂ ਨੂੰ ‘ਮੇਡ-ਇਨ-ਬੀ.ਸੀ.’ (ਬੀ.ਸੀ. ਵਿੱਚ ਤਿਆਰ ਕੀਤਾ ਗਿਆ) ਉਤਪਾਦ ਹੋਰ ਗਾਹਕਾਂ ਤੱਕ ਪਹੁੰਚਾਉਣ ਵਿੱਚ ਮਦਦ ਕਰ ਰਹੇ ਹਾਂ।
- ਉਦਯੋਗਿਕ ਜ਼ਮੀਨਾਂ ਦੀ ਸੰਭਾਲ ਅਤੇ ਵਿਕਾਸ। ਅਸੀਂ ਭਾਈਚਾਰਿਆਂ ਦੀ ਉਨ੍ਹਾਂ ਦੀ ਆਰਥਿਕਤਾ ਵਧਾਉਣ ਵਿੱਚ ਮਦਦ ਕਰ ਰਹੇ ਹਾਂ। ਅਜਿਹਾ ਅਸੀਂ ਉਦਯੋਗਿਕ ਵਰਤੋਂ ਲਈ ਤਿਆਰ ਜ਼ਮੀਨ ਦੀ ਪਛਾਣ ਕਰਕੇ ਅਤੇ ਨਵੇਂ ਟ੍ਰਾਂਜ਼ਿਟ-ਕੇਂਦਰਿਤ ਵਿਕਾਸ ਦੇ ਨੇੜੇ ਹਲਕੀਆਂ ਉਦਯੋਗਿਕ ਜ਼ੋਨਾਂ ਨੂੰ ਸ਼ਾਮਲ ਕਰਕੇ ਕਰ ਰਹੇ ਹਾਂ।
ਵਧੇਰੇ ਉੱਜਲ ਭਵਿੱਖ ਨੂੰ ਯਕੀਨੀ ਬਣਾਉਣਾ
- ਬੀ.ਸੀ. ਆਪਣੇ ਆਪ ਨੂੰ ਮਾਸ ਟਿੰਬਰ, ਨਿਰਮਾਣ ਨਵੀਨਤਾ ਅਤੇ ਵਾਤਾਵਰਨ ਪੱਖੋਂ ਸਾਫ਼ ਨਿਰਮਾਣ ਵਿੱਚ ਵਿਸ਼ਵ ਅਗੂ ਵਜੋਂ ਸਥਾਪਿਤ ਕਰ ਰਿਹਾ ਹੈ। ਇਸ ਨਾਲ ਬੀ.ਸੀ. ਦੇ ਸਾਫਟਵੁੱਡ ਵਰਗੇ ਉਤਪਾਦਾਂ ਲਈ ਨਵੇਂ ਗਾਹਕ ਤਿਆਰ ਹੋਣਗੇ, ਭਾਈਚਾਰਿਆਂ ਵਿੱਚ ਵਧੀਆ ਨੌਕਰੀਆਂ ਅਤੇ ਮੌਕੇ ਵਾਪਸ ਉਪਲਬਧ ਹੋਣਗੇ, ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਆਰਥਿਕਤਾ ਹੋਰ ਮਜ਼ਬੂਤ ਹੋਵੇਗੀ।
- ਬੀ.ਸੀ. ਕੈਨੇਡਾ ਵਿੱਚ ਪਹਿਲਾ ਸੂਬਾ ਸੀ ਜਿਸ ਨੇ 5 ਅਤੇ 6 ਮੰਜ਼ਿਲਾਂ ਵਾਲੀਆਂ ਲੱਕੜ-ਫਰੇਮ ਵਾਲੀਆਂ ਰਿਹਾਇਸ਼ੀ ਇਮਾਰਤਾਂ ਬਣਾਉਣ ਦੀ ਇਜਾਜ਼ਤ ਦਿੱਤੀ। ਇਸ ਨਾਲ ਮਿਡ-ਰਾਈਜ਼ ਵਿਕਾਸ ਦੀ ਇੱਕ ਲਹਿਰ ਸ਼ੁਰੂ ਹੋਈ ਜੋ ਹੁਣ ਦੇਸ਼ ਭਰ ਵਿੱਚ ਆਮ ਹੋ ਗਈ ਹੈ। ਸਾਡੇ ਕੋਲ ਨੌਰਥ ਅਮਰੀਕਾ ਵਿੱਚ ਪ੍ਰਤੀ ਵਿਅਕਤੀ ਸਭ ਤੋਂ ਵੱਧ ਮਾਸ ਟਿੰਬਰ ਇਮਾਰਤਾਂ ਹਨ।
ਹੋਰ ਜਾਣੋ
ਖੇਤੀਬਾੜੀ, ਐਗ੍ਰੀਟੈਕ ਅਤੇ ਭੋਜਨ ਉਤਪਾਦਨ ਨੂੰ ਵਧਾਉਣਾ
ਬੀ.ਸੀ. ਵਿੱਚ ਕੈਨੇਡਾ ਦੇ ਸਭ ਤੋਂ ਵਿਭਿੰਨ ਖੇਤੀਬਾੜੀ, ਸਮੁੰਦਰੀ ਭੋਜਨ ਅਤੇ ਫੂਡ ਪ੍ਰੋਸੈਸਿੰਗ ਉਦਯੋਗਾਂ ਵਿੱਚੋਂ ਇੱਕ ਉਪਲਬਧ ਹੈ। ਅਸੀਂ ਦੁਨੀਆ ਭਰ ਦੇ ਲੋਕਾਂ ਨੂੰ ਲਗਭਗ 500 ਭੋਜਨ ਉਤਪਾਦ ਅਤੇ 168 ਕਿਸਮਾਂ ਦੇ ਸਮੁੰਦਰੀ ਭੋਜਨ ਵੇਚਦੇ ਹਾਂ।
ਅਸੀਂ ਇੱਕ ਵਧੇਰੇ ਮਜ਼ਬੂਤ ਅਤੇ ਵਿਸ਼ਵ ਪੱਧਰ 'ਤੇ ਮੁਕਾਬਲੇਯੋਗ ਭੋਜਨ ਪ੍ਰਣਾਲੀ ਬਣਾਉਣ ਲਈ ਕੰਮ ਕਰ ਰਹੇ ਹਾਂ। ਇਸਦਾ ਮਤਲਬ ਹੈ ਕਿਸਾਨਾਂ ਨੂੰ ਜਲਵਾਯੂ ਤਬਦੀਲੀ ਦੇ ਅਨੁਕੂਲ ਹੋਣ ਵਿੱਚ ਮਦਦ ਕਰਨਾ, ਨਵੀਂ ਤਕਨਾਲੋਜੀ ਦੀ ਵਰਤੋਂ ਕਰਕੇ ਹੋਰ ਸਮਾਰਟ (ਵਾਤਾਵਰਨ ‘ਤੇ ਘੱਟ ਪ੍ਰਭਾਵ ਪਾਉਂਦਿਆਂ, ਉੱਪਜ ਅਤੇ ਗੁਣਵੱਤਾ ਵਧਾਉਣਾ) ਅਤੇ ਕੁਸ਼ਲ ਤਰੀਕੇ ਨਾਲ ਭੋਜਨ ਉਤਪਾਦਨ ਕਰਨਾ ਅਤੇ ਇਹ ਯਕੀਨੀ ਬਣਾਉਣਾ ਕਿ ਹਰ ਕੋਈ ਬੀ.ਸੀ. ਵਿੱਚ ਬਣਿਆ ਕਿਫ਼ਾਇਤੀ ਭੋਜਨ ਪ੍ਰਾਪਤ ਕਰ ਸਕੇ।
ਬੀ.ਸੀ. ਦੀਆਂ ਖੂਬੀਆਂ
- ਜ਼ਿਆਦਾ ਉੱਪਜ ਦੇਣ ਵਾਲੀ ਜ਼ਮੀਨ ਅਤੇ ਪਾਣੀ। ਬੀ.ਸੀ. ਦੀ ਉਪਜਾਊ ਮਿੱਟੀ, ਸਾਫ਼ ਪਾਣੀ ਅਤੇ ਵਿਭਿੰਨਤਾ ਭਰਿਆ ਮੌਸਮ ਸਾਨੂੰ ਉੱਚ-ਗੁਣਵੱਤਾ ਵਾਲੇ ਭੋਜਨ ਅਤੇ ਖੇਤੀਬਾੜੀ ਉਤਪਾਦਾਂ ਦੀ ਵਿਸ਼ਾਲ ਸ਼੍ਰੇਣੀ ਦਾ ਉਤਪਾਦਨ ਕਰਨ ਦੀ ਸਮਰੱਥਾ ਦਿੰਦੇ ਹਨ। ਵਿਸ਼ਵ ਪੱਧਰ 'ਤੇ, ਬੀ.ਸੀ. ਬਲੂਬੈਰੀਜ਼, ਖੁੰਭ, ਗ੍ਰੀਨਹਾਊਸ ਸਬਜ਼ੀਆਂ, ਕੈਨੇਬਿਸ, ਸਮੁੰਦਰੀ ਭੋਜਨ ਅਤੇ ਹੋਰਾਂ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ।
- ਪ੍ਰੋਸੈਸਿੰਗ ਦਾ ਮੁੱਖ ਕੇਂਦਰ। ਬੀ.ਸੀ. ਦਾ ਭੋਜਨ ਅਤੇ ਪੀਣ ਦੇ ਪਦਾਰਥਾਂ ਦਾ ਪ੍ਰੋਸੈਸਿੰਗ ਖੇਤਰ ਸੂਬੇ ਦਾ ਦੂਜਾ ਸਭ ਤੋਂ ਵੱਡਾ ਉਤਪਾਦਨ ਖੇਤਰ ਹੈ, ਜੋ $13 ਬਿਲੀਅਨ ਦੀ ਆਮਦਨ ਪੈਦਾ ਕਰਦਾ ਹੈ। ਇਹ ਭੋਜਨ ਵਿਗਿਆਨ ਅਤੇ ਪੌਧੇ-ਅਧਾਰਿਤ ਸਮੱਗਰੀ ਵਿੱਚ ਆਧੁਨਿਕ ਨਵੀਨਤਾ ਦਾ ਕੇਂਦਰ ਹੈ।
- ਵਿਸ਼ਵ-ਭਰ ਦੀਆਂ ਮਾਰਕਿਟਾਂ ਨਾਲ ਜੁੜਿਆ ਹੋਇਆ। ਬੀ.ਸੀ. ਜਿਸ ਜਗ੍ਹਾ ‘ਤੇ ਸਥਿਤ ਹੈ, ਉਸ ਜਗ੍ਹਾ ਤੋਂ ਭੋਜਨ ਉਤਪਾਦਕਾਂ ਨੂੰ ਦੁਨੀਆ ਭਰ ਦੇ ਗਾਹਕਾਂ ਤੱਕ ਅਸਾਨ ਪਹੁੰਚ ਮਿਲਦੀ ਹੈ। ਸਾਡੇ ਭੋਜਨ ਅਤੇ ਪੀਣ ਦੇ ਪਦਾਰਥ ਆਪਣੀ ਉੱਚ ਗੁਣਵੱਤਾ ਲਈ ਜਾਣੇ ਜਾਂਦੇ ਹਨ।
- ਐਗ੍ਰੀਟੈਕ ਅਤੇ ਨਵੀਨਤਾ ਦਾ ਕੇਂਦਰ। ਬੀ.ਸੀ. ਕਈ ਉਭਰਦੀਆਂ ਕੰਪਨੀਆਂ ਅਤੇ ਲੋਕਾਂ ਦਾ ਘਰ ਹੈ ਜੋ ਨਵੀਆਂ ਨਵੀਨਤਾਵਾਂ ਪੈਦਾ ਕਰ ਰਹੇ ਹਨ ਜਿਵੇਂ ਕਿ ਰੋਬੌਟਿਕ ਹਾਰਵੈਸਟਰ, ਆਟੋਮੇਟਿਡ ਉਪਕਰਣ ਅਤੇ ਉਗਾਉਣ ਦੀਆਂ ਨਵੀਆਂ ਪ੍ਰਣਾਲੀਆਂ। ਸਾਡੇ ਕੋਲ 150 ਤੋਂ ਵੱਧ ਐਗ੍ਰੀਟੈਕ ਕੰਪਨੀਆਂ ਅਤੇ ਵਿਸ਼ਵ-ਪੱਧਰੀ ਖੋਜਕਰਤਾ ਹਨ।
ਸਾਡੀਆਂ ਖੂਬੀਆਂ ਦੇ ਅਧਾਰ ‘ਤੇ ਅੱਗੇ ਵੱਧਣਾ
- ਮੁਕਾਬਲੇਯੋਗ ਅਤੇ ਲਾਭਕਾਰੀ ਹੋਣ ਦੀ ਵਿਸ਼ੇਸ਼ਤਾ ਨੂੰ ਮਜ਼ਬੂਤ ਕਰਨਾ। ਅਸੀਂ ਉਹਨਾਂ ਕਾਰੋਬਾਰਾਂ ਦੀ ਮਦਦ ਕਰ ਰਹੇ ਹਾਂ ਜੋ ਵਧਣ ਲਈ ਤਿਆਰ ਹਨ। ਅਜਿਹਾ ਅਸੀਂ ਉਨ੍ਹਾਂ ਨੂੰ ਹੋਰ ਉਤਪਾਦ ਬਣਾਉਣ, ਵਧੇਰੇ ਪੈਸੇ ਕਮਾਉਣ, ਕੀਮਤਾਂ ਘਟਾਉਣ ਅਤੇ ਨਵੇਂ ਗਾਹਕਾਂ ਤੱਕ ਪਹੁੰਚਣ ਲਈ ਸਹਾਇਤਾ ਦੇ ਕੇ ਕਰ ਰਹੇ ਹਾਂ।
- ਨਵੇਂ ਗਾਹਕਾਂ ਨਾਲ ਜੁੜਨਾ। ਅਸੀਂ ਕਿਸਾਨਾਂ ਅਤੇ ਭੋਜਨ ਉਤਪਾਦਕਾਂ ਨੂੰ ਆਪਣੇ ਉਤਪਾਦ ਨਵੇਂ ਦੇਸ਼ਾਂ ਵਿੱਚ ਵੇਚਣ ਵਿੱਚ ਮਦਦ ਕਰ ਰਹੇ ਹਾਂ ਤਾਂ ਜੋ ਉਹ ਅਮਰੀਕਾ ਨਾਲ ਵਪਾਰ 'ਤੇ ਘੱਟ ਨਿਰਭਰ ਰਹਿਣ। ਅਤੇ ਅਸੀਂ FeedBC ਅਤੇ BuyBC ਪ੍ਰੋਗਰਾਮਾਂ ਰਾਹੀਂ ਬੀ.ਸੀ. ਦੇ ਉਪਭੋਗਤਾਵਾਂ, ਖਰੀਦਦਾਰਾਂ ਅਤੇ ਸੰਸਥਾਵਾਂ ਨੂੰ ਹੋਰ ਡਾਲਰ ਸਾਡੇ ਆਪਣੇ ਭਾਈਚਾਰਿਆਂ ਵਿੱਚ ਵਾਪਸ ਪਾਉਣ ਲਈ ਉਤਸ਼ਾਹਤ ਕਰ ਰਹੇ ਹਾਂ।
- ਵਧੀਆ ਤਜਰਬੇ ਪੈਦਾ ਕਰਨਾ। ਅਸੀਂ ਕਿਸਾਨਾਂ, ਰੈਸਟੋਰੈਂਟਾਂ ਅਤੇ ਟੂਰਿਜ਼ਮ ਕਾਰੋਬਾਰਾਂ ਨੂੰ ਇਕੱਠੇ ਵਧਣ ਲਈ ਸਹਿਯੋਗ ਦੇ ਰਹੇ ਹਾਂ। ਸ਼ਰਾਬ, ਜ਼ਮੀਨ ਦੀ ਵਰਤੋਂ ਅਤੇ ਕੈਨੇਬਿਸ ਨਾਲ ਸਬੰਧਤ ਮੌਕੇ ਮੁਤਾਬਕ ਢੱਲਣ ਵਾਲੇ ਨਿਯਮ, ਉਨ੍ਹਾਂ ਨੂੰ ਸੈਲਾਨੀਆਂ ਅਤੇ ਸਥਾਨਕ ਲੋਕਾਂ ਲਈ ਨਵੇਂ ਮਹਿਮਾਨ-ਨਵਾਜ਼ੀ ਅਤੇ ਸਫ਼ਰ ਦੇ ਤਜਰਬੇ ਦੇਣ ਦੇ ਸਮਰੱਥ ਕਰਦੇ ਹਨ।
- ਐਗ੍ਰੀਟੈਕ ਨਵੀਨਤਾ ਨੂੰ ਵਧਾਉਣਾ। ਅਸੀਂ ਉਨ੍ਹਾਂ ਨਵੇਂ ਸਾਧਨਾਂ ਅਤੇ ਤਕਨਾਲੋਜੀਆਂ ਨੂੰ ਅਪਨਾਉਣ ਦਾ ਸਮਰਥਨ ਕਰ ਰਹੇ ਹਾਂ ਜੋ ਕਿਸਾਨਾਂ ਨੂੰ ਘੱਟ ਜ਼ਮੀਨ, ਪਾਣੀ ਅਤੇ ਊਰਜਾ ਦੀ ਵਰਤੋਂ ਨਾਲ ਜ਼ਿਆਦਾ ਭੋਜਨ ਉਗਾਉਣ ਵਿੱਚ ਮਦਦ ਕਰਦੇ ਹਨ।
- ਭੋਜਨ ਸੁਰੱਖਿਆ ਵਿੱਚ ਸੁਧਾਰ। ਅਸੀਂ ਹੋਰ ਥਾਵਾਂ ਵਿੱਚ ਨਿਵੇਸ਼ ਕਰ ਰਹੇ ਹਾਂ ਜਿੱਥੇ ਸਥਾਨਕ ਭੋਜਨ ਨੂੰ ਪ੍ਰੋਸੈਸ, ਸਟੋਰ ਅਤੇ ਭੇਜਿਆ ਜਾ ਸਕੇ। ਇਸ ਨਾਲ ਬੀ.ਸੀ. ਦੇ ਲੋਕਾਂ ਲਈ ਤਾਜ਼ਾ, ਕਿਫ਼ਾਇਤੀ ਭੋਜਨ ਖਰੀਦਣਾ ਅਸਾਨ ਹੋ ਜਾਂਦਾ ਹੈ, ਭਾਂਵੇ ਵਿਸ਼ਵ ਸਪਲਾਈ ਚੇਨਾਂ ਵਿੱਚ ਰੁਕਾਵਟ ਆਵੇ।
- ਜਲਵਾਯੂ ਤਬਦੀਲੀ ਨਾਲ ਅਨੁਕੂਲ ਹੋਣਾ। ਅਸੀਂ ਕਿਸਾਨਾਂ ਅਤੇ ਪਸ਼ੂ-ਪਾਲਕਾਂ ਲਈ 500 ਤੋਂ ਵੱਧ ਪਾਣੀ ਦੀ ਸੰਭਾਲ ਅਤੇ ਸਪਲਾਈ ਪ੍ਰੋਜੈਕਟਾਂ ਵਿੱਚ ਨਿਵੇਸ਼ ਕਰ ਰਹੇ ਹਾਂ ਜੋ ਸੋਕੇ ਅਤੇ ਹੜ੍ਹਾਂ ਦੀਆਂ ਵਧਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਅਤੇ ਅਸੀਂ ਕਿਸਾਨਾਂ ਨੂੰ ਉਹਨਾਂ ਨਵੀਆਂ ਫਸਲਾਂ ਵੱਲ ਤਬਦੀਲ ਹੋਣ ਵਿੱਚ ਮਦਦ ਕਰ ਰਹੇ ਹਾਂ ਜੋ ਸੋਕੇ ਅਤੇ ਅਤਿਅੰਤ ਮੌਸਮ ਪ੍ਰਤੀ ਹੋਰ ਟਿਕਾਊ ਹਨ।
ਵਧੇਰੇ ਉੱਜਲ ਭਵਿੱਖ ਨੂੰ ਯਕੀਨੀ ਬਣਾਉਣਾ
- ਬੀ.ਸੀ. ਭੋਜਨ ਅਤੇ ਖੇਤੀਬਾੜੀ ਕਾਰੋਬਾਰਾਂ ਦੀ ਮੁਕਾਬਲੇਯੋਗਤਾ, ਵਿਕਾਸ, ਅਤੇ ਜਲਵਾਯੂ ਤਬਦੀਲੀ ਅਤੇ ਵਪਾਰਕ ਪਰਿਸਥਿਤੀਆਂ ਨਾਲ ਅਨੁਕੂਲ ਹੋਣ ਦੀ ਸਮਰੱਥਾ ਮਜ਼ਬੂਤ ਕਰ ਰਿਹਾ ਹੈ। ਇਹ ਸੂਬੇ ਭਰ ਵਿੱਚ ਨੌਕਰੀਆਂ ਪੈਦਾ ਕਰਦਾ ਹੈ ਅਤੇ ਲੰਬੇ ਸਮੇਂ ਲਈ ਸਾਡੀ ਭੋਜਨ ਸਪਲਾਈ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਕਰਦਾ ਹੈ।
- ਓਕਾਨਾਗਨ ਕਾਲਜ, ਕਲੋਨਾ ਵਿੱਚ ਭੋਜਨ, ਵਾਈਨ ਅਤੇ ਟੂਰਿਜ਼ਮ ਲਈ ਇੱਕ ਨਵਾਂ ਕੇਂਦਰ ਬਣਾਇਆ ਜਾ ਰਿਹਾ ਹੈ। ਇਹ ਬੀ.ਸੀ. ਦੇ ਟੂਰਿਜ਼ਮ ਉਦਯੋਗ ਨੂੰ ਮਜ਼ਬੂਤ ਕਰੇਗਾ ਅਤੇ ਲੋਕਾਂ ਨੂੰ ਕਲਿਨਰੀ ਆਰਟਸ, ਸਥਾਨਕ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੇ ਉਤਪਾਦਨ ਅਤੇ ਵਿਸ਼ਵ-ਪੱਧਰੀ ਮਹਿਮਾਨ-ਨਵਾਜ਼ੀ ਸੇਵਾਵਾਂ ਵਿੱਚ ਨੌਕਰੀਆਂ ਲਈ ਤਿਆਰ ਕਰੇਗਾ। ਇਸ ਕੇਂਦਰ ਦੇ 2026 ਵਿੱਚ ਵਿਦਿਆਰਥੀਆਂ ਲਈ ਖੁੱਲ੍ਹਣ ਦੀ ਉਮੀਦ ਹੈ।
ਹੋਰ ਜਾਣੋ
ਫਿਲਮ, ਟੈਲੀਵਿਜ਼ਨ ਅਤੇ ਡਿਜਿਟਲ ਮੀਡੀਆ ਦਾ ਨਿਰਮਾਣ
ਬੀ.ਸੀ. ਨੌਰਥ ਅਮਰੀਕਾ ਵਿੱਚ ਫਿਲਮਾਂ, ਟੀਵੀ ਸ਼ੋਅ ਅਤੇ ਵੀਡੀਓ ਗੇਮਾਂ ਬਣਾਉਣ ਲਈ ਸਭ ਤੋਂ ਵਧੀਆ ਥਾਵਾਂ ਵਿੱਚੋਂ ਇੱਕ ਹੈ। ਇਹ ਕਈ ਹਜ਼ਾਰਾਂ ਨੌਕਰੀਆਂ ਪੈਦਾ ਕਰਦਾ ਹੈ ਅਤੇ ਇਸ ਵਿੱਚ ਹਰ ਸਾਲ ਅਰਬਾਂ ਡਾਲਰ ਦੀ ਕਮਾਈ ਹੁੰਦੀ ਹੈ।
ਅਸੀਂ ਵੱਡੀਆਂ ਪ੍ਰੋਡਕਸ਼ਨਾਂ ਦਾ ਸਮਰਥਨ ਕਰਨ ਲਈ ਇਨਸੈਂਟਿਵ ਵਧਾਏ ਹਨ, ਜੋ ਭਾਈਚਾਰਿਆਂ ਵਿੱਚ ਵਧੀਆ ਨੌਕਰੀਆਂ ਅਤੇ ਆਰਥਿਕ ਵਿਕਾਸ ਲਿਆਉਂਦੇ ਹਨ।
ਬੀ.ਸੀ. ਦੀਆਂ ਖੂਬੀਆਂ
- ਵਿਸ਼ਵ ਪੱਧਰੀ ਸ਼ੋਹਰਤ। ਬੀ.ਸੀ. ਨੌਰਥ ਅਮਰੀਕਾ ਦੇ ਸਭ ਤੋਂ ਵੱਡੇ ਫਿਲਮ, ਟੀ ਵੀ, ਐਨੀਮੇਸ਼ਨ ਅਤੇ ਵਿਜ਼ੂਅਲ ਇਫੈਕਟਸ ਕੇਂਦਰਾਂ ਵਿੱਚੋਂ ਇੱਕ ਹੈ।
- ਗੇਮਿੰਗ ਅਤੇ ਤਕਨਾਲੋਜੀ ਵਿੱਚ ਮੋਢੀ। ਬੀ.ਸੀ. ਵਿੱਚ 160 ਤੋਂ ਵੱਧ ਵੀਡੀਓ ਗੇਮ ਸਟੂਡੀਓ ਹਨ ਅਤੇ ਇਹ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਔਗਮੈਂਟਿਡ ਅਤੇ ਵਰਚੁਅਲ ਰਿਐਲਿਟੀ ਖੇਤਰ ਹੈ।
- ਵਿਭਿੰਨਤਾ ਭਰੀਆਂ ਥਾਵਾਂ। ਪਹਾੜਾਂ ਤੋਂ ਸ਼ਹਿਰੀ ਦ੍ਰਿਸ਼ਾਂ ਤੱਕ, ਬੀ.ਸੀ. ਵਿੱਚ ਫਿਲਮ ਨਿਰਮਾਣ ਲਈ ਕਈ ਵੱਖ-ਵੱਖ ਥਾਵਾਂ ਅਤੇ ਅਨੁਕੂਲ ਮੌਸਮ ਹਨ।
- ਵਿਸ਼ਵ-ਪੱਧਰੀ ਸਹੂਲਤਾਂ। ਬੀ.ਸੀ. ਵਿੱਚ ਉੱਚ-ਪੱਧਰੀ ਸਟੂਡੀਓ, ਪੋਸਟ-ਪ੍ਰੋਡਕਸ਼ਨ, ਐਨੀਮੇਸ਼ਨ ਅਤੇ ਵਿਜ਼ੂਅਲ ਇਫੈਕਟਸ ਥਾਵਾਂ ਹਨ।
- ਹੁਨਰਮੰਦ ਕਾਰਜਬਲ। ਬੀ.ਸੀ. ਵਿੱਚ ਰਚਨਾਤਮਕ ਅਤੇ ਤਕਨੀਕੀ ਪੇਸ਼ੇਵਰਾਂ ਦੀ ਭਰਮਾਰ ਹੈ, ਜਿਨ੍ਹਾਂ ਨੂੰ ਕਈ ਉੱਚ-ਪੱਧਰੀ ਫਿਲਮ ਅਤੇ ਮੀਡੀਆ ਆਰਟਸ ਸਕੂਲਾਂ ਤੋਂ ਸਹਿਯੋਗ ਮਿਲਦਾ ਹੈ।
- ਹੌਲੀਵੁੱਡ ਦੇ ਨੇੜੇ। ਇੱਕੋ ਟਾਈਮ ਜ਼ੋਨ ਅਤੇ ਲੌਸ ਐਂਜੇਲਿਸ ਅਤੇ ਸੀਐਟਲ ਅਤੇ ਸਿਲਿਕੌਨ ਵੈਲੀ ਵਰਗੇ ਟੈਕ ਖੇਤਰਾਂ ਤੋਂ ਘੱਟ ਸਮੇਂ ਦੀ ਉਡਾਣ।
- ਮਹੱਤਵਪੂਰਨ ਇਨਸੈਂਟਿਵ। ਬੀ.ਸੀ. ਫਿਲਮ, ਟੀ ਵੀ ਅਤੇ ਇੰਟਰਐਕਟਿਵ ਡਿਜਿਟਲ ਮੀਡੀਆ ਪ੍ਰੋਡਕਸ਼ਨ ਨੂੰ ਇੱਥੇ ਲਿਆਉਣ ਲਈ ਵੱਡੇ ਟੈਕਸ ਕ੍ਰੈਡਿਟ ਦਿੰਦਾ ਹੈ।
ਸਾਡੀਆਂ ਖੂਬੀਆਂ ਦੇ ਅਧਾਰ ‘ਤੇ ਅੱਗੇ ਵੱਧਣਾ
- ਅੰਤਰਰਾਸ਼ਟਰੀ ਪ੍ਰੋਡਕਸ਼ਨਾਂ ਨੂੰ ਆਕਰਸ਼ਿਤ ਕਰਨਾ। ਅਸੀਂ ਟੈਕਸ ਇਨਸੈਂਟਿਵ ਅਤੇ ਆਪਣੀ ਮੁਕਾਬਲੇਯੋਗਤਾ ਨੂੰ ਵਧਾਇਆ ਹੈ, ਤਾਂ ਜੋ ਹੋਰ ਅੰਤਰਰਾਸ਼ਟਰੀ ਫਿਲਮ ਅਤੇ ਟੀ ਵੀ ਪ੍ਰੋਡਕਸ਼ਨ ਬੀ.ਸੀ. ਵਿੱਚ ਆਉਣ। ਇਸ ਨਾਲ ਸਥਾਨਕ ਹੁਨਰਮੰਦ ਕਾਮਿਆਂ ਅਤੇ ਟੀਮਾਂ ਲਈ ਵਧੀਆ ਨੌਕਰੀਆਂ ਪੈਦਾ ਹੁੰਦੀਆਂ ਹਨ।
- ਛੋਟੇ ਸ਼ਹਿਰਾਂ ਵਿੱਚ ਨੌਕਰੀਆਂ ਪੈਦਾ ਕਰਨਾ। ਅਸੀਂ ਖੇਤਰੀ ਅਤੇ ਦੂਰ ਦੀ ਲੋਕੇਸ਼ਨ ਵਾਲੇ ਟੈਕਸ ਕ੍ਰੈਡਿਟ ਰਾਹੀਂ ਉਹਨਾਂ ਕੰਪਨੀਆਂ ਲਈ ਸਮਰਥਨ ਵਧਾਇਆ ਹੈ ਜੋ ਮੈਟਰੋ ਵੈਨਕੂਵਰ ਤੋਂ ਬਾਹਰ ਸਟੂਡੀਓ ਅਤੇ ਪ੍ਰੋਡਕਸ਼ਨ ਸੈੱਟ ਬਣਾਉਂਦੀਆਂ ਹਨ।
- ਡਿਜਿਟਲ ਮੀਡੀਆ ਦਾ ਵਿਕਾਸ। ਅਸੀਂ ਇੰਟਰਐਕਟਿਵ ਡਿਜਿਟਲ ਮੀਡੀਆ ਟੈਕਸ ਕ੍ਰੈਡਿਟ ਵਧਾ ਕੇ, ਗੇਮਿੰਗ ਅਤੇ ਇਮਰਸਿਵ ਟੈਕ ਕੰਪਨੀਆਂ ਦੀ ਵਧਣ ਅਤੇ ਹੋਰ ਸਥਾਨਕ ਹੁਨਰਮੰਦ ਕਾਮਿਆਂ ਨੂੰ ਭਰਤੀ ਕਰਨ ਵਿੱਚ ਮਦਦ ਕਰ ਰਹੇ ਹਾਂ।
- ਸਥਾਨਕ ਸਮੱਗਰੀ ਲਈ ਆਰਥਿਕ ਸਹਾਇਤਾ। ਅਸੀਂ ਛੋਟੇ ਸਟੂਡੀਓ ਅਤੇ ਸਥਾਨਕ ਰਚਨਾਕਾਰਾਂ ਦੀ ਫਿਲਮਾਂ, ਸ਼ੋਅ ਅਤੇ ਡਿਜਿਟਲ ਮੀਡੀਆ ਬਣਾਉਣ ਵਿੱਚ ਮਦਦ ਕਰ ਰਹੇ ਹਾਂ।
- ਵਿਸ਼ਵ ਪੱਧਰੀ ਸਮਾਗਮਾਂ ਦੀ ਮੇਜ਼ਬਾਨੀ। ਅਸੀਂ ਸਲਾਨਾ ‘ਵੈੱਬ ਸਮਿੱਟ ਵੈਨਕੂਵਰ’ ਦਾ ਸਵਾਗਤ ਕਰ ਰਹੇ ਹਾਂ ਤਾਂ ਜੋ ਬੀ.ਸੀ. ਦੀ ਟੈਕ ਅਤੇ ਮਨੋਰੰਜਨ ਵਿੱਚ ਅਗਵਾਈ ਦਰਸਾਈ ਜਾ ਸਕੇ।
- ਹੁਨਰਮੰਦ ਕਾਮਿਆਂ ਵਿੱਚ ਨਿਵੇਸ਼। ਅਸੀਂ ਟ੍ਰੇਨਿੰਗ, ਮੈਨਟਰਸ਼ਿਪ ਅਤੇ ਬਿਜ਼ਨੈਸ ਵਿਕਾਸ ਪ੍ਰੋਗਰਾਮਾਂ ਦਾ ਸਮਰਥਨ ਕਰ ਰਹੇ ਹਾਂ ਤਾਂ ਜੋ ਕਰਮਚਾਰੀ ਅਤੇ ਛੋਟੇ ਕਾਰੋਬਾਰ ਡਿਜਿਟਲ ਅਤੇ ਰਚਨਾਤਮਕ ਉਦਯੋਗਾਂ ਵਿੱਚ ਵਧਦੀ ਮੰਗ ਨੂੰ ਪੂਰਾ ਕਰਨ ਲਈ ਹੁਨਰ ਪ੍ਰਾਪਤ ਕਰ ਸਕਣ।
- ਮੋਸ਼ਨ ਪਿਕਚਰ ਉਦਯੋਗ ਨੂੰ ਮਜ਼ਬੂਤ ਕਰਨਾ। ਅਸੀਂ ਇੱਕ ਬੀ.ਸੀ. ਮੋਸ਼ਨ ਪਿਕਚਰ ਕਾਰਜਨੀਤੀ ਵਿਕਸਤ ਕਰ ਰਹੇ ਹਾਂ ਜੋ ਸਥਿਰਤਾ, ਮਜ਼ਬੂਤੀ ਅਤੇ ਨੌਕਰੀਆਂ ਪੈਦਾ ਕਰਨ 'ਤੇ ਕੇਂਦਰਿਤ ਹੈ।
ਵਧੇਰੇ ਉੱਜਲ ਭਵਿੱਖ ਨੂੰ ਯਕੀਨੀ ਬਣਾਉਣਾ
- ਬੀ.ਸੀ. ਇੱਕ ਰਚਨਾਤਮਕ ਆਰਥਿਕਤਾ ਨੂੰ ਵਧਾ ਰਿਹਾ ਹੈ ਜੋ ਸਾਡੀਆਂ ਕਹਾਣੀਆਂ ਨੂੰ ਦੁਨੀਆ ਨਾਲ ਸਾਂਝਾ ਕਰਦੀ ਹੈ, ਵਧੀਆ ਨੌਕਰੀਆਂ ਪੈਦਾ ਕਰਦੀ ਹੈ, ਸਾਡੇ ਭਾਈਚਾਰਿਆਂ ਵਿੱਚ ਵਿਸ਼ਵ ਪੱਧਰੀ ਨਿਵੇਸ਼ ਨੂੰ ਆਕਰਸ਼ਿਤ ਕਰਦੀ ਹੈ, ਅਤੇ ਕਲਾਕਾਰਾਂ ਅਤੇ ਉੱਦਮਕਰਤਾਵਾਂ ਦੀ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰਦੀ ਹੈ।
- Creative BC ਰਾਹੀਂ, ਸੂਬਾਈ ਪ੍ਰੋਗਰਾਮ ਬੀ.ਸੀ. ਸਮੱਗਰੀ ਦੀ ਰਚਨਾ ਅਤੇ ਨਿਰਯਾਤ ਦਾ ਸਮਰਥਨ ਕਰਦੇ ਹਨ, ਜਿਸ ਨਾਲ ਸਥਾਨਕ ਰਚਨਾਕਾਰਾਂ ਨੂੰ ਪ੍ਰੋਜੈਕਟ ਵਿਕਸਤ ਕਰਨ, ਆਰਥਿਕ ਸਹਾਇਤਾ ਤੱਕ ਪਹੁੰਚ ਕਰਨ ਅਤੇ ਰਾਸ਼ਟਰੀ ਅਤੇ ਵਿਸ਼ਵ ਪੱਧਰੀ ਦਰਸ਼ਕਾਂ ਤੱਕ ਪਹੁੰਚਣ ਵਿੱਚ ਮਦਦ ਮਿਲਦੀ ਹੈ।
ਹੋਰ ਜਾਣੋ
ਤਕਨਾਲੋਜੀ ਅਤੇ AI ਨਵੀਨਤਾ ਨੂੰ ਅੱਗੇ ਵਧਾਉਣਾ
ਬੀ.ਸੀ. ਤਕਨਾਲੋਜੀ ਅਤੇ ‘ਆਰਟੀਫਿਸ਼ੀਅਲ ਇੰਟੈਲਿਜੈਂਸ’ (AI) ਲਈ ਇੱਕ ਮਹੱਤਵਪੂਰਨ ਕੇਂਦਰ ਹੈ। ਸਾਡੇ ਕੋਲ 12,000 ਤੋਂ ਵੱਧ ਟੈਕ ਕੰਪਨੀਆਂ ਹਨ, ਜੋ ਸਿੱਧੇ ਤੌਰ 'ਤੇ 271,000 ਲੋਕਾਂ ਨੂੰ ਰੁਜ਼ਗਾਰ ਦੇ ਰਹੀਆਂ ਹਨ ਅਤੇ ਸਾਡੇ GDP ਵਿੱਚ $26 ਬਿਲੀਅਨ ਦਾ ਯੋਗਦਾਨ ਪਾ ਰਹੀਆਂ ਹਨ। ਹੋਰ 100,000 ਬ੍ਰਿਟਿਸ਼ ਕੋਲੰਬੀਆ ਵਾਸੀ ਗੈਰ-ਟੈਕ ਕਾਰੋਬਾਰਾਂ ਵਿੱਚ ਟੈਕ-ਸਬੰਧਤ ਭੂਮਿਕਾਵਾਂ ਵਿੱਚ ਕੰਮ ਕਰਦੇ ਹਨ।
ਪਿਛਲੇ ਸਾਲ, ਬੀ.ਸੀ. ਵਿੱਚ ਕੈਨੇਡਾ ਦੇ ਕਿਸੇ ਵੀ ਹੋਰ ਸੂਬੇ ਨਾਲੋਂ ਵੱਧ ਬਿਲੀਅਨ-ਡਾਲਰ “ਯੂਨੀਕੌਰਨ” ਕੰਪਨੀਆਂ ਉਭਰੀਆਂ ਹਨ। ਸਾਡਾ ਟੈਕ ਸੈਕਟਰ ਦੇਸ਼ ਦੇ ਲਗਭਗ ਹਰ ਹੋਰ ਖੇਤਰ ਨਾਲੋਂ ਵਧੇਰੇ ਤੇਜ਼ੀ ਨਾਲ ਵਧ ਰਿਹਾ ਹੈ।
ਬੀ.ਸੀ. ਦੀਆਂ ਖੂਬੀਆਂ
- ਬੇਹੱਦ ਪ੍ਰਤਿਭਾਸ਼ਾਲੀ ਲੋਕ। ਟੈਕ ਦੇ ਖੇਤਰ ਵਿੱਚ, ਵੈਨਕੂਵਰ ਨੂੰ ਕੈਨੇਡਾ ਵਿੱਚ ਸਭ ਤੋਂ ਵੱਧ ਪ੍ਰਤਿਭਾਸ਼ਾਲੀ ਲੋਕਾਂ ਵਾਲੇ ਸ਼ਹਿਰ ਵਜੋਂ ਪਹਿਲਾ ਸਥਾਨ ਮਿਲਿਆ ਹੈ। ਵੈਨਕੂਵਰ ਦੇ ਟੈਕ ਸਟਾਰਟ-ਅੱਪ ਭਾਈਚਾਰੇ ਨੂੰ ਵੀ ਦੇਸ਼ ਵਿੱਚ ਦੂਜਾ ਸਭ ਤੋਂ ਵਧੀਆ ਦਰਜਾ ਮਿਲਿਆ ਹੈ।
- ਸ਼ਾਨਦਾਰ ਜਗ੍ਹਾ ‘ਤੇ ਸਥਿਤ ਅਤੇ ਸਹੀ ਟਾਈਮ ਜ਼ੋਨ। ਬੀ.ਸੀ. ਸਿਲਿਕੌਨ ਵੈਲੀ ਅਤੇ ਸੀਐਟਲ ਦੇ ਬਿਲਕੁਲ ਉੱਤਰ ਵਿੱਚ ਸਥਿਤ ਹੈ। ਇਹ ਸਿਰਫ਼ ਇੱਕ ਛੋਟੀ ਉਡਾਣ ਦੀ ਦੂਰੀ 'ਤੇ ਹੈ। ਸਾਡਾ ਕੰਮਕਾਜੀ ਦਿਨ ਏਸ਼ੀਆ ਅਤੇ ਯੂਰੋਪ ਨਾਲ ਮਿਲਦਾ-ਜੁਲਦਾ ਹੈ, ਜਿਸ ਨਾਲ ਉੱਥੇ ਦੇ ਲੋਕਾਂ ਨਾਲ ਮਿਲਕੇ ਕੰਮ ਕਰਨਾ ਅਸਾਨ ਹੋ ਜਾਂਦਾ ਹੈ।
- ਵਿਸ਼ਵ-ਪੱਧਰੀ ਮੁਕਾਬਲੇਯੋਗ ਕਲੱਸਟਰ। ਵੈਨਕੂਵਰ, ਵਿਕਟੋਰੀਆ ਅਤੇ ਕਲੋਨਾ ਵਿੱਚ ਬੀ.ਸੀ. ਦੇ ਤਕਨਾਲੋਜੀ ਕਲੱਸਟਰ ਸਟਾਰਟ-ਅੱਪ ਅਤੇ ਵੱਡੀਆਂ ਵਿਸ਼ਵ-ਪੱਧਰੀ ਕੰਪਨੀਆਂ ਨੂੰ ਆਕਰਸ਼ਿਤ ਕਰਦੇ ਹਨ, ਜਿਵੇਂ ਕਿ Microsoft, Hootsuite, Intel, Samsung, Slack ਅਤੇ Salesforce
- ਵਿਕਾਸ ਲਈ ਸਹਾਇਤਾ। ਬੀ.ਸੀ. ਟੈਕ ਕੰਪਨੀਆਂ ਦੀ ਫੰਡਿੰਗ, ਟੈਕਸ ਇਨਸੈਂਟਿਵ ਅਤੇ ਸਹਾਇਤਾ ਪ੍ਰੋਗਰਾਮਾਂ ਨਾਲ ਮਦਦ ਕਰਦਾ ਹੈ, ਤਾਂ ਜੋ ਉਹ ਆਪਣੇ ਕਾਰੋਬਾਰ ਅਤੇ ਨੈਟਵਰਕ ਨੂੰ ਵਧਾ ਸਕਣ। ਉਦਾਹਰਨ ਲਈ, Integrated Marketplace, ਜਿੱਥੇ ਉਹ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕਰ ਸਕਦੇ ਹਨ ਅਤੇ ਆਪਣਾ ਪਹਿਲਾ ਵੱਡਾ ਗਾਹਕ ਹਾਸਲ ਕਰ ਸਕਦੇ ਹਨ।
ਸਾਡੀਆਂ ਖੂਬੀਆਂ ਦੇ ਅਧਾਰ ‘ਤੇ ਅੱਗੇ ਵੱਧਣਾ
- ਛੋਟੇ ਕਾਰੋਬਾਰਾਂ ਵਿੱਚ ਨਿਵੇਸ਼ ਵਧਾਉਣਾ। ਅਸੀਂ ਹੋਰ ਕਾਰਪੋਰੇਸ਼ਨਾਂ ਨੂੰ ਉਤਸ਼ਾਹਤ ਕਰ ਰਹੇ ਹਾਂ ਕਿ ਉਹ ਬੀ.ਸੀ. ਦੇ ਛੋਟੇ ਕਾਰੋਬਾਰਾਂ ਨੂੰ ਵਧਣ ਅਤੇ ਸਫਲ ਹੋਣ ਵਿੱਚ ਮਦਦ ਲਈ ਨਿਵੇਸ਼ ਕਰਨ। ਇਸ ਲਈ ਅਸੀਂ Small Business Venture Capital Tax Credit ਨੂੰ ਵਧਾ ਰਹੇ ਹਾਂ ਅਤੇ InBC Investment Corporation ਰਾਹੀਂ ਸਹਾਇਤਾ ਮੁਹੱਈਆ ਕਰ ਰਹੇ ਹਾਂ।
- ਉੱਚ-ਵਿਕਾਸ ਉਦਯੋਗਾਂ ਰਾਹੀਂ ਨਿਵੇਸ਼ ਲਿਆਉਣਾ। ਅਸੀਂ ਏਅਰੋਸਪੇਸ, ਲਾਈਫ ਸਾਇੰਸਿਜ਼, AI, ਕਵਾਂਟਮ ਕੰਪਿਊਟਿੰਗ ਅਤੇ ਹੋਰ ਨਵੀਂ ਤਕਨਾਲੋਜੀਆਂ ਦੇ ਮੋਢੀਆਂ ਨਾਲ ਕੰਮ ਕਰ ਰਹੇ ਹਾਂ, ਤਾਂ ਜੋ ਬੀ.ਸੀ. ਵਿੱਚ ਨਿਵੇਸ਼ ਲਿਆ ਸਕੀਏ ਅਤੇ ਵਧੀਆ ਤਨਖਾਹ ਵਾਲੀਆਂ ਨੌਕਰੀਆਂ ਪੈਦਾ ਕਰ ਸਕੀਏ। ਇਸ ਵਿੱਚ ਸਾਡੇ ਦੁਹਰੀ-ਵਰਤੋਂ ਵਾਲੇ ਤਕਨਾਲੋਜੀ ਖੇਤਰਾਂ ਨੂੰ ਮਜ਼ਬੂਤ ਕਰਨਾ ਅਤੇ ਰਾਸ਼ਟਰੀ ਸੁਰੱਖਿਆ ਪ੍ਰੋਜੈਕਟਾਂ ਲਈ ਏਅਰੋਸਪੇਸ ਸਮਰੱਥਾਵਾਂ ਦਾ ਵਿਸਤਾਰ ਕਰਨਾ ਸ਼ਾਮਲ ਹੋ ਸਕਦਾ ਹੈ।
- ਉਤਪਾਦਕਤਾ ਵਧਾਉਣ ਲਈ AI ਨੂੰ ਅਪਣਾਉਣਾ। ਅਸੀਂ ਕਾਰੋਬਾਰਾਂ, ਗੈਰ-ਮੁਨਾਫ਼ਾ ਸੰਸਥਾਵਾਂ ਅਤੇ ਸਰਕਾਰ ਦੀ AI ਸਾਧਨ ਵਰਤਣ ਵਿੱਚ ਮਦਦ ਕਰ ਰਹੇ ਹਾਂ, ਤਾਂ ਜੋ ਉਹ ਹੋਰ ਕੁਸ਼ਲਤਾ ਨਾਲ ਕੰਮ ਕਰ ਸਕਣ।
- ਟੈਕ ਸਿਖਲਾਈ ਅਤੇ ਡਿਜਿਟਲ ਹੁਨਰਾਂ ਦਾ ਵਿਸਤਾਰ। ਅਸੀਂ ਸਕੂਲਾਂ ਅਤੇ ਸਿਖਲਾਈ ਭਾਈਵਾਲਾਂ ਨਾਲ ਕੰਮ ਕਰ ਰਹੇ ਹਾਂ, ਤਾਂ ਜੋ ਬੀ.ਸੀ. ਵਿੱਚ ਹੋਰ ਲੋਕ ਉੱਚ ਮੰਗ ਵਾਲੇ ਖੇਤਰਾਂ ਵਿੱਚ ਸਫਲ ਹੋਣ ਲਈ ਲੋੜੀਂਦੇ ਹੁਨਰ ਪ੍ਰਾਪਤ ਕਰ ਸਕਣ।
- ਬੀ.ਸੀ. ਦੀ ਨਵੀਨਤਾ ਨੂੰ ਉਤਸ਼ਾਹਿਤ ਕਰਨਾ। ਅਸੀਂ AI, ਕਵਾਂਟਮ, ਲਾਈਫ ਸਾਇੰਸਿਜ਼ ਅਤੇ ਨਵੀਂ ਤਕਨਾਲੋਜੀਆਂ ਵਿੱਚ ਬੀ.ਸੀ. ਦੀਆਂ ਖੂਬੀਆਂ ਨੂੰ ਕੈਨੇਡਾ ਅਤੇ ਦੁਨੀਆ ਭਰ ਵਿੱਚ ਦਰਸਾ ਰਹੇ ਹਾਂ।
- ਰਾਸ਼ਟਰੀ ਟੈਕ ਨੀਤੀ ਨੂੰ ਆਕਾਰ ਦੇਣਾ। ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਨਵੀਂ ਤਕਨਾਲੋਜੀਆਂ ਲਈ ਕਾਨੂੰਨਾਂ ਅਤੇ ਨਿਯਮਾਂ ਬਾਰੇ ਫੈਡਰਲ ਫੈਸਲਿਆਂ ਵਿੱਚ ਬੀ.ਸੀ. ਦੀ ਬੁਲੰਦ ਆਵਾਜ਼ ਹੋਵੇ।
- ਵਾਤਾਵਰਨ ਪੱਖੋਂ ਸਾਫ਼ ਤਕਨਾਲੋਜੀ ਵਿਕਾਸ ਦਾ ਸਮਰਥਨ। ਅਸੀਂ ਗ੍ਰਾਂਟਾਂ ਅਤੇ ਇਨਸੈਂਟਟਿਵ ਰਾਹੀਂ ਵਾਤਾਵਰਨ ਪੱਖੋਂ ਸਾਫ਼ ਅਤੇ ਉਭਰ ਰਹੀਆਂ ਟੈਕ ਕੰਪਨੀਆਂ ਦੀ ਖੋਜ ਕਰਨ ਅਤੇ ਵਿਸਤਾਰ ਵਿੱਚ ਮਦਦ ਕਰ ਰਹੇ ਹਾਂ।
- ਪੇਂਡੂ ਅਤੇ ਇੰਡੀਜਨਸ ਭਾਈਚਾਰਿਆਂ ਦਾ ਸਮਰਥਨ। ਅਸੀਂ ਬੀ.ਸੀ. ਦੇ ਪੇਂਡੂ ਅਤੇ ਮੂਲ ਨਿਵਾਸੀ ਖੇਤਰਾਂ ਵਿੱਚ ਟੈਕ ਸਟਾਰਟ-ਅੱਪ ਦੀ ਗਿਣਤੀ ਵਧਾਉਣ ਲਈ ਕੰਮ ਕਰ ਰਹੇ ਹਾਂ।
ਵਧੇਰੇ ਉੱਜਲ ਭਵਿੱਖ ਨੂੰ ਯਕੀਨੀ ਬਣਾਉਣਾ
- ਬੀ.ਸੀ. ਨੂੰ ਡਿਜਿਟਲ ਤਕਨਾਲੋਜੀ ਅਤੇ ਨਵੀਨਤਾ ਦੇ ਕੇਂਦਰ ਵਜੋਂ ਵਿਸ਼ਵ ਪੱਧਰ 'ਤੇ ਮਾਨਤਾ ਮਿਲੀ ਹੈ। ਅਸੀਂ ਕੈਨੇਡਾ ਦੇ Digital Technology Supercluster, Quantum Algorithms Institute, ਅਤੇ ਕਈ ਵੱਡੀਆਂ ਵਿਸ਼ਵ-ਪੱਧਰੀ ਟੈਕ ਅਤੇ AI ਕੰਪਨੀਆਂ ਦਾ ਘਰ ਹਾਂ।
- ਬੀ.ਸੀ. ਨਵੀਨਤਾਵਾਂ ਨੂੰ ਅੱਗੇ ਵਧਾਉਣ ਲਈ ਮਜ਼ਬੂਤ ਸਥਿਤੀ ਵਿੱਚ ਹੈ। ਇਹ ਨਵੀਨਤਾਵਾਂ ਕੁਦਰਤੀ ਸਰੋਤਾਂ, ਏਅਰੋਸਪੇਸ, ਸੁਰੱਖਿਆ, ਐਗ੍ਰੀਟੈਕ ਅਤੇ ਹੈਲਥਕੇਅਰ ਖੇਤਰਾਂ ਨੂੰ ਬਦਲ ਸਕਦੀਆਂ ਹਨ ਅਤੇ ਹੋਰ ਵਧੀਆ ਨੌਕਰੀਆਂ ਪੈਦਾ ਕਰ ਸਕਦੀਆਂ ਹਨ।
ਹੋਰ ਜਾਣੋ
ਲਾਈਫ ਸਾਇੰਸਿਜ਼ ਅਤੇ ਖੋਜ ਵਿੱਚ ਅਗਵਾਈ
ਬੀ.ਸੀ. ਕੈਨੇਡਾ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੇ ਲਾਈਫ ਸਾਇੰਸਜ਼ ਸੈਕਟਰ ਦਾ ਘਰ ਹੈ। ਸਾਡੇ ਕੋਲ 2,000 ਤੋਂ ਵੱਧ ਕੰਪਨੀਆਂ ਹਨ ਅਤੇ 20,000+ ਲੋਕ ਇਸ ਖੇਤਰ ਵਿੱਚ ਕੰਮ ਕਰ ਰਹੇ ਹਨ। ਦੁਨੀਆ ਭਰ ਵਿੱਚ, ਸਿਹਤ ਸਬੰਧੀ ਖੋਜ ਅਤੇ ਬਾਇਓਮੈਨੂਫੈਕਚਰਿੰਗ ਖਰਬਾਂ-ਡਾਲਰਾਂ ਦਾ ਉਦਯੋਗ ਹੈ।
ਅਸੀਂ ਇਸ ਮੌਕੇ ਦਾ ਲਾਭ ਉਠਾ ਰਹੇ ਹਾਂ ਤਾਂ ਜੋ ਨਿਵੇਸ਼ ਆਕਰਸ਼ਿਤ ਕਰ ਸਕੀਏ ਅਤੇ ਬੀ.ਸੀ. ਦੀ ਸਮਰੱਥਾ ਨੂੰ ਵਧਾ ਸਕੀਏ, ਤਾਂ ਜੋ ਜਾਨ ਬਚਾਉਣ ਵਾਲੀਆਂ ਦਵਾਈਆਂ, ਇਲਾਜ ਅਤੇ ਮੈਡੀਕਲ ਉਪਕਰਣ ਇੱਥੇ ਹੀ ਵਿਕਸਤ ਕੀਤੇ ਜਾਣ। ਇਸਦਾ ਮਤਲਬ ਹੈ ਬ੍ਰਿਟਿਸ਼ ਕੋਲੰਬੀਆ ਵਾਸੀਆਂ ਲਈ ਹੋਰ ਵਧੀਆ ਨੌਕਰੀਆਂ ਅਤੇ ਇੱਥੇ ਅਤੇ ਦੁਨੀਆ ਭਰ ਦੇ ਲੋਕਾਂ ਲਈ ਬਿਹਤਰ ਸਿਹਤ।
ਬੀ.ਸੀ. ਦੀਆਂ ਖੂਬੀਆਂ
- ਤੇਜ਼ੀ ਨਾਲ ਵਾਧਾ। ਬੀ.ਸੀ. ਦੇ ਲਾਈਫ ਸਾਇੰਸਿਜ਼ ਖੇਤਰ ਨੇ ਕਾਰੋਬਾਰਾਂ, ਕਰਮਚਾਰੀਆਂ, ਉੱਚ ਤਨਖਾਹਾਂ, ਨਿਰਯਾਤ ਅਤੇ GDP ਵਿੱਚ ਸ਼ਾਨਦਾਰ ਵਾਧਾ ਦੇਖਿਆ ਹੈ। ਇਹ ਹੋਰ ਸਾਰੇ ਖੇਤਰਾਂ ਨਾਲੋਂ ਵੱਧ ਹੈ।
- ਪ੍ਰਮਾਣਿਤ ਸਫਲਤਾ। ਬੀ.ਸੀ. ਨੇ ਬਿਮਾਰੀਆਂ ਦੀ ਪਛਾਣ ਅਤੇ ਇਲਾਜ ਦੇ ਨਵੇਂ ਤਰੀਕਿਆਂ ਵਿੱਚ ਵਿਸ਼ਵ ਪੱਧਰੀ ਪ੍ਰਗਤੀ ਦੀ ਅਗਵਾਈ ਕੀਤੀ ਹੈ। ਇਸ ਵਿੱਚ HIV ਅਤੇ Ebola ਲਈ ਰੈਪਿਡ ਟੈਸਟ ਅਤੇ ਕੈਂਸਰ, ਡਾਇਬੀਟੀਜ਼ ਅਤੇ ਲੂਪੱਸ ਲਈ ਨਵੇਂ ਇਲਾਜ ਸ਼ਾਮਲ ਹਨ।
- ਵਿਸ਼ਵ-ਪੱਧਰੀ ਖੋਜ। ਬੀ.ਸੀ. UBC, SFU, BCIT ਅਤੇ 50 ਤੋਂ ਵੱਧ ਖੋਜ ਕੇਂਦਰਾਂ ਵਰਗੀਆਂ ਪ੍ਰਮੁੱਖ ਖੋਜ ਸੰਸਥਾਵਾਂ ਦਾ ਘਰ ਹੈ।
- ਹੁਨਰਮੰਦ ਗ੍ਰੈਜੂਏਟ। ਬੀ.ਸੀ. ਵਿੱਚ 25 ਪਬਲਿਕ ਯੂਨੀਵਰਸਿਟੀਆਂ ਅਤੇ ਕਾਲਜ ਹਨ, ਜਿਨ੍ਹਾਂ ਵਿੱਚ ਲਾਈਫ ਸਾਇੰਸਿਜ਼, ਤਕਨਾਲੋਜੀ ਅਤੇ ਇੰਜੀਨੀਅਰਿੰਗ ਦੇ ਪ੍ਰੋਗਰਾਮ ਹਨ। ਇਹ ਹਰ ਸਾਲ ਇਨ੍ਹਾਂ ਖੇਤਰਾਂ ਵਿੱਚ ਹਜ਼ਾਰਾਂ ਗ੍ਰੈਜੂਏਟ ਤਿਆਰ ਕਰਦੇ ਹਨ।
- ਮਜ਼ਬੂਤ ਭਾਈਵਾਲੀਆਂ। ਬੀ.ਸੀ. ਦਾ ਲਾਈਫ ਸਾਇੰਸਿਜ਼ ਖੇਤਰ ਸਰਕਾਰ, ਯੂਨੀਵਰਸਿਟੀਆਂ, ਹਸਪਤਾਲਾਂ, ਖੋਜ ਕੇਂਦਰਾਂ, ਐਕਸਲੇਰੇਟਰਾਂ ਅਤੇ Genome BC ਅਤੇ Life Sciences BC ਵਰਗੀਆਂ ਸੰਸਥਾਵਾਂ ਨਾਲ ਮਜ਼ਬੂਤ ਭਾਈਵਾਲੀਆਂ ਤੋਂ ਲਾਭ ਲੈਂਦਾ ਹੈ।
- ਕਾਰੋਬਾਰ-ਅਨੁਕੂਲ ਵਾਤਾਵਰਨ। ਬੀ.ਸੀ. ਟੈਕਸ ਕ੍ਰੈਡਿਟ, ਵੈਂਚਰ ਕੈਪੀਟਲ ਇਨਸੈਂਟਿਵ ਅਤੇ ਮਜ਼ਬੂਤ ਬੌਧਿਕ ਸੰਪਤੀ (intellectual property) ਸੁਰੱਖਿਆ ਪ੍ਰਦਾਨ ਕਰਦਾ ਹੈ। ਇਹ ਕੰਪਨੀਆਂ ਨੂੰ ਖੋਲ੍ਹਣ, ਵਧਾਉਣ ਅਤੇ ਹੋਰ ਨੌਕਰੀਆਂ ਪੈਦਾ ਕਰਨ ਵਿੱਚ ਮਦਦ ਕਰਦਾ ਹੈ।
- ਵਿਸ਼ਵ ਤੱਕ ਕਾਰਜਨੀਤਕ ਪਹੁੰਚ। ਬੀ.ਸੀ. ਦੀ ਭੂਗੋਲਿਕ ਸਥਿਤੀ ਕਰਕੇ ਕੈਨੇਡਾ ਦਾ ਏਸ਼ੀਆ ਅਤੇ ਯੂਰੋਪ ਨਾਲ ਜੁੜਨਾ ਅਸਾਨ ਹੋ ਜਾਂਦਾ ਹੈ, ਜਿਸ ਨਾਲ ਉਨ੍ਹਾਂ ਨਾਲ ਮਿਲਕੇ ਕੰਮ ਅਤੇ ਵਪਾਰ ਕਰਨਾ ਵਧੇਰੇ ਸੁਖਾਵਾਂ ਹੋ ਜਾਂਦਾ ਹੈ।
ਸਾਡੀਆਂ ਖੂਬੀਆਂ ਦੇ ਅਧਾਰ ‘ਤੇ ਅੱਗੇ ਵੱਧਣਾ
- ਪ੍ਰਤਿਭਾਸ਼ਾਲੀ ਲੋਕਾਂ ਤੱਕ ਪਹੁੰਚ ਸੁਧਾਰਨਾ। ਅਸੀਂ ਲਾਈਫ ਸਾਇੰਸਿਜ਼, ਬਾਇਓਮੈਡੀਕਲ ਇੰਜੀਨੀਅਰਿੰਗ ਅਤੇ ਬਾਇਓਮੈਨੂਫੈਕਚਰਿੰਗ ਵਿੱਚ ਵਿਸ਼ੇਸ਼ ਸਿਖਲਾਈ ਦਾ ਵਿਸਤਾਰ ਕਰ ਰਹੇ ਹਾਂ, ਤਾਂ ਜੋ ਵਿਦਿਆਰਥੀਆਂ ਨੂੰ ਵਧੀਆ ਨੌਕਰੀਆਂ ਲਈ ਤਿਆਰ ਕੀਤਾ ਜਾ ਸਕੇ ਅਤੇ ਕੰਪਨੀਆਂ ਨੂੰ ਹੁਨਰਮੰਦ ਕਰਮਚਾਰੀ ਮਿਲ ਸਕਣ। ਇਸ ਵਿੱਚ UBC ਵਿੱਚ School of Biomedical Engineering ਅਤੇ BCIT ਵਿੱਚ BC National Biomanufacturing Training Centre ਖੋਲ੍ਹਣਾ ਸ਼ਾਮਲ ਹੈ।
- ਸਥਾਨਕ ਨਵੀਨਤਾਕਾਰੀ ਕੰਪਨੀਆਂ ਨੂੰ ਵਧਾਉਣਾ। ਅਸੀਂ ਕੰਪਨੀਆਂ ਲਈ ਲੈਬ ਸਪੇਸ, ਉਪਕਰਣ ਅਤੇ ਫੰਡਿੰਗ ਤੱਕ ਪਹੁੰਚ ਅਸਾਨ ਬਣਾ ਰਹੇ ਹਾਂ, ਤਾਂ ਜੋ ਉਹ ਨਵੇਂ ਉਤਪਾਦਾਂ ਦੀ ਜਾਂਚ ਅਤੇ ਵਿਕਾਸ ਕਰ ਸਕਣ ਅਤੇ ਉਨ੍ਹਾਂ ਨੂੰ ਮਾਰਕਿਟ ਵਿੱਚ ਲਿਆ ਸਕਣ। ਇਸ ਵਿੱਚ ਵੈਨਕੂਵਰ ਵਿੱਚ ਨਵੀਆਂ ਵਿਸ਼ੇਸ਼ ‘ਵੈਟ ਲੈਬਜ਼’ (ਇੱਕ ਖੋਜ ਸਥਾਨ ਜਿੱਥੇ ਵਿਗਿਆਨੀ ਤਰਲ ਪਦਾਰਥਾਂ, ਰਸਾਇਣਾਂ , ਅਤੇ ਜੈਵਿਕ ਸਮੱਗਰੀਆਂ ਦੀ ਵਰਤੋਂ ਕਰਕੇ ਪ੍ਰਯੋਗ ਕਰਦੇ ਹਨ) ਅਤੇ ਵੈਨਕੂਵਰ ਆਇਲੈਂਡ 'ਤੇ ਬਾਇਓਮੈਨੂਫੈਕਚਰਿੰਗ ਸੁਵਿਧਾਵਾਂ ਖੋਲ੍ਹਣਾ ਸ਼ਾਮਲ ਹੈ।
- ਪ੍ਰਮੁੱਖ ਬਾਇਓਮੈਨੂਫੈਕਚਰਿੰਗ ਕੰਪਨੀਆਂ ਨੂੰ ਆਕਰਸ਼ਿਤ ਕਰਨਾ। ਅਸੀਂ ਵੱਡੀਆਂ ਕੰਪਨੀਆਂ ਨੂੰ ਲਿਆਉਣ ਲਈ ਸਹੀ ਕਾਰੋਬਾਰੀ ਹਾਲਾਤ ਬਣਾ ਰਹੇ ਹਾਂ, ਤਾਂ ਜੋ ਉਹ ਬੀ.ਸੀ. ਵਿੱਚ ਨਿਵੇਸ਼ ਕਰ ਸਕਣ, ਨੌਕਰੀਆਂ ਪੈਦਾ ਕਰ ਸਕਣ ਅਤੇ ਸਾਡੀਆਂ ਯੂਨੀਵਰਸਿਟੀਆਂ ਨਾਲ ਕੰਮ ਕਰ ਸਕਣ। ਇਸ ਨਾਲ ਸਾਡੀ ਮੁਕਾਬਲੇਯੋਗਤਾ ਅਤੇ ਵਿਸ਼ਵ ਸਪਲਾਈ ਚੇਨਾਂ ਤੱਕ ਪਹੁੰਚ ਵਧੇਗੀ।
- ਸਾਡੀ ਕਲਿਨਿਕਲ ਟ੍ਰਾਇਲ ਸਮਰੱਥਾ ਦਾ ਵਿਸਤਾਰ। ਅਸੀਂ ਵੈਨਕੂਵਰ ਦੇ St. Paul’s Hospital ਵਿੱਚ ਇੱਕ ਨਵਾਂ ਕਲਿਨਿਕਲ ਟ੍ਰਾਇਲ ਯੂਨਿਟ ਬਣਾ ਰਹੇ ਹਾਂ, ਤਾਂ ਜੋ ਕੰਪਨੀਆਂ ਇੱਥੇ ਹੀ ਨਵੇਂ ਇਲਾਜਾਂ ਦੀ ਜਾਂਚ ਕਰ ਸਕਣ, ਬਜਾਏ ਕਿ ਉਹਨਾਂ ਨੂੰ ਵਿਦੇਸ਼ ਭੇਜਣ। ਇਹ ਪੱਛਮੀ ਕੈਨੇਡਾ ਦੀਆਂ ਕੁਝ ਹੀ ਸਹੂਲਤਾਂ ਵਿੱਚੋਂ ਇੱਕ ਹੋਵੇਗੀ, ਜੋ ਗੈਰ-ਕੈਂਸਰ ਟ੍ਰਾਇਲ ਦੇ ਪੜਾਅ 1 ਤੋਂ 3 ਕਰ ਸਕੇਗੀ।
- ਖੋਜ ਸਮਰੱਥਾ ਦਾ ਲਾਭ ਲੈਣਾ ਅਤੇ ਉਸਨੂੰ ਵਪਾਰਕ ਬਣਾਉਣਾ। ਅਸੀਂ ਖੋਜਕਾਰਾਂ ਨੂੰ ਕੰਪਨੀਆਂ ਨਾਲ ਜੋੜ ਕੇ ਅਤੇ ਆਧੁਨਿਕ ਲੈਬਾਂ, ਉਪਕਰਣ ਅਤੇ ਸਹਾਇਤਾਵਾਂ ਵਿੱਚ ਨਿਵੇਸ਼ ਕਰਕੇ ਖੋਜਾਂ ਨੂੰ ਮਾਰਕਿਟ ਲਈ ਤਿਆਰ ਉਤਪਾਦਾਂ ਵਿੱਚ ਤੇਜ਼ੀ ਨਾਲ ਬਦਲਣ ਵਿੱਚ ਮਦਦ ਕਰ ਰਹੇ ਹਾਂ।
ਵਧੇਰੇ ਉੱਜਲ ਭਵਿੱਖ ਨੂੰ ਯਕੀਨੀ ਬਣਾਉਣਾ
- ਬੀ.ਸੀ. ਲਾਈਫ ਸਾਇੰਸਿਜ਼ ਵਿੱਚ ਵਿਸ਼ਵ ਪੱਧਰੀ ਅਗਵਾਈ ਕਰਨ ਅਤੇ ਵਪਾਰਕ ਪੱਧਰ 'ਤੇ ਬਾਇਓਮੈਨੂਫੈਕਚਰਿੰਗ ਦਾ ਕੇਂਦਰ ਬਣਨ ਲਈ ਤਿਆਰ ਹੈ। ਇਸਦਾ ਮਤਲਬ ਹੈ ਹੋਰ ਉੱਚ-ਤਨਖਾਹ ਵਾਲੀਆਂ ਨੌਕਰੀਆਂ ਅਤੇ ਸਾਡੇ ਭਵਿੱਖ ਲਈ ਵਧੇਰੇ ਮਜ਼ਬੂਤ ਆਰਥਿਕਤਾ।
- ਸਾਲ 2023 ਵਿੱਚ Life Sciences ਅਤੇ Biomanufacturing Strategy ਜਾਰੀ ਹੋਣ ਤੋਂ ਬਾਅਦ ਬੀ.ਸੀ. ਨੇ $1.2 ਬਿਲੀਅਨ ਦਾ ਪ੍ਰਾਈਵੇਟ ਨਿਵੇਸ਼ ਆਕਰਸ਼ਿਤ ਕੀਤਾ ਹੈ।
ਹੋਰ ਜਾਣੋ


ਮੁੱਖ ਪ੍ਰੋਜੈਕਟ ਹੋਰ ਤੇਜ਼ੀ ਨਾਲ ਬਣਾਉਣਾ
ਅਸੀਂ ਬੀ.ਸੀ. ਵਿੱਚ ਮੁੱਖ ਪ੍ਰੋਜੈਕਟਾਂ ਵਿੱਚ ਨਿਵੇਸ਼ ਕਰਨਾ ਅਤੇ ਉਨ੍ਹਾਂ ਦੇ ਨਿਰਮਾਣ ਨੂੰ ਹੋਰ ਅਸਾਨ ਬਣਾ ਰਹੇ ਹਾਂ। ਅਸੀਂ ਪ੍ਰੋਜੈਕਟ ਮੁਹੱਈਆ ਕਰਨ ਅਤੇ ਮਨਜ਼ੂਰੀ ਪ੍ਰਕਿਰਿਆਵਾਂ ਨੂੰ ਤੇਜ਼ ਕਰ ਰਹੇ ਹਾਂ, ਮਹੱਤਵਪੂਰਨ ਪ੍ਰੋਜੈਕਟਾਂ ਨੂੰ ਤੇਜ਼ ਕਰ ਰਹੇ ਹਾਂ, ਅਤੇ ਉਹ ਜ਼ਰੂਰੀ ਬੁਨਿਆਦੀ ਢਾਂਚਾ ਤਿਆਰ ਕਰ ਰਹੇ ਹਾਂ ਜਿਸਦੀ ਸਾਡੇ ਭਾਈਚਾਰਿਆਂ ਨੂੰ ਖੁਸ਼ਹਾਲ ਹੋਣ ਲਈ ਲੋੜ ਹੈ।
ਇਹ ਸਾਡੀ ਆਰਥਿਕਤਾ ਨੂੰ ਮਜ਼ਬੂਤ ਕਰਨ, ਲੋਕਾਂ ਲਈ ਵਧੀਆ ਨੌਕਰੀਆਂ ਪੈਦਾ ਕਰਨ, ਅਤੇ ਸਾਡੇ ਭਾਈਚਾਰਿਆਂ ਨੂੰ ਖੁਸ਼ਹਾਲ ਬਣਾਉਣ ਦਾ ਹਿੱਸਾ ਹੈ।
ਨਿਰਮਾਣ ਵਿੱਚ ਤੇਜ਼ੀ
ਬੀ.ਸੀ. ਵੱਡੇ, ਆਰਥਿਕਤਾ ਨੂੰ ਮਜ਼ਬੂਤ ਕਰਨ ਵਾਲੇ ਪ੍ਰੋਜੈਕਟਾਂ ਵਿੱਚ ਨਿਵੇਸ਼ ਆਕਰਸ਼ਿਤ ਕਰ ਰਿਹਾ ਹੈ।– ਸਾਲ 2017 ਤੋਂ ਨਿਵੇਸ਼ 107.9% ਵਧਿਆ ਹੈ, ਜੋ ਐਲਬਰਟਾ (31%) ਨਾਲੋਂ ਕਾਫ਼ੀ ਵੱਧ ਹੈ। ਇਸ ਵੇਲੇ 1,000 ਤੋਂ ਵੱਧ ਮੁੱਖ ਪ੍ਰੋਜੈਕਟ ਨਿਰਮਾਣ ਹੇਠ ਹਨ।
ਰਾਸ਼ਟਰ ਨਿਰਮਾਣ
ਕੈਨੇਡਾ ਦੇ ਪਹਿਲੇ 11 ਮੁੱਖ ਪ੍ਰੋਜੈਕਟਾਂ ਵਿੱਚੋਂ ਚਾਰ ਬੀ.ਸੀ. ਵਿੱਚ ਹਨ – ਜੋ ਅਰਬਾਂ ਡਾਲਰਾਂ ਦਾ ਨਿਵੇਸ਼ ਆਕਰਸ਼ਿਤ ਕਰ ਰਹੇ ਹਨ ਅਤੇ ਹਜ਼ਾਰਾਂ ਵਧੀਆ ਨੌਕਰੀਆਂ ਪੈਦਾ ਕਰ ਰਹੇ ਹਨ।
ਰਿਕਾਰਡ ਪੱਧਰ ਦੇ ਨਿਵੇਸ਼
ਬੀ.ਸੀ. ਸਾਲ 2017 ਤੋਂ ਰਿਕਾਰਡ ਗਿਣਤੀ ਵਿੱਚ ਜ਼ਰੂਰੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਤਿਆਰ ਕਰ ਰਿਹਾ ਹੈ – ਸਕੂਲ, ਹਸਪਤਾਲ ਪ੍ਰੋਜੈਕਟ, ਸੜਕਾਂ ਅਤੇ ਟ੍ਰਾਂਜ਼ਿਟ, ਜਿਨ੍ਹਾਂ ਦੀ ਸਾਡੇ ਭਾਈਚਾਰਿਆਂ ਨੂੰ ਲੋੜ ਹੈ ਅਤੇ ਹੋਰ ਵੀ ਤਿਆਰ ਹੋ ਰਹੇ ਹਨ।
ਮਨਜ਼ੂਰੀ ਅਤੇ ਪਰਮਿਟ ਪ੍ਰਕਿਰਿਆਵਾਂ ਨੂੰ ਤੇਜ਼ ਕਰਨਾ
ਬੀ.ਸੀ. ਉਹ ਪ੍ਰੋਜੈਕਟ ਬਣਾਉਣ ‘ਤੇ ਧਿਆਨ ਕੇਂਦਰਿਤ ਕਰ ਰਿਹਾ ਹੈ ਜੋ ਸਾਡੇ ਭਾਈਚਾਰਿਆਂ ਨੂੰ ਵਧੇਰੇ ਮਜ਼ਬੂਤ ਬਣਾਉਂਦੇ ਹਨ, ਸਾਡੀ ਆਰਥਿਕਤਾ ਨੂੰ ਵਧਾਉਂਦੇ ਹਨ ਅਤੇ ਲੋਕਾਂ ਲਈ ਵਧੀਆ ਨੌਕਰੀਆਂ ਪੈਦਾ ਕਰਦੇ ਹਨ।
ਇਸ ਲਈ ਅਸੀਂ ਪਰਮਿਟਾਂ ਨੂੰ ਤੇਜ਼ ਕਰਨ, ਰੁਕਾਵਟਾਂ ਅਤੇ ਦੇਰੀਆਂ ਨੂੰ ਦੂਰ ਕਰਨ, ਦੁਹਰਾਵੇ ਨੂੰ ਖਤਮ ਕਰਨ, ਅਤੇ ਉਸਾਰੀ ਦੇ ਕੰਮ ਨੂੰ ਹੋਰ ਜਲਦੀ ਸ਼ੁਰੂ ਕਰਨਾ ਵਧੇਰੇ ਅਸਾਨ ਬਣਾਉਣ ਲਈ ਕੰਮ ਕਰ ਰਹੇ ਹਾਂ। ਇਹ ਸਭ ਅਸੀਂ ਵਾਤਾਵਰਨ ਦੀ ਸੁਰੱਖਿਆ ਅਤੇ ‘ਮੂਲ ਨਿਵਾਸੀਆਂ ਦੇ ਅਧਿਕਾਰਾਂ ਬਾਰੇ ਘੋਸ਼ਣਾ ਪੱਤਰ’ (Declaration on the Rights of Indigenous Peoples Act) ਅਧੀਨ ਸਮਝੌਤੇ ਲਈ ਆਪਣੀ ਵਚਨਬੱਧਤਾ ਨੂੰ ਕਾਇਮ ਰੱਖਦਿਆਂ ਕਰ ਰਹੇ ਹਾਂ।
ਬੀ.ਸੀ. ਦੀਆਂ ਖੂਬੀਆਂ
- ਨਵੇਂ ਪ੍ਰੋਜੈਕਟਾਂ ਦੀ ਰਿਕਾਰਡ ਗਿਣਤੀ। ਸਾਲ 2017 ਤੋਂ ਬੀ.ਸੀ. ਨੇ ਹਜ਼ਾਰਾਂ ਜ਼ਰੂਰੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਬਣਾਏ ਹਨ। ਇਨ੍ਹਾਂ ਵਿੱਚ ਹਸਪਤਾਲ, ਕੇਅਰ ਹੋਮ, ਕੈਂਸਰ ਸੈਂਟਰ, ਸਕੂਲ, ਸੜਕਾਂ, ਪੁਲ, ਟ੍ਰਾਂਜ਼ਿਟ ਲਾਈਨਾਂ, ਵਿਦਿਆਰਥੀਆਂ ਲਈ ਰਿਹਾਇਸ਼ਾਂ ਅਤੇ ਹੋਰ ਸ਼ਾਮਲ ਹਨ।
- ਸਭ ਦੀ ਭਾਗੀਦਾਰੀ ਵਾਲੀ ਪਹੁੰਚ। ਸਰਕਾਰ ਦਾ ਹਰ ਹਿੱਸਾ ਪਰਮਿਟ ਅਤੇ ਪ੍ਰੋਜੈਕਟ ਦੀ ਮਨਜ਼ੂਰੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਦੇ ਤਰੀਕੇ ਲੱਭਣ ਲਈ ਇਕੱਠੇ ਕੰਮ ਕਰ ਰਿਹਾ ਹੈ।
- ਮਨਜ਼ੂਰੀਆਂ ਵਿੱਚ ਤੇਜ਼ੀ। ਬੀ.ਸੀ. ਨੇ ਸੂਬਾਈ ਹਾਊਸਿੰਗ ਪਰਮਿਟਾਂ ਅਤੇ ਮੌਜੂਦਾ ਭੂਗਰਭ ਜਲ (ground water) ਵਰਤੋਂ ਸਬੰਧੀ ਅਰਜ਼ੀਆਂ ਲਈ ਬੈਕਲਾਗ ਖਤਮ ਕਰ ਦਿੱਤਾ ਹੈ। ਆਵਾਜਾਈ ਪ੍ਰੋਜੈਕਟਾਂ ਲਈ ਪਾਣੀ ਦੇ ਲਾਇਸੈਂਸ ਦੀ ਮਨਜ਼ੂਰੀ ਹੁਣ 24 ਮਹੀਨਿਆਂ ਦੀ ਬਜਾਏ ਇੱਕ ਮਹੀਨੇ ਵਿੱਚ ਮਿਲਦੀ ਹੈ। ਮੁੱਖ ਖਾਣਾਂ ਦੀ ਖੁਦਾਈ (mining) ਪ੍ਰੋਜੈਕਟਾਂ ਦੇ ਪਰਮਿਟ 37% ਤੇਜ਼ੀ ਨਾਲ ਜਾਰੀ ਕੀਤੇ ਜਾਂਦੇ ਹਨ। ਹਵਾ-ਸ਼ਕਤੀ (wind power) ਪ੍ਰੋਜੈਕਟਾਂ ਲਈ ਹੁਣ ਵਾਤਾਵਰਨ ਮੁਲਾਂਕਣ ਦੀ ਲੋੜ ਨਹੀਂ। ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਲਈ ਇੱਕੋ ਰੈਗੂਲੇਟਰ ਬਣਾ ਦਿੱਤਾ ਗਿਆ ਹੈ।
- ਕੰਮ ਤੇਜ਼ੀ ਨਾਲ ਕਰਨ ਲਈ ਨਵੇਂ ਕਾਨੂੰਨ। ਬੀ.ਸੀ. ਦੇ ਨਵੇਂ ਕਾਨੂੰਨ, ਜਿਵੇਂ ਕਿ Renewable Energy Projects (Streamlined Permitting) Act ਅਤੇ Infrastructure Projects Act, ਸੂਬੇ ਨੂੰ ਮੁੱਖ ਪ੍ਰੋਜੈਕਟਾਂ ਨੂੰ ਵਧੇਰੇ ਤੇਜ਼ੀ ਨਾਲ ਮਨਜ਼ੂਰ ਕਰਨ ਲਈ ਨਵੇਂ ਸਾਧਨ ਦਿੰਦੇ ਹਨ। ਇਨ੍ਹਾਂ ਵਿੱਚ ਸਕੂਲ, ਹਸਪਤਾਲ, ਵਾਤਾਵਰਨ ਪੱਖੋਂ ਸਾਫ਼ ਊਰਜਾ ਪ੍ਰੋਜੈਕਟ, ਅਤੇ ਸੂਬਾਈ ਮਹੱਤਤਾ ਵਾਲੇ ਪ੍ਰੋਜੈਕਟ ਸ਼ਾਮਲ ਹਨ।
ਸਾਡੀਆਂ ਖੂਬੀਆਂ ਦੇ ਅਧਾਰ ‘ਤੇ ਅੱਗੇ ਵਧਣਾ
- ਗੈਰ-ਜ਼ਰੂਰੀ ਰੁਕਾਵਟਾਂ ਅਤੇ ਦੇਰੀਆਂ ਨੂੰ ਖਤਮ ਕਰਨਾ। ਅਸੀਂ ਸਪੱਸ਼ਟ ਨਿਯਮ ਤੈਅ ਕਰ ਰਹੇ ਹਾਂ ਅਤੇ ਘੱਟ-ਜੋਖਮ ਵਾਲੇ ਖੇਤਰਾਂ ਵਿੱਚ ਮਾਹਰਾਂ ਨੂੰ ਫੈਸਲੇ ਕਰਨ ਦੀ ਆਜ਼ਾਦੀ ਦੇ ਰਹੇ ਹਾਂ ਤਾਂ ਜੋ ਦੇਰੀਆਂ ਘਟਾਈਆਂ ਜਾ ਸਕਣ। ਪ੍ਰਸਤਾਵਿਤ Qualified Professionals Reliance Model ਤਹਿਤ ਸਿਖਲਾਈ-ਪ੍ਰਾਪਤ ਮਾਹਰ ਸੂਬਾਈ ਫੈਸਲੇ ਦੀ ਉਡੀਕ ਕਰਨ ਦੀ ਬਜਾਏ ਪ੍ਰਮਾਣ ਪੱਤਰ ਦੇ ਸਕਣਗੇ।
- ਬੀ.ਸੀ. ਲਈ ਸਭ ਤੋਂ ਵੱਧ ਲਾਭ ਵਾਲੇ ਪ੍ਰੋਜੈਕਟਾਂ ਨੂੰ ਤਰਜੀਹ ਦੇਣਾ। ਅਸੀਂ ਲਗਨ ਨਾਲ ਕੰਮ ਕਰਨ ਵਾਲੀਆਂ ਟੀਮਾਂ ਤਾਇਨਾਤ ਕਰ ਰਹੇ ਹਾਂ ਜੋ ਪ੍ਰੋਜੈਕਟ ਦੀ ਅਗਵਾਈ ਕਰਨ ਵਾਲਿਆਂ ਅਤੇ ਫਰਸਟ ਨੇਸ਼ਨਜ਼ ਨਾਲ ਮਿਲ ਕੇ ਉਹਨਾਂ ਮੁੱਖ ਪ੍ਰੋਜੈਕਟਾਂ ‘ਤੇ ਸਮੱਸਿਆਵਾਂ ਨੂੰ ਜਲਦੀ ਹੱਲ ਕਰਨ ਲਈ ਕੰਮ ਕਰ ਰਹੀਆਂ ਹਨ ਜੋ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਲਈ ਸਭ ਤੋਂ ਵੱਧ ਫਾਇਦੇਮੰਦ ਹਨ।
- ਪ੍ਰਕਿਰਿਆਵਾਂ ਨੂੰ ਸੌਖਾ ਕਰਨਾ ਅਤੇ ਦੁਹਰਾਵੇ ਨੂੰ ਖਤਮ ਕਰਨਾ। ਅਸੀਂ ਆਧੁਨਿਕ ਤਕਨਾਲੋਜੀਆਂ ਦਾ ਲਾਭ ਉਠਾ ਰਹੇ ਹਾਂ ਤਾਂ ਜੋ ਨਿਯਮਕ ਏਜੰਸੀਆਂ ਵਿੱਚ ਅਰਜ਼ੀਆਂ ਅਤੇ ਟ੍ਰੈਕਿੰਗ ਲਈ ਸਧਾਰਣ, ਇਕੱਠੇ ਕੰਮ ਕਰਨ ਵਾਲਾ ਸਿਸਟਮ ਬਣਾਇਆ ਜਾ ਸਕੇ। FrontCounter BC ਲਈ AI ਨਾਲ ਚੱਲਣ ਵਾਲਾ ਚੈਟਬੌਟ, ਪਰਮਿਟ ਸਬੰਧੀ ਪੁੱਛਗਿੱਛ ਲਈ ਜਵਾਬ ਦੇਣ ਦੇ ਸਮੇਂ ਨੂੰ ਤੇਜ਼ ਕਰਨ ਵਿੱਚ ਮਦਦ ਕਰੇਗਾ। ਇਹ ਨਿਵੇਸ਼ਕਾਂ ਅਤੇ ਕੰਪਨੀਆਂ ਨੂੰ ਵਧੇਰੇ ਜਲਦੀ ਸ਼ੁਰੂਆਤ ਕਰਨ ਵਿੱਚ ਮਦਦ ਕਰਨਗੇ।
ਵਧੇਰੇ ਉੱਜਲ ਭਵਿੱਖ ਨੂੰ ਯਕੀਨੀ ਬਣਾਉਣਾ
- ਖਣਨ ਖੋਜ ਲਈ ਡ੍ਰਿਲਿੰਗ ਤੋਂ ਮੁੱਖ ਖਾਣ ਪਰਮਿਟਾਂ ਤੱਕ – ਪ੍ਰੋਜੈਕਟਾਂ ਦੀ ਰਿਕਾਰਡ ਸਮੇਂ ਵਿੱਚ ਸਮੀਖਿਆ ਕੀਤੀ ਜਾ ਰਹੀ ਹੈ।
- ਮਾਊਂਟ ਵਿਲਸਨ ਸਿਲਿਕਾ ਵੈਂਚਰਜ਼ ਲਈ ਉਨ੍ਹਾਂ ਦੇ ਲੌਂਗਵਰਥ ਸਿਲਿਕਾ ਪ੍ਰੋਜੈਕਟ ਲਈ ਕੰਮ ਦਾ ਨੋਟਿਸ ਸਿਰਫ਼ 44 ਦਿਨਾਂ ਵਿੱਚ ਮਨਜ਼ੂਰ ਹੋ ਗਿਆ।
- J2 ਮੈਟਲਜ਼ ਦੇ ਕੌਪਰ ਅਤੇ ਮੋਲੀਬਡੈਨਮ ਪ੍ਰੋਜੈਕਟ ਦੇ ਕੰਮ ਦੇ ਨੋਟਿਸ ਦੀ ਅਰਜ਼ੀ ਤੋਂ ਮਨਜ਼ੂਰੀ ਤੱਕ ਦੀ ਪ੍ਰਕਿਰਿਆ ਵਿੱਚ ਸਿਰਫ਼ 54 ਦਿਨ ਲੱਗੇ।
- ਓਸਿਸਕੋ ਦੇ ਕੈਰੀਬੂ ਗੋਲਡ ਨੇ ਆਪਣਾ ਮੁੱਖ ਖਾਣ ਓਪਰੇਟਿੰਗ ਪਰਮਿਟ ਸਿਰਫ਼ 13 ਮਹੀਨਿਆਂ ਵਿੱਚ ਹਾਸਲ ਕਰ ਲਿਆ।
- ਆਰਟੇਮਿਸ ਗੋਲਡ ਦੇ ਬਲੈਕਵਾਟਰ ਗੋਲਡ ਐਂਡ ਸਿਲਵਰ ਮਾਈਨ ਨੇ ਆਪਣਾ ਮੁੱਖ ਖਾਣ ਓਪਰੇਟਿੰਗ ਪਰਮਿਟ 18 ਮਹੀਨਿਆਂ ਵਿੱਚ ਹਾਸਲ ਕਰ ਲਿਆ ।
- ਸਾਲ 2035 ਤੱਕ, ਸਾਡਾ ਟੀਚਾ ਸਾਰੀਆਂ ਪ੍ਰਕਿਰਿਆਵਾਂ ਦੇ ਸਮਿਆਂ ਨੂੰ 100% ਪੂਰਾ ਕਰਨਾ ਹੈ – ਜਿਸਦਾ ਮਤਲਬ ਹੈ ਕੋਈ ਬੈਕਲਾਗ ਨਹੀਂ। ਅਸੀਂ ਚਾਹੁੰਦੇ ਹਾਂ ਕਿ ਬੀ.ਸੀ. ਦੀ ਨਿਯਮਕ ਪ੍ਰਣਾਲੀ ਦੁਨੀਆ ਵਿੱਚ ਸਭ ਤੋਂ ਵਧੀਆ ਵਜੋਂ ਜਾਣੀ ਜਾਵੇ, ਜਿੱਥੇ ਮਨਜ਼ੂਰੀਆਂ ਭਰੋਸੇਯੋਗ, ਸਮੇਂ ਸਿਰ ਮਿਲਣ ਵਾਲੀਆਂ ਹੋਣ ਅਤੇ ਜੋ ਵਿਸ਼ਵ-ਪੱਧਰੀ ਵਾਤਾਵਰਨ ਮਿਆਰਾਂ ‘ਤੇ ਖਰੀ ਉਤਰੇ।
ਹੋਰ ਜਾਣੋ
ਮੁੱਖ ਪ੍ਰੋਜੈਕਟਾਂ ਵਿੱਚ ਤੇਜ਼ੀ ਲਿਆਉਣਾ
ਬੀ.ਸੀ. ਦੀ ਵਾਤਾਵਰਨ ਪੱਖੋਂ ਸਾਫ਼, ਭਰਪੂਰ ਊਰਜਾ ਅਤੇ ਉੱਚ-ਮੰਗ ਵਾਲੇ ਸਰੋਤ ਦੁਨੀਆ ਭਰ ਦੇ ਨਿਵੇਸ਼ਕਾਂ ਅਤੇ ਕੰਪਨੀਆਂ ਨੂੰ ਆਕਰਸ਼ਿਤ ਕਰ ਰਹੇ ਹਨ। ਅਸੀਂ ਇਹਨਾਂ ਮੌਕਿਆਂ ਨੂੰ ਆਰਥਿਕਤਾ ਨੂੰ ਮਜ਼ਬੂਤ ਕਰਨ ਵਾਲੇ ਪ੍ਰੋਜੈਕਟਾਂ ਵਿੱਚ ਬਦਲ ਰਹੇ ਹਾਂ ਜੋ ਬੀ.ਸੀ. ਨੂੰ ਆਉਣ ਵਾਲੇ ਕਈ ਸਾਲਾਂ ਤੱਕ ਲਾਭ ਪਹੁੰਚਾਉਣਗੇ।
ਬੀ.ਸੀ. ਦੀਆਂ ਖੂਬੀਆਂ
- ਕਾਰੋਬਾਰ ਕਰਨ ‘ਤੇ ਮਜ਼ਬੂਤ ਭਰੋਸਾ। ਬੀ.ਸੀ. ਵਿੱਚ ਪਹਿਲਾਂ ਹੀ 1,000 ਤੋਂ ਵੱਧ ਮੁੱਖ ਪ੍ਰੋਜੈਕਟ ਨਿਰਮਾਣ ਹੇਠ ਹਨ – ਅਤੇ ਹੋਰ ਵੀ ਆ ਰਹੇ ਹਨ। ਕੰਪਨੀਆਂ ਬੀ.ਸੀ. ਨੂੰ ਨਿਵੇਸ਼ ਲਈ ਇੱਕ ਸਥਿਰ ਅਤੇ ਭਰੋਸੇਯੋਗ ਥਾਂ ਵਜੋਂ ਦੇਖਦੀਆਂ ਹਨ।
- ਬੀ.ਸੀ. ਵਿੱਚ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਲਈ ਸਮਰਪਿਤ ਸਹਾਇਤਾ। ਵਾਤਾਵਰਨ ਪੱਖੋਂ ਸਾਫ ਊਰਜਾ ਅਤੇ ਮੁੱਖ ਪ੍ਰੋਜੈਕਟਾਂ ਦਾ ਦਫ਼ਤਰ ਵਾਤਾਵਰਨ ਪੱਖੋਂ ਸਾਫ਼ ਊਰਜਾ ਅਤੇ ਤਕਨਾਲੋਜੀ ਪ੍ਰੋਜੈਕਟਾਂ ਨੂੰ ਤੇਜ਼ ਕਰਨ ਵਿੱਚ ਮਦਦ ਕਰਦਾ ਹੈ। ਸਟਾਫ਼ ਕੰਪਨੀਆਂ ਨੂੰ ਨਿਯਮਾਂ ਬਾਰੇ ਮਾਰਗਦਰਸ਼ਨ ਦਿੰਦਾ ਹੈ, ਉਹਨਾਂ ਨੂੰ ਸਰਕਾਰੀ ਪ੍ਰੋਗਰਾਮਾਂ ਨਾਲ ਜੋੜਦਾ ਹੈ ਅਤੇ ਅੰਤਿਮ ਨਿਵੇਸ਼ ਫੈਸਲੇ ਤੱਕ ਉਹਨਾਂ ਦੀ ਸਹਾਇਤਾ ਕਰਦਾ ਹੈ।
- ਫਰਸਟ ਨੇਸ਼ਨਜ਼ ਨਾਲ ਭਾਈਵਾਲੀ। ਬੀ.ਸੀ. ਸਰਕਾਰ ਫਰਸਟ ਨੇਸ਼ਨਜ਼ ਦੇ ਹਿਤਾਂ ਨੂੰ ਅੱਗੇ ਵਧਾਉਣ ਅਤੇ ਫਰਸਟ ਨੇਸ਼ਨਜ਼ ਦੀ ਅਗਵਾਈ ਹੇਠ ਵਾਤਾਵਰਨ ਪੱਖੋਂ ਸਾਫ਼ ਊਰਜਾ ਵਾਲੇ ਪ੍ਰੋਜੈਕਟਾਂ ਦਾ ਸਮਰਥਨ ਕਰਨ ਲਈ ਵਚਨਬੱਧ ਹੈ। ਇਸ ਵਿੱਚ ਮਜ਼ਬੂਤ ਭਾਈਚਾਰੇ ਬਣਾਉਣ, ਅਤੇ ਕਾਰੋਬਾਰੀ ਮੌਕੇ, ਵਧੀਆ ਨੌਕਰੀਆਂ ਅਤੇ ਹੁਨਰ ਸਿਖਲਾਈ ਵਰਗੇ ਲਾਭ ਪੈਦਾ ਕਰਨਾ ਸ਼ਾਮਲ ਹੈ।
ਸਾਡੀਆਂ ਖੂਬੀਆਂ ਦੇ ਅਧਾਰ ‘ਤੇ ਅੱਗੇ ਵਧਣਾ
- ਆਰਥਿਕਤਾ ਨੂੰ ਵਧਾਉਣ ਵਾਲੇ ਪ੍ਰੋਜੈਕਟਾਂ ਨੂੰ ਤੇਜ਼ ਕਰਨਾ।
ਅਸੀਂ ਮੁੱਖ ਪ੍ਰੋਜੈਕਟਾਂ ਨੂੰ ਹੋਰ ਜਲਦੀ ਅੱਗੇ ਵਧਾਉਣ ਵਿੱਚ ਮਦਦ ਕਰ ਰਹੇ ਹਾਂ – ਖ਼ਾਸ ਕਰਕੇ ਉਹ ਪ੍ਰੋਜੈਕਟ ਜੋ ਮਹੱਤਵਪੂਰਨ ਖਣਿਜ ਅਤੇ ਨਵਿਆਉਣਯੋਗ ਊਰਜਾ ‘ਤੇ ਕੇਂਦਰਿਤ ਹਨ। ਇਹ ਪ੍ਰੋਜੈਕਟ ਬੀ.ਸੀ. ਲਈ ਹੋਰ ਮਜ਼ਬੂਤ ਆਰਥਿਕਤਾ ਬਣਾਉਣ ਵਿੱਚ ਮਦਦ ਕਰਨਗੇ ਅਤੇ ਅਮਰੀਕੀ ਵਪਾਰਕ ਕਾਰਵਾਈਆਂ ਤੋਂ ਜੋਖਮ ਘਟਾਉਣਗੇ। ਸੂਬਾਈ ਪ੍ਰੋਜੈਕਟਾਂ ਦੇ ਪਹਿਲੇ ਸਮੂਹ ਦੀ ਕੀਮਤ $20 ਬਿਲੀਅਨ ਹੈ ਅਤੇ ਇਹ 8,000 ਨੌਕਰੀਆਂ ਪੈਦਾ ਕਰਨਗੇ, ਮੁੱਖ ਤੌਰ ‘ਤੇ ਪੇਂਡੂ ਅਤੇ ਦੂਰ-ਦੁਰਾਡੇ ਦੇ ਭਾਈਚਾਰਿਆਂ ਵਿੱਚ।
- ਇੱਕ ਵਧੇਰੇ ਮਜ਼ਬੂਤ ਕੈਨੇਡਾ ਦਾ ਨਿਰਮਾਣ ਕਰਨਾ। ਅਸੀਂ ਔਟਵਾ ‘ਤੇ ਵੀ ਦਬਾਅ ਪਾ ਰਹੇ ਹਾਂ ਕਿ ਉਹ ਉਨ੍ਹਾਂ ਰਾਸ਼ਟਰ-ਨਿਰਮਾਣ ਪ੍ਰੋਜੈਕਟਾਂ ਵਿੱਚ ਵਧੇਰੇ ਨਿਵੇਸ਼ ਕਰੇ ਜੋ ਬੀ.ਸੀ. ਦੇ ਲੋਕਾਂ ਲਈ ਖੁਸ਼ਹਾਲੀ ਅਤੇ ਨੌਕਰੀਆਂ ਲਿਆਉਣ। ਫੈਡਰਲ ਸਰਕਾਰ ਵੱਲੋਂ 2025 ਦੀ ਪਤਝੜ ਵਿੱਚ ਘੋਸ਼ਿਤ ਕੀਤੇ ਪਹਿਲੇ 11 ਮੁੱਖ ਪ੍ਰੋਜੈਕਟਾਂ ਵਿੱਚੋਂ ਚਾਰ ਬੀ.ਸੀ. ਵਿੱਚ ਸਥਿਤ ਹਨ। ਅਤੇ ਸਾਡੇ ਕੋਲ ਪ੍ਰਾਈਵੇਟ ਸੈਕਟਰ ਵਿੱਚ ਕਈ ਬਿਲੀਅਨ ਡਾਲਰ ਦੇ ਹੋਰ ਪ੍ਰੋਜੈਕਟ ਵੀ ਹਨ ਜਿਨ੍ਹਾਂ ਨੂੰ ਭਵਿੱਖ ਦੇ ਦੌਰਾਂ ਵਿੱਚ ਵਿਚਾਰਿਆ ਜਾਣਾ ਚਾਹੀਦਾ ਹੈ।
- ਨਵਿਆਉਣਯੋਗ ਊਰਜਾ ਸਬੰਧੀ ਸਾਰਾ ਕੰਮ ਇਕੋ ਸੰਸਥਾ ਤੋਂ ਕਰਵਾਉਣਾ।
ਅਸੀਂ ਬੀ.ਸੀ. ਐਨਰਜੀ ਰੈਗੂਲੇਟਰ ਨੂੰ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਅਤੇ ਟ੍ਰਾਂਸਮਿਸ਼ਨ ਲਾਈਨਾਂ ਲਈ ਇਕੋ-ਇੱਕ ਪਰਮਿਟਿੰਗ ਏਜੰਸੀ ਬਣਾ ਰਹੇ ਹਾਂ। ਇਹ ਬੀ.ਸੀ. ਦੀ ਬਿਜਲੀ ਗ੍ਰਿਡ ਨੂੰ ਵਧਾਉਣ ਵਿੱਚ ਮਦਦ ਕਰੇਗਾ ਤਾਂ ਜੋ ਖਣਨ, ਬੰਦਰਗਾਹ ਦੇ ਬਿਜਲੀਕਰਨ, ਹਾਈਡ੍ਰੋਜਨ ਪ੍ਰੋਸੈਸਿੰਗ ਅਤੇ ਸ਼ਿਪਿੰਗ ਪ੍ਰੋਜੈਕਟਾਂ ਤੋਂ ਆਉਣ ਵਾਲੀ ਮੰਗ ਨੂੰ ਪੂਰਾ ਕੀਤਾ ਜਾ ਸਕੇ।
- ਬੀ.ਸੀ. ਵਿੱਚ ਨਿਰਮਾਣ ਕਰਨਾ ਹੋਰ ਅਸਾਨ ਬਣਾਉਣਾ।
ਅਸੀਂ ਕੰਪਨੀਆਂ ਦੀ ਗੱਲ ਸੁਣ ਰਹੇ ਹਾਂ ਅਤੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣ ਦੇ ਤਰੀਕੇ ਵਿੱਚ ਸੁਧਾਰ ਕਰ ਰਹੇ ਹਾਂ। ਅਸੀਂ ਪ੍ਰਕਿਰਿਆਵਾਂ ਅਤੇ ਸੇਵਾਵਾਂ ਨੂੰ ਸੌਖਾ ਬਣਾ ਰਹੇ ਹਾਂ ਤਾਂ ਜੋ ਕਾਰੋਬਾਰਾਂ ਲਈ ਨਿਵੇਸ਼ ਕਰਨਾ, ਨੌਕਰੀਆਂ ਪੈਦਾ ਕਰਨਾ ਅਤੇ ਆਰਥਿਕਤਾ ਨੂੰ ਵਧਾਉਣਾ ਵਧੇਰੇ ਅਸਾਨ ਹੋ ਸਕੇ।
ਵਧੇਰੇ ਉੱਜਲ ਭਵਿੱਖ ਨੂੰ ਯਕੀਨੀ ਬਣਾਉਣਾ
- ਮੁੱਖ ਪ੍ਰੋਜੈਕਟਾਂ ਨੂੰ ਤੇਜ਼ ਕਰਕੇ, ਫਰਸਟ ਨੇਸ਼ਨਜ਼ ਨਾਲ ਭਾਈਵਾਲੀ ਨੂੰ ਮਜ਼ਬੂਤ ਕਰਕੇ, ਅਤੇ ਅਮਰੀਕਾ ‘ਤੇ ਆਪਣੀ ਨਿਰਭਰਤਾ ਘਟਾ ਕੇ, ਬੀ.ਸੀ. ਹੋਰ ਵਿਸ਼ਵ-ਭਰ ਦੀਆਂ ਮੋਢੀ ਆਰਥਿਕਤਾਵਾਂ ਦੇ ਮੁਕਾਬਲੇ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ।
ਹੋਰ ਜਾਣੋ
ਚੱਲ ਰਹੇ ਮੁੱਖ ਪ੍ਰੋਜੈਕਟਾਂ ਦੀ ਸੂਚੀ
ਬੀ.ਸੀ. ਉਹਨਾਂ ਮੁੱਖ ਪ੍ਰੋਜੈਕਟਾਂ ਲਈ ਮਨਜ਼ੂਰੀਆਂ ਅਤੇ ਪਰਮਿਟਾਂ ਨੂੰ ਤੇਜ਼ ਕਰ ਰਿਹਾ ਹੈ ਜੋ ਤੁਰੰਤ ਸ਼ੁਰੂ ਕਰਨ ਲਈ ਤਿਆਰ ਹਨ ਅਤੇ ਹਜ਼ਾਰਾਂ ਅਜਿਹੀਆਂ ਵਧੀਆ ਨੌਕਰੀਆਂ ਪੈਦਾ ਕਰਨਗੇ, ਜੋ ਟੈਰਿਫ਼ਾਂ ਦੇ ਬਾਵਜੂਦ ਸਾਡੀ ਆਰਥਿਕਤਾ ਨੂੰ ਸਹਾਰਾ ਦੇਣਗੀਆਂ।
ਫੈਡਰਲ ਸਰਕਾਰ ਵੀ ਉਹਨਾਂ ਪ੍ਰੋਜੈਕਟਾਂ ਨੂੰ ਅੱਗੇ ਵਧਾ ਰਹੀ ਹੈ ਜਿਨ੍ਹਾਂ ਨੂੰ ਰਾਸ਼ਟਰੀ ਮਹੱਤਤਾ ਅਤੇ ਅਹਿਮੀਅਤ ਵਾਲਾ ਮੰਨਿਆ ਗਿਆ ਹੈ।
ਮੁੱਖ ਸੂਬਾਈ ਪ੍ਰੋਜੈਕਟਾਂ ਦੀ ਸ਼ੁਰੂਆਤੀ ਸੂਚੀ
ਇਸ ਸ਼ੁਰੂਆਤੀ ਸੂਚੀ ਦਾ ਨਿਵੇਸ਼ ਮੁੱਲ $20 ਬਿਲੀਅਨ ਹੈ ਅਤੇ ਇਹ 8,000 ਪਰਿਵਾਰਾਂ ਲਈ ਨੌਕਰੀਆਂ ਪੈਦਾ ਕਰ ਰਹੀ ਹੈ, ਖ਼ਾਸ ਕਰਕੇ ਪੇਂਡੂ ਅਤੇ ਦੂਰ-ਦੁਰਾਡੇ ਦੇ ਭਾਈਚਾਰਿਆਂ ਵਿੱਚ।
- Eskay Creek Gold/Silver project – Northwest BC, Stewart
- Highland Valley Copper Expansion – Logan Lake
- Red Chris Mine Expansion – Northwest BC, Dease Lake
- Mount Milligan Copper and Gold – Northwest BC, Fort St. James
- Cedar LNG – Northwest BC, Kitimat
- NEBC Connector: NorthRiver Midstream – Northeast BC, Fort St. John area
- Enbridge T-North (Aspen Point) – Northeast BC
- North Coast Transmission Line – Northwest BC, Prince George to Terrace
- ਬੀ ਸੀ ਹਾਇਡਰੋ ‘ਕੌਲ ਫ਼ੌਰ ਪਾਵਰ’ ਸੂਬੇ ਭਰ ਵਿੱਚ 10 ਪ੍ਰੋਜੈਕਟ
- Brewster Wind Project – Campbell River
- Boulder and Elkhart Wind Project – Merritt
- Highland Valley Wind Project – Logan Lake
- K2 Wind Project – Kelowna
- ShTSaQU Solar Project – Logan Lake
- Mount Mabel Wind Project – Logan Lake
- Nilhts'i Ecoener Project – Prince George
- Nithi Mountain Wind Project – Fraser Lake
- Stewart Creek Wind Project – Fort St. John
- Taylor Wind Project – Taylor
ਮੁੱਖ ਫੈਡਰਲ ਪ੍ਰੋਜੈਕਟਾਂ ਦੀ ਸ਼ੁਰੂਆਤੀ ਸੂਚੀ
ਪਤਝੜ 2025 ਵਿੱਚ ਘੋਸ਼ਿਤ ਕੀਤੇ ਪਹਿਲੇ 11 ਮੁੱਖ ਪ੍ਰੋਜੈਕਟਾਂ ਵਿੱਚੋਂ ਚਾਰ ਬੀ.ਸੀ. ਵਿੱਚ ਹਨ।
- LNG Canada Phase 2 – Kitimat, BC
- Red Chris Mine Expansion – Northwest BC, Dease Lake
- Ksi Lisims LNG Project – Pearse Island
- North Coast Transmission Line – Northwest BC
ਹੋਰ ਫੈਡਰਲ ਪ੍ਰੋਜੈਕਟ ਜੋ ਅੱਗੇ ਵਧ ਰਹੇ ਹਨ
- Northwest Critical Minerals and Conservation Corridor – Northwest BC and Yukon
ਮੁੱਖ ਪ੍ਰੋਜੈਕਟਾਂ ਦਾ ਫੈਡਰਲ ਨਕਸ਼ਾ ਵੇਖੋ
ਇਹ ਪੂਰੀ ਸੂਚੀ ਨਹੀਂ ਹੈ। ਹੋਰ ਕਈ ਪ੍ਰੋਜੈਕਟ ਚੱਲ ਰਹੇ ਹਨ ਅਤੇ ਅਸੀਂ ਉਨ੍ਹਾਂ ਦੀ ਪਛਾਣ ਕਰਨ ਲਈ ਕੰਮ ਕਰ ਰਹੇ ਹਾਂ, ਇਸਦੇ ਨਾਲ ਹੀ ਸਲਾਹ-ਮਸ਼ਵਰੇ, ਪਰਮਿਟ ਦੇਣ ਦੀ ਪ੍ਰਕਿਰਿਆ ਅਤੇ ਵਾਤਾਵਰਨ ਦੀ ਸੁਰੱਖਿਆ ਜਾਰੀ ਰਹੇਗੀ।


ਨਵੀਆਂ ਵਪਾਰਕ ਮਾਰਕਿਟਾਂ ਤੱਕ ਪਹੁੰਚ ਕਰਨਾ ਅਤੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨਾ
ਬੀ.ਸੀ. ਦੇ ਬੰਦਰਗਾਹ ਕੈਨੇਡਾ ਨੂੰ ਦੁਨੀਆ ਦੀ ਦੋ-ਤਿਹਾਈ ਅਬਾਦੀ ਨਾਲ ਜੋੜਦੇ ਹਨ। ਅਤੇ ਸਾਡੇ ਕੋਲ ਉਹ ਸਰੋਤ ਅਤੇ ਉਤਪਾਦ ਮੌਜੂਦ ਹਨ ਜਿਨ੍ਹਾਂ ਦੀ ਦੁਨੀਆ ਨੂੰ ਲੋੜ ਹੈ।
ਅਸੀਂ ਇਨ੍ਹਾਂ ਮਜ਼ਬੂਤੀਆਂ ਨੂੰ ਵਰਤ ਕੇ ਕੈਨੇਡਾ ਭਰ ਅਤੇ ਦੁਨੀਆ ਭਰ ਦੇ ਭਾਈਚਾਰਿਆਂ ਨਾਲ ਵਪਾਰ ਵਧਾ ਰਹੇ ਹਾਂ। ਇਸ ਨਾਲ ਅਣਉਚਿਤ ਅਮਰੀਕੀ ਟੈਰਿਫ਼ਾਂ ਦੌਰਾਨ ਬੀ.ਸੀ. ਦੀਆਂ ਨੌਕਰੀਆਂ ਅਤੇ ਕਾਰੋਬਾਰਾਂ ਦੀ ਸੁਰੱਖਿਆ ਕਰਨ ਵਿੱਚ ਮਦਦ ਮਿਲਦੀ ਹੈ।
ਨਵੀਆਂ ਮਾਰਕਿਟਾਂ ਖੋਲ੍ਹ ਕੇ, ਵਪਾਰਕ ਰੁਕਾਵਟਾਂ ਹਟਾ ਕੇ ਅਤੇ ਮਜ਼ਬੂਤ ਵਪਾਰਕ ਸਾਂਝੇਦਾਰੀਆਂ ਬਣਾਕੇ, ਅਸੀਂ ਇੱਕ ਵਧੇਰੇ ਮਜ਼ਬੂਤ ਬੀ.ਸੀ., ਇੱਕ ਵਧੇਰੇ ਮਜ਼ਬੂਤ ਕੈਨੇਡਾ ਅਤੇ ਹਰ ਕਿਸੇ ਲਈ ਇੱਕ ਬਿਹਤਰ ਆਰਥਿਕਤਾ ਤਿਆਰ ਕਰ ਰਹੇ ਹਾਂ।
ਵਿਸ਼ਵ-ਭਰ ਵਿੱਚ ਸੰਪਰਕ
ਕੈਨੇਡਾ ਦੇ 15 ਵਪਾਰਕ ਸਮਝੌਤੇ ਬੀ.ਸੀ. ਦੇ ਕਾਰੋਬਾਰਾਂ ਨੂੰ 51 ਦੇਸ਼ਾਂ ਵਿੱਚ 1.5 ਬਿਲੀਅਨ ਗਾਹਕਾਂ ਤੱਕ ਪਹੁੰਚ ਕਰਨ ਵਿੱਚ ਮਦਦ ਕਰਦੇ ਹਨ।
ਵਿਸ਼ਵ-ਭਰ ਵਿੱਚ ਬੀ.ਸੀ. ਦੇ ਵਪਾਰ ਨੂੰ ਵਧਾਉਣਾ
ਸਾਡੇ ਊਰਜਾ ਅਤੇ ਖਣਿਜ ਨਿਰਯਾਤਾਂ ਵਿੱਚੋਂ ਦੋ-ਤਿਹਾਈ ਹੁਣ ਅਮਰੀਕਾ ਤੋਂ ਇਲਾਵਾ ਹੋਰ ਥਾਵਾਂ ‘ਤੇ ਜਾ ਰਹੇ ਹਨ – ਸਾਲ 2015 ਤੋਂ ਗੈਰ-ਅਮਰੀਕੀ ਊਰਜਾ ਨਿਰਯਾਤਾਂ ਵਿੱਚ 238% ਦਾ ਵਾਧਾ ਹੋਇਆ ਹੈ।
ਹੋਰ ਵੱਡੇ ਬੰਦਰਗਾਹ
ਵੈਨਕੂਵਰ ਦਾ ਟਰਮੀਨਲ 2 ਪੱਛਮੀ ਤੱਟ ਦੇ ਬੰਦਰਗਾਹਾਂ ਦੀ ਸਮਰੱਥਾ ਵਿੱਚ 30% ਦਾ ਵਾਧਾ ਕਰੇਗਾ, 17,300 ਸਥਾਈ ਨੌਕਰੀਆਂ ਪੈਦਾ ਕਰੇਗਾ, ਅਤੇ ਹਰ ਸਾਲ $100 ਬਿਲੀਅਨ ਦਾ ਵਪਾਰ ਸੰਭਾਲੇਗਾ।
ਨਵੀਆਂ ਵਪਾਰਕ ਮਾਰਕਿਟਾਂ ਲੱਭਣਾ ਅਤੇ ਭਾਈਵਾਲੀਆਂ ਨੂੰ ਮਜ਼ਬੂਤ ਕਰਨਾ
ਬੀ.ਸੀ. ਸਾਡੇ ਉਤਪਾਦਾਂ ਲਈ ਨਵੀਆਂ ਮਾਰਕਿਟਾਂ ਲੱਭ ਰਿਹਾ ਹੈ ਤਾਂ ਜੋ ਅਮਰੀਕਾ ਉੱਤੇ ਨਿਰਭਰਤਾ ਘਟਾਈ ਜਾ ਸਕੇ।
ਕੈਨੇਡਾ ਕੋਲ ਪਹਿਲਾਂ ਹੀ ਅਜਿਹੇ ਵਪਾਰਕ ਸਮਝੌਤੇ ਹਨ ਜੋ ਕਾਰੋਬਾਰਾਂ ਲਈ 50 ਦੇਸ਼ਾਂ ਵਿੱਚ 1.5 ਬਿਲੀਅਨ ਗਾਹਕਾਂ ਤੱਕ ਪਹੁੰਚ ਕਰਨਾ ਅਸਾਨ ਬਣਾਉਂਦੇ ਹਨ। ਬੀ.ਸੀ. ਮੁੱਖ ਵਪਾਰਕ ਭਾਈਵਾਲੀਆਂ ਨਾਲ ਸਬੰਧ ਮਜ਼ਬੂਤ ਕਰਕੇ ਅਤੇ ਨਵੀਆਂ ਅਤੇ ਉਭਰਦੀਆਂ ਮਾਰਕਿਟਾਂ ਤੱਕ ਪਹੁੰਚ ਕਰਕੇ ਇਸ ਨੂੰ ਅੱਗੇ ਵਧਾ ਰਿਹਾ ਹੈ ।
ਬੀ.ਸੀ. ਦੀਆਂ ਖੂਬੀਆਂ
- ਸਾਡੇ ਕੋਲ ਉਹ ਸਭ ਕੁਝ ਹੈ ਜਿਸਦੀ ਦੁਨੀਆ ਨੂੰ ਲੋੜ ਹੈ। ਬੀ.ਸੀ. ਦੇ ਕੁਦਰਤੀ ਸਰੋਤ, ਖਾਣੇ ਦੇ ਉਤਪਾਦ ਅਤੇ ਹੋਰ ਸਮਾਨ ਦੀ ਬਹੁਤ ਮੰਗ ਹੈ। ਸਾਡੇ ਲਗਭਗ ਅੱਧੇ ਨਿਰਯਾਤ ਅਮਰੀਕਾ ਦੇ ਇਲਾਵਾ ਹੋਰ ਥਾਵਾਂ ‘ਤੇ ਭੇਜੇ ਜਾਂਦੇ ਹਨ। ਸਾਡੇ ਕੋਲ ਕੈਨੇਡਾ ਦੇ ਦੋ ਸਭ ਤੋਂ ਵਿਅਸਤ ਬੰਦਰਗਾਹ ਹਨ ਜੋ ਸਾਡੇ ਉਤਪਾਦਾਂ ਨੂੰ 170 ਤੋਂ ਵੱਧ ਦੇਸ਼ਾਂ ਨਾਲ ਜੋੜਦੇ ਹਨ।
ਸਾਡੀਆਂ ਖੂਬੀਆਂ ਦੇ ਅਧਾਰ ‘ਤੇ ਅੱਗੇ ਵਧਣਾ
- ਨਵੀਆਂ ਮਾਰਕਿਟਾਂ ਲੱਭਣੀਆਂ। ਅਸੀਂ ਮਲੇਸ਼ੀਆ, ਤਾਈਵਾਨ ਅਤੇ ਵੀਅਤਨਾਮ ਵਰਗੇ ਨਵੀਆਂ ਅਤੇ ਉਭਰਦੀਆਂ ਮਾਰਕਿਟਾਂ ਨਾਲ ਵਪਾਰ ਵਧਾਉਣ ਲਈ ਕੰਮ ਕਰ ਰਹੇ ਹਾਂ। ਬੀ.ਸੀ. ਉਹ ਉਤਪਾਦ ਪੇਸ਼ ਕਰ ਰਿਹਾ ਹੈ ਜਿਨ੍ਹਾਂ ਦੀ ਵਧ ਰਹੀਆਂ ਆਰਥਿਕਤਾਵਾਂ ਨੂੰ ਲੋੜ ਹੈ, ਜਿਵੇਂ ਕਿ ਵਾਤਾਵਰਨ ਪੱਖੋਂ ਸਾਫ਼ ਊਰਜਾ, ਮਹੱਤਵਪੂਰਨ ਖਣਿਜ, ਤਕਨਾਲੋਜੀ, ਲੱਕੜ ਅਤੇ ਖਾਣੇ ਦੇ ਉਤਪਾਦ।
- ਮੌਜੂਦਾ ਭਾਈਵਾਲੀਆਂ ਨੂੰ ਮਜ਼ਬੂਤ ਕਰਨਾ। ਅਸੀਂ ਮੈਕਸੀਕੋ, ਏਸ਼ੀਆ ਅਤੇ ਯੂਰੋਪ ਵਿੱਚ ਵਪਾਰ ਅਤੇ ਨਿਵੇਸ਼ ਦੇ ਮੌਕੇ ਵਧਾ ਰਹੇ ਹਾਂ। ਉਦਾਹਰਨ ਲਈ, ਕੋਰੀਆਈ ਯੂਨੀਵਰਸਿਟੀਆਂ ਨਾਲ ਖੋਜ ‘ਤੇ ਸਹਿਯੋਗ, ਅਤੇ ਜਪਾਨ ਨਾਲ ਹਾਈਡ੍ਰੋਜਨ ਵਰਗੀ ਵਾਤਾਵਰਨ ਪੱਖੋਂ ਸਾਫ਼ ਊਰਜਾ ਦੀ ਖੋਜ।
- ਕਾਰੋਬਾਰਾਂ ਦੀ ਨਵੀਆਂ ਮਾਰਕਿਟਾਂ ਤੱਕ ਪਹੁੰਚ ਬਣਾਉਣਾ। ਅਸੀਂ ਮੁਫ਼ਤ ਸਲਾਹ, ਆਰਥਿਕ ਸਹਾਇਤਾ ਅਤੇ ਸੰਪਰਕ ਮੁਹੱਈਆ ਕਰ ਰਹੇ ਹਾਂ ਤਾਂ ਜੋ ਕਾਰੋਬਾਰ ਆਪਣੇ ਉਤਪਾਦ ਵਿਦੇਸ਼ਾਂ ਵਿੱਚ ਵੇਚਣ ਲਈ ਤਿਆਰ ਹੋ ਸਕਣ।
ਆਪਣਾ ਭਵਿੱਖ ਸੁਰੱਖਿਅਤ ਕਰਨਾ
- ਬੀ.ਸੀ. ਕੈਨੇਡਾ ਦੀ ਆਰਥਿਕਤਾ ਨੂੰ ਮਜ਼ਬੂਤ ਬਣਾਉਂਦਾ ਹੈ। ਪਿਛਲੇ 20 ਸਾਲਾਂ ਵਿੱਚ ਸਾਡੇ ਨਿਰਯਾਤ ਕਾਫ਼ੀ ਵਿਲੱਖਣ ਹੋ ਗਏ ਹਨ। ਅਸੀਂ ਹੁਣ ਅਮਰੀਕਾ ‘ਤੇ ਪਹਿਲਾਂ ਨਾਲੋਂ ਕਾਫ਼ੀ ਘੱਟ ਨਿਰਭਰ ਹਾਂ – ਅਤੇ ਬਾਕੀ ਕੈਨੇਡਾ ਨਾਲੋਂ ਵੀ ਕਾਫ਼ੀ ਘੱਟ। ਅਸੀਂ ਇਸ ਕੰਮ ਨੂੰ ਅੱਗੇ ਵਧਾ ਰਹੇ ਹਾਂ।
ਹੋਰ ਜਾਣੋ
ਅੰਦਰੂਨੀ ਵਪਾਰਕ ਰੁਕਾਵਟਾਂ ਨੂੰ ਦੂਰ ਕਰਨਾ
ਕੈਨੇਡਾ ਦੇ ਲੋਕ ਸਾਡੀ ਆਰਥਿਕਤਾ ਨੂੰ ਖ਼ਤਰਿਆਂ ਤੋਂ ਬਚਾਉਣ ਲਈ ਮਜ਼ਬੂਤੀ ਨਾਲ ਖੜ੍ਹੇ ਹਨ। ਅਸੀਂ ਸੂਬਿਆਂ ਅਤੇ ਟੈਰੀਟੋਰੀਆਂ ਵਿਚਕਾਰ ਵਪਾਰਕ ਰੁਕਾਵਟਾਂ ਨੂੰ ਹਟਾਉਣ ਲਈ ਕੰਮ ਕਰ ਰਹੇ ਹਾਂ, ਤਾਂ ਜੋ ਕੈਨੇਡਾ ਭਰ ਵਿੱਚ ਚੀਜ਼ਾਂ ਦੀ ਖਰੀਦਦਾਰੀ, ਉਨ੍ਹਾਂ ਨੂੰ ਵੇਚਣਾ ਅਤੇ ਕੰਮ ਕਰਨਾ ਵਧੇਰੇ ਅਸਾਨ ਹੋ ਸਕੇ। ਇਸ ਨਾਲ ਇੱਕ ਅਜਿਹੀ ਵਧੇਰੇ ਮਜ਼ਬੂਤ ਆਰਥਿਕਤਾ ਦਾ ਨਿਰਮਾਣ ਹੁੰਦਾ ਹੈ ਜੋ ਅਮਰੀਕਾ 'ਤੇ ਘੱਟ ਨਿਰਭਰ ਹੋਵੇ।
ਬੀ.ਸੀ. ਦੀਆਂ ਖੂਬੀਆਂ
- ਵਧੇਰੇ ਮਾਰਕਿਟਾਂ ਅਤੇ ਹੁਨਰਮੰਦ ਕਾਮੇ। ਬੀ.ਸੀ., ਕੈਨੇਡਾ ਭਰ ਵਿੱਚ ਕਾਰੋਬਾਰ ਕਰਨਾ ਅਤੇ ਕੰਮ ਕਰਨਾ ਅਸਾਨ ਬਣਾ ਰਿਹਾ ਹੈ। ਇਸਦਾ ਮਤਲਬ ਹੈ ਲੋਕਾਂ ਲਈ ਵਧੇਰੇ ਵਿਕਲਪ, ਬੀ.ਸੀ. ਦੇ ਕਾਰੋਬਾਰਾਂ ਲਈ ਵਧੇਰੇ ਗਾਹਕ, ਅਤੇ ਉਹਨਾਂ ਹੁਨਰਮੰਦ ਕਾਮਿਆਂ ਲਈ ਘੱਟ ਰੁਕਾਵਟਾਂ, ਜੋ ਇੱਥੇ ਆ ਕੇ ਕੰਮ ਕਰਨਾ ਚਾਹੁੰਦੇ ਹਨ।
ਸਾਡੀਆਂ ਖੂਬੀਆਂ ਦੇ ਅਧਾਰ ‘ਤੇ ਅੱਗੇ ਵਧਣਾ
- ਕੈਨੇਡਾ-ਵਿਆਪੀ ਮਾਲ ਦਾ ਸਮਝੌਤਾ। ਬੀ.ਸੀ. ਹੋਰ ਸੂਬਿਆਂ ਅਤੇ ਟੈਰੀਟੋਰੀਆਂ ਨਾਲ ਮਿਲ ਕੇ ਇੱਕ ਸਮਝੌਤਾ ਤਿਆਰ ਕਰਨ ਦੀ ਅਗਵਾਈ ਕਰ ਰਿਹਾ ਹੈ, ਜੋ ਕੈਨੇਡਾ ਭਰ ਵਿੱਚ ਹਰ ਕਿਸਮ ਦੇ ਮਾਲ (ਭੋਜਨ ਤੋਂ ਇਲਾਵਾ) ਦਾ ਵਪਾਰ ਕਰਨਾ ਵਧੇਰੇ ਅਸਾਨ ਬਣਾਏਗਾ। ਇਸ ਨਾਲ ਦੇਸ਼ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਤੱਕ ਉਤਪਾਦ ਖਰੀਦਣਾ ਅਤੇ ਵੇਚਣਾ ਵਧੇਰੇ ਅਸਾਨ ਹੋ ਜਾਵੇਗਾ।
- ਓਨਟਾਰੀਓ ਵਪਾਰ ਸਮਝੌਤਾ। ਅਸੀਂ ਓਨਟਾਰੀਓ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਜੋ ਰੈਗੂਲੇਟਿਡ ਟ੍ਰੇਡਜ਼ ਅਤੇ ਪੇਸ਼ਿਆਂ ਵਿੱਚ ਲੋਕਾਂ ਲਈ ਦੋਵੇਂ ਸੂਬਿਆਂ ਵਿੱਚ ਕੰਮ ਕਰਨਾ ਹੋਰ ਅਸਾਨ ਹੋ ਸਕੇ। ਅਸੀਂ ਇਕੱਠੇ ਮਿਲ ਕੇ ਸ਼ਰਾਬ ਲਈ ਖਪਤਕਾਰ ਨੂੰ ਸਿੱਧੀ ਵਿਕਰੀ (direct-to-consumer) ਪ੍ਰਣਾਲੀ ਬਣਾਉਣ 'ਤੇ ਵੀ ਕੰਮ ਕਰ ਰਹੇ ਹਾਂ, ਜਿਸ ਨਾਲ ਉਤਪਾਦਕਾਂ ਨੂੰ ਮਾਰਕਿਟਾਂ ਤੱਕ ਵਧੀਆ ਪਹੁੰਚ ਅਤੇ ਗਾਹਕਾਂ ਨੂੰ ਵਧੇਰੇ ਵਿਕਲਪ ਮਿਲਣਗੇ।
- ਮੈਨੀਟੋਬਾ ਵਪਾਰ ਸਮਝੌਤਾ। ਅਸੀਂ ਮੈਨੀਟੋਬਾ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਜੋ ਰੈਗੂਲੈਟਿਡ ਕਾਮਿਆਂ ਅਤੇ ਪੇਸ਼ੇਵਰਾਂ ਲਈ ਸੂਬਿਆਂ ਵਿਚਕਾਰ ਕੰਮ ਲਈ ਆਉਣਾ-ਜਾਣਾ ਵਧੇਰੇ ਅਸਾਨ ਹੋ ਸਕੇ। ਅਸੀਂ ਇਹ ਵੀ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ ਕਿ ਮੈਨੀਟੋਬਾ ਤੋਂ ਸ਼ਰਾਬ ਵਾਲੇ ਪੀਣ ਦੇ ਪਦਾਰਥ ਬੀ.ਸੀ. ਦੇ ਗਾਹਕਾਂ ਨੂੰ ਸਿੱਧੇ ਵੇਚੇ ਜਾ ਸਕਣ, ਜੋ ਮੈਨੀਟੋਬਾ ਦੇ ਮੌਜੂਦਾ ਨਿਯਮਾਂ ਨਾਲ ਮੇਲ ਖਾਂਦਾ ਹੈ।
- ਯੂਕੌਨ ਵਪਾਰ ਸਮਝੌਤਾ। ਅਸੀਂ ਯੂਕੌਨ ਨਾਲ ਮਿਲ ਕੇ ਵਪਾਰਕ ਰੁਕਾਵਟਾਂ ਹਟਾਉਣ ਅਤੇ ਰੈਗੂਲੈਟਿਡ ਪੇਸ਼ਿਆਂ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆਵਾਂ ਲਈ ਮਿਆਰਾਂ ਨੂੰ ਇਕਸਾਰ ਕਰਨ 'ਤੇ ਕੰਮ ਕਰ ਰਹੇ ਹਾਂ। ਅਸੀਂ ਆਪਣੀਆਂ ਬਿਜਲੀ ਦੀਆਂ ਗ੍ਰਿਡਾਂ ਨੂੰ ਜੋੜਨ ਦੀ ਸੰਭਾਵਨਾ ਦੀ ਵੀ ਜਾਂਚ ਕਰਨ 'ਤੇ ਸਹਿਮਤ ਹੋਏ ਹਾਂ।
ਹੋਰ ਜਾਣੋ
ਮਾਲ ਦੀ ਢੋਆ-ਢੁਆਈ ਨੂੰ ਵਧੇਰੇ ਤੇਜ਼ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਰਨਾ
ਬੀ.ਸੀ. ਵਿੱਚ ਮਾਲ ਦੀ ਢੋਆ-ਢੁਆਈ ਦੀ ਪ੍ਰਣਾਲੀ ਸਾਡੀ ਆਰਥਿਕਤਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਹਰ ਸਾਲ $200 ਬਿਲੀਅਨ ਤੋਂ ਵੱਧ ਮੁੱਲ ਦਾ ਮਾਲ ਬੀ.ਸੀ. ਤੋਂ ਹੋ ਕੇ ਗੁਜ਼ਰਦਾ ਹੈ।
ਹਾਲੀਆ ਚੁਣੌਤੀਆਂ, ਜਿਵੇਂ ਕਿ ਅਤਿਅੰਤ ਮੌਸਮ ਅਤੇ ਵਿਸ਼ਵ-ਪੱਧਰ ‘ਤੇ ਵਪਾਰ ਵਿੱਚ ਰੁਕਾਵਟਾਂ, ਨੇ ਇਹ ਦਰਸਾਇਆ ਹੈ ਕਿ ਬੀ.ਸੀ. ਦੀ ਸਪਲਾਈ ਚੇਨ ਨੂੰ ਹੋਰ ਮਜ਼ਬੂਤ, ਭਰੋਸੇਯੋਗ ਅਤੇ ਬਦਲਦੀਆਂ ਮਾਰਕਿਟਾਂ ਨਾਲ ਅਨੁਕੂਲ ਬਣਾਉਣ ਦੀ ਲੋੜ ਹੈ।
ਇਸ ਲਈ ਅਸੀਂ ਨਵੀਆਂ ਪਹਿਲਕਦਮੀਆਂ ਅਤੇ ਭਾਈਵਾਲੀਆਂ 'ਤੇ ਕੰਮ ਕਰ ਰਹੇ ਹਾਂ, ਤਾਂ ਜੋ ਬੀ.ਸੀ. ਵਿੱਚ ਇੱਕ ਮਜ਼ਬੂਤ, ਟਿਕਾਊ ਅਤੇ ਮੁਕਾਬਲੇਯੋਗ ਮਾਲ ਦੀ ਆਵਾਜਾਈ ਪ੍ਰਣਾਲੀ ਤਿਆਰ ਕੀਤੀ ਜਾ ਸਕੇ।
ਬੀ.ਸੀ. ਦੀਆਂ ਖੂਬੀਆਂ
- ਆਵਾਜਾਈ ਦਾ ਅਜਿਹਾ ਨੈਟਵਰਕ ਜਿਸਦਾ ਰੱਖ-ਰਖਾਅ ਚੰਗੀ ਤਰ੍ਹਾਂ ਕੀਤਾ ਜਾਂਦਾ ਹੈ। ਬੀ.ਸੀ. ਸੜਕਾਂ, ਪੁਲਾਂ ਅਤੇ ਡਰੇਨੇਜ (ਨਾਲੀਆਂ ਆਦਿ ਦੀ ਵਿਵਸਥਾ) ਪ੍ਰਣਾਲੀਆਂ ਵਿੱਚ ਨਿਵੇਸ਼ ਕਰਨਾ ਜਾਰੀ ਰੱਖ ਰਿਹਾ ਹੈ, ਤਾਂ ਜੋ ਆਵਾਜਾਈ ਦਾ ਬੁਨਿਆਦੀ ਢਾਂਚਾ ਵਧੀਆ ਹਾਲਤ ਵਿੱਚ ਰਹੇ ਅਤੇ ਭਵਿੱਖ ਲਈ ਤਿਆਰ ਹੋਵੇ।
- ਵਧੀਆ ਨੌਕਰੀਆਂ। ਬੀ.ਸੀ. ਦੇ ਆਵਾਜਾਈ ਅਤੇ ਗੋਦਾਮ (warehousing) ਖੇਤਰ 8,500 ਕਾਰੋਬਾਰਾਂ ਵਿੱਚ 142,000 ਤੋਂ ਵੱਧ ਕਾਮਿਆਂ ਨੂੰ ਸਹਿਯੋਗ ਦਿੰਦੇ ਹਨ, ਅਤੇ ਹਰ ਸਾਲ ਭੁਗਤਾਨਾਂ ਵਿੱਚ $8 ਬਿਲੀਅਨ ਤੋਂ ਵੱਧ ਅਦਾ ਕਰਦੇ ਹਨ।
- ਵਿਸ਼ਵ-ਪੱਧਰੀ ਮਾਰਕਿਟਾਂ ਨਾਲ ਜੁੜੇ ਰਹਿਣਾ। ਸਾਡੀਆਂ ਆਧੁਨਿਕ ਸੜਕਾਂ, ਰੇਲ, ਸਮੁੰਦਰੀ ਅਤੇ ਹਵਾਈ ਬੁਨਿਆਦੀ ਢਾਂਚੇ ਅਤੇ ਟਰਮੀਨਲ, ਬੀ.ਸੀ. ਦੀਆਂ ਕੰਪਨੀਆਂ ਨੂੰ ਆਪਣੇ ਮਾਲ ਨੂੰ ਵਿਸ਼ਵ-ਪੱਧਰੀ ਮਾਰਕਿਟਾਂ ਤੱਕ ਪਹੁੰਚਾਉਣ ਵਿੱਚ ਮਦਦ ਕਰਦੇ ਹਨ ਅਤੇ ਆਯਾਤ ਕੀਤੇ ਮਾਲ ਨੂੰ ਬੀ.ਸੀ. ਦੇ ਲੋਕਾਂ ਤੱਕ ਪਹੁੰਚਾਉਣਾ ਹੋਰ ਅਸਾਨ ਬਣਾਉਂਦੇ ਹਨ।
- ਸੁਰੱਖਿਆ ਦੇ ਉੱਚੇ ਮਿਆਰ। ਬੀ.ਸੀ. ਵਿੱਚ ਮਾਲ ਦੀ ਢੋਆ-ਢੁਆਈ ਮੁੱਖ ਤੌਰ ‘ਤੇ ਲੋਕਾਂ ਦੁਆਰਾ ਕੀਤੀ ਜਾਂਦੀ ਹੈ। ਅਸੀਂ ਨਵੇਂ ਕਮਰਸ਼ੀਅਲ ਡਰਾਈਵਰਾਂ ਲਈ ਪ੍ਰਵੇਸ਼-ਪੱਧਰ ਦੀ ਸਿਖਲਾਈ ਲਾਜ਼ਮੀ ਕਰਕੇ ਅਤੇ ਭਾਰੀ ਕਮਰਸ਼ੀਅਲ ਵਾਹਨਾਂ 'ਤੇ ਡਿਜਿਟਲ ਸਪੀਡ ਲਿਮਿਟਰ ਲਾਗੂ ਕਰਕੇ ਸੁਰੱਖਿਆ ਮਿਆਰ ਵਧਾਏ ਹਨ।
ਸਾਡੀਆਂ ਖੂਬੀਆਂ ਦੇ ਅਧਾਰ ‘ਤੇ ਅੱਗੇ ਵਧਣਾ
- ਬੰਦਰਗਾਹਾਂ ਦਾ ਵਿਸਤਾਰ ਅਤੇ ਬਿਜਲੀਕਰਨ। ਅਸੀਂ ਵੈਨਕੂਵਰ, ਨਨਾਇਮੋ ਅਤੇ ਪ੍ਰਿੰਸ ਰੂਪਰਟ ਵਿੱਚ ਬੰਦਰਗਾਹਾਂ ਦਾ ਵਿਸਤਾਰ ਕਰ ਰਹੇ ਹਾਂ, ‘ਸ਼ੋਰ ਪਾਵਰ’ (ਇੱਕ ਬਾਹਰੀ ਬਿਜਲੀ ਸਰੋਤ ਜੋ ਇੱਕ ਡੌਕ ਕੀਤੇ ਸਮੁੰਦਰੀ ਜਹਾਜ਼ ਜਾਂ ਵਾਹਨ ਨੂੰ ਸਥਾਨਕ ਪਾਵਰ ਗ੍ਰਿਡ ਵਿੱਚ ਪਲੱਗ ਕਰਨ ਦੀ ਆਗਿਆ ਦਿੰਦਾ ਹੈ) ਉਪਲਬਧ ਰਹੇ ਹਾਂ, ਤਾਂ ਜੋ ਫੈਰੀਜ਼ ਅਤੇ ਕਰੂਜ਼ ਜਹਾਜ਼ ਡੌਕ ਹੋਣ ਸਮੇਂ ਬਿਜਲੀ ਗ੍ਰਿਡ ਨਾਲ ਜੁੜ ਸਕਣ, ਬਿਜਲੀ ਅਤੇ ਹਾਈਡ੍ਰੋਜਨ-ਚਲਿਤ ਜਹਾਜ਼ਾਂ ਵਿੱਚ ਨਿਵੇਸ਼ ਕਰ ਰਹੇ ਹਾਂ, ਅਤੇ ਨਿਕਾਸ ਘਟਾਉਣ ਲਈ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾ ਰਹੇ ਹਾਂ।
- ਸਾਡੀ ਹਾਈਵੇਅ ਪ੍ਰਣਾਲੀ ਦਾ ਆਧੁਨਿਕੀਕਰਨ। ਅਸੀਂ ਮੁੱਖ ਹਾਈਵੇਜ਼ ਨੂੰ ਸੁਧਾਰ ਰਹੇ ਹਾਂ ਤਾਂ ਜੋ ਸੂਬੇ ਭਰ ਵਿੱਚ ਮਾਲ ਦੀ ਢੋਆ-ਢੁਆਈ ਹੋਰ ਸੁਰੱਖਿਅਤ, ਤੇਜ਼ ਅਤੇ ਭਰੋਸੇਯੋਗ ਹੋ ਸਕੇ। ਇਸ ਵਿੱਚ ਹਾਈਵੇਅ 1 ਫੋਰ-ਲੇਨਿੰਗ ਪ੍ਰੋਗਰਾਮ ਵਰਗੇ ਪ੍ਰੋਜੈਕਟ ਸ਼ਾਮਲ ਹਨ।
- ਭਵਿੱਖ ਲਈ ਸੁਰੱਖਿਅਤ ਬੁਨਿਆਦੀ ਢਾਂਚੇ ਦਾ ਨਿਰਮਾਣ। ਸਾਲ 2021 ਦੇ ‘ਐਟਮੌਸਫਿਰਿਕ ਰਿਵਰ’ (ਵਾਯੂਮੰਡਲੀ ਨਦੀ ਜੋ ਵਾਯੂਮੰਡਲ ਵਿੱਚ ਸੰਘਣੀ ਨਮੀ ਦਾ ਇੱਕ ਤੰਗ ਲਾਂਘਾ ਹੁੰਦੀ ਹੈ) ਕਾਰਨ ਹਾਈਵੇਅ ਤੱਕ ਪਹੁੰਚ ਕੱਟੇ ਜਾਣ ਤੋਂ ਬਾਅਦ, ਅਸੀਂ ਸੜਕਾਂ ਅਤੇ ਪੁਲਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਮੁੜ-ਨਿਰਮਾਣ ਕਰ ਰਹੇ ਹਾਂ। ਇਹ ਸੁਧਾਰ ਭਵਿੱਖ ਦੇ ਅਤਿਅੰਤ ਮੌਸਮੀ ਹਾਲਾਤਾਂ ਤੋਂ ਰਸਤਿਆਂ ਤੱਕ ਪਹੁੰਚ ਨੂੰ ਸੁਰੱਖਿਅਤ ਕਰਨ ਅਤੇ ਲੋਕਾਂ ਦੀ ਆਵਾਜਾਈ ਅਤੇ ਮਾਲ ਦੀ ਢੋਆ-ਢੁਆਈ ਜਾਰੀ ਰੱਖਣ ਵਿੱਚ ਮਦਦ ਕਰਨਗੇ।
- ਆਵਾਜਾਈ ਦੀ ਇਕਸਾਰ ਕੀਤੀ ਯੋਜਨਾ। ਅਸੀਂ ਫਰਸਟ ਨੇਸ਼ਨਜ਼, ਸਥਾਨਕ ਸਰਕਾਰਾਂ, ਖੇਤਰੀ ਜ਼ਿਲ੍ਹਿਆਂ ਅਤੇ ਹਿੱਤਧਾਰਕਾਂ ਨਾਲ ਮਿਲ ਕੇ ਤਾਲਮੇਲ ਸੁਧਾਰਨ ਅਤੇ ਆਪਣੇ ਆਵਾਜਾਈ ਨੈਟਵਰਕਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਕੰਮ ਕਰ ਰਹੇ ਹਾਂ।
ਵਧੇਰੇ ਉੱਜਲ ਭਵਿੱਖ ਨੂੰ ਯਕੀਨੀ ਬਣਾਉਣਾ
- ਬੀ.ਸੀ. ਦੇ ਆਵਾਜਾਈ ਨੈਟਵਰਕਾਂ ਦਾ ਆਧੁਨਿਕੀਕਰਨ ਕਰਕੇ, ਅਸੀਂ ਸਥਾਨਕ ਅਤੇ ਵਿਸ਼ਵ-ਪੱਧਰੀ ਕੰਪਨੀਆਂ ਨੂੰ ਆਪਣੇ ਮਾਲ ਨੂੰ ਮਾਰਕਿਟਾਂ ਤੱਕ ਸੁਰੱਖਿਅਤ, ਤੇਜ਼ ਅਤੇ ਭਰੋਸੇਯੋਗ ਢੰਗ ਨਾਲ ਪਹੁੰਚਾਉਣ ਵਿੱਚ ਮਦਦ ਕਰ ਰਹੇ ਹਾਂ। ਇਸ ਨਾਲ ਵਧੀਆ ਨੌਕਰੀਆਂ ਪੈਦਾ ਹੁੰਦੀਆਂ ਹਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਮਜ਼ਬੂਤ ਆਰਥਿਕਤਾ ਵਿਕਸਤ ਹੁੰਦੀ ਹੈ।
- ਵੈਨਕੂਵਰ ਫਰੇਜ਼ਰ ਪੋਰਟ ਅਥੌਰਿਟੀ ਦਾ ਰੌਬਰਟਸ ਬੈਂਕ ਟਰਮੀਨਲ 2 ਪ੍ਰੋਜੈਕਟ ਕੈਨੇਡਾ ਦੇ ਪੱਛਮੀ ਤੱਟ ਦੀ ਟਰਮੀਨਲ ਸਮਰੱਥਾ ਵਿੱਚ 30% ਤੋਂ ਵੱਧ ਦਾ ਵਾਧਾ ਕਰੇਗਾ। ਇਹ 17,300 ਸਥਾਈ ਨੌਕਰੀਆਂ ਪੈਦਾ ਕਰੇਗਾ, ਸਲਾਨਾ GDP ਵਿੱਚ $3 ਬਿਲੀਅਨ ਦਾ ਯੋਗਦਾਨ ਪਾਏਗਾ, ਅਤੇ $100 ਬਿਲੀਅਨ ਦੇ ਮੁੱਲ ਦੇ ਮਾਲ ਦੀ ਢੋਆ-ਢੁਆਈ ਕਰੇਗਾ।
ਹੋਰ ਜਾਣੋ


ਸਾਡੇ ਹੁਨਰਮੰਦ ਅਤੇ ਵਿਭਿੰਨ ਕਾਰਜਬਲ ਨੂੰ ਵਧਾਉਣਾ
ਬੀ.ਸੀ. ਕੋਲ ਇੱਕ ਮਜ਼ਬੂਤ, ਵਿਭਿੰਨ ਅਤੇ ਉੱਚ-ਹੁਨਰਮੰਦ ਕਾਰਜਬਲ ਹੈ। ਸਾਡੇ ਲੋਕ ਨਵੀਨਤਾ ਲਿਆਉਣ ਵਾਲੇ ਅਤੇ ਉੱਦਮਕਰਤਾ ਹਨ ਜੋ ਸਾਡੀ ਆਰਥਿਕਤਾ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਦੇ ਹਨ, ਅਤੇ ਵਿਚਾਰਾਂ ਨੂੰ ਸਫਲਤਾ ਵਿੱਚ ਬਦਲਦੇ ਹਨ।
ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਹਰ ਕਿਸੇ ਨੂੰ ਨਵੇਂ ਹੁਨਰ ਸਿੱਖਣ, ਵਧੀਆ ਨੌਕਰੀਆਂ ਲੱਭਣ ਅਤੇ ਨਵੇਂ ਮੌਕਿਆਂ ਦਾ ਲਾਭ ਲੈਣ ਦਾ ਮੌਕਾ ਮਿਲੇ - ਤਾਂ ਜੋ ਲੋਕ ਚੰਗੀ ਜ਼ਿੰਦਗੀ ਬਿਤਾ ਸਕਣ ਅਤੇ ਖੁਸ਼ਹਾਲ ਹੋ ਸਕਣ, ਅਤੇ ਕਾਰੋਬਾਰ ਉਹਨਾਂ ਪ੍ਰਤਿਭਾਸ਼ਾਲੀ ਲੋਕਾਂ ਨੂੰ ਕੰਮ ‘ਤੇ ਰੱਖ ਸਕਣ ਜਿਨ੍ਹਾਂ ਦੀ ਉਹਨਾਂ ਨੂੰ ਵਿਕਾਸ ਲਈ ਲੋੜ ਹੈ।
ਭਵਿੱਖ ਲਈ ਤਿਆਰ
ਬੀ.ਸੀ. ਐਕਸੈੱਸ ਗ੍ਰਾਂਟ ਪਹਿਲਾਂ ਹੀ 71,000+ ਵਿਦਿਆਰਥੀਆਂ ਦੀ ਕਾਲਜ ਜਾਂ ਯੂਨੀਵਰਸਿਟੀ ਵਿੱਚ ਪੜ੍ਹਨ ਵਿੱਚ ਸਹਾਇਤਾ ਕਰ ਚੁੱਕੀ ਹੈ। ਵਿਦਿਆਰਥੀਆਂ ਨੇ ਹੁਣ ਤੱਕ ਜ਼ੀਰੋ-ਇੰਟਰਸਟ ਸਟੂਡੈਂਟ ਲੋਨ (ਵਿਦਿਆਰਥੀਆਂ ਲਈ ਵਿਆਜ-ਮੁਕਤ ਕਰਜ਼ੇ) ਨਾਲ $145 ਮਿਲੀਅਨ ਦੀ ਬਚਤ ਵੀ ਕੀਤੀ ਹੈ।
ਮਜ਼ਬੂਤ ਕਾਰੋਬਾਰ ਨੌਕਰੀਆਂ ਪੈਦਾ ਕਰਦੇ ਹਨ
ਬੀ.ਸੀ. ਦਾ ਪ੍ਰਾਈਵੇਟ ਸੈਕਟਰ ਕੈਨੇਡਾ ਦੇ ਬਾਕੀ ਹਿੱਸਿਆਂ ਦੇ ਮੁਕਾਬਲੇ ਵਧੇਰੇ ਤੇਜ਼ੀ ਨਾਲ ਵੱਧ ਰਿਹਾ ਹੈ, ਅਤੇ 2023 ਤੋਂ ਲੈ ਕੇ ਹੁਣ ਤੱਕ 55,000 ਨਵੀਆਂ ਨੌਕਰੀਆਂ ਸ਼ਾਮਲ ਹੋਈਆਂ ਹਨ।
ਉੱਚ-ਕੋਟੀ ਦੇ ਸਕੂਲ
ਬੀ.ਸੀ. ਵਿੱਚ 25 ਪਬਲਿਕ ਯੂਨੀਵਰਸਿਟੀਆਂ ਅਤੇ ਕਾਲਜ ਹਨ, ਜਿਨ੍ਹਾਂ ਵਿੱਚ ਕੈਨੇਡਾ ਅਤੇ ਦੁਨੀਆ ਦੀਆਂ ਕੁਝ ਸਭ ਤੋਂ ਉੱਚ-ਪੱਧਰ ਵਾਲੀਆਂ ਸੰਸਥਾਵਾਂ ਸ਼ਾਮਲ ਹਨ।
ਲੋਕਾਂ ਨੂੰ ਨਵੇਂ ਪੇਸ਼ਿਆਂ ਅਤੇ ਵਧੀਆ ਨੌਕਰੀਆਂ ਨਾਲ ਜੋੜਨਾ
ਬੀ.ਸੀ. ਹੋਰ ਲੋਕਾਂ ਨੂੰ ਉਹ ਹੁਨਰ ਅਤੇ ਸਹਾਇਤਾ ਲੈਣ ਵਿੱਚ ਮਦਦ ਕਰ ਰਿਹਾ ਹੈ, ਜਿਸਦੀ ਉਹਨਾਂ ਨੂੰ ਨਵੇਂ ਪੇਸ਼ੇ ਸ਼ੁਰੂ ਕਰਨ ਅਤੇ ਵਧੀਆ ਨੌਕਰੀਆਂ ਲੱਭਣ ਲਈ ਲੋੜ ਹੈ। ਪੇਸ਼ਿਆਂ ਦੇ ਵਿਕਲਪਾਂ ਦੀ ਪੜਚੋਲ ਕਰਨ ਲਈ ਸਾਧਨਾਂ ਤੋਂ ਲੈ ਕੇ ਨੌਕਰੀ ਦੇ ਦੌਰਾਨ ਸਿਖਲਾਈ ਤੱਕ, ਅਸੀਂ ਮੌਕਿਆਂ ਦਾ ਲਾਭ ਲੈਣਾ ਹੋਰ ਅਸਾਨ ਬਣਾ ਰਹੇ ਹਾਂ।
ਬੀ.ਸੀ. ਦੀਆਂ ਖੂਬੀਆਂ
- ਪ੍ਰਤਿਭਾਸ਼ਾਲੀ ਕਾਮਿਆਂ ਦੀ ਮਜ਼ਬੂਤ ਅਤੇ ਤਿਆਰ ਲੜੀ। ਬੀ.ਸੀ. ਦਾ ਕਾਰਜਬਲ ਦੁਨੀਆ ਵਿੱਚ ਸਭ ਤੋਂ ਵਧੀਆ ਸਿੱਖਿਆ ਹਾਸਲ ਕਰਨ ਵਾਲਿਆਂ ਵਿੱਚੋਂ ਹੈ – ਲਗਭਗ 75% ਲੋਕਾਂ ਨੇ, ਜਿਨ੍ਹਾਂ ਦੀ ਉਮਰ 25 ਸਾਲ ਜਾਂ ਇਸ ਤੋਂ ਵੱਧ ਹੈ, ਪੋਸਟ-ਸੈਕੰਡਰੀ ਸਿੱਖਿਆ ਪੂਰੀ ਕੀਤੀ ਹੋਈ ਹੈ। ਇਹ ਬੀ.ਸੀ. ਨੂੰ ਮੁਕਾਬਲੇਯੋਗ ਅਤੇ ਭਵਿੱਖ ਲਈ ਤਿਆਰ ਬਣਨ ਵਿੱਚ ਮਦਦ ਕਰਦਾ ਹੈ।
ਸਾਡੀਆਂ ਖੂਬੀਆਂ ਦੇ ਅਧਾਰ ‘ਤੇ ਅੱਗੇ ਵੱਧਣਾ
- ‘ਸਕਿੱਲਡ ਟ੍ਰੇਡਜ਼ ਬੀ ਸੀ’ (SkilledTradesBC) ਨਾਲ ਸਿਖਲਾਈ ਅਤੇ ਪ੍ਰਮਾਣੀਕਰਨ ਹਾਸਲ ਕਰਨਾ। ਅਸੀਂ ਰਿਕਾਰਡ-ਤੋੜ ਗਿਣਤੀ ਦੇ ਲੋਕਾਂ ਨੂੰ ਅਪਰੈਂਟਿਸ ਵਜੋਂ ਰਜਿਸਟਰ ਕਰਦੇ ਅਤੇ ਪ੍ਰਮਾਣਿਤ ਹੁੰਦੇ ਦੇਖ ਰਹੇ ਹਾਂ। ਇਹ ਕੁਝ ਬਦਲਾਵਾਂ ਨਾਲ ਸੰਭਵ ਹੋਇਆ ਹੈ, ਜਿਵੇਂ ਕਿ ਸਕਿੱਲਡ ਟ੍ਰੇਡਜ਼ ਸਰਟੀਫਿਕੇਸ਼ਨ ਸਿਸਟਮ ਨੂੰ ਮੁੜ ਲਿਆਉਣਾ, ਤਾਂ ਜੋ ਟ੍ਰੇਡਜ਼ ਵਿੱਚ ਕੰਮ ਕਰਨ ਵਾਲੇ ਵਰਕਰਾਂ ਦੇ ਹੁਨਰਾਂ ਨੂੰ ਅਧਿਕਾਰਤ ਤੌਰ ’ਤੇ ਮਾਨਤਾ ਮਿਲੇ। ਇਸ ਨਾਲ ਹੋਰ ਲੋਕਾਂ ਨੂੰ ਮਿਆਰੀ ਸਿਖਲਾਈ ਮਿਲਦੀ ਹੈ, ਉਹ ਵੱਧ ਤਨਖਾਹਾਂ ਕਮਾਉਣ ਅਤੇ ਉਦਯੋਗ ਦੀਆਂ ਲੋੜਾਂ ਨੂੰ ਬਿਹਤਰ ਢੰਗ ਨਾਲ ਪੂਰਾ ਕਰਨ ਦੇ ਸਮਰੱਥ ਹੁੰਦੇ ਹਨ।
- ਉੱਚ-ਮੰਗ ਵਾਲੇ ਪੇਸ਼ਿਆਂ ਦੇ ਰਾਹ ਲੱਭਣਾ। ਅਸੀਂ ਲੋਕਾਂ ਨੂੰ ‘ਫਾਈਂਡ ਯੌਰ ਪਾਥ’ (Find Your Path) ਡਿਜਿਟਲ ਟੂਲ ਰਾਹੀਂ ਕਰੀਅਰ ਵਿੱਚ ਨਵੇਂ ਮੌਕਿਆਂ ਦੀ ਖੋਜ ਕਰਨ ਵਿੱਚ ਮਦਦ ਕਰ ਰਹੇ ਹਾਂ। 250 ਤੋਂ ਵੱਧ ਉੱਚ-ਮੰਗ ਵਾਲੇ ਪੇਸ਼ਿਆਂ ਦੀ ਪੜਚੋਲ ਕਰੋ ਅਤੇ ਵੇਖੋ ਕਿ ਆਪਣੀ ਪਸੰਦੀਦਾ ਨੌਕਰੀ ਤੱਕ ਪਹੁੰਚਣ ਲਈ ਕਿਹੜੀ ਸਿੱਖਿਆ ਦੀ ਲੋੜ ਹੈ।
- ‘ਵਰਕ ਬੀ ਸੀ’ (WorkBC) ਰਾਹੀਂ ਲੋਕਾਂ ਨੂੰ ਨੌਕਰੀਆਂ ਨਾਲ ਜੋੜਨਾ। ਅਸੀਂ ਲੋਕਾਂ ਨੂੰ ਨੌਕਰੀਆਂ ਲੱਭਣ, ਹੁਨਰ ਵਿਕਸਤ ਕਰਨ ਅਤੇ ਪੇਸ਼ਿਆਂ ਵਿੱਚ ਵਿਕਲਪਾਂ ਦੀ ਪੜਚੋਲ ਕਰਨ ਵਿੱਚ ਮਦਦ ਕਰ ਰਹੇ ਹਾਂ, ਅਤੇ ਨਾਲ ਹੀ ਰੁਜ਼ਗਾਰ ਦੇਣ ਵਾਲਿਆਂ ਦੀ ਅਜਿਹੇ ਪ੍ਰਤਿਭਾਸ਼ਾਲੀ ਲੋਕ ਲੱਭਣ ਵਿੱਚ ਸਹਾਇਤਾ ਕਰ ਰਹੇ ਹਾਂ ਜੋ ਉਹਨਾਂ ਨੂੰ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਲੋੜੀਂਦੇ ਹਨ।
- ਲੇਬਰ ਮਾਰਕਿਟ ਨੂੰ ਮਜ਼ਬੂਤ ਕਰਨਾ। ਅਸੀਂ ਕਮਿਊਨਿਟੀ ਅਤੇ ਇੰਮਪਲੌਇਰ ਪਾਰਟਨਰਸ਼ਿਪਸ ਰਾਹੀਂ ਬੀ.ਸੀ. ਵਿੱਚ ਨੌਕਰੀ ਲੱਭਣ ਵਾਲਿਆਂ ਲਈ ਸਿਖਲਾਈ ਅਤੇ ਕੰਮ ਦਾ ਤਜਰਬਾ ਵਧਾ ਰਹੇ ਹਾਂ। ਸੂਬੇ ਭਰ ਵਿੱਚ 684 ਪ੍ਰੋਜੈਕਟਾਂ ’ਤੇ 7,200 ਤੋਂ ਵੱਧ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੇ ਰੁਜ਼ਗਾਰ ਦਾ ਤਜਰਬਾ ਹਾਸਲ ਕੀਤਾ ਹੈ।
- ਫਿਊਚਰ ਰੈਡੀ ਕਾਰਵਾਈ ਯੋਜਨਾ ਨਾਲ ਕੰਮ ਦੇ ਨਾਲ ਸਿਖਲਾਈ ਦਾ ਵਿਸਤਾਰ। ਅਸੀਂ ਹੋਰ ਵਿਦਿਆਰਥੀਆਂ ਨੂੰ ਕੋ-ਔਪਸ, ਇੰਟਰਨਸ਼ਿਪ, ਕਲੀਨਿਕਲ ਪਲੇਸਮੈਂਟ, ਕਮਿਊਨਿਟੀ ਸਰਵਿਸ ਅਤੇ ਪ੍ਰੈਕਟੀਕਮ ਰਾਹੀਂ ਕੰਮ ਦਾ ਤਜਰਬਾ ਲੈਣ ਵਿੱਚ ਮਦਦ ਕਰ ਰਹੇ ਹਾਂ। ਨੌਕਰੀ ਦੌਰਾਨ ਸਿਖਲਾਈ, ਵਿਦਿਆਰਥੀਆਂ ਨੂੰ ਉਹ ਨਿੱਜੀ ਤਜਰਬਾ ਦਿੰਦੀ ਹੈ ਜਿਸਦੀ ਉਹਨਾਂ ਨੂੰ ਆਪਣੇ ਕਰੀਅਰ ਨੂੰ ਸ਼ੁਰੂ ਕਰਨ ਲਈ ਲੋੜ ਹੈ। ਰੁਜ਼ਗਾਰ ਦੇਣ ਵਾਲਿਆਂ ਨੂੰ ਨਵੇਂ ਸੰਭਾਵੀ ਕਰਮਚਾਰੀਆਂ ਨੂੰ ਸਿਖਲਾਈ ਦੇਣ ਦਾ ਲਾਭ ਮਿਲਦਾ ਹੈ।
ਹੋਰ ਜਾਣੋ
ਉੱਚ-ਮੰਗ ਵਾਲੀਆਂ ਨੌਕਰੀਆਂ ਲਈ ਸਿਖਲਾਈ ਦੇ ਮੌਕੇ ਵਧਾਉਣਾ
ਬੀ.ਸੀ. ਅਗਲੇ ਦਹਾਕੇ ਵਿੱਚ ਲਗਭਗ ਇੱਕ ਮਿਲੀਅਨ ਨੌਕਰੀਆਂ ਦੇ ਖੁਲ੍ਹਣ ਦੀ ਉਮੀਦ ਕਰ ਰਿਹਾ ਹੈ। ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਲੋਕਾਂ ਕੋਲ ਸਹੀ ਸਿਖਲਾਈ ਅਤੇ ਸਹਾਇਤਾ ਹੋਵੇ, ਤਾਂ ਜੋ ਉਹ ਹੁਣ ਅਤੇ ਭਵਿੱਖ ਵਿੱਚ ਇਹ ਨੌਕਰੀਆਂ ਹਾਸਲ ਕਰ ਸਕਣ।
ਬੀ.ਸੀ. ਦੀਆਂ ਖੂਬੀਆਂ
- ਭਵਿੱਖ ਦੀਆਂ ਨੌਕਰੀਆਂ ਦੀ ਮਾਰਕਿਟ ਲਈ ਯੋਜਨਾ ਬਣਾਉਣਾ। ਬੀ.ਸੀ. ਅੱਗੇ ਦੇਖ ਕੇ ਤੈਅ ਕਰ ਰਿਹਾ ਹੈ ਕਿ ਨੌਕਰੀਆਂ ਕਿੱਥੇ ਉਪਲਬਧ ਹੋਣਗੀਆਂ ਅਤੇ ਲੋਕਾਂ ਨੂੰ ਉਹ ਸਿਖਲਾਈ ਮੁਹੱਈਆ ਕਰਨ ਵਿੱਚ ਮਦਦ ਕਰ ਰਿਹਾ ਹੈ ਜਿਸਦੀ ਉਹਨਾਂ ਨੂੰ ਇਹਨਾਂ ਨੌਕਰੀਆਂ ਨੂੰ ਭਰਨ ਲਈ ਲੋੜ ਹੋਵੇਗੀ।
ਸਾਡੀਆਂ ਖੂਬੀਆਂ ਦੇ ਅਧਾਰ ‘ਤੇ ਅੱਗੇ ਵੱਧਣਾ
- ਹੁਨਰਮੰਦ ਕਿੱਤਿਆਂ ਦੀ ਸਿਖਲਾਈ ਨੂੰ ਮਜ਼ਬੂਤ ਕਰਨਾ। ਅਸੀਂ 2028-29 ਤੱਕ ਹੁਨਰਮੰਦ ਕਿੱਤਿਆਂ ਦੀ ਸਿਖਲਾਈ ਲਈ ਆਰਥਿਕ ਸਹਾਇਤਾ ਨੂੰ ਦੁੱਗਣਾ ਕਰ ਰਹੇ ਹਾਂ। ਇਸ ਨਾਲ ਇਹ ਯਕੀਨੀ ਬਣੇਗਾ ਕਿ ਬੀ.ਸੀ. ਕੋਲ ਉਹ ਹੁਨਰਮੰਦ ਕਾਮੇ ਹੋਣ ਜੋ ਮੁੱਖ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਅਤੇ ਕੈਨੇਡਾ ਦੇ ਮੁੱਖ ਆਰਥਿਕ ਖੇਤਰਾਂ ਨੂੰ ਵਧਾਉਣ ਲਈ ਲੋੜੀਂਦੇ ਹਨ। ਅਸੀਂ ਉਦਯੋਗ ਨੂੰ ਗੁਣਵੱਤਾ ਵਾਲੀ ਸਿਖਲਾਈ ਦੇ ਮੌਕਿਆਂ ਨਾਲ ਜੋੜ ਰਹੇ ਹਾਂ ਅਤੇ ਦੇਸ਼ ਭਰ ਤੋਂ ਪ੍ਰਤਿਭਾਸ਼ਾਲੀ ਅਤੇ ਮੁਹਾਰਤ ਵਾਲੇ ਲੋਕਾਂ ਦਾ ਲਾਭ ਲੈ ਰਹੇ ਹਾਂ। ਬੀ.ਸੀ. ਵਿੱਚ ਲਗਭਗ 50,000 ਰਜਿਸਟਰਡ ਅਪਰੈਂਟਿਸਸ਼ਿਪ ਹਨ, ਜਿਨ੍ਹਾਂ ਵਿੱਚ 2024-25 ਵਿੱਚ 16,000 ਨਵੇਂ ਅਪਰੈਂਟਿਸ ਰਜਿਸਟਰ ਕੀਤੇ ਗਏ ਹਨ।
- ਟੈਕ ਸਿਖਲਾਈ ਦੇ ਹੋਰ ਸਥਾਨ ਸ਼ਾਮਲ ਕਰਨਾ। ਅਸੀਂ 2027-28 ਤੱਕ ਤਕਨਾਲੋਜੀ-ਸਬੰਧਤ ਪ੍ਰੋਗਰਾਮਾਂ ਵਿੱਚ 5,900 ਵਿਦਿਆਰਥੀ ਸਥਾਨ ਸ਼ਾਮਲ ਕਰ ਰਹੇ ਹਾਂ, ਜਿਨ੍ਹਾਂ ਵਿੱਚੋਂ 4,000 ਪਹਿਲਾਂ ਹੀ ਖੁੱਲ੍ਹ ਚੁੱਕੇ ਹਨ। ਇਸਦਾ ਮਤਲਬ ਹੈ ਕਿ ਹੋਰ ਲੋਕ ਸਾਈਬਰ ਸੁਰੱਖਿਆ, ਸਾਫਟਵੇਅਰ ਇੰਜੀਨੀਅਰਿੰਗ, ਡਾਟਾ ਸਾਇੰਸ, ਲਾਈਫ ਸਾਇੰਸਜ਼, ਕ੍ਰੀਏਟਿਵ ਟੈਕ, ਕਲੀਨ ਟੈਕ ਅਤੇ ਐਗ੍ਰੀਟੈਕ ਵਰਗੇ ਉੱਚ ਮੰਗ ਵਾਲੇ ਖੇਤਰਾਂ ਵਿੱਚ ਸਿਖਲਾਈ ਲੈ ਸਕਣਗੇ।
- ਡੁਅਲ ਕ੍ਰੈਡਿਟ ਪ੍ਰੋਗਰਾਮ ਵਧਾਉਣਾ। ਅਸੀਂ 2022 ਤੋਂ ਲੈ ਕੇ ਹੁਣ ਤੱਕ 135 ਤੋਂ ਵੱਧ ਨਵੇਂ ਡੁਅਲ ਕ੍ਰੈਡਿਟ ਪ੍ਰੋਗਰਾਮ ਸ਼ਾਮਲ ਕੀਤੇ ਹਨ, ਤਾਂ ਜੋ ਹੋਰ ਵਿਦਿਆਰਥੀ ਹਾਈ ਸਕੂਲ ਵਿੱਚ ਰਹਿੰਦੇ ਹੋਏ ਹੀ ਹੈਲਥ ਕੇਅਰ ਵਰਗੇ ਪ੍ਰੋਗਰਾਮਾਂ ਵਿੱਚ ਪੋਸਟ-ਸੈਕੰਡਰੀ ਕ੍ਰੈਡਿਟ ਹਾਸਲ ਕਰ ਸਕਣ। ਇਸ ਨਾਲ ਟਿਊਸ਼ਨ ਫ਼ੀਸ ਦੇ ਖਰਚੇ ਘਟਾਉਣ ਅਤੇ ਪੋਸਟ-ਸੈਕੰਡਰੀ ਸਿੱਖਿਆ ਵੱਲ ਤਬਦੀਲੀ ਹੋਰ ਅਸਾਨ ਬਣਾਉਣ ਵਿੱਚ ਮਦਦ ਮਿਲਦੀ ਹੈ।
- ਹੈਲਥ ਸਿਖਲਾਈ ਦੇ ਸਥਾਨ ਵਧਾਉਣਾ। ਅਸੀਂ ਮੈਡੀਕਲ, ਨਰਸਿੰਗ, ਮਿਡਵਾਈਫਰੀ ਅਤੇ ਸਹਾਇਕ ਸਿਹਤ ਸਿੱਖਿਆ ਪ੍ਰੋਗਰਾਮਾਂ ਵਿੱਚ ਸਿਖਲਾਈ ਦੇ ਸਥਾਨ ਵਧਾ ਕੇ ਆਪਣਾ ਸਿਹਤ ਸੰਭਾਲ ਕਾਰਜਬਲ ਵਧਾ ਰਹੇ ਹਾਂ, ਤਾਂ ਜੋ ਹੋਰ ਸਿਹਤ ਸੰਭਾਲ ਕਾਮਿਆਂ ਨੂੰ ਤਿਆਰ ਕੀਤਾ ਜਾ ਸਕੇ ਅਤੇ ਸੂਬੇ ਭਰ ਵਿੱਚ ਘਾਟਿਆਂ ਨੂੰ ਦੂਰ ਕੀਤਾ ਜਾ ਸਕੇ।
- ਬਾਲ-ਸੰਭਾਲ ਸਿਖਲਾਈ ਦੇ ਸਥਾਨ ਵਧਾਉਣਾ। ਅਸੀਂ 2018 ਤੋਂ, ਪਬਲਿਕ ਪੋਸਟ-ਸੈਕੰਡਰੀ ਸੰਸਥਾਵਾਂ ਵਿੱਚ ਅਰਲੀ ਚਾਈਲਡਹੁੱਡ ਐਜੂਕੇਸ਼ਨ ਸਿਖਲਾਈ ਦੇ ਸਥਾਨ ਦੁੱਗਣੇ ਕਰ ਦਿੱਤੇ ਹਨ। ਵਧੇਰੇ ਕਾਮੇ ਹੋਣ ਦਾ ਮਤਲਬ ਹੈ ਕਿ ਕੰਮਕਾਜੀ ਪਰਿਵਾਰਾਂ ਲਈ ਬਾਲ-ਸੰਭਾਲ ਤੱਕ ਬਿਹਤਰ ਪਹੁੰਚ।
- ਮੈਨਿਊਫੈਕਚਰਿੰਗ ਕਾਰਜਬਲ ਦਾ ਵਿਸਤਾਰ। ਅਸੀਂ ਹਾਈ ਸਕੂਲ ਵਿਦਿਆਰਥੀਆਂ ਦੀ ਘੱਟ ਸਮੇਂ ਦੀਆਂ ਕੰਮ ਦੀਆਂ ਪਲੇਸਮੈਂਟਸ ਨਾਲ ਸਹਾਇਤਾ ਕਰ ਰਹੇ ਹਾਂ, ਤਾਂ ਜੋ ਉਹ ਮੈਨਿਊਫੈਕਚਰਿੰਗ ਵਿੱਚ ਕੰਮ ਕਰਨ ਲਈ ਹੁਨਰ ਅਤੇ ਤਜਰਬਾ ਹਾਸਲ ਕਰ ਸਕਣ।
- ਮਾਸ ਟਿੰਬਰ ਸਿਖਲਾਈ ਵਧਾਉਣਾ। ਅਸੀਂ ਲੋਕਾਂ ਲਈ ਇਸ ਵਧਦੇ ਉਦਯੋਗ ਵਿੱਚ ਕੰਮ ਕਰਨ ਲਈ ਸਿਖਲਾਈ ਦੇ ਮੌਕੇ ਵਧਾ ਰਹੇ ਹਾਂ। ਪੋਸਟ-ਸੈਕੰਡਰੀ ਸੰਸਥਾਵਾਂ ਮਾਸ ਟਿੰਬਰ ਪ੍ਰੋਗਰਾਮ ਵਿਕਸਤ ਕਰ ਰਹੀਆਂ ਹਨ, ਜਿਨ੍ਹਾਂ ਵਿੱਚ ਡਿਜ਼ਾਈਨ, ਵਿਕਾਸ ਨਿਰਮਾਣ ਅਤੇ ਡਿਜਿਟਲ ਹੁਨਰ ਸ਼ਾਮਲ ਹਨ।
ਹੋਰ ਜਾਣੋ
ਸਿੱਖਿਆ ਅਤੇ ਸਿਖਲਾਈ ਨੂੰ ਹੋਰ ਕਿਫ਼ਾਇਤੀ ਬਣਾਉਣਾ
ਬੀ.ਸੀ. ਲੋਕਾਂ ਲਈ ਵਧੀਆ ਸਿੱਖਿਆ ਅਤੇ ਸਿਖਲਾਈ ਲੈਣਾ ਹੋਰ ਅਸਾਨ ਬਣਾ ਰਿਹਾ ਹੈ। ਮੁਫ਼ਤ ਕੋਰਸਾਂ ਤੋਂ ਲੈ ਕੇ ਵਿੱਤੀ ਸਹਾਇਤਾ ਤੱਕ, ਅਸੀਂ ਹੋਰ ਲੋਕਾਂ ਨੂੰ ਭਵਿੱਖ ਵਿੱਚ ਵਧੀਆ ਨੌਕਰੀਆਂ ਲਈ ਤਿਆਰ ਕਰਨ ਵਿੱਚ ਮਦਦ ਕਰ ਰਹੇ ਹਾਂ।
ਬੀ.ਸੀ. ਦੀਆਂ ਖੂਬੀਆਂ
- ਕਿਫ਼ਾਇਤੀ ਅਤੇ ਉੱਚ-ਗੁਣਵੱਤਾ ਵਾਲੀ ਸਿੱਖਿਆ। ਬੀ.ਸੀ. ਵਿੱਚ 25 ਪਬਲਿਕ ਯੂਨੀਵਰਸਿਟੀਆਂ ਅਤੇ ਕਾਲਜ ਹਨ, ਜਿਨ੍ਹਾਂ ਵਿੱਚ ਕੈਨੇਡਾ ਅਤੇ ਦੁਨੀਆ ਦੇ ਕੁਝ ਸਭ ਤੋਂ ਉੱਚ-ਕੋਟੀ ਦੇ ਸਕੂਲ ਸ਼ਾਮਲ ਹਨ। ਬੀ.ਸੀ. ਨੇ ਵਿਦਿਆਰਥੀਆਂ ਲਈ ਖਰਚਿਆਂ ਵਿੱਚ ਸਹਾਇਤਾ ਦਾ ਵਿਸਤਾਰ ਕੀਤਾ ਹੈ, ਜਿਸ ਨਾਲ ਸਫਲਤਾ ਲਈ ਲੋੜੀਂਦੇ ਹੁਨਰ ਸਿੱਖਣਾ ਹੋਰ ਅਸਾਨ ਹੋ ਗਿਆ ਹੈ।
ਸਾਡੀਆਂ ਖੂਬੀਆਂ ਦੇ ਅਧਾਰ ‘ਤੇ ਅੱਗੇ ਵੱਧਣਾ
- ਬੀ.ਸੀ. ਐਕਸੈਸ ਗ੍ਰਾਂਟ ਰਾਹੀਂ ਖਰਚੇ ਘਟਾਉਣਾ। ਅਸੀਂ ਯੋਗ ਘੱਟ- ਅਤੇ ਮੱਧ- ਆਮਦਨ ਵਾਲੇ ਵਿਦਿਆਰਥੀਆਂ ਨੂੰ, ਜਦੋਂ ਉਹ ਸਟੂਡੈਂਟ ਲੋਨ ਲਈ ਅਰਜ਼ੀ ਦਿੰਦੇ ਹਨ, ਸਲਾਨਾ $4,000 ਤੱਕ ਦੀ ਆਪਣੇ ਆਪ ਮਿਲਣ ਵਾਲੀ ਸਹਾਇਤਾ ਦੇ ਰਹੇ ਹਾਂ। ਇਹ ਰਕਮ ਪਹਿਲਾਂ ਹੀ ਦਿੱਤੀ ਜਾਂਦੀ ਹੈ ਅਤੇ ਇਸਨੂੰ ਵਾਪਸ ਕਰਨ ਦੀ ਲੋੜ ਨਹੀਂ ਹੁੰਦੀ।
- ਫਿਊਚਰ ਸਕਿੱਲਜ਼ ਗ੍ਰਾਂਟ ਰਾਹੀਂਉੱਚ-ਮੰਗ ਵਾਲੀਆਂ ਨੌਕਰੀਆਂ ਲਈ ਹੁਨਰ ਵਧਾਉਣਾ। ਅਸੀਂ ਹੋਰ ਲੋਕਾਂ ਦੀ ਵਧੀਆ ਨੌਕਰੀਆਂ ਲਈ ਨਵੇਂ ਹੁਨਰ ਸਿੱਖਣ ਵਿੱਚ ਮਦਦ ਕਰ ਰਹੇ ਹਾਂ। ਬੀ.ਸੀ. ਦੇ 19 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਸਨੀਕ – ਵਿੱਤੀ ਲੋੜ ਤੋਂ ਬਿਨਾਂ – ਪਬਲਿਕ ਪੋਸਟ-ਸੈਕੰਡਰੀ ਸੰਸਥਾਵਾਂ ਵਿੱਚ ਉੱਚ-ਮੰਗ ਵਾਲੀਆਂ ਨੌਕਰੀਆਂ ਲਈ ਘੱਟ-ਸਮੇਂ ਦੀ ਸਿਖਲਾਈ ਦੇ ਖਰਚੇ ਨੂੰ ਪੂਰਾ ਕਰਨ ਲਈ $3,500 ਤੱਕ ਦੀ ਅਰਜ਼ੀ ਦੇ ਸਕਦੇ ਹਨ।
- ਵਿਦਿਆਰਥੀਆਂ ਲਈ ਵਿੱਤੀ ਸਹਾਇਤਾ ਵਧਾਉਣਾ। ਅਸੀਂ ਵਿਦਿਆਰਥੀ ਕਰਜ਼ੇ ਦੀ ਵੱਧ ਤੋਂ ਵੱਧ ਰਾਸ਼ੀ ਨੂੰ ਦੁੱਗਣਾ ਕਰ ਦਿੱਤਾ ਹੈ, ਕਰਜ਼ਿਆਂ ਨੂੰ ਵਿਆਜ-ਮੁਕਤ ਬਣਾ ਦਿੱਤਾ ਹੈ, ਅਤੇ ਕਰਜ਼ੇ ਦੇ ਭੁਗਤਾਨ ਦੀਆਂ ਸ਼ਰਤਾਂ ਨੂੰ ਬਿਹਤਰ ਕੀਤਾ ਹੈ – ਜਿਸ ਨਾਲ ਵਿਦਿਆਰਥੀ ਹਜ਼ਾਰਾਂ ਡਾਲਰ ਬਚਾ ਰਹੇ ਹਨ। StudentAid BC, ਗ੍ਰਾਂਟਾਂ, ਵਜ਼ੀਫ਼ੇ, ਅਤੇ ਅਪੰਗਤਾਵਾਂ ਵਾਲੇ ਵਿਦਿਆਰਥੀਆਂ ਅਤੇ ਇੰਡੀਜਨਸ (ਮੂਲ ਨਿਵਾਸੀ) ਸਿੱਖਿਆਰਥੀਆਂ ਲਈ ਸਹਾਇਤਾ ਵੀ ਮੁਹੱਈਆ ਕਰਦਾ ਹੈ।
- ਅਪਰੈਂਟਿਸਸ਼ਿਪ ਅਤੇ ਹੁਨਰਮੰਦ ਕਿੱਤਿਆਂ ਨੂੰ ਸਹਿਯੋਗ। ਅਸੀਂ ਸਿੱਖਣ ਵਾਲਿਆਂ ਅਤੇ ਰੁਜ਼ਗਾਰ ਦੇਣ ਵਾਲਿਆਂ ਲਈ ਟੈਕਸ ਕ੍ਰੈਡਿਟ ਅਤੇ ਸਿਖਲਾਈ, ਇਮਤਿਹਾਨਾਂ ਅਤੇ ਸਾਧਨਾਂ ਲਈ ਗ੍ਰਾਂਟਾਂ ਰਾਹੀਂ ਵਿੱਤੀ ਸਹਾਇਤਾ ਦੇ ਕੇ, ਲੋਕਾਂ ਦੀ ਟ੍ਰੇਡਜ਼ ਵਿੱਚ ਪੇਸ਼ੇ ਲਈ ਸਿਖਲਾਈ ਲੈਣ ਵਿੱਚ ਮਦਦ ਕਰ ਰਹੇ ਹਾਂ।
- ਗ੍ਰੈਜੂਏਟ ਵਜ਼ੀਫ਼ੇ ਅਤੇ ਇੰਟਰਨਸ਼ਿਪ ਸ਼ਾਮਲ ਕਰਨਾ। ਅਸੀਂ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ (STEM) ਖੇਤਰਾਂ ਅਤੇ ਹੋਰ ਵਿਸ਼ਿਆਂ ਵਿੱਚ ਮਾਸਟਰਜ਼ ਅਤੇ ਡਾਕਟੋਰਲ ਵਿਦਿਆਰਥੀਆਂ ਲਈ ਮੈਰਿਟ-ਅਧਾਰਿਤ ਗ੍ਰੈਜੂਏਟ ਵਜ਼ੀਫ਼ਿਆਂ ਦਾ ਵਿਸਤਾਰ ਕਰਕੇ, ਖੋਜਕਾਰਾਂ ਅਤੇ ਨਵੀਨਤਾ ਲਿਆਉਣ ਵਾਲਿਆਂ ਦੀ ਅਗਲੀ ਪੀੜ੍ਹੀ ਤਿਆਰ ਕਰ ਰਹੇ ਹਾਂ। ਇਸ ਨਾਲ ਬੀ.ਸੀ. ਮੁਕਾਬਲੇਯੋਗ ਅਤੇ ਭਵਿੱਖ ਲਈ ਤਿਆਰ ਬਣੇਗਾ।
- ਮੁਫ਼ਤ ਅਤੇ ਸਭ ਲਈ ਉਪਲਬਧ ਸਿੱਖਿਆ ਸਰੋਤਾਂ ਦੀ ਪੇਸ਼ਕਸ਼ ਕਰਨਾ। ਅਸੀਂ BCcampus ਰਾਹੀਂ ਹਜ਼ਾਰਾਂ ਆਨਲਾਈਨ ਟੈਕਸਟਬੁੱਕ ਅਤੇ ਕੋਰਸ ਮੁਫ਼ਤ ਕੀਤੇ ਹਨ। ਇਸ ਨਾਲ ਵਿਦਿਆਰਥੀਆਂ ਨੂੰ ਪੈਸੇ ਬਚਾਉਣ ਅਤੇ ਸਿੱਖਣ ਵਾਲੀ ਸਮੱਗਰੀ ਤੱਕ ਬਿਹਤਰ ਪਹੁੰਚ ਮਿਲਦੀ ਹੈ। ਸਾਲ 2024 ਤੱਕ ਵਿਦਿਆਰਥੀਆਂ ਨੇ ਟੈਕਸਟਬੁੱਕ ਖਰਚਿਆਂ ’ਤੇ $41 ਮਿਲੀਅਨ ਤੋਂ ਵੱਧ ਦੀ ਬਚਤ ਕੀਤੀ ਹੈ।
- ਅਪੱਗ੍ਰੇਡ ਕਰਨ ਅਤੇ ਅੰਗਰੇਜ਼ੀ ਦੇ ਕੋਰਸ ਮੁਫ਼ਤ ਵਿੱਚ ਮੁਹੱਈਆ ਕਰਨਾ। ਅਸੀਂ ਬਾਲਗਾਂ ਨੂੰ ਮੁਫ਼ਤ ਕੋਰਸਾਂ ਤੱਕ ਪਹੁੰਚ ਮੁਹੱਈਆ ਕਰ ਰਹੇ ਹਾਂ, ਤਾਂ ਜੋ ਉਹ ਹਾਈ ਸਕੂਲ ਡਿਪਲੋਮਾ ਪੂਰਾ ਕਰ ਸਕਣ, ਹਾਈ ਸਕੂਲ ਗ੍ਰੇਡਜ਼ ਵਿੱਚ ਸੁਧਾਰ ਕਰ ਸਕਣ ਜਾਂ ਪੋਸਟ-ਸੈਕੰਡਰੀ ਸਿੱਖਿਆ ਲਈ ਪੂਰਵ-ਸ਼ਰਤਾਂ ਪੂਰੀਆਂ ਕਰ ਸਕਣ। ਅੰਗਰੇਜ਼ੀ ਸਿੱਖਣ ਜਾਂ ਸੁਧਾਰਨ ਲਈ ਮੁਫ਼ਤ ਕੋਰਸ ਵੀ ਉਪਲਬਧ ਹਨ।
ਹੋਰ ਜਾਣੋ
ਰੁਕਾਵਟਾਂ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ
ਬੀ.ਸੀ. ਉਹਨਾਂ ਚੁਣੌਤੀਆਂ ਨਾਲ ਨਜਿੱਠਣ ਲਈ ਕੰਮ ਕਰ ਰਿਹਾ ਹੈ ਜੋ ਲੋਕਾਂ ਲਈ ਸਿਖਲਾਈ ਹਾਸਲ ਕਰਨਾ ਜਾਂ ਨੌਕਰੀ ਲੱਭਣਾ ਮੁਸ਼ਕਲ ਬਣਾਉਂਦੀਆਂ ਹਨ। ਜਿਹੜੀਆਂ ਰੁਕਾਵਟਾਂ ਲੋਕਾਂ ਨੂੰ ਕਾਰਜਬਲ ਤੋਂ ਬਾਹਰ ਰੱਖਦੀਆਂ ਹਨ, ਉਹਨਾਂ ਨੂੰ ਦੂਰ ਕਰਨਾ, ਇੱਕ ਮਜ਼ਬੂਤ ਆਰਥਿਕਤਾ ਬਣਾਉਣ ਵਿੱਚ ਮਦਦ ਕਰਦਾ ਹੈ ਜੋ ਹਰ ਕਿਸੇ ਲਈ ਕੰਮ ਕਰਦੀ ਹੈ।
ਬੀ.ਸੀ. ਦੀਆਂ ਖੂਬੀਆਂ
- ਮਜ਼ਬੂਤ ਸਮਾਜਿਕ ਸਹਾਇਤਾ। ਬੀ.ਸੀ. ਉਹਨਾਂ ਲੋਕਾਂ ਲਈ ਸਹਾਇਤਾ ਵਧਾ ਰਿਹਾ ਹੈ ਜੋ ਰਿਹਾਇਸ਼ਾਂ, ਬਾਲ-ਸੰਭਾਲ, ਸਦਮਾ ਜਾਂ ਅਪੰਗਤਾ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ, ਤਾਂ ਜੋ ਉਹਨਾਂ ਲਈ ਉਹ ਸਿੱਖਿਆ ਲੈਣਾ ਹੋਰ ਅਸਾਨ ਹੋਵੇ ਜੋ ਉਨ੍ਹਾਂ ਨੂੰ ਵਧੀਆ ਨੌਕਰੀਆਂ ਹਾਸਲ ਕਰਨ ਵਿੱਚ ਮਦਦ ਕਰ ਸਕੇ।
ਸਾਡੀਆਂ ਖੂਬੀਆਂ ਦੇ ਅਧਾਰ ‘ਤੇ ਅੱਗੇ ਵੱਧਣਾ
- ਵਿਦਿਆਰਥੀਆਂ ਲਈ ਕੈਂਪਸ 'ਤੇ ਰਿਹਾਇਸ਼ਾਂ ਬਣਾਉਣਾ। ਅਸੀਂ ਉਹਨਾਂ ਸਕੂਲਾਂ ਵਿੱਚ ਹੋਰ ਵਿਦਿਆਰਥੀ ਰਿਹਾਇਸ਼ੀ ਯੂਨਿਟ ਬਣਾਉਣ ਲਈ ਵਚਨਬੱਧ ਹਾਂ ਜਿੱਥੇ ਇਨ੍ਹਾਂ ਦੀ ਸਭ ਤੋਂ ਵੱਧ ਲੋੜ ਹੈ – 11,700 ਬੈਡ ਪਹਿਲਾਂ ਹੀ ਤਿਆਰ ਹਨ ਜਾਂ ਤਿਆਰ ਕੀਤੇ ਜਾ ਰਹੇ ਹਨ। ਇਸ ਨਾਲ ਵਿਦਿਆਰਥੀਆਂ ਨੂੰ ਇਹ ਸੋਚਣ ਦੀ ਬਜਾਏ ਕਿ ਕਿੱਥੇ ਰਹਿਣਾ ਹੈ, ਸਿੱਖਣ 'ਤੇ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਮਿਲਦੀ ਹੈ ਅਤੇ ਹੋਰਾਂ ਲਈ ਕਿਰਾਏ ਦੇ ਘਰ ਖਾਲੀ ਹੁੰਦੇ ਹਨ।
- ਕਿਫ਼ਾਇਤੀ ਬਾਲ-ਸੰਭਾਲ ਦਾ ਵਿਸਤਾਰ। ਅਸੀਂ ਬਾਲ-ਸੰਭਾਲ ਦੀਆਂ ਵਧੇਰੇ ਥਾਵਾਂ ਖੋਲ੍ਹ ਰਹੇ ਹਾਂ ਅਤੇ ਖਰਚੇ ਘਟਾਉਣ ਵਿੱਚ ਮਦਦ ਕਰ ਰਹੇ ਹਾਂ। ਪਰਿਵਾਰ ਲਾਇਸੈਂਸਸ਼ੁਦਾ ਬਾਲ-ਸੰਭਾਲ 'ਤੇ ਆਪਣੇ ਆਪ ਮਿਲਣ ਵਾਲੀ $900 ਤੱਕ ਬਚਤ ਕਰਦੇ ਹਨ ਅਤੇ ਕੁਝ ਹੋਰ ਵੀ ਬਚਤ ਕਰ ਸਕਦੇ ਹਨ ਜੇ ਉਹ ‘ਅਫੋਰਡੇਬਲ ਚਾਈਲਡ ਕੇਅਰ ਬੈਨਿਫ਼ਿਟ’ (Affordable Child Care Benefit) ਵਰਗੇ ਹੋਰ ਲਾਭਾਂ ਲਈ ਯੋਗ ਹਨ।
- ਨੌਜਵਾਨਾਂ ਦੀ ਰੁਜ਼ਗਾਰ ਸੇਵਾਵਾਂ ਅਤੇ ਸਿੱਖਿਆ ਤੱਕ ਪਹੁੰਚ ਵਿੱਚ ਮਦਦ। ਅਸੀਂ 15 ਤੋਂ 24 ਸਾਲ ਦੇ ਉਹਨਾਂ ਨੌਜਵਾਨਾਂ ਲਈ ਮੁਫ਼ਤ, ਢੁੱਕਵੀਆਂ ਕੀਤੀਆਂ ਸਹਾਇਤਾਵਾਂ ਮੁਹੱਈਆ ਕਰ ਰਹੇ ਹਾਂ ਜੋ ਰੁਜ਼ਗਾਰ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਦੇ ਹਨ। ਇਸ ਵਿੱਚ ਮੈਨਟਰਿੰਗ, ਹੁਨਰ ਸਿਖਲਾਈ, ਕੌਂਸਲਿੰਗ ਅਤੇ ਨੌਕਰੀ ਦੀ ਪਲੇਸਮੈਂਟ ਸ਼ਾਮਲ ਹਨ। ‘ਫਾਊਂਡਰੀ ਵਰਕ ਐਂਡ ਐਜੂਕੇਸ਼ਨ ਪ੍ਰੋਗਰਾਮ’ (Foundry’s Work and Education Program) ਬੀ.ਸੀ. ਦੇ 18 ਫਾਊਂਡਰੀ ਕੇਂਦਰਾਂ ਵਿੱਚ ਪੇਸ਼ ਕੀਤਾ ਜਾਂਦਾ ਹੈ ਅਤੇ ਹਰ ਸਾਲ 1,000 ਤੋਂ ਵੱਧ ਨੌਜਵਾਨਾਂ ਦੀ ਸਹਾਇਤਾ ਕਰਦਾ ਹੈ।
- ਸੰਭਾਲ ਵਿੱਚ ਰਹਿ ਚੁੱਕੇ ਨੌਜਵਾਨਾਂ ਲਈ ਟਿਊਸ਼ਨ ਮਾਫ ਕਰਨਾ। ਅਸੀਂ ਉਮਰ ਦੀਆਂ ਸੀਮਾਵਾਂ ਹਟਾ ਦਿੱਤੀਆਂ ਹਨ ਤਾਂ ਜੋ ਸੰਭਾਲ ਵਿੱਚ ਸਾਰੇ ਮੌਜੂਦਾ ਅਤੇ ਪਹਿਲਾਂ ਰਹਿ ਚੁੱਕੇ ਨੌਜਵਾਨਾਂ ਦੀ ਟਿਊਸ਼ਨ ਦਾ ਭੁਗਤਾਨ ਕੀਤਾ ਜਾ ਸਕੇ। ਇਸ ਵਿੱਚ ਸਰਟੀਫਿਕੇਟ, ਡਿਪਲੋਮਾ ਜਾਂ ਅੰਡਰਗ੍ਰੈਜੂਏਟ ਡਿਗਰੀਆਂ, ਅਪਰੈਂਟਿਸਸ਼ਿਪ ਪ੍ਰੋਗਰਾਮ ਅਤੇ ਲਗਾਤਾਰ ਚੱਲਣ ਵਾਲੇ ਸਿੱਖਿਆ ਕੋਰਸ ਸ਼ਾਮਲ ਹਨ। ਵਿਦਿਆਰਥੀ ‘ਲਰਨਿੰਗ ਫਾਰ ਫਿਊਚਰ ਗ੍ਰਾਂਟ’ (Learning for Future Grant) ਲਈ ਵੀ ਅਰਜ਼ੀ ਦੇ ਸਕਦੇ ਹਨ ਤਾਂ ਜੋ ਹਰ ਸਾਲ $3,500 ਤੱਕ ਦੇ ਵਧੇਰੇ ਸਿੱਖਿਆ-ਸਬੰਧੀ ਖਰਚੇ, ਜਿਵੇਂ ਕਿ ਕੰਪਿਊਟਰ, ਕਿਤਾਬਾਂ ਅਤੇ ਸਪਲਾਈਜ਼ ਦਾ ਭੁਗਤਾਨ ਕੀਤਾ ਜਾ ਸਕੇ।
- ਇਕੱਲੇ ਮਾਪਿਆਂ (single parents) ਦੀ ਸਿਖਲਾਈ ਤੱਕ ਪਹੁੰਚ ਵਿੱਚ ਮਦਦ। ਅਸੀਂ 2 ਸਾਲ ਤੱਕ ਦੀ ਸਿਖਲਾਈ ਜਾਂ ਤਨਖਾਹ ਵਾਲੇ ਕੰਮ ਦੇ ਤਜਰਬੇ ਦਾ ਭੁਗਤਾਨ ਕਰਕੇ ਆਮਦਨ ਜਾਂ ਅਪੰਗਤਾ ਸਹਾਇਤਾ 'ਤੇ ਰਹਿ ਰਹੇ ਇਕੱਲੇ ਮਾਪਿਆਂ ਦੀ ਸਹਾਇਤਾ ਕਰ ਰਹੇ ਹਾਂ, ਤਾਂ ਜੋ ਉਹ ਲੰਬੇ ਸਮੇਂ ਦੀ ਨੌਕਰੀ ਹਾਸਲ ਕਰ ਸਕਣ।
- ਰੁਜ਼ਗਾਰ ਅਤੇ ਹੁਨਰ ਸਿਖਲਾਈ ਪ੍ਰੋਗਰਾਮ। ਅਸੀਂ ਹਜ਼ਾਰਾਂ ਹੋਰ ਲੋਕਾਂ ਦੀ ਉਹ ਹੁਨਰ ਸਿੱਖਣ ਵਿੱਚ ਮਦਦ ਕਰ ਰਹੇ ਹਾਂ ਜੋ ਉਹਨਾਂ ਨੂੰ ਨੌਕਰੀ ਲੱਭਣ ਜਾਂ ਹੋਰ ਸਿੱਖਿਆ ਅਤੇ ਸਿਖਲਾਈ ਜਾਰੀ ਰੱਖਣ ਲਈ ਲੋੜੀਂਦੇ ਹਨ।
- ਵਿਕਾਸ ਸਬੰਧੀ ਅਪੰਗਤਾਵਾਂ ਵਾਲੇ ਨੌਜਵਾਨਾਂ ਲਈ ਮੌਕਿਆਂ ਵਿੱਚ ਵਾਧਾ। ਅਸੀਂ IMPACT ਪਾਇਲਟ ਪ੍ਰੋਜੈਕਟ ਦਾ 10 ਭਾਈਚਾਰਿਆਂ ਤੱਕ ਵਿਸਤਾਰ ਕੀਤਾ ਹੈ ਤਾਂ ਜੋ ਵਿਕਾਸ ਸਬੰਧੀ ਅਪੰਗਤਾ ਵਾਲੇ ਨੌਜਵਾਨਾਂ ਨੂੰ ਸਕੂਲ ਤੋਂ ਪੋਸਟ-ਸੈਕੰਡਰੀ ਸਿੱਖਿਆ ਵੱਲ ਤਬਦੀਲ ਕਰਨ ਵਿੱਚ ਜਾਂ ਕੰਮ ਲੱਭਣ ਵਿੱਚ ਮਦਦ ਮਿਲੇ।
ਹੋਰ ਜਾਣੋ
‘ਇੰਡੀਜਨਸ ਲੋਕਾਂ’ (ਮੂਲ ਨਿਵਾਸੀਆਂ) ਲਈ ਮੌਕਿਆਂ ਵਿੱਚ ਵਾਧਾ
ਬੀ.ਸੀ. ਫਰਸਟ ਨੇਸ਼ਨ, ਮੇਟੀ ਅਤੇ ਇਨੂਇਟ ਨਾਲ ਮਿਲ ਕੇ ਇੱਕ ਮਜ਼ਬੂਤ ਆਰਥਿਕਤਾ ਬਣਾਉਣ ਲਈ ਰਿਕੰਸਲੀਏਸ਼ਨ (ਮੇਲ-ਮਿਲਾਪ) ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ – ਇੱਕ ਅਜਿਹੀ ਆਰਥਿਕਤਾ ਜਿੱਥੇ ਮੂਲ ਨਿਵਾਸੀਆਂ ਨੂੰ ਸਿੱਖਿਆ, ਸਿਖਲਾਈ ਅਤੇ ਵਧੀਆ ਨੌਕਰੀਆਂ ਤੱਕ ਵਧੇਰੇ ਪਹੁੰਚ ਹੋਵੇ।
ਇਹ ਮੂਲ ਨਿਵਾਸੀਆਂ ਦੇ ਅਧਿਕਾਰਾਂ ਦਾ ਸਤਿਕਾਰ ਕਰਨ ਅਤੇ ਸਫਲਤਾ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਨਾਲ ਸ਼ੁਰੂ ਹੁੰਦਾ ਹੈ।
ਬੀ.ਸੀ. ਦੀਆਂ ਖੂਬੀਆਂ
- ਭਾਈਵਾਲੀ ਵਿੱਚ ਕੰਮ ਕਰਨਾ। ਅਸੀਂ ‘ਫਰਸਟ ਨੇਸ਼ਨਜ਼ ਐਜੂਕੇਸ਼ਨ ਸਟੀਅਰਿੰਗ ਕਮੇਟੀ’ (First Nations Education Steering Committee) ਅਤੇ ‘ਇੰਡੀਜਨਸ ਐਡਲਟ ਐਂਡ ਹਾਇਅਰ ਲਰਨਿੰਗ ਐਸੋਸੀਏਸ਼ਨ’ (Indigenous Adult and Higher Learning Association) ਨਾਲ ਮਿਲਕੇ ਕੰਮ ਕਰ ਰਹੇ ਹਾਂ ਤਾਂ ਜੋ ਸਿੱਖਿਆ ਅਤੇ ਸਿਖਲਾਈ ਪ੍ਰੋਗਰਾਮਾਂ ਦਾ ਵਿਸਤਾਰ ਕੀਤਾ ਜਾ ਸਕੇ ਅਤੇ ਕੁਝ ਪ੍ਰੋਗਰਾਮਾਂ ਨੂੰ ਫਰਸਟ ਨੇਸ਼ਨਜ਼ ਦੀ ਅਗਵਾਈ ਹੇਠ ਲਿਆਇਆ ਜਾ ਸਕੇ। ਅਸੀਂ Métis Nation BC ਅਤੇ ਹੋਰ ਮੂਲ ਨਿਵਾਸੀ ਸੰਸਥਾਵਾਂ ਨਾਲ ਵੀ ਸਿੱਖਿਆ ਅਤੇ ਸਿਖਲਾਈ ਦੇ ਮੌਕੇ ਵਧਾਉਣ ਲਈ ਕੰਮ ਕਰ ਰਹੇ ਹਾਂ।
ਸਾਡੀਆਂ ਖੂਬੀਆਂ ਦੇ ਅਧਾਰ ‘ਤੇ ਅੱਗੇ ਵੱਧਣਾ
- ਫਰਸਟ ਨੇਸ਼ਨਜ਼ ਅਤੇ ਮੇਟੀ ਸਿੱਖਿਆ ਅਤੇ ਸਿਖਲਾਈ ਪ੍ਰੋਗਰਾਮਾਂ ਦਾ ਵਿਸਤਾਰ। ਅਸੀਂ ਭਾਈਚਾਰਾ-ਅਧਾਰਿਤ ਸਿੱਖਿਆ ਅਤੇ ਸਿਖਲਾਈ ਪ੍ਰੋਗਰਾਮਾਂ ਨੂੰ ਤਿਆਰ ਕਰਨ ਅਤੇ ਲਾਗੂ ਕਰਨ ਲਈ ਆਰਥਿਕ ਸਹਾਇਤਾ ਦੇ ਰਹੇ ਹਾਂ, ਤਾਂ ਜੋ ਹੁਨਰਾਂ ਨੂੰ ਸੁਧਾਰਿਆ ਜਾ ਸਕੇ, ਪ੍ਰਮਾਣ-ਪੱਤਰ ਲਏ ਜਾ ਸਕਣ, ਵਧੀਆ ਨੌਕਰੀਆਂ ਮਿਲ ਸਕਣ ਅਤੇ ਸਥਾਨਕ ਆਰਥਿਕਤਾਵਾਂ ਨੂੰ ਸਹਾਇਤਾ ਮਿਲੇ।
- ਫਰਸਟ ਨੇਸ਼ਨਜ਼ ਵੱਲੋਂ ਨਿਯਮਤ ਪੋਸਟ-ਸੈਕੰਡਰੀ ਸੰਸਥਾਵਾਂ ਦੀ ਸਹਾਇਤਾ। ਅਸੀਂ ਯੋਗ ਫਰਸਟ ਨੇਸ਼ਨਜ਼ ਵੱਲੋਂ ਨਿਯਮਤ ਸੰਸਥਾਵਾਂ ਨੂੰ ਸਥਿਰ ਆਰਥਿਕ ਸਹਾਇਤਾ ਦੇ ਰਹੇ ਹਾਂ ਤਾਂ ਜੋ ਵਿਦਿਆਰਥੀ ਆਪਣੇ ਭਾਈਚਾਰਿਆਂ ਵਿੱਚ, ਆਪਣੇ ਸੱਭਿਆਚਾਰ ਅਤੇ ਭਾਸ਼ਾਵਾਂ ਨਾਲ ਜੁੜੀਆਂ ਥਾਵਾਂ ਵਿੱਚ ਸਿੱਖਣਾ ਜਾਰੀ ਰੱਖ ਸਕਣ।
- ਫਰਸਟ ਨੇਸ਼ਨਜ਼ ਅਤੇ ਮੇਟੀ ਭਾਸ਼ਾਵਾਂ ਨੂੰ ਮੁੜ-ਸੁਰਜੀਤ ਕਰਨਾ। ਅਸੀਂ ਉਹਨਾਂ ਪ੍ਰੋਗਰਾਮਾਂ ਨੂੰ ਆਰਥਿਕ ਸਹਾਇਤਾ ਦੇ ਰਹੇ ਹਾਂ ਜੋ ਮੂਲ ਨਿਵਾਸੀ ਭਾਸ਼ਾਵਾਂ ਸਿਖਾਉਂਦੇ ਹਨ, ਜਿਸ ਵਿੱਚ ਭਾਸ਼ਾ ਨਿਪੁੰਨਤਾ ਵਿੱਚ ਯੂਨੀਵਰਸਿਟੀ ਡਿਗਰੀਆਂ ਵੀ ਸ਼ਾਮਲ ਹਨ। ਇਹ ਖ਼ਤਰੇ ਵਿੱਚ ਪਈਆਂ ਭਾਸ਼ਾਵਾਂ ਨੂੰ ਬਚਾਉਣ ਵਿੱਚ ਮਦਦ ਕਰਦਾ ਹੈ।
- ਵਧੇਰੇ ਮੂਲ ਨਿਵਾਸੀ ਅਧਿਆਪਕਾਂ ਦੀ ਸਿਖਲਾਈ ਅਤੇ ਭਰਤੀ। ਅਸੀਂ ਉਹਨਾਂ ਪਹਿਲਕਦਮੀਆਂ ਦੀ ਸਹਾਇਤਾ ਕਰ ਰਹੇ ਹਾਂ ਜੋ ਮੂਲ ਨਿਵਾਸੀ ਅਧਿਆਪਕਾਂ ਦੀ ਭਰਤੀ, ਸਿਖਲਾਈ ਅਤੇ ਉਹਨਾਂ ਨੂੰ ਕੰਮ ‘ਤੇ ਬਰਕਰਾਰ ਰੱਖਣ ਨੂੰ ਸੁਧਾਰਨ ਲਈ ਹਨ, ਤਾਂ ਜੋ ਹੋਰ ਵਿਦਿਆਰਥੀ ਆਪਣੇ ਆਪ ਨੂੰ ਕਲਾਸਰੂਮ ਵਿੱਚ ਪ੍ਰਤੀਨਿਧ ਹੁੰਦਾ ਦੇਖ ਸਕਣ ਅਤੇ ਮੂਲ ਨਿਵਾਸੀ ਇਤਿਹਾਸ, ਸੱਭਿਆਚਾਰ ਅਤੇ ਗਿਆਨ ਤੋਂ ਲਾਭ ਲੈ ਸਕਣ।
- ਫਰਸਟ ਨੇਸ਼ਨਜ਼ ਗਾਰਡੀਅਨਜ਼ ਨਾਲ ਸਾਂਝੇ ਤੌਰ 'ਤੇ ਕੰਮ ਕਰਨਾ। ਅਸੀਂ ਕੁਦਰਤੀ ਸਰੋਤ ਖੇਤਰ ਵਿੱਚ ਉਹਨਾਂ ਗਾਰਡੀਅਨ ਪ੍ਰੋਗਰਾਮਾਂ ਨਾਲ ਸਾਂਝੇ ਤੌਰ 'ਤੇ ਕੰਮ ਕਰ ਰਹੇ ਹਾਂ ਤਾਂ ਜੋ ਧਰਤੀ, ਪਾਣੀ ਅਤੇ ਸੱਭਿਆਚਾਰ ਦੀ ਦੇਖਭਾਲ ਕੀਤੀ ਜਾ ਸਕੇ। ਇਹ ਭਾਈਵਾਲੀਆਂ ਸੰਭਾਲ, ਰਿਕੰਸਲੀਏਸ਼ਨ (ਮੇਲ-ਮਿਲਾਪ) ਅਤੇ ਟਿਕਾਊ ਆਰਥਿਕ ਵਿਕਾਸ ਦੇ ਸਾਂਝੇ ਟੀਚਿਆਂ ਨੂੰ ਹਾਸਲ ਕਰਨ ਵਿੱਚ ਮਦਦ ਕਰਦੀਆਂ।
ਹੋਰ ਜਾਣੋ
ਬੀ.ਸੀ. ਵਿੱਚ ਨਵੇਂ ਆਏ ਲੋਕਾਂ ਲਈ ਪ੍ਰਮਾਣ-ਪੱਤਰ ਮਾਨਤਾ ਪ੍ਰਕਿਰਿਆ ਨੂੰ ਸੌਖਾ ਬਣਾਉਣਾ
ਬੀ.ਸੀ. ਹੋਰ ਸੂਬਿਆਂ ਅਤੇ ਦੇਸ਼ਾਂ ਤੋਂ ਪ੍ਰਮਾਣ-ਪੱਤਰਾਂ ਨੂੰ ਮਾਨਤਾ ਦੇਣ ਦੀ ਪ੍ਰਕਿਰਿਆ ਨੂੰ ਵਧੇਰੇ ਤੇਜ਼, ਅਸਾਨ ਅਤੇ ਨਿਰਪੱਖ ਬਣਾ ਰਿਹਾ ਹੈ – ਤਾਂ ਜੋ ਹੁਨਰਮੰਦ ਕਿੱਤਿਆਂ ਵਿੱਚ ਕੰਮ ਕਰਨ ਵਾਲੇ ਲੋਕ ਅਤੇ ਪੇਸ਼ੇਵਰ ਜਲਦੀ ਕੰਮ ਸ਼ੁਰੂ ਕਰ ਸਕਣ। ਇਸ ਨਾਲ ਸਾਨੂੰ ਉੱਚ-ਪੱਧਰ ਦੇ ਪ੍ਰਤਿਭਾਸ਼ਾਲੀ ਲੋਕ ਆਕਰਸ਼ਿਤ ਕਰਨ ਅਤੇ ਕਾਰਜਬਲ ਦੀ ਘਾਟ ਨੂੰ ਪੂਰਾ ਕਰਨ ਵਿੱਚ ਮਦਦ ਮਿਲਦੀ ਹੈ।
ਬੀ.ਸੀ. ਦੀਆਂ ਖੂਬੀਆਂ
- ਹੁਨਰਮੰਦ ਕਰਮਚਾਰੀਆਂ ਦੀ ਉੱਚ-ਮੰਗ। ਬੀ.ਸੀ. ਵਧੀਆ ਤਨਖਾਹਾਂ, ਜੀਵਨ ਦੀ ਉੱਚ ਗੁਣਵੱਤਾ ਅਤੇ ਮਜ਼ਬੂਤ ਸਰਕਾਰੀ ਸੇਵਾਵਾਂ ਮੁਹੱਈਆ ਕਰਦਾ ਹੈ, ਜੋ ਇਸਨੂੰ ਕੈਨੇਡਾ ਅਤੇ ਦੁਨੀਆ ਭਰ ਤੋਂ ਹੁਨਰਮੰਦ ਕਰਮਚਾਰੀਆਂ ਲਈ ਇੱਕ ਆਕਰਸ਼ਕ ਮੰਜ਼ਿਲ ਬਣਾਉਂਦੇ ਹਨ।
ਸਾਡੀਆਂ ਖੂਬੀਆਂ ਦੇ ਅਧਾਰ ‘ਤੇ ਅੱਗੇ ਵੱਧਣਾ
- ਕੈਨੇਡਾ ਵਿੱਚ ‘ਲੇਬਰ ਮੋਬਿਲਿਟੀ’ ਦੀਆਂ ਰੁਕਾਵਟਾਂ ਘਟਾਉਣਾ। ਅਸੀਂ ਹੋਰ ਸੂਬਿਆਂ ਅਤੇ ਖੇਤਰਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਜੋ ਨਿਯਮਿਤ ਟ੍ਰੇਡਜ਼ ਅਤੇ ਪੇਸ਼ੇਵਰ ਲੋਕਾਂ ਲਈ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਕੰਮ ਕਰਨਾ ਵਧੇਰੇ ਅਸਾਨ ਹੋਸਕੇ। * ਲੇਬਰ ਮੋਬਿਲਿਟੀ - ਰੁਜ਼ਗਾਰ ਦੇ ਉਦੇਸ਼ ਲਈ ਕਾਮਿਆਂ ਦਾ ਦੇਸ਼ ਭਰ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਜਾਣਾ।
- ਅੰਤਰਰਾਸ਼ਟਰੀ ਪ੍ਰਮਾਣ-ਪੱਤਰਾਂ ਨੂੰ ਮਾਨਤਾ ਦਿਵਾਉਣ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣਾ। ਅਸੀਂ 29 ਨਿਯਮਿਤ ਪੇਸ਼ਿਆਂ, ਜਿਵੇਂ ਇੰਜੀਨੀਅਰਿੰਗ ਅਤੇ ਅਧਿਆਪਨ, ਵਿੱਚ ਪ੍ਰਮਾਣ-ਪੱਤਰ ਮਾਨਤਾ ਪ੍ਰਕਿਰਿਆ ਨੂੰ ਤੇਜ਼ ਅਤੇ ਨਿਰਪੱਖ ਬਣਾਉਣ ਲਈ ਦਫ਼ਤਰੀ ਢਿੱਲ ਸਬੰਧੀ ਰੁਕਾਵਟਾਂ ਹਟਾ ਰਹੇ ਹਾਂ। ਇਸ ਵਿੱਚ ਕੈਨੇਡੀਅਨ ਕੰਮ ਦੇ ਅਣਉਚਿਤ ਤਜਰਬੇ ਦੇ ਨਿਯਮ ਹਟਾਉਣਾ, ਫੀਸਾਂ ਨੂੰ ਨਿਰਪੱਖ ਰੱਖਣਾ, ਬਾਰ-ਬਾਰ ਭਾਸ਼ਾ ਟੈਸਟ ਦੇਣ ਦੀ ਲੋੜ ਨੂੰ ਘਟਾਉਣਾ, ਅਤੇ ਨਿਯਮਕਰਤਾਵਾਂ ਨੂੰ ਜਵਾਬਦੇਹ ਬਣਾਉਣਾ ਸ਼ਾਮਲ ਹੈ।
- ਕੈਨੇਡੀਅਨ ਹੈਲਥ ਵਰਕਰ ਪ੍ਰਮਾਣ-ਪੱਤਰਾਂ ਦੀ ਮਾਨਤਾ ਪ੍ਰਕਿਰਿਆ ਨੂੰ ਤੇਜ਼ ਕਰਨਾ। ਅਸੀਂ ਪੇਸ਼ੇਵਰ ਕਾਲਜਾਂ ਲਈ ਹੋਰ ਸੂਬਿਆਂ ਤੋਂ ਆਏ ਉਨ੍ਹਾਂ ਸਿਹਤ ਸੰਭਾਲ ਪੇਸ਼ੇਵਰਾਂ ਦੇ ਪ੍ਰਮਾਣ-ਪੱਤਰਾਂ ਨੂੰ ਮਾਨਤਾ ਦੇਣਾ ਲਾਜ਼ਮੀ ਬਣਾ ਰਹੇ ਹਾਂ, ਜੋ ਇਸ ਵੇਲੇ ਨਿਯਮਾਂ ਅਨੁਸਾਰ ਕੰਮ ਕਰ ਰਹੇ ਹਨ।
- ਅਮਰੀਕੀ ਡਾਕਟਰਾਂ ਅਤੇ ਨਰਸਾਂ ਦੇ ਪ੍ਰਮਾਣ-ਪੱਤਰਾਂ ਨੂੰ ਮਾਨਤਾ ਦੇਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣਾ। ਪ੍ਰਮਾਣਿਤ ਅਮਰੀਕੀ-ਸਿਖਲਾਈ ਪ੍ਰਾਪਤ ਡਾਕਟਰ ਬੀ.ਸੀ. ਵਿੱਚ ਬਿਨਾਂ ਹੋਰ ਮੁਲਾਂਕਣ, ਪ੍ਰੀਖਿਆ ਜਾਂ ਸਿਖਲਾਈ ਦੇ ਪੂਰੀ ਤਰ੍ਹਾਂ ਲਾਇਸੈਂਸਸ਼ੁਦਾ ਬਣ ਸਕਦੇ ਹਨ। ਨਰਸ ਹੁਣ ਤੀਜੇ-ਧਿਰ ਦੇ ਮੁਲਾਂਕਣ ਤੋਂ ਬਿਨਾਂ, ਸਿੱਧੇ ਆਪਣੇ ਲਾਇਸੈਂਸ ਦੀ ਅਰਜ਼ੀ ਦੇ ਸਕਦੇ ਹਨ।
- ਅੰਤਰਰਾਸ਼ਟਰੀ ਡਾਕਟਰਾਂ ਲਈ ਰਾਹ ਸੌਖਾ ਕਰਨਾ। ਅਸੀਂ ਕੈਨੇਡਾ ਅਤੇ ਅਮਰੀਕਾ ਤੋਂ ਬਾਹਰ ਸਿਖਲਾਈ-ਪ੍ਰਾਪਤ ਡਾਕਟਰਾਂ ਲਈ ‘ਲਾਇਸੈਂਸ਼ੀਏਟ ਆਫ ਮੈਡੀਕਲ ਕੌਂਸਲ ਆਫ ਕੈਨੇਡਾ’ (Licentiate of the Medical Council of Canada) ਦੀ ਲੋੜ ਹਟਾ ਦਿੱਤੀ ਹੈ, ਜਿਸ ਨਾਲ ਉਹਨਾਂ ਨੂੰ $1,500 ਦੀ ਬਚਤ ਹੋਈ ਅਤੇ ਮਾਨਤਾ ਪ੍ਰਕਿਰਿਆ ਨੂੰ ਕਈ ਹਫ਼ਤਿਆਂ ਤੱਕ ਘਟਾਇਆ ਗਿਆ। ਪ੍ਰਸਤਾਵਿਤ ਰਾਸ਼ਟਰੀ ਬਾਏ-ਲਾਅ ਤਬਦੀਲੀਆਂ, ਮਨਜ਼ੂਰਸ਼ੁਦਾ ਦੇਸ਼ਾਂ (ਜਿਵੇਂ UK ਅਤੇ ਆਸਟ੍ਰੇਲੀਆ) ਵਿੱਚ ਸਿਖਲਾਈ-ਪ੍ਰਾਪਤ ਡਾਕਟਰਾਂ ਲਈ ਸਿੱਧੇ ਲਾਇਸੈਂਸ ਲੈਣ ਦਾ ਰਾਹ ਤਿਆਰ ਕਰਨਗੀਆਂ।
- ’ਪ੍ਰੈਕਟਿਸ ਰੈਡੀ ਅਸੈਸਮੈਂਟ ਪ੍ਰੋਗਰਾਮ' (Practice Ready Assessment Program) ਦਾ ਵਿਸਤਾਰ। ਅਸੀਂ ਉਹਨਾਂ ਅੰਤਰਰਾਸ਼ਟਰੀ ਤੌਰ 'ਤੇ ਸਿੱਖਿਆ-ਪ੍ਰਾਪਤ ਡਾਕਟਰਾਂ ਲਈ ਸੀਟਾਂ ਦੀ ਗਿਣਤੀ ਤਿੰਨ ਗੁਣਾ ਕਰ ਦਿੱਤੀ ਹੈ ਜਿਨ੍ਹਾਂ ਨੇ ਕੈਨੇਡਾ ਤੋਂ ਬਾਹਰ ਫੈਮਿਲੀ ਮੈਡਿਸਿਨ ਰੈਜ਼ੀਡੈਂਸੀਆਂ ਪੂਰੀਆਂ ਕੀਤੀਆਂ ਹਨ, ਤਾਂ ਜੋ ਉਹ ਬੀ.ਸੀ. ਵਿੱਚ ਤਜਰਬਾ ਲੈ ਸਕਣ। ਇਹ ਪ੍ਰੋਗਰਾਮ ਡਾਕਟਰਾਂ ਨੂੰ ਪੂਰੀ ਤਰ੍ਹਾਂ ਲਾਇਸੈਂਸ ਹਾਸਲ ਕਰਨ ਲਈ ਇੱਕ ਵਿਕਲਪਕ ਰਾਹ ਦਿੰਦਾ ਹੈ, ਅਤੇ ਨਾਲ ਹੀ ਲੋੜੀਂਦੇ ਭਾਈਚਾਰਿਆਂ ਨੂੰ ਪ੍ਰਾਇਮਰੀ ਕੇਅਰ (ਮੁੱਢਲੀ ਸੰਭਾਲ) ਸੇਵਾਵਾਂ ਮੁਹੱਈਆ ਕਰਦਾ ਹੈ।
- ਹੁਨਰਮੰਦ ਪ੍ਰਵਾਸੀਆਂ ਲਈ ਰੁਜ਼ਗਾਰ ਦੇ ਮਾਰਗ ਉਪਲਬਧ ਕਰਵਾਉਣ ਦੇ ਪ੍ਰੋਗਰਾਮ (Career Paths for Skilled Immigrants Program) ਦਾ ਵਿਸਤਾਰ। ਅਸੀਂ ਹੋਰ ਲੋਕਾਂ ਨੂੰ ਪ੍ਰੋਗਰਾਮ ਲਈ ਯੋਗ ਬਣਾਇਆ ਹੈ, ਵਧੇਰੇ ਤਰਜੀਹ ਵਾਲੀਆਂ ਹੋਰ ਨੌਕਰੀਆਂ ਸ਼ਾਮਲ ਕੀਤੀਆਂ ਹਨ ਜੋ ਵਧੀਆ ਸੇਵਾਵਾਂ ਪ੍ਰਾਪਤ ਕਰਦੀਆਂ ਹਨ, ਅਤੇ ਆਰਥਿਕ ਸਹਾਇਤਾ ਵਧਾਈ ਹੈ ਤਾਂ ਜੋ ਕਲਾਇੰਟ ਯੋਗਤਾ ਦੀਆਂ ਲੋੜਾਂ ਪੂਰੀਆਂ ਕਰ ਸਕਣ ਅਤੇ ਬੀ.ਸੀ. ਵਿੱਚ ਕੰਮ ਸ਼ੁਰੂ ਕਰ ਸਕਣ।
ਹੋਰ ਜਾਣੋ
ਕਰਮਚਾਰੀਆਂ ਦੀ ਸੁਰੱਖਿਆ ਅਤੇ ਕੰਮ ਕਰਨ ਦੀਆਂ ਪਰਿਸਥਿਤੀਆਂ ਵਿੱਚ ਸੁਧਾਰ
ਬੀ.ਸੀ. ਸੁਰੱਖਿਅਤ, ਨਿਰਪੱਖ ਅਤੇ ਸਿਹਤਮੰਦ ਕੰਮ ਦੀਆਂ ਥਾਵਾਂ ਮੁਹੱਈਆ ਕਰਨ ਲਈ ਵਚਨਬੱਧ ਹੈ। ਜਦੋਂ ਕੰਮ ਦੀਆਂ ਥਾਵਾਂ ਸੁਰੱਖਿਅਤ ਅਤੇ ਨਿਰਪੱਖ ਹੁੰਦੀਆਂ ਹਨ, ਤਾਂ ਕਰਮਚਾਰੀ ਅਤੇ ਕਾਰੋਬਾਰ, ਦੋਵੇਂ ਵਧੀਆ ਪ੍ਰਦਰਸ਼ਨ ਕਰਦੇ ਹਨ।
ਬੀ.ਸੀ. ਦੀਆਂ ਖੂਬੀਆਂ
- ਕਰਮਚਾਰੀਆਂ ਦੇ ਮਜ਼ਬੂਤ ਅਧਿਕਾਰ ਅਤੇ ਕੰਮ ਦੀ ਥਾਂ ਦੇ ਨਿਯਮ। ਬੀ.ਸੀ. ਦੇ ਰੁਜ਼ਗਾਰ ਮਿਆਰ ਅਤੇ ਕਾਰਜਸਥਲ ਸੁਰੱਖਿਆ ਨਿਯਮ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹਨ ਕਿ ਲੋਕ ਸੁਰੱਖਿਅਤ ਪਰਿਸਥਿਤੀਆਂ ਵਿੱਚ ਕੰਮ ਕਰਦੇ ਹਨ, ਨਿਰਪੱਖ ਤਨਖਾਹ ਪ੍ਰਾਪਤ ਕਰਦੇ ਹਨ, ਅਤੇ ਉਨ੍ਹਾਂ ਨਾਲ ਸਤਿਕਾਰ-ਭਰਿਆ ਵਰਤਾਅ ਕੀਤਾ ਜਾਂਦਾ ਹੈ। ਇਹ ਨਿਯਮ ਕੰਮ ਦੀਆਂ ਥਾਵਾਂ ਵਿੱਚ ਸਥਿਰਤਾ ਅਤੇ ਨਿਰਪੱਖਤਾ ਪੈਦਾ ਕਰਕੇ ਕਰਮਚਾਰੀਆਂ ਅਤੇ ਰੁਜ਼ਗਾਰ ਦੇਣ ਵਾਲਿਆਂ, ਦੋਵਾਂ ਦੀ ਸਹਾਇਤਾ ਕਰਦੇ ਹਨ।
ਸਾਡੀਆਂ ਖੂਬੀਆਂ ਦੇ ਅਧਾਰ ‘ਤੇ ਅੱਗੇ ਵੱਧਣਾ
- ‘ਮਿਨਿਮਮ ਵੇਜ’ (ਪ੍ਰਤੀ ਘੰਟਾ ਘੱਟ ਤੋਂ ਘੱਟ ਭੁਗਤਾਨ) ਵਿੱਚ ਵਾਧਾ। ਬੀ.ਸੀ. ਦੀ ‘ਮਿਨੀਮਮ ਵੇਜ’ ਦੇਸ਼ ਭਰ ਵਿੱਚ ਸਭ ਤੋਂ ਘੱਟ ਤੋਂ ਵੱਧ ਕੇ ਸਭ ਤੋਂ ਵੱਧ ਵਿੱਚੋਂ ਇੱਕ ਹੋ ਗਈ ਹੈ। ਹੁਣ ਇਹ ਹਰ ਸਾਲ ਆਪਣੇ ਆਪ ਪਿਛਲੇ ਸਾਲ ਦੀ ਔਸਤ ਮਹੀਨਾਵਾਰ ਮਹਿੰਗਾਈ ਦਰ ਦੇ ਅਧਾਰ 'ਤੇ ਵਧਾਈ ਜਾਂਦੀ ਹੈ। ਇਸ ਨਾਲ ਕਰਮਚਾਰੀਆਂ ਨੂੰ ਰਹਿਣ-ਸਹਿਣ ਦੇ ਖਰਚਿਆਂ ਨਾਲ ਕਦਮ ਮਿਲਾਉਣ ਵਿੱਚ ਮਦਦ ਮਿਲਦੀ ਹੈ ਅਤੇ ਕਾਰੋਬਾਰਾਂ ਨੂੰ ਵਧੇਰੇ ਸਪੱਸ਼ਟਤਾ ਮਿਲਦੀ ਹੈ ਅਤੇ ਉਨ੍ਹਾਂ ਨੂੰ ਪਤਾ ਰਹਿੰਦਾ ਹੈ ਕਿ ਭਵਿੱਖ ਵਿੱਚ ਕੀ ਉਮੀਦ ਕੀਤੀ ਜਾ ਸਕਦੀ ਹੈ।
- ‘ਪੇਡ ਸਿੱਕ ਲੀਵ’ (ਤਨਖਾਹ ਸਮੇਤ ਬਿਮਾਰੀ ਲਈ ਛੁੱਟੀ)। ਬੀ.ਸੀ. ਕੈਨੇਡਾ ਵਿੱਚ ਪਹਿਲਾ ਸੂਬਾ ਸੀ ਜਿਸ ਨੇ ਇੰਪਲੌਇਮੈਂਟ ਸਟੈਂਡਰਡਜ਼ ਐਕਟ ਦੇ ਅਧੀਨ ਸਾਰੇ ਕਰਮਚਾਰੀਆਂ ਲਈ ਹਰ ਸਾਲ ਬਿਮਾਰੀ ਲਈ ਘੱਟੋ-ਘੱਟ 5 ਤਨਖਾਹ ਸਮੇਤ ਛੁੱਟੀਆਂ ਲਾਜ਼ਮੀ ਕੀਤੀਆਂ। ਛੋਟੇ ਸਮੇਂ ਦੀ ਬਿਮਾਰੀ ਲਈ ਕਰਮਚਾਰੀਆਂ ਨੂੰ ਡਾਕਟਰ ਤੋਂ ਨੋਟ ਦੀ ਲੋੜ ਨਹੀਂ। ਇਸ ਨਾਲ ਕਰਮਚਾਰੀ ਸਿਹਤਮੰਦ ਰਹਿੰਦੇ ਹਨ, ਕੰਮ 'ਤੇ ਬਿਮਾਰੀ ਦੇ ਫੈਲਾਅ ਨੂੰ ਘਟਾਇਆ ਜਾਂਦਾ ਹੈ, ਕੰਮ ਕਰਨ ਦੀ ਸਮਰੱਥਾ ਅਤੇ ਮਨੋਬਲ ਵਿੱਚ ਸੁਧਾਰ ਹੁੰਦਾ ਹੈ।
- ਤਨਖਾਹਾਂ ਦੇ ਅੰਤਰ ਘਟਾਉਣਾ। ਬੀ.ਸੀ. ਲੋਕਾਂ ਨੂੰ ਇੱਕੋ ਕੰਮ ਲਈ ਇੱਕੋ-ਜਿਹੀ ਤਨਖਾਹ ਲੈਣ ਵਿੱਚ ਮਦਦ ਕਰਨ ਲਈ ਕੰਮ ਕਰ ਰਿਹਾ ਹੈ। ਰੁਜ਼ਗਾਰ ਦੇਣ ਵਾਲਿਆਂ ਨੂੰ ਨੌਕਰੀਆਂ ਦੇ ਇਸ਼ਤਿਹਾਰਾਂ ਵਿੱਚ ਤਨਖਾਹ ਦੀ ਜਾਣਕਾਰੀ ਸ਼ਾਮਲ ਕਰਨੀ ਲਾਜ਼ਮੀ ਹੈ, ਅਤੇ ਉਹ ਕਿਸੇ ਵਿਅਕਤੀ ਦੀ ਤਨਖਾਹ ਦੇ ਇਤਿਹਾਸ ਬਾਰੇ ਨਹੀਂ ਪੁੱਛ ਸਕਦੇ। ਕਰਮਚਾਰੀਆਂ ਨੂੰ ਆਪਣੀ ਤਨਖਾਹ ਬਾਰੇ ਗੱਲ ਕਰਨ ਲਈ ਸਜ਼ਾ ਨਹੀਂ ਦਿੱਤੀ ਜਾ ਸਕਦੀ। ਵੱਡੇ-ਪੱਧਰ ਦੇ ਰੁਜ਼ਗਾਰ ਦੇਣ ਵਾਲਿਆਂ ਨੂੰ ਮਰਦਾਂ ਅਤੇ ਔਰਤਾਂ ਦੇ ਵਿਚਕਾਰ ਲਿੰਗ ਅਧਾਰਿਤ ਤਨਖਾਹ ਦੇ ਅੰਤਰਾਂ ਦੀ ਰਿਪੋਰਟ ਕਰਨੀ ਲਾਜ਼ਮੀ ਹੈ। ਇਹ ਬਦਲਾਅ ਭੇਦਭਾਵ ਘਟਾਉਣ ਅਤੇ ਸੂਬੇ ਭਰ ਵਿੱਚ ਨਿਰਪੱਖ ਤਨਖਾਹ ਦਾ ਸਮਰਥਨ ਕਰਨ ਵਿੱਚ ਮਦਦ ਕਰਦੇ ਹਨ।
- ਗਿੱਗ ਕਰਮਚਾਰੀਆਂ ਦੀ ਸੁਰੱਖਿਆ। ਬੀ.ਸੀ. ਕੈਨੇਡਾ ਵਿੱਚ ਪਹਿਲਾ ਸੂਬਾ ਹੈ ਜਿਸ ਨੇ ਐਪ-ਅਧਾਰਿਤ ਰਾਈਡ-ਹੇਲ ਅਤੇ ਡਿਲਿਵਰੀ ਸੇਵਾ ਕਰਮਚਾਰੀਆਂ ਲਈ ਮੁੱਢਲੇ ਅਧਿਕਾਰ ਅਤੇ ਲਾਭ ਯਕੀਨੀ ਬਣਾਏ ਹਨ – ਜਿਵੇਂ ਕਰਮਚਾਰੀ ਮੁਆਵਜ਼ਾ, ਨਿਰਪੱਖ ਤਨਖਾਹ, ਟਿਪ ਸੁਰੱਖਿਆ ਅਤੇ ਨੌਕਰੀ ਤੋਂ ਮੁਅੱਤਲ ਹੋਣ ਜਾਂ ਕੰਮ ਤੋਂ ਕੱਢੇ ਜਾਣ ਸਬੰਧੀ ਸਪੱਸ਼ਟ ਨਿਯਮ।
- ਐਸਬੈਸਟਸ ਤੋਂ ਕਰਮਚਾਰੀਆਂ ਦੀ ਸੁਰੱਖਿਆ। ਬੀ.ਸੀ. ਕੈਨੇਡਾ ਵਿੱਚ ਪਹਿਲਾ ਸੂਬਾ ਹੈ ਜਿਸ ਨੇ ਸਾਰੇ ਐਸਬੈਸਟਸ ਹਟਾਉਣ ਵਾਲੇ ਠੇਕੇਦਾਰਾਂ ਨੂੰ ਲਾਇਸੈਂਸ ਲੈਣ ਅਤੇ ਕਰਮਚਾਰੀਆਂ ਲਈ ਸਹੀ ਸਿਖਲਾਈ ਅਤੇ ਪ੍ਰਮਾਣੀਕਰਨ ਨੂੰ ਯਕੀਨੀ ਬਣਾਉਣ ਦੀ ਲੋੜ ਨੂੰ ਲਾਜ਼ਮੀ ਕੀਤਾ ਹੈ। ਐਸਬੈਸਟਸ-ਸਬੰਧੀ ਬਿਮਾਰੀਆਂ ਸੂਬੇ ਵਿੱਚ ਕਾਰਜਸਥਲ-ਸਬੰਧੀ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਹਨ।
ਹੋਰ ਜਾਣੋ


ਸਭ ਲਈ ਸਾਂਝੀ ਖੁਸ਼ਹਾਲੀ ਸਿਰਜਣਾ
ਫਰਸਟ ਨੇਸ਼ਨਜ਼ ਨਾਲ ਭਾਈਵਾਲੀ ਵਿੱਚ, ਅਸੀਂ ਸਭ ਲਈ ਵਧੀਆ ਭਵਿੱਖ ਬਣਾਉਣ ਲਈ ਕੰਮ ਕਰ ਰਹੇ ਹਾਂ। ਇਸ ਵਿੱਚ ਆਰਥਿਕ ਮੌਕਿਆਂ ਦਾ ਲਾਭ ਲੈਣਾ, ਬੀ.ਸੀ. ਦੀ ਧਰਤੀ ਅਤੇ ਪਾਣੀ ਦੀ ਸੁਰੱਖਿਆ ਕਰਨੀ, ਨਿਵੇਸ਼ ਆਕਰਸ਼ਿਤ ਕਰਨਾ, ਅਤੇ ਸੂਬੇ ਭਰ ਦੇ ਭਾਈਚਾਰਿਆਂ ਵਿੱਚ ਨੌਕਰੀਆਂ, ਸਥਿਰਤਾ ਅਤੇ ਵਿਕਾਸ ਪੈਦਾ ਕਰਨਾ ਸ਼ਾਮਲ ਹੈ।
ਹੋਰ ਵਧੀਆ ਨੌਕਰੀਆਂ
ਬੀ.ਸੀ., ਫਰਸਟ ਨੇਸ਼ਨਜ਼ ਨਾਲ ਮਿਲ ਕੇ ਅਰਬਾਂ ਡਾਲਰ ਦੇ ਵਾਤਾਵਰਨ ਪੱਖੋਂ ਸਾਫ਼ ਊਰਜਾ ਵਾਲੇ ਪ੍ਰੋਜੈਕਟ ਤਿਆਰ ਕਰ ਰਿਹਾ ਹੈ, ਜੋ ਆਰਥਿਕਤਾ ਨੂੰ ਵਧਾਉਣਗੇ ਅਤੇ ਹਜ਼ਾਰਾਂ ਨੌਕਰੀਆਂ ਪੈਦਾ ਕਰਨਗੇ।
ਲੋਕਾਂ ਲਈ ਹੋਰ ਘਰ
ਫਰਸਟ ਨੇਸ਼ਨਜ਼ ਅਤੇ ਇੰਡੀਜਨਸ ਸੰਸਥਾਵਾਂ ਨਾਲ ਭਾਈਵਾਲੀ ਰਾਹੀਂ ਬੀ.ਸੀ. ਵਿੱਚ ਰਹਿਣ ਵਾਲੇ ਲੋਕਾਂ ਲਈ ਹਜ਼ਾਰਾਂ ਘਰ ਬਣਾਏ ਗਏ ਹਨ।
ਵਧੇਰੇ ਤਨਖਾਹਾਂ
ਟ੍ਰੀਟੀ (ਸੰਧੀਆਂ) ਅਤੇ ਹੋਰ ਸਮਝੌਤਿਆਂ ਨੇ ਫਰਸਟ ਨੇਸ਼ਨਜ਼ ਅਤੇ ਉਨ੍ਹਾਂ ਦੇ ਗੈਰ-ਇੰਡੀਜਨਸ ਗੁਆਂਢੀਆਂ ਲਈ ਤਨਖਾਹਾਂ ਦੇ ਵਧੇਰੇ ਵਾਧੇ ਵਿੱਚ ਮਦਦ ਕੀਤੀ ਹੈ – ਖ਼ਾਸ ਕਰਕੇ ਸਰੋਤ ਖੇਤਰ ਵਿੱਚ।
ਭਾਈਵਾਲੀ ਰਾਹੀਂ ਆਰਥਿਕ ਮੌਕਿਆਂ ਦਾ ਲਾਭ ਲੈਣਾ
ਫਰਸਟ ਨੇਸ਼ਨਜ਼ ਨਾਲ ਭਾਈਵਾਲੀ ਦੇ ਫਾਇਦੇ ਸਪੱਸ਼ਟ ਹਨ – ਨਿਵੇਸ਼ਕਾਂ ਲਈ ਵਧੇਰੇ ਭਰੋਸਾ, ਨਵੇਂ ਕਾਰੋਬਾਰੀ ਮੌਕੇ, ਅਤੇ ਬੀ.ਸੀ. ਭਰ ਦੇ ਲੋਕਾਂ ਲਈ ਵਧੀਆ ਨੌਕਰੀਆਂ।
ਬੀ.ਸੀ. ਦੀਆਂ ਖੂਬੀਆਂ
- ਫਰਸਟ ਨੇਸ਼ਨਜ਼ ਨਾਲ ਮਜ਼ਬੂਤ ਭਾਈਵਾਲੀਆਂ। ਬੀ.ਸੀ. ਫਰਸਟ ਨੇਸ਼ਨਜ਼ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਜੋ ਨੌਕਰੀਆਂ ਪੈਦਾ ਕੀਤੀਆਂ ਜਾ ਸਕਣ ਅਤੇ ਆਰਥਿਕਤਾ ਨੂੰ ਵਧਾਇਆ ਜਾ ਸਕੇ।
- ਨਿਵੇਸ਼ ਆਕਰਸ਼ਿਤ ਕਰਨ ਲਈ ਭਰੋਸਾ ਪੈਦਾ ਕਰਨਾ। ਬੀ.ਸੀ. ਫਰਸਟ ਨੇਸ਼ਨਜ਼ ਨਾਲ ਲੰਬੇ ਅਦਾਲਤੀ ਕੇਸ ਲੜਨ ਦੀ ਬਜਾਏ, ਸਮਝੌਤੇ ਕਰ ਰਿਹਾ ਹੈ। ਇਹ ਸਮਝੌਤੇ ਸਪੱਸ਼ਟਤਾ ਲਿਆਉਂਦੇ ਹਨ ਅਤੇ ਭਰੋਸੇ ਅਤੇ ਸਤਿਕਾਰ ਨਾਲ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਦੇ ਹਨ।
ਸਾਡੀਆਂ ਖੂਬੀਆਂ ਦੇ ਅਧਾਰ ‘ਤੇ ਅੱਗੇ ਵੱਧਣਾ
- ਕਾਰੋਬਾਰਾਂ ਦੀ ਤਰੱਕੀ ਵਿੱਚ ਮਦਦ। ਇੰਡੀਜਨਸ ਉੱਦਮਕਰਤਾ (entrepreneurs), ਚੰਗੀਆਂ ਨੌਕਰੀਆਂ ਅਤੇ ਆਰਥਿਕ ਵਿਕਾਸ ਬੀ.ਸੀ. ਦੇ ਹਰ ਕੋਨੇ ਵਿੱਚ ਲਿਆ ਰਹੇ ਹਨ। ਪ੍ਰੋਗਰਾਮ, ਸਿਖਲਾਈ ਅਤੇ ਫੰਡਿੰਗ ਦੇ ਮੌਕੇ ਕਾਰੋਬਾਰਾਂ ਨੂੰ ਵਧਣ ਅਤੇ ਸਫਲ ਹੋਣ ਵਿੱਚ ਮਦਦ ਕਰ ਰਹੇ ਹਨ। ਮਜ਼ਬੂਤ ਇੰਡੀਜਨਸ ਕਾਰੋਬਾਰ ਸਭ ਲਈ ਵਧੇਰੇ ਮਜ਼ਬੂਤ ਬੀ.ਸੀ. ਬਣਾਉਣ ਵਿੱਚ ਯੋਗਦਾਨ ਪਾਉਂਦੇ ਹਨ।
- ਵਧੇਰੇ ਮਜ਼ਬੂਤ ਰਿਸ਼ਤੇ ਬਣਾਉਣਾ। ਫਰਸਟ ਨੇਸ਼ਨਜ਼ ਨਾਲ ਭਾਈਚਾਰਕ ਸਾਂਝ ਮਜ਼ਬੂਤ ਕਰਨ ਨਾਲ ਹੋਰ ਕੰਪਨੀਆਂ ਸ਼ੁਰੂਆਤੀ ਪੜਾਅ ਵਿੱਚ – ਸਰਕਾਰੀ ਸਲਾਹ-ਮਸ਼ਵਰੇ ਤੋਂ ਪਹਿਲਾਂ – ਫਰਸਟ ਨੇਸ਼ਨਜ਼ ਨਾਲ ਕੰਮ ਕਰਕੇ ਸਫਲ ਹੋ ਰਹੀਆਂ ਹਨ। ਇਹ ਸ਼ੁਰੂਆਤੀ ਸਾਂਝ ਉਹਨਾਂ ਸਾਧਨਾਂ ਅਤੇ ਪ੍ਰਕਿਰਿਆਵਾਂ ਨਾਲ ਸਮਰਥਿਤ ਹੈ ਜੋ ਸਮਝੌਤਿਆਂ ਅਤੇ ਭਾਈਵਾਲੀਆਂ ਰਾਹੀਂ ਤਿਆਰ ਕੀਤੀਆਂ ਗਈਆਂ ਹਨ।
ਵਧੇਰੇ ਉੱਜਲ ਭਵਿੱਖ ਨੂੰ ਸੁਰੱਖਿਅਤ ਕਰਨਾ
- ਇਸ ਸਮੇਂ, ਬ੍ਰਿਟਿਸ਼ ਕੋਲੰਬੀਆ ਵਿੱਚ ਫਰਸਟ ਨੇਸ਼ਨਜ਼ ਨਾਲ ਭਾਈਵਾਲੀ ਵਿੱਚ $41 ਬਿਲੀਅਨ ਤੋਂ ਵੱਧ ਦੇ ਮੁੱਖ ਪ੍ਰਾਈਵੇਟ ਉਦਯੋਗਿਕ ਪ੍ਰੋਜੈਕਟ ਤਿਆਰ ਕੀਤੇ ਜਾ ਰਹੇ ਹਨ, ਜਦਕਿ ਹੋਰ $35 ਬਿਲੀਅਨ ਦੇ ਪ੍ਰੋਜੈਕਟ ਪ੍ਰਸਤਾਵਿਤ ਹਨ।
- ਬੀ.ਸੀ. ਸਰਕਾਰ ਅਤੇ ਹੈਸਲਾ ਨੇਸ਼ਨ (Haisla Nation) ਵਿਚਕਾਰ $200 ਮਿਲੀਅਨ ਦਾ ਨਵਾਂ ਸਮਝੌਤਾ, Cedar LNG ਫੈਸੀਲਿਟੀ ਨੂੰ ਲੋੜੀਂਦਾ ਬੁਨਿਆਦੀ ਢਾਂਚਾ ਬਣਾਉਣ ਵਿੱਚ ਮਦਦ ਕਰੇਗਾ, ਤਾਂ ਜੋ ਇਹ ਵਾਤਾਵਰਨ ਪੱਖੋਂ ਸਾਫ਼, ਬੀ.ਸੀ. ਊਰਜਾ ‘ਤੇ ਚੱਲੇ ਅਤੇ ਆਪਣੀ ਕਿਸਮ ਦੀ ਸਭ ਤੋਂ ਘੱਟ ਪ੍ਰਦੂਸ਼ਣ ਵਾਲੀ ਫੈਸੀਲਿਟੀ ਬਣ ਸਕੇ।
ਹੋਰ ਜਾਣੋ
ਘਰ ਬਣਾਉਣ, ਬੁਨਿਆਦੀ ਢਾਂਚਾ ਤਿਆਰ ਕਰਨ ਅਤੇ ਸੇਵਾਵਾਂ ਮੁਹੱਈਆ ਕਰਨ ਲਈ ਮਿਲ ਕੇ ਕੰਮ ਕਰਨਾ
ਲੰਮੇ ਸਮੇਂ ਤੱਕ, ਇੰਡੀਜਨਸ ਲੋਕਾਂ ਨੂੰ ਬੁਨਿਆਦੀ ਹੱਕ ਅਤੇ ਮੌਕੇ ਨਹੀਂ ਦਿੱਤੇ ਗਏ – ਅਤੇ ਇਸ ਨਾਲ ਸਾਰਿਆਂ ਨੂੰ ਨੁਕਸਾਨ ਹੋਇਆ। ਅਸੀਂ ਇਕੱਠੇ ਮਿਲਕੇ ਬੀ.ਸੀ. ਨੂੰ ਹੋਰ ਮਜ਼ਬੂਤ ਬਣਾ ਰਹੇ ਹਾਂ।
ਬੀ.ਸੀ. ਦੀਆਂ ਖੂਬੀਆਂ
- ਅਣਉਚਿਤ ਰੁਕਾਵਟਾਂ ਨੂੰ ਦੂਰ ਕਰਨਾ। ਬੀ.ਸੀ. ਨੇ ਉਹ ਪੁਰਾਣੇ ਕਾਨੂੰਨ ਅਤੇ ਨੀਤੀਆਂ ਬਦਲ ਦਿੱਤੀਆਂ ਹਨ, ਜੋ ਇੱਥੇ ਚੰਗੀ ਜ਼ਿੰਦਗੀ ਬਣਾਉਣ ਦੇ ਬਰਾਬਰ ਮੌਕੇ ਨਹੀਂ ਦਿੰਦੀਆਂ ਸਨ।
- ਸਾਂਝੇ ਤੌਰ ‘ਤੇ ਕੰਮ ਅਤੇ ਸਾਂਝਾ ਨਿਵੇਸ਼। ਅਸੀਂ ਸੂਬੇ ਅਤੇ ਫਰਸਟ ਨੇਸ਼ਨਜ਼ ਲਈ ਇਕੱਠੇ ਕੰਮ ਕਰਨ ਦੇ ਹੋਰ ਤਰੀਕੇ ਤਿਆਰ ਕਰ ਰਹੇ ਹਾਂ, ਤਾਂ ਜੋ ਹਾਊਸਿੰਗ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਬਣਾਏ ਜਾ ਸਕਣ ਅਤੇ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ।
ਸਾਡੀਆਂ ਖੂਬੀਆਂ ਦੇ ਅਧਾਰ ‘ਤੇ ਅੱਗੇ ਵੱਧਣਾ
- ਲੋਕਾਂ ਲਈ ਹੋਰ ਘਰ ਉਪਲਬਧ ਕਰਨਾ। ਫਰਸਟ ਨੇਸ਼ਨਜ਼ ਅਤੇ ਇੰਡੀਜਨਸ ਸੰਸਥਾਵਾਂ ਨਾਲ ਸਾਂਝੇ ਤੌਰ ‘ਤੇ ਹਜ਼ਾਰਾਂ ਘਰ ਬਣਾਏ ਗਏ ਹਨ – ਅਤੇ ਹੋਰ ਬਣਨ ਵਾਲੇ ਹਨ।
- ਬੁਨਿਆਦੀ ਢਾਂਚਾ ਤਿਆਰ ਕਰਨਾ। ਲਗਭਗ $15 ਬਿਲੀਅਨ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਫਰਸਟ ਨੇਸ਼ਨਜ਼ ਨਾਲ ਭਾਈਵਾਲੀ ਵਿੱਚ ਚੱਲ ਰਹੇ ਹਨ।
- ਸਿਹਤ ਸੇਵਾਵਾਂ ਤੱਕ ਪਹੁੰਚ ਸੁਧਾਰਨਾ। ਹਜ਼ਾਰਾਂ ਲੋਕਾਂ ਨੂੰ ਫਰਸਟ ਨੇਸ਼ਨਜ਼ ਪ੍ਰਾਇਮਰੀ ਹੈਲਥ ਕੇਅਰ ਕਲਿਨਿਕਾਂ ਵਿੱਚ ਸੇਵਾਵਾਂ ਨਾਲ ਜੋੜਿਆ ਗਿਆ ਹੈ।
ਵਧੇਰੇ ਉੱਜਲ ਭਵਿੱਖ ਨੂੰ ਸੁਰੱਖਿਅਤ ਕਰਨਾ
- Tsawwassen ਫਰਸਟ ਨੇਸ਼ਨ ਨੇ ਫਰਸਟ ਨੇਸ਼ਨਜ਼ ਦੀ ਜ਼ਮੀਨ 'ਤੇ ਕੈਨੇਡਾ ਦਾ ਸਭ ਤੋਂ ਵੱਡਾ ਗੈਰ-ਸਰੋਤ ਵਿਕਾਸ ਕੀਤਾ ਹੈ ਅਤੇ ਖੇਤਰੀ ਬੁਨਿਆਦੀ ਢਾਂਚੇ ਵਿੱਚ $100 ਮਿਲੀਅਨ ਤੋਂ ਵੱਧ ਦਾ ਨਿਵੇਸ਼ ਕੀਤਾ ਹੈ, ਜਿਸ ਵਿੱਚ $27 ਮਿਲੀਅਨ ਦਾ ਸੀਵੇਜ ਟ੍ਰੀਟਮੈਂਟ ਪਲਾਂਟ ਵੀ ਸ਼ਾਮਲ ਹੈ। ਨੇਸ਼ਨ ਦੇ ਆਰਥਿਕ ਵਿਕਾਸ ਪ੍ਰੋਜੈਕਟ ਖੇਤਰ ਵਿੱਚ ਹਜ਼ਾਰਾਂ ਨੌਕਰੀਆਂ ਪੈਦਾ ਕਰਨ ਵਿੱਚ ਮਦਦ ਕਰ ਰਹੇ ਹਨ।
- K’ómoks ਫਰਸਟ ਨੇਸ਼ਨ ਅਤੇ ਕੋਮੌਕਸ ਵੈਲੀ ਰੀਜਨਲ ਡਿਸਟ੍ਰਿਕਟ ਨੇ ਰੋਇਸਟਨ ਅਤੇ ਯੂਨੀਅਨ ਬੇਅ ਦੇ ਲੋਕਾਂ ਲਈ ਆਧੁਨਿਕ ਵੇਸਟਵਾਟਰ ਸਫਾਈ ਸਹੂਲਤਾਂ ਲਈ $30 ਮਿਲੀਅਨ ਦੀ ਫੰਡਿੰਗ ਹਾਸਲ ਕੀਤੀ ਹੈ।
ਹੋਰ ਜਾਣੋ
ਹਵਾ, ਜ਼ਮੀਨ ਅਤੇ ਪਾਣੀ ਦੀ ਸੁਰੱਖਿਆ
ਬੀ.ਸੀ. ਦੇ ਕੁਦਰਤੀ ਸਰੋਤ ਸਾਡੀ ਆਰਥਿਕਤਾ ਨੂੰ ਅੱਗੇ ਵਧਾਉਂਦੇ ਹਨ ਅਤੇ ਨਵੇਂ ਮੌਕੇ ਪੈਦਾ ਕਰਦੇ ਹਨ। ਇਹ ਜੰਗਲਾਤ, ਖੇਤੀ, ਖਣਨ ਅਤੇ ਵਾਤਾਵਰਨ ਪੱਖੋਂ ਸਾਫ਼ ਤਕਨਾਲੋਜੀ ਵਰਗੇ ਖੇਤਰਾਂ ਨੂੰ ਸਹਾਇਤਾ ਦਿੰਦੇ ਹਨ। ਅਸੀਂ ਇਹਨਾਂ ਸਰੋਤਾਂ ਦੀ ਸੁਰੱਖਿਆ ਲਈ ਟਿਕਾਊ ਤਰੀਕੇ ਅਤੇ ਨਵੀਂ ਤਕਨਾਲੋਜੀ ਵਰਤਦੇ ਹਾਂ।
ਸਾਡਾ ਸਾਂਝਾ ਮਕਸਦ ਹਵਾ, ਧਰਤੀ ਅਤੇ ਪਾਣੀ ਦੀ ਸੁਰੱਖਿਆ ਕਰਨਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾ ਉਸ ਖੁਸ਼ਹਾਲੀ ਦਾ ਲਾਭ ਲੈ ਸਕਣ ਜੋ ਬੀ.ਸੀ. ਨੂੰ ਮਜ਼ਬੂਤ ਬਣਾਉਂਦੀ ਹੈ।
ਬੀ.ਸੀ. ਦੀਆਂ ਖੂਬੀਆਂ
- ਵਿਸ਼ਾਲ ਜੰਗਲ। ਬੀ.ਸੀ. ਟਿਕਾਊ ਜੰਗਲਾਤ ਅਤੇ ਉੱਚ-ਗੁਣਵੱਤਾ ਵਾਲੇ ਲੱਕੜ ਦੇ ਉਤਪਾਦਾਂ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। ਬ੍ਰਿਟਿਸ਼ ਕੋਲੰਬੀਆ ਦੁਨੀਆ ਵਿੱਚ ਸਾਫਟਵੁੱਡ ਲੱਕੜ ਦਾ ਦੂਜਾ ਸਭ ਤੋਂ ਵੱਡਾ ਨਿਰਯਾਤਕ ਹੈ।
- ਵਾਤਾਵਰਨ ਪੱਖੋਂ ਸਾਫ਼ ਊਰਜਾ ਦੇ ਮੌਕੇ। ਬੀ.ਸੀ. ਵਾਤਾਵਰਨ ਪੱਖੋਂ ਸਾਫ਼ ਊਰਜਾ ਦੇ ਸਰੋਤਾਂ ਅਤੇ ਤਕਨਾਲੋਜੀ ਵਿੱਚ ਮੋਢੀ ਹੈ। ਅਸੀਂ ਘੱਟ ਕਾਰਬਨ ਹਾਈਡਰੋਜਨ, ਬਾਇਓਫਿਊਲ, ਨਵਿਆਉਣਯੋਗ ਨੈਚੁਰਲ ਗੈਸ, ਬਾਇਓਮਾਸ, ਨਵਿਆਉਣਯੋਗ ਬਿਜਲੀ, ਭੂ-ਤਾਪੀ ਊਰਜਾ (geothermal) ਅਤੇ ਕਾਰਬਨ ਕੈਪਚਰ ਵਰਗੇ ਹੱਲ ਤਿਆਰ ਕਰ ਰਹੇ ਹਾਂ ਅਤੇ ਵਰਤ ਰਹੇ ਹਾਂ।
- ਮਹੱਤਵਪੂਰਨ ਖਣਿਜ। ਬੀ.ਸੀ. ਕੈਨੇਡਾ ਦਾ ਸਭ ਤੋਂ ਵੱਡਾ ਤਾਂਬਾ ਉਤਪਾਦਕ ਹੈ ਅਤੇ ਇੱਥੇ ਸੋਨਾ, ਚਾਂਦੀ, ਤਾਂਬਾ ਅਤੇ ਮੋਲੀਬਡੇਨਮ ਦੇ ਵੱਡੇ ਭੰਡਾਰ ਹਨ। ਸਾਡੇ ਕੋਲ ਜ਼ਿੰਕ, ਧਾਤੂ ਕੋਲਾ ਅਤੇ ਕੈਨੇਡਾ ਦੀ ਮਹੱਤਵਪੂਰਨ ਖਣਿਜਾਂ ਦੀ ਸੂਚੀ ਵਿੱਚ ਸ਼ਾਮਲ ਹੋਰ ਬਹੁਤ ਸਾਰੇ ਖਣਿਜ ਵੀ ਹਨ।
- ਖੂਬਸੂਰਤ ਕੁਦਰਤੀ ਖੇਤਰ ਅਤੇ ਜੰਗਲੀ ਇਲਾਕੇ। ਬੀ.ਸੀ. ਦੀ ਕੁਦਰਤੀ ਸੁੰਦਰਤਾ ਟਿਕਾਊ ਆਰਥਿਕ, ਸਮਾਜਿਕ, ਸੱਭਿਆਚਾਰਕ ਅਤੇ ਵਾਤਾਵਰਨਕ ਲਾਭਾਂ ਲਈ ਵੱਡੇ ਮੌਕੇ ਪੈਦਾ ਕਰਦੀ ਹੈ। ਸੈਰ-ਸਪਾਟਾ ਇੱਕ ਮੁੱਖ ਆਰਥਿਕ ਖੇਤਰ ਹੈ – ਜੋ ਆਰਥਿਕਤਾ ਦੇ ਹੋਰ ਖੇਤਰਾਂ ਨਾਲੋਂ ਵਧੇਰੇ ਤੇਜ਼ੀ ਨਾਲ ਵਧ ਰਿਹਾ ਹੈ, ਹਰ ਸਾਲ ਵਧੇਰੇ ਨੌਕਰੀਆਂ, ਉੱਚ ਤਨਖਾਹਾਂ ਅਤੇ ਵਧੇਰੇ ਸੈਲਾਨੀਆਂ ਨਾਲ।
ਸਾਡੀਆਂ ਖੂਬੀਆਂ ਦੇ ਅਧਾਰ ‘ਤੇ ਅੱਗੇ ਵੱਧਣਾ
- ਟਿਕਾਊ ਜੰਗਲਾਤ ‘ਤੇ ਸਾਂਝੇ ਤੌਰ ‘ਤੇ ਕੰਮ ਕਰਨਾ। ਜੰਗਲਾਂ ਦੀ ਸੁਰੱਖਿਆ ਲਈ ਅਸੀਂ ਫਰਸਟ ਨੇਸ਼ਨਜ਼, ਜੰਗਲਾਤ ਭਾਈਚਾਰਿਆਂ ਅਤੇ ਮਾਹਿਰਾਂ ਨਾਲ ਸਾਂਝੇ ਤੌਰ ‘ਤੇ ਕੰਮ ਕਰ ਰਹੇ ਹਾਂ। ਬੀ.ਸੀ. ਦੇ ਕੋਲ ਦੁਨੀਆ ਦੇ ਲਗਭਗ ਹਰ ਖੇਤਰ ਨਾਲੋਂ ਵੱਧ ਪ੍ਰਮਾਣਿਤ ਵਾਤਾਵਰਨ ਪੱਖੋਂ ਟਿਕਾਊ ਜੰਗਲ ਹਨ।
- ਵਾਤਾਵਰਨ ਪੱਖੋਂ ਸਾਫ਼ ਊਰਜਾ ‘ਤੇ ਸਾਂਝੇ ਤੌਰ ‘ਤੇ ਕੰਮ ਕਰਨਾ। ਅਸੀਂ ਫਰਸਟ ਨੇਸ਼ਨਜ਼ ਅਤੇ ਵਾਤਾਵਰਨ ਪੱਖੋਂ ਸਾਫ਼ ਊਰਜਾ ਖੇਤਰ ਨਾਲ ਮਿਲ ਕੇ ਉਹ ਪ੍ਰੋਜੈਕਟ ਤਿਆਰ ਕਰ ਰਹੇ ਹਾਂ ਜੋ ਭਾਈਚਾਰਿਆਂ ਨੂੰ ਅਸਲ ਫਾਇਦੇ ਦਿੰਦੇ ਹਨ ਅਤੇ ਵਾਤਾਵਰਨ ਦੀ ਸੁਰੱਖਿਆ ਕਰਦੇ ਹਨ।
- ਮਹੱਤਵਪੂਰਨ ਖਣਿਜਾਂ ਨੂੰ ਜ਼ਿੰਮੇਵਾਰੀ ਨਾਲ ਵਿਕਸਤ ਕਰਨਾ। ਅਸੀਂ ਉੱਤਰੀ-ਪੱਛਮੀ ਬੀ.ਸੀ. ਵਿੱਚ ਖਣਨ ਵਿਕਾਸ ਲਈ ਇੱਕ ਅਜਿਹਾ ਤਰੀਕਾ ਤਿਆਰ ਕਰਨ ‘ਤੇ ਮਿਲ ਕੇ ਕੰਮ ਕਰ ਰਹੇ ਹਾਂ ਜੋ ਆਰਥਿਕ ਵਿਕਾਸ, ਮੇਲ-ਮਿਲਾਪ ਅਤੇ ਸੰਭਾਲ ਨੂੰ ਜੋੜਦਾ ਹੈ। ਇਸ ਨਾਲ ਕਈ ਅਰਬਾਂ ਡਾਲਰ ਦਾ ਨਿਵੇਸ਼ ਆਕਰਸ਼ਿਤ ਕਰਨ ਅਤੇ ਸੂਬੇ ਭਰ ਵਿੱਚ ਹਜ਼ਾਰਾਂ ਵਧੀਆ ਤਨਖਾਹ ਵਾਲੀਆਂ ਨੌਕਰੀਆਂ ਪੈਦਾ ਕਰਨ ਦਾ ਮੌਕਾ ਮਿਲਦਾ ਹੈ।
- ਇੰਡੀਜਨਸ ਸੈਰ-ਸਪਾਟਾ ਖੇਤਰ ਦਾ ਵਿਕਾਸ। ਇੰਡਿਜੀਨਸ ਟੂਰਿਜ਼ਮ ਐਕੋਰਡ ਰਾਹੀਂ, ਬੀ.ਸੀ. ਇੰਡਿਜੀਨਸ ਅਗਵਾਈ ਵਾਲੇ ਸੈਲਾਨੀ ਕਾਰੋਬਾਰਾਂ ਨੂੰ ਵਿਕਸਤ ਕਰਨ ਵਿੱਚ ਸਹਿਯੋਗ ਦੇ ਰਿਹਾ ਹੈ, ਜੋ ਸੱਭਿਆਚਾਰ ਸਾਂਝਾ ਕਰਦੇ ਹਨ ਅਤੇ ਸਥਾਨਕ ਲੋਕਾਂ ਲਈ ਨੌਕਰੀਆਂ ਪੈਦਾ ਕਰਦੇ ਹਨ।
ਵਧੇਰੇ ਉੱਜਲ ਭਵਿੱਖ ਨੂੰ ਸੁਰੱਖਿਅਤ ਕਰਨਾ
- 60 ਤੋਂ ਵੱਧ ਜੰਗਲਾਤ ਪ੍ਰੋਜੈਕਟ ਜੰਗਲਾਂ ਵਿੱਚ ਅੱਗ ਦੇ ਖਤਰੇ ਨੂੰ ਘਟਾਉਣ ਅਤੇ ਬੀ.ਸੀ. ਦੇ ਜੰਗਲਾਂ ਦੀ ਮੁੜ ਬਹਾਲੀ ਅਤੇ ਸੁਰੱਖਿਆ ਲਈ ਚੱਲ ਰਹੇ ਹਨ। ਇਨ੍ਹਾਂ ਵਿੱਚੋਂ 31 ਪ੍ਰੋਜੈਕਟ ਫਰਸਟ ਨੇਸ਼ਨਜ਼ ਦੁਆਰਾ ਚਲਾਏ ਜਾ ਰਹੇ ਹਨ ਅਤੇ 14 ਵਿੱਚ ਫਰਸਟ ਨੇਸ਼ਨਜ਼ ਦੀ ਭਾਗੀਦਾਰੀ ਹੈ।
- ਬੀ.ਸੀ. ਦੇ 35 ਫਰਸਟ ਨੇਸ਼ਨਜ਼ ਨੂੰ ਵਾਤਾਵਰਨ ਪੱਖੋਂ ਸਾਫ਼ ਊਰਜਾ ਪ੍ਰੋਜੈਕਟਾਂ ਲਈ $9.8 ਮਿਲੀਅਨ ਦੀ ਫੈਡਰਲ ਅਤੇ ਸੂਬਾਈ ਫੰਡਿੰਗ ਦਿੱਤੀ ਜਾ ਰਹੀ ਹੈ।
ਹੋਰ ਜਾਣੋ

ਸਥਾਨਕ ਕਾਰੋਬਾਰਾਂ ਨੂੰ ਸਹਾਇਤਾ ਦੇਣਾ
ਸਥਾਨਕ ਤੌਰ ‘ਤੇ ਖਾਣ-ਪੀਣ, ਖਰੀਦਦਾਰੀ ਕਰਨ ਅਤੇ ਮਨੋਰੰਜਨ ਲਈ ਇਸ ਤੋਂ ਵਧੀਆ ਸਮਾਂ ਕਦੇ ਨਹੀਂ ਸੀ। ਬੀ.ਸੀ. ਦੀਆਂ ਉਹਨਾਂ ਚੀਜ਼ਾਂ ਦਾ ਆਨੰਦ ਲਓ ਜੋ ਅਸੀਂ ਪਸੰਦ ਕਰਦੇ ਹਾਂ ਅਤੇ ਨਾਲ ਹੀ ਆਪਣੇ ਛੋਟੇ ਕਾਰੋਬਾਰਾਂ, ਕਿਸਾਨਾਂ ਅਤੇ ਉਤਪਾਦਕਾਂ ਨੂੰ ਸਮਰਥਨ ਦਿਓ। ਇਕੱਠੇ ਮਿਲ ਕੇ ਅਸੀਂ ਬੀ.ਸੀ. ਦੀ ਆਰਥਿਕਤਾ ਨੂੰ ਹੋਰ ਮਜ਼ਬੂਤ ਬਣਾ ਸਕਦੇ ਹਾਂ।

ਬੀ.ਸੀ. ਵਿੱਚ ਬਣੇ ਉੱਚ-ਗੁਣਵੱਤਾ ਵਾਲੇ ਉਤਪਾਦ ਲੱਭਣ ਲਈ ਆਪਣੇ ਸਥਾਨਕ ਸਟੋਰ ਜਾਂ ਮਾਰਕਿਟ ਵਿੱਚ ‘Buy BC’ ਲੋਗੋ ਵੇਖੋ।

ਤਾਜ਼ਾ ਸਥਾਨਕ ਖਾਣ-ਪੀਣ ਦੀਆਂ ਚੀਜ਼ਾਂ ਜਾਂ ਹੱਥੋਂ ਬਣੇ ਕਲਾ-ਕਾਰੀ ਉਤਪਾਦ ਉਹਨਾਂ ਲੋਕਾਂ ਤੋਂ ਖਰੀਦੋ ਜੋ ਇਹ ਉਗਾਉਂਦੇ ਅਤੇ ਬਣਾਉਂਦੇ ਹਨ।

ਬੀ.ਸੀ. ਦੇ ਵਿਸ਼ਾਲ ਕੁਦਰਤੀ ਖੇਤਰ ਦੀ ਸੈਰ ਕਰੋ। ਰੇਨਫਾਰੇਸਟ ਤੋਂ ਰਾਕੀ ਪਹਾੜਾਂ ਤੱਕ – ਆਪਣੇ ਸਫ਼ਰ ਜਾਂ ਸਟੇਕੇਸ਼ਨ ਦੀ ਯੋਜਨਾ ਅੱਜ ਹੀ ਬਣਾਓ।

ਕਾਰੋਬਾਰ ਚਲਾਉਣਾ ਹੋਰ ਅਸਾਨ ਬਣਾਉਣਾ ਤਾਂ ਜੋ ਹੋਰ ਵਧੀਆ ਨੌਕਰੀਆਂ ਪੈਦਾ ਕੀਤੀਆਂ ਜਾ ਸਕਣ
ਬ੍ਰਿਟਿਸ਼ ਕੋਲੰਬੀਆ ਨੌਰਥ ਅਮਰੀਕਾ ਵਿੱਚ ਕਾਰੋਬਾਰ ਕਰਨ ਲਈ ਸਭ ਤੋਂ ਵਧੀਆ ਥਾਵਾਂ ਵਿੱਚੋਂ ਇੱਕ ਹੈ – ਅਤੇ ਅਸੀਂ ਇਸਨੂੰ ਹਰ ਰੋਜ਼ ਹੋਰ ਵੀ ਅਸਾਨ ਬਣਾ ਰਹੇ ਹਾਂ। ਅਸੀਂ ਦਫ਼ਤਰੀ ਢਿੱਲ ਘਟਾ ਰਹੇ ਹਾਂ, ਮਨਜ਼ੂਰੀ ਪ੍ਰਕਿਰਿਆਵਾਂ ਨੂੰ ਤੇਜ਼ ਕਰ ਰਹੇ ਹਾਂ, ਅਤੇ ਕਾਰੋਬਾਰਾਂ ਦੀ ਵਧਣ ਅਤੇ ਸਫਲ ਹੋਣ ਵਿੱਚ ਮਦਦ ਕਰ ਰਹੇ ਹਾਂ।
ਤੇਜ਼ੀ ਨਾਲ ਵਧਦੀ ਆਰਥਿਕਤਾ
ਸਾਲ 2017 ਤੋਂ, ਕੈਨੇਡਾ ਵਿੱਚ P.E.I. ਤੋਂ ਇਲਾਵਾ, ਬੀ.ਸੀ. ਦੀ ਅਸਲ GDP ਵਿੱਚ ਵਾਧੇ ਦੀ ਦਰ, 20.3% ਦੇ ਨਾਲ ਸਭ ਤੋਂ ਜ਼ਿਆਦਾ ਹੈ।
ਹੋਰ ਨੌਕਰੀਆਂ, ਉੱਚ ਤਨਖਾਹਾਂ
ਸਾਲ 2017 ਤੋਂ, ਬੀ.ਸੀ. ਨੇ ਲਗਭਗ 400,000 ਨਵੀਆਂ ਨੌਕਰੀਆਂ ਸ਼ਾਮਲ ਕੀਤੀਆਂ ਅਤੇ ਕੈਨੇਡਾ ਵਿੱਚ ਤਨਖਾਹਾਂ ਦਾ ਸਭ ਤੋਂ ਤੇਜ਼ ਔਸਤ ਵਾਧਾ ਦਰਜ ਕੀਤਾ।
ਵਿਸ਼ਵ-ਪੱਧਰੀ ਨਿਵੇਸ਼, ਸਥਾਨਕ ਨੌਕਰੀਆਂ
ਪਿਛਲੇ 10 ਸਾਲਾਂ ਵਿੱਚ, 400 ਅੰਤਰਰਾਸ਼ਟਰੀ ਕੰਪਨੀਆਂ ਨੇ ਬੀ.ਸੀ. ਵਿੱਚ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੈ ਅਤੇ 2,200 ਸਥਾਨਕ ਕੰਪਨੀਆਂ ਦਾ ਮਰਜਰ ਹੋਇਆ ਜਾਂ ਉਹ ਖਰੀਦੀਆਂ ਗਈਆਂ ਹਨ – ਜਿਸ ਨਾਲ 33,500 ਨਵੀਆਂ ਨੌਕਰੀਆਂ ਉਪਲਬਧ ਹੋਈਆਂ ਹਨ।
ਬੀ.ਸੀ. ਨੂੰ ਹੋਰ ਵੀ ਕਾਰੋਬਾਰ-ਅਨੁਕੂਲ ਬਣਾਉਣਾ
ਬ੍ਰਿਟਿਸ਼ ਕੋਲੰਬੀਆ ਕੋਲ ਕਈ ਵਿਲੱਖਣ ਖੂਬੀਆਂ ਹਨ ਜੋ ਇਸਨੂੰ ਕੈਨੇਡਾ ਵਿੱਚ ਕਾਰੋਬਾਰ ਸ਼ੁਰੂ ਕਰਨ ਜਾਂ ਵਧਾਉਣ ਲਈ ਸਭ ਤੋਂ ਵਧੀਆ ਥਾਵਾਂ ਵਿੱਚੋਂ ਇੱਕ ਬਣਾਉਂਦੀਆਂ ਹਨ।
ਵਿਸ਼ਵ-ਪੱਧਰੀ ਅਣਿਸ਼ਚਿਤਤਾ ਅਤੇ ਆਰਥਿਕ ਖਤਰਿਆਂ ਕਾਰਨ ਪੈਦਾ ਹੋ ਰਹੀਆਂ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ, ਅਸੀਂ ਬੀ.ਸੀ. ਦੇ ਕਾਰੋਬਾਰਾਂ ਨੂੰ ਮੁਕਾਬਲੇਬਾਜ਼ ਬਣੇ ਰਹਿਣ ਅਤੇ ਸਫਲਣ ਵਿੱਚ ਮਦਦ ਕਰਨ ਲਈ ਕੰਮ ਕਰ ਰਹੇ ਹਾਂ।
ਬੀ.ਸੀ. ਦੀਆਂ ਖੂਬੀਆਂ
- ਕਾਰੋਬਾਰ ਲਈ ਮਜ਼ਬੂਤ ਬੁਨਿਆਦ। ਬੀ.ਸੀ. ਵਿੱਚ ਸਥਿਰ ਸਰਕਾਰ ਹੈ , ਅਸਾਨ ਨਿਯਮ ਹਨ ਅਤੇ ਇੱਕ ਮੁਕਾਬਲੇਬਾਜ਼, ਟੈਕਸ ਪ੍ਰਣਾਲੀ ਹੈ ਜੋ ਕਾਰੋਬਾਰਾਂ ਲਈ ਫਾਇਦੇਮੰਦ ਹੈ। ਸਾਡਾ ਵਿਭਿੰਨ ਅਤੇ ਹੁਨਰਮੰਦ ਕਾਰਜਬਲ ਦੁਨੀਆ ਵਿੱਚ ਸਭ ਤੋਂ ਉੱਚੇ ਜੀਵਨ-ਮਿਆਰਾਂ ਵਿੱਚੋਂ ਇੱਕ ਦਾ ਆਨੰਦ ਲੈਂਦਾ ਹੈ।
ਸਾਡੀਆਂ ਖੂਬੀਆਂ ਦੇ ਅਧਾਰ ‘ਤੇ ਅੱਗੇ ਵੱਧਣਾ
- ਕਾਰੋਬਾਰ ਕਰਨਾ ਵਧੇਰੇ ਅਸਾਨ ਬਣਾਉਣਾ। ਅਸੀਂ ਕਾਰੋਬਾਰੀ ਮੋਢੀਆਂ ਨਾਲ ਮਿਲ ਕੇ ਸਪੱਸ਼ਟ ਤਰੀਕੇ ਤਿਆਰ ਕਰ ਰਹੇ ਹਾਂ ਤਾਂ ਜੋ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕੇ ਕਿ ਬੀ.ਸੀ. ਵਿੱਚ ਕਾਰੋਬਾਰ ਕਰਨਾ ਕਿੰਨਾ ਅਸਾਨ ਹੈ। ਇਸ ਨਾਲ ਸਾਨੂੰ ਸਮੱਸਿਆਵਾਂ ਲੱਭਣ ਅਤੇ ਹੱਲ ਕਰਨ, ਮੁਕਾਬਲੇਬਾਜ਼ੀ ਸੁਧਾਰਨ, ਆਪਣੀ ਆਰਥਿਕਤਾ ਵਧਾਉਣ, ਅਤੇ ਹੋਰ ਵਧੀਆ ਨੌਕਰੀਆਂ ਪੈਦਾ ਕਰਨ ਵਿੱਚ ਮਦਦ ਮਿਲੇਗੀ।
- ਨਵੇਂ ਕਾਨੂੰਨਾਂ ਕਾਰਨ ਕਾਰੋਬਾਰ ‘ਤੇ ਪੈਣ ਵਾਲੇ ਪ੍ਰਭਾਵਾਂ ਨੂੰ ਧਿਆਨ ਵਿੱਚ ਰੱਖਣਾ। ਅਸੀਂ ਇਸ ਗੱਲ ਦਾ ਮੁਲਾਂਕਣ ਕਰ ਰਹੇ ਹਾਂ ਕਿ ਪ੍ਰਸਤਾਵਿਤ ਕਾਨੂੰਨ ਜਾਂ ਨਿਯਮ ਬੀ.ਸੀ. ਦੇ ਕਾਰੋਬਾਰਾਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੇ ਹਨ। ਅਸੀਂ ਇਸ ਪ੍ਰਕਿਰਿਆ ਵਿੱਚ ਕਾਰੋਬਾਰੀ ਮੋਢੀਆਂ ਨੂੰ ਸ਼ਾਮਲ ਕਰਾਂਗੇ ਤਾਂ ਜੋ ਉਹਨਾਂ ਦੇ ਵਿਚਾਰ ਸੁਣੇ ਜਾ ਸਕਣ।
- ਵਿਕਾਸ ਨੂੰ ਸਮਰਥਨ ਦੇਣ ਲਈ ਦਫ਼ਤਰੀ ਢਿੱਲ ਨੂੰ ਘਟਾਉਣਾ। ਅਸੀਂ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ ਕਿ ਬੀ.ਸੀ. ਦੇ ਕਾਨੂੰਨ ਅਤੇ ਨਿਯਮ ਸਪੱਸ਼ਟ, ਸੌਖੇ ਅਤੇ ਮਨੁੱਖੀ ਅਧਿਕਾਰਾਂ, ਵਾਤਾਵਰਨ ਸੁਰੱਖਿਆ ਅਤੇ ਸਮਾਜਿਕ ਭਲਾਈ ਵਿੱਚ ਉੱਚ ਮਿਆਰਾਂ ਨੂੰ ਬਣਾਈ ਰੱਖਣ ਵਾਲੇ ਹੋਣ। ਅਸੀਂ ਜ਼ਰੂਰਤ ਅਨੁਸਾਰ ਕਾਨੂੰਨਾਂ ਨੂੰ ਸੁਧਾਰਾਂਗੇ – ਅਜਿਹਾ ਅਸੀਂ ਕਾਰੋਬਾਰਾਂ ਲਈ ਅੰਤਰਰਾਸ਼ਟਰੀ ਮੁਕਾਬਲੇ ਜਾਂ ਆਰਥਿਕਤਾ ਵਧਾਉਣ ਵਿੱਚ ਮੁਸ਼ਕਲਾਂ ਪੈਦਾ ਕਰਨ ਦੇ ਬਿਨਾਂ ਕਰਾਂਗੇ।
- ਕਾਰੋਬਾਰ ਸ਼ੁਰੂ ਕਰਨ ਅਤੇ ਸੰਭਾਲਣ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣਾ। ਅਸੀਂ ਬਿਜ਼ਨੈਸ ਰਜਿਸਟਰੀ ਐਪਲੀਕੇਸ਼ਨ ਨੂੰ ਆਧੁਨਿਕ ਬਣਾ ਰਹੇ ਹਾਂ ਤਾਂ ਜੋ ਰਜਿਸਟ੍ਰੇਸ਼ਨ, ਫਾਈਲਿੰਗ ਅਤੇ ਭੁਗਤਾਨ ਇੱਕ ਸੁਰੱਖਿਅਤ ਥਾਂ 'ਤੇ ਇਕੱਠੇ ਕੀਤੇ ਜਾ ਸਕਣ। ਇਸ ਨਾਲ ਸਮਾਂ ਬਚੇਗਾ, ਗਲਤੀਆਂ ਘਟਣਗੀਆਂ ਅਤੇ ਲੋਕਾਂ ਨੂੰ ਆਪਣੇ ਕਾਰੋਬਾਰ ਚਲਾਉਣ'ਤੇ ਵੱਧ ਨਿਯੰਤਰਣ ਮਿਲੇਗਾ।
- ਕਾਰੋਬਾਰਾਂ ਲਈ ਸੇਵਾ ਮੁਹੱਈਆ ਕਰਨ ਦੀ ਪ੍ਰਕਿਰਿਆ ਨੂੰ ਸੁਧਾਰਨਾ। ਅਸੀਂ ਇੱਕ ਨਵੀਂ Connected Services BC ਡਿਵਿਜ਼ਨ ਤਿਆਰ ਕਰ ਰਹੇ ਹਾਂ ਜੋ ਕਾਰੋਬਾਰਾਂ ਲਈ ਡਿਜਿਟਲ ਸੇਵਾਵਾਂ ਸੁਧਾਰਨ 'ਤੇ ਕੇਂਦਰਿਤ ਹੋਵੇਗੀ। ਇਸਦਾ ਟੀਚਾ ਸਾਲ 2030 ਤੱਕ ਸਰਕਾਰ ਨਾਲ ਆਨਲਾਈਨ ਸੰਪਰਕ ਕਰਨ ਵਾਲੇ ਕਾਰੋਬਾਰਾਂ ਲਈ ਇੱਕੋ ਸਾਧਨ ਬਣਾਉਣਾ ਹੈ। ਇਹ ਲੋਕਾਂ, ਸਰੋਤਾਂ ਅਤੇ ਤਕਨਾਲੋਜੀ ਨੂੰ ਇਕੱਠਾ ਕਰੇਗੀ ਤਾਂ ਜੋ ਤਾਲਮੇਲ ਵਿੱਚ ਸੁਧਾਰ ਹੋਵੇ ਅਤੇ ਦੇਰੀਆਂ ਅਤੇ ਕੰਮ ਦੁਹਰਾਉਣ ਦਾ ਸਿਲਸਿਲਾ ਘਟੇ।
ਹੋਰ ਜਾਣੋ
ਕਾਰੋਬਾਰਾਂ ਨੂੰ ਨਵੀਆਂ ਮਾਰਕੀਟਾਂ ਤੱਕ ਪਹੁੰਚਾਉਣ ਵਿੱਚ ਮਦਦ
ਬੀ.ਸੀ. ਕਾਰੋਬਾਰਾਂ ਨੂੰ ਆਪਣੇ ਮਾਲ ਨੂੰ ਨਵੀਆਂ ਮਾਰਕੀਟਾਂ ਤੱਕ ਪਹੁੰਚਾਉਣ ਵਿੱਚ ਮਦਦ ਕਰ ਰਿਹਾ ਹੈ ਅਤੇ ਕੈਨੇਡਾ ਦੇ ਅੰਦਰ ਵਪਾਰਕ ਰੁਕਾਵਟਾਂ ਘਟਾ ਰਿਹਾ ਹੈ ਤਾਂ ਜੋ ਅਸੀਂ ਅਮਰੀਕਾ 'ਤੇ ਘੱਟ ਨਿਰਭਰ ਰਹੀਏ।
ਬੀ.ਸੀ. ਦੀਆਂ ਖੂਬੀਆਂ
- ਵਿਸ਼ਵ-ਭਰ ਵਿੱਚ ਸੰਪਰਕ। ਬੀ.ਸੀ. ਦੇ ਕਾਰੋਬਾਰਾਂ ਨੂੰ ਦੁਨੀਆ ਦੀਆਂ ਸਭ ਤੋਂ ਖੁੱਲ੍ਹੀਆਂ ਵਪਾਰਕ ਆਰਥਿਕਤਾਵਾਂ ਵਿੱਚੋਂ ਇੱਕ ਵਿੱਚ ਕੰਮ ਕਰਨ ਦਾ ਲਾਭ ਮਿਲਦਾ ਹੈ। ਕੈਨੇਡਾ ਕੋਲ ਖੁੱਲ੍ਹੇ ਵਪਾਰ ਸਮਝੌਤੇ ਹਨ ਜੋ 50 ਦੇਸ਼ਾਂ ਵਿੱਚ 1.5 ਬਿਲੀਅਨ ਗਾਹਕਾਂ ਤੱਕ ਮਾਲ ਪਹੁੰਚਾਉਂਦੇ ਹਨ। ਸਾਡੇ ਵਪਾਰ ਮਾਹਰ, ਕਾਰੋਬਾਰਾਂ ਨੂੰ ਆਪਣੇ ਉਤਪਾਦ ਅਤੇ ਸੇਵਾਵਾਂ ਨੂੰ ਦੁਨੀਆ ਭਰ ਵਿੱਚ ਪ੍ਰਚਾਰਿਤ ਕਰਨ ਅਤੇ ਨਿਰਯਾਤ ਕਰਨ ਵਿੱਚ ਮਦਦ ਕਰ ਸਕਦੇ ਹਨ।
ਸਾਡੀਆਂ ਖੂਬੀਆਂ ਦੇ ਅਧਾਰ ‘ਤੇ ਅੱਗੇ ਵੱਧਣਾ
- ਕਾਰੋਬਾਰਾਂ ਨੂੰ ਨਿਰਯਾਤ ਲਈ ਤਿਆਰ ਕਰਨਾ। ਅਸੀਂ ਮੁਫ਼ਤ ਸੇਵਾਵਾਂ, ਸਰੋਤ ਅਤੇ ਮਾਹਰ ਸਲਾਹ ਮੁਹੱਈਆ ਕਰ ਰਹੇ ਹਾਂ ਤਾਂ ਜੋ ਕਾਰੋਬਾਰਾਂ ਨੂੰ ਉਹ ਸਹਾਇਤਾ ਮਿਲ ਸਕੇ ਜੋ ਉਹਨਾਂ ਨੂੰ ਵਿਸ਼ਵ-ਭਰ ਵਿੱਚ ਨਵੀਆਂ ਮਾਰਕੀਟਾਂ ਤੱਕ ਪਹੁੰਚਣ ਲਈ ਲੋੜੀਂਦੀ ਹੈ। ਬੀ.ਸੀ. ਦੇ ਸਾਰੇ ਕਾਰੋਬਾਰ ਇਹਨਾਂ ਸੂਬਾਈ ਅਤੇ ਫੈਡਰਲ ਪ੍ਰੋਗਰਾਮਾਂ ਲਈ ਯੋਗ ਹਨ। ਇਹਨਾਂ ਤੱਕ ‘ਟ੍ਰੇਡ ਐਂਡ ਇਨਵੈਸਟ ਬੀ.ਸੀ.’ ਰਾਹੀਂ ਪਹੁੰਚ ਕੀਤੀ ਜਾ ਸਕਦੀ ਹੈ।
- ਕਾਰੋਬਾਰੀ ਸਲਾਹਕਾਰਾਂ ਨਾਲ ਸੰਪਰਕ ਕਰਨਾ। ਅਸੀਂ ਕਾਰੋਬਾਰੀ ਸਲਾਹਕਾਰਾਂ ਨਾਲ ਮੁਫ਼ਤ ਵਿੱਚ ਨਿੱਜੀ ਤੌਰ ‘ਤੇ ਸਲਾਹ-ਮਸ਼ਵਰਾ ਕਰਨ ਦਾ ਮੌਕਾ ਦੇ ਰਹੇ ਹਾਂ ਤਾਂ ਜੋ ਸਰਕਾਰੀ ਪ੍ਰੋਗਰਾਮ ਅਤੇ ਆਰਥਿਕ ਸਹਾਇਤਾ ਦੇ ਮੌਕੇ ਲੱਭਣ ਵਿੱਚ ਮਦਦ ਮਿਲ ਸਕੇ।
- ਟੈਰਿਫ਼ ਸਬੰਧੀ ਮਾਰਗਦਰਸ਼ਨ ਮੁਹੱਈਆ ਕਰਨਾ। ਅਸੀਂ ਯੋਗ ਕਾਰੋਬਾਰਾਂ ਨੂੰ ਟੈਰਿਫ਼ ‘ਤੇ ਛੋਟ ਦੇ ਰਹੇ ਹਾਂ ਜਾਂ ਟੈਰਿਫ਼ ਦੀ ਰਕਮ ਘਟਾਉਣ ਵਿੱਚ ਮਦਦ ਕਰ ਰਹੇ ਹਾਂ, ਜੇਕਰ ਉਹ ਕੁਝ ਵਪਾਰਕ ਸਮਝੌਤਿਆਂ ਦੇ ਅਧੀਨ ਮੂਲ ਨਿਯਮਾਂ ਨੂੰ ਪੂਰਾ ਕਰਦੇ ਹਨ।
ਹੋਰ ਜਾਣੋ
ਛੋਟੇ ਭਾਈਚਾਰਿਆਂ ਵਿੱਚ ਆਰਥਿਕ ਵਿਕਾਸ ਨੂੰ ਆਕਰਸ਼ਿਤ ਕਰਨਾ
ਪੇਂਡੂ, ਦੂਰ-ਦੁਰਾਡੇ ਅਤੇ ਫਰਸਟ ਨੇਸ਼ਨਜ਼ ਭਾਈਚਾਰੇ, ਬੀ.ਸੀ. ਦੀ ਆਰਥਿਕਤਾ ਲਈ ਬਹੁਤ ਮਹੱਤਵਪੂਰਨ ਹਨ।
ਅਸੀਂ ਆਪਣੀਆਂ ਸਥਾਨਕ ਖੂਬੀਆਂ ਦੇ ਅਧਾਰ 'ਤੇ ਅੱਗੇ ਵੱਧ ਰਹੇ ਹਾਂ ਤਾਂ ਜੋ ਨਿਵੇਸ਼ ਆਕਰਸ਼ਿਤ ਕੀਤਾ ਜਾ ਸਕੇ, ਨੌਕਰੀਆਂ ਪੈਦਾ ਹੋ ਸਕਣ ਅਤੇ ਮਜ਼ਬੂਤ, ਖੁਸ਼ਹਾਲ ਭਾਈਚਾਰਿਆਂ ਨੂੰ ਸਹਿਯੋਗ ਮਿਲ ਸਕੇ।
ਬੀ.ਸੀ. ਦੀਆਂ ਖੂਬੀਆਂ
- ਆਰਥਿਕ ਵਿਕਾਸ ਲਈ ਵਧੀਆ ਸਥਿਤੀ। ਬੀ.ਸੀ. ਦੇ ਛੋਟੇ ਭਾਈਚਾਰਿਆਂ ਕੋਲ ਵਿਲੱਖਣ ਆਰਥਿਕ ਫਾਇਦੇ ਹਨ। ਉਹਨਾਂ ਕੋਲ ਕੁਦਰਤੀ ਸਰੋਤਾਂ ਅਤੇ ਢੋਆ-ਢੁਆਈ ਦੇ ਰਸਤਿਆਂ ਤੱਕ ਪਹੁੰਚ, ਕਾਰੋਬਾਰ ਦੇ ਘੱਟ ਖਰਚੇ, ਮਜ਼ਬੂਤ ਸਥਾਨਕ ਨੈਟਵਰਕ, ਹੁਨਰਮੰਦ ਕਾਰਜਬਲ, ਅਤੇ ਵਿਕਾਸ ਲਈ ਭਰਪੂਰ ਸੰਭਾਵਨਾ ਹੈ।
ਸਾਡੀਆਂ ਖੂਬੀਆਂ ਦੇ ਅਧਾਰ ‘ਤੇ ਅੱਗੇ ਵੱਧਣਾ
- ਸਥਾਨਕ ਸਰਕਾਰਾਂ ਦੀ ਗੱਲ ਸੁਣਨਾ ਅਤੇ ਉਹਨਾਂ ਨੂੰ ਸਹਿਯੋਗ ਦੇਣਾ। ਅਸੀਂ ਪੇਂਡੂ, ਦੂਰ-ਦੁਰਾਡੇ ਅਤੇ ਫਰਸਟ ਨੇਸ਼ਨਜ਼ ਭਾਈਚਾਰਿਆਂ ਨਾਲ ਮਿਲਕੇ ਕੰਮ ਕਰ ਰਹੇ ਹਾਂ ਤਾਂ ਜੋ ਉਹਨਾਂ ਦੀਆਂ ਵਿਲੱਖਣ ਲੋੜਾਂ ਨੂੰ ਸਮਝ ਸਕੀਏ, ਉਹਨਾਂ ਦੇ ਵਿਚਾਰਾਂ ਨੂੰ ਅੱਗੇ ਲਿਆ ਸਕੀਏ, ਅਤੇ ਇਹ ਯਕੀਨੀ ਬਣਾ ਸਕੀਏ ਕਿ ਉਹਨਾਂ ਦੇ ਵਿਚਾਰ ਫੈਸਲਿਆਂ ਨੂੰ ਰੂਪ ਦੇਣ ਵਿੱਚ ਮਦਦ ਕਰਦੇ ਹਨ।
- ਪੇਂਡੂ ਇਲਾਕਿਆਂ ਵਿੱਚ ਨੌਕਰੀਆਂ ਅਤੇ ਵਿਕਾਸ ਦਾ ਸਮਰਥਨ। ਅਸੀਂ ਛੋਟੇ ਭਾਈਚਾਰਿਆਂ ਨੂੰ ਸਥਾਨਕ ਕਾਰੋਬਾਰਾਂ ਦਾ ਸਮਰਥਨ ਕਰਨ, ਨਵੇਂ ਮੌਕਿਆਂ ਨੂੰ ਆਕਰਸ਼ਿਤ ਕਰਨ, ਅਤੇ ਘਰ ਦੇ ਨੇੜੇ ਹੋਰ ਵਧੀਆ ਨੌਕਰੀਆਂ ਪੈਦਾ ਕਰਨ ਵਿੱਚ ਮਦਦ ਕਰ ਰਹੇ ਹਾਂ।
- ਪੇਂਡੂ ਆਰਥਿਕ ਬੁਨਿਆਦੀ ਢਾਂਚੇ ਵਿੱਚ ਨਿਵੇਸ਼। ਅਸੀਂ ਭਾਈਚਾਰਿਆਂ ਦੀ ਨਵੇਂ ਬੁਨਿਆਦੀ ਢਾਂਚੇ, ਸੇਵਾਵਾਂ ਜਾਂ ਪ੍ਰੋਗਰਾਮ ਵਿਕਸਤ ਕਰਨ ਵਿੱਚ ਮਦਦ ਕਰ ਰਹੇ ਹਾਂ, ਜੋ ਉਹਨਾਂ ਦੀ ਆਰਥਿਕਤਾ ਨੂੰ ਵਿਭਿੰਨ ਬਣਾਉਣ ਅਤੇ ਲੰਬੇ ਸਮੇਂ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਲੋੜੀਂਦੇ ਹਨ।
- ਕਾਰੋਬਾਰੀ ਨਿਵੇਸ਼ ਅਤੇ ਜ਼ਮੀਨ ਦੇ ਵਿਕਾਸ ਲਈ ਤਿਆਰੀ। ਅਸੀਂ ਭਾਈਚਾਰਿਆਂ ਨੂੰ ਨਿਵੇਸ਼ ਆਕਰਸ਼ਿਤ ਕਰਨ ਲਈ ਤਿਆਰ ਕਰਨ ਵਿੱਚ ਮਦਦ ਕਰ ਰਹੇ ਹਾਂ, ਜਿਸ ਵਿੱਚ ਕਾਰੋਬਾਰੀ ਮੌਕਿਆਂ ਅਤੇ ਵਿਕਾਸ ਲਈ ਉਪਲਬਧ ਜ਼ਮੀਨ ਦੀ ਪਛਾਣ ਕਰਨਾ ਸ਼ਾਮਲ ਹੈ।
- ਆਰਥਿਕ ਤਬਦੀਲੀ ਦੌਰਾਨ ਭਾਈਚਾਰਿਆਂ ਦਾ ਸਮਰਥਨ। ਅਸੀਂ ਭਾਈਚਾਰਿਆਂ ਦੀਆਂ ਵੱਡੀਆਂ ਆਰਥਿਕ ਤਬਦੀਲੀਆਂ, ਜਿਵੇਂ ਕਿ ਕਿਸੇ ਵੱਡੇ-ਪੱਧਰ ਦੇ ਰੁਜ਼ਗਾਰ ਦੇਣ ਵਾਲੇ ਦੇ ਨੁਕਸਾਨ ਜਾਂ ਖੇਤਰ ਵਿੱਚ ਮੁੱਖ ਪ੍ਰੋਜੈਕਟਾਂ ਨਾਲ ਜੁੜੇ ਬਦਲਾਅ, ਨਾਲ ਨਜਿੱਠਣ ਵਿੱਚ ਮਦਦ ਕਰ ਰਹੇ ਹਾਂ।
- ਕੁਨੈਕਟਿਵਿਟੀ ਸੁਧਾਰਨਾ। ਅਸੀਂ ਬੀ.ਸੀ. ਦੇ ਹਰ ਭਾਈਚਾਰੇ ਅਤੇ ਘਰ ਨੂੰ ਹਾਈ-ਸਪੀਡ ਇੰਟਰਨੈਟ ਤੱਕ ਪਹੁੰਚ ਨਾਲ ਜੋੜਨ ਲਈ ਕੰਮ ਕਰ ਰਹੇ ਹਾਂ। ਅਸੀਂ ਹਾਈਵੇਅ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਮੋਬਾਈਲ ਸੇਵਾ ਵੀ ਸੁਧਾਰ ਰਹੇ ਹਾਂ।
ਹੋਰ ਜਾਣੋ
ਵਾਤਾਵਰਨ, ਸਮਾਜਿਕ ਅਤੇ ਸਰਕਾਰੀ ਪ੍ਰਬੰਧਨ (ESG) ਵਿੱਚ ਅਗਵਾਈ
ਵਾਤਾਵਰਨ, ਸਮਾਜਿਕ ਅਤੇ ਸਰਕਾਰੀ ਪ੍ਰਬੰਧਨ (Environmental, Social and Governance, ESG) ਅਭਿਆਸਾਂ ਵਿੱਚ ਬੀ.ਸੀ. ਦੀ ਅਗਵਾਈ ਇੱਕ ਅਜਿਹੀ ਮਜ਼ਬੂਤ ਆਰਥਿਕਤਾ ਬਣਾਉਣ ਵਿੱਚ ਮਦਦ ਕਰ ਰਹੀ ਹੈ ਜੋ ਹਰ ਕਿਸੇ ਲਈ ਕੰਮ ਕਰਦੀ ਹੈ। ਵਾਤਾਵਰਨ ਪੱਖੋਂ ਸਾਫ਼ ਊਰਜਾ, ਸਮਾਜਿਕ ਸਮਾਨਤਾ ਅਤੇ ਰਿਕੰਸਲੀਏਸ਼ਨ (ਮੇਲ-ਮਿਲਾਪ) 'ਤੇ ਸਾਡਾ ਧਿਆਨ ਇਸ ਗੱਲ ਵਿੱਚ ਡੂੰਘਾਈ ਨਾਲ ਕੇਂਦਰਿਤ ਹੈ ਕਿ ਅਸੀਂ ਕਾਰੋਬਾਰ ਕਿਵੇਂ ਕਰਦੇ ਹਾਂ।
ਬੀ.ਸੀ. ਦੀਆਂ ਖੂਬੀਆਂ
- ਵਾਤਾਵਰਨਕ ਅਗਵਾਈ। ਬੀ.ਸੀ. ਵਾਤਾਵਰਨ ਸੁਰੱਖਿਆ, ਸਾਫ਼ ਊਰਜਾ ਅਤੇ ਟਿਕਾਊ ਸਰੋਤ ਵਿਕਾਸ ਵਿੱਚ ਅਗਵਾਈ ਕਰ ਰਿਹਾ ਹੈ। ਕਾਰੋਬਾਰ ਸਾਡੀ ਧਰਤੀ, ਹਵਾ ਅਤੇ ਪਾਣੀ ਦੀ ਸੁਰੱਖਿਆ ਕਰਨ ਲਈ ਸਪੱਸ਼ਟ ਅਤੇ ਨਿਰੰਤਰ ਲਾਗੂ ਨਿਯਮਾਂ ਦੀ ਪਾਲਣਾ ਕਰਦੇ ਹਨ।
- ਸਮਾਜਿਕ ਵਚਨਬੱਧਤਾ। ਬੀ.ਸੀ. ਵਿਸ਼ਵ-ਪੱਧਰੀ ਕਾਨੂੰਨਾਂ ਅਤੇ ਆਰਥਿਕ ਭਾਈਵਾਲੀਆਂ ਰਾਹੀਂ ਇੰਡੀਜਨਸ ਲੋਕਾਂ ਨਾਲ ਅਰਥਪੂਰਨ ਰਿਕੰਸਲੀਏਸ਼ਨ (ਮੇਲ-ਮਿਲਾਪ) ਦਾ ਸਮਰਥਨ ਕਰਦਾ ਹੈ। ਅਸੀਂ ਪ੍ਰਣਾਲੀਗਤ ਭੇਦਭਾਵ ਨੂੰ ਖਤਮ ਕਰਨ ਅਤੇ ਇੱਕ ਵਿਭਿੰਨ, ਹੁਨਰਮੰਦ ਕਾਰਜਬਲ ਦਾ ਸਮਰਥਨ ਕਰਨ ਲਈ ਵੀ ਕੰਮ ਕਰ ਰਹੇ ਹਾਂ, ਜਿੱਥੇ ਹਰ ਕੋਈ ਆਪਣੇ ਆਪ ਨੂੰ ਸੁਰੱਖਿਅਤ ਅਤੇ ਸਵਾਗਤਯੋਗ ਮਹਿਸੂਸ ਕਰੇ।
- ਸਰਕਾਰ ਵੱਲੋਂ ਵਧੀਆ ਪ੍ਰਬੰਧਨ। ਬੀ.ਸੀ. ਕਾਨੂੰਨ 'ਤੇ ਅਧਾਰਿਤ ਇੱਕ ਸਥਿਰ, ਪਾਰਦਰਸ਼ੀ ਸਰਕਾਰ ਅਤੇ ਨਿਯਮਕ ਮਾਹੌਲ ਮੁਹੱਈਆ ਕਰਦਾ ਹੈ। ਚੁਣੇ ਹੋਏ ਨੇਤਾ ਅਤੇ ਪੇਸ਼ੇਵਰ ਨਿਯਮਕ ਸਪੱਸ਼ਟ ਢਾਂਚਿਆਂ ਦੀ ਪਾਲਣਾ ਕਰਦੇ ਹਨ ਜੋ ਜ਼ਿੰਮੇਵਾਰ ਕਾਰੋਬਾਰੀ ਅਭਿਆਸਾਂ ਦਾ ਸਮਰਥਨ ਕਰਦੇ ਹਨ ਅਤੇ ਨਿਵੇਸ਼ਕਾਂ ਨੂੰ ਭਰੋਸਾ ਦਿਵਾਉਂਦੇ ਹਨ।
ਸਾਡੀਆਂ ਖੂਬੀਆਂ ਦੇ ਅਧਾਰ ‘ਤੇ ਅੱਗੇ ਵੱਧਣਾ
ਹੋਰ ਜਾਣੋ


ਉਨ੍ਹਾਂ ਜਨਤਕ ਸੇਵਾਵਾਂ ਨੂੰ ਮਜ਼ਬੂਤ ਕਰਨਾ ਜਿਨ੍ਹਾਂ 'ਤੇ ਲੋਕ ਨਿਰਭਰ ਹਨ
ਚੰਗੀਆਂ ਜਨਤਕ ਸੇਵਾਵਾਂ ਉਹ ਨੀਂਹ ਤਿਆਰ ਕਰਨ ਵਿੱਚ ਮਦਦ ਕਰਦੀਆਂ ਹਨ ਜਿਸ 'ਤੇ ਹਰ ਕਿਸੇ ਲਈ ਕੰਮ ਕਰਨ ਵਾਲੀ ਆਰਥਿਕਤਾ ਖੜ੍ਹੀ ਹੁੰਦੀ ਹੈ।
ਲੋਕਾਂ ਲਈ ਵਧੇਰੇ ਘਰ
ਬੀ.ਸੀ. ਅਗਲੇ ਦਸ ਸਾਲਾਂ ਵਿੱਚ ਲੱਖਾਂ ਨਵੇਂ ਘਰ ਮੁਹੱਈਆ ਕਰਨ ਲਈ ਨਿਰਮਾਣ ਵਿੱਚ ਰੁਕਾਵਟਾਂ ਅਤੇ ਬੇਲੋੜੀਆਂ ਕਾਰਵਾਈਆਂ ਨੂੰ ਘਟਾ ਰਿਹਾ ਹੈ।
ਪਰਿਵਾਰਾਂ ਲਈ ਹੋਰ ਡਾਕਟਰ
ਬੀ.ਸੀ. SFU ਦੇ ਸਰ੍ਹੀ ਕੈਂਪਸ ਵਿੱਚ ਪੱਛਮੀ ਕੈਨੇਡਾ ਵਿੱਚ 55 ਸਾਲਾਂ ਤੋਂ ਬਾਅਦ ਪਹਿਲਾ ਨਵਾਂ ਮੈਡੀਕਲ ਸਕੂਲ ਖੋਲ੍ਹ ਰਿਹਾ ਹੈ ਤਾਂ ਜੋ ਹੋਰ ਪਰਿਵਾਰਕ ਡਾਕਟਰ ਸਿਖਲਾਈ ਲੈ ਸਕਣ।
ਵਿਦਿਆਰਥੀਆਂ ਲਈ ਵਧੇਰੇ ਸਹਾਇਤਾ
ਬੀ.ਸੀ. ਨੇ 2017 ਤੋਂ ਹੁਣ ਤੱਕ, ਹੋਰ 5,720 ਫੁੱਲ-ਟਾਈਮ ਅਧਿਆਪਕ (18% ਵਾਧਾ) ਅਤੇ 5,300 ਐਜੂਕੇਸ਼ਨਲ ਅਸਿਸਟੈਂਟ (56% ਵਾਧਾ) ਭਰਤੀ ਕੀਤੇ ਹਨ।
ਲੋਕਾਂ ਲਈ ਹੋਰ ਘਰ ਵਧੇਰੇ ਤੇਜ਼ੀ ਨਾਲ ਬਣਾਉਣਾ
ਬੀ.ਸੀ. ਇੱਕ ਵਿਲੱਖਣ ਥਾਂ ਹੈ, ਜਿੱਥੇ ਆਰਥਿਕਤਾ ਮਜ਼ਬੂਤ ਹੈ ਅਤੇ ਸ਼ਾਨਦਾਰ ਮੌਕੇ ਉਪਲਬਧ ਹਨ। ਪਰ ਅਜੇ ਵੀ ਬਹੁਤ ਸਾਰੇ ਲੋਕਾਂ ਲਈ ਘਰਾਂ ਦੇ ਖਰਚੇ ਪੂਰਾ ਕਰਨਾ ਮੁਸ਼ਕਲ ਹੈ। ਅਸੀਂ ਇਸ ਗੱਲ ‘ਤੇ ਕੰਮ ਕਰ ਰਹੇ ਹਾਂ ਕਿ ਹੋਰ ਲੋਕ ਉਹ ਘਰ ਲੱਭ ਸਕਣ ਜੋ ਉਹਨਾਂ ਦੇ ਪਸੰਦੀਦਾ ਭਾਈਚਾਰੇ ਵਿੱਚ ਹੋਣ ਅਤੇ ਉਹਨਾਂ ਲਈ ਕਿਫ਼ਾਇਤੀ ਹੋਣ।
ਬੀ.ਸੀ. ਦੀਆਂ ਖੂਬੀਆਂ
- ਰਿਹਾਇਸ਼ੀ ਹੱਲਾਂ ਵਿੱਚ ਦੇਸ਼ ਦੀ ਅਗਵਾਈ। ਬੀ.ਸੀ. ਲੋਕਾਂ ਲਈ ਹੋਰ ਘਰ ਵਧੇਰੇ ਤੇਜ਼ੀ ਨਾਲ ਮੁਹੱਈਆ ਕਰਨ ਲਈ ਕੰਮ ਕਰ ਰਿਹਾ ਹੈ। ਅਤੇ ਇਸ ਨਾਲ ਫਰਕ ਪੈ ਰਿਹਾ ਹੈ। ਕਿਰਾਏ ਘਟ ਰਹੇ ਹਨ। ਕਿਰਾਏ ਵਾਲੇ ਘਰ ਪਹਿਲਾਂ ਤੋਂ ਵੱਧ ਗਿਣਤੀ ਵਿੱਚ ਬਣ ਰਹੇ ਹਨ। ਅਤੇ ਘਰਾਂ ਦਾ ਨਿਰਮਾਣ ਮਜ਼ਬੂਤੀ ਨਾਲ ਜਾਰੀ ਹੈ।
ਸਾਡੀਆਂ ਖੂਬੀਆਂ ਦੇ ਅਧਾਰ ‘ਤੇ ਅੱਗੇ ਵੱਧਣਾ
- ਕਿਰਾਏਦਾਰਾਂ ਦੀ ਸਹਾਇਤਾ ਕਰਨਾ। ਅਸੀਂ ਕਿਰਾਏ ਵਿੱਚ ਵਾਧੇ 'ਤੇ ਸੀਮਾ ਲਗਾ ਰਹੇ ਹਾਂ, ਸਲਾਨਾ $400 ਕਿਰਾਏਦਾਰ ਰੀਬੇਟ (renters rebate) ਦੇ ਰਹੇ ਹਾਂ, ਅਤੇ ਇਹ ਯਕੀਨੀ ਬਣਾ ਰਹੇ ਹਾਂ ਕਿ ਤੁਹਾਡੇ ਭਾਈਚਾਰੇ ਵਿੱਚ ਹੋਰ ਕਿਫ਼ਾਇਤੀ ਕਿਰਾਏ ਵਾਲੇ ਘਰ ਸੁਰੱਖਿਅਤ ਕੀਤੇ ਜਾਣ ਅਤੇ ਬਣਾਏ ਜਾਣ।
- ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੀ ਸਹਾਇਤਾ ਕਰਨਾ। ਅਸੀਂ ਲੋਕਾਂ ਲਈ ਟੈਕਸ ਬੈਨਿਫ਼ਿਟ, ਭਾਈਵਾਲੀਆਂ ਅਤੇ ਹੋਰ ਘਰਾਂ ਦੇ ਵਿਕਲਪਾਂ ਨਾਲ ਆਪਣਾ ਪਹਿਲਾ ਘਰ ਖਰੀਦਣਾ ਵਧੇਰੇ ਅਸਾਨ ਬਣਾ ਰਹੇ ਹਾਂ।
- ਉਹਨਾਂ ਲੋਕਾਂ ਲਈ ਸਹਾਇਤਾ ਜੋ ਰਿਹਾਇਸ਼ੀ ਰੁਕਾਵਟਾਂ ਦਾ ਸਾਹਮਣਾ ਕਰਦੇ ਹਨ। ਅਸੀਂ ਐਮਰਜੈਂਸੀ ਸਹਾਇਤਾ, ਵਿੱਤੀ ਮਦਦ, ਅਤੇ ਸੰਗਠਿਤ ਸੇਵਾਵਾਂ (ਰੈਪਅਰਾਊਂਡ ਸਰਵਿਸਿਜ਼) ਵਾਲੇ ਘਰ ਮੁਹੱਈਆ ਕਰ ਰਹੇ ਹਾਂ ਤਾਂ ਜੋ ਹੋਰ ਲੋਕ ਉਹ ਘਰ ਲੱਭ ਸਕਣ ਅਤੇ ਉਹਨਾਂ ਵਿੱਚ ਰਹਿ ਸਕਣ ਜਿਨ੍ਹਾਂ ਦੀ ਉਹਨਾਂ ਨੂੰ ਲੋੜ ਹੈ।
- ਮਕਾਨ ਮਾਲਕਾਂ ਲਈ ਸਹਾਇਤਾ। ਅਸੀਂ ਮਕਾਨ ਮਾਲਕਾਂ ਦੀ ਖਰਚਿਆਂ ਵਿੱਚ ਮਦਦ ਕਰਨ ਲਈ ਪ੍ਰੌਪਰਟੀ ਟੈਕਸ ਗ੍ਰਾਂਟਾਂ ਅਤੇ ਟੈਕਸ ਮੁਲਤਵੀ ਕਰਨ ਦੀ ਸਹੂਲਤ ਦੇ ਰਹੇ ਹਾਂ ਅਤੇ ਉਹਨਾਂ ਦੀ ਪ੍ਰੌਪਰਟੀ 'ਤੇ ਯੂਨਿਟ ਕਿਰਾਏ 'ਤੇ ਦੇਣ ਲਈ ਹੋਰ ਸਹਾਇਤਾ ਮੁਹੱਈਆ ਕਰ ਰਹੇ ਹਾਂ।
- ਬਿਲਡਰਾਂ ਅਤੇ ਭਾਈਚਾਰਿਆਂ ਦੀ ਹੋਰ ਘਰ ਬਣਾਉਣ ਵਿੱਚ ਸਹਾਇਤਾ। ਅਸੀਂ ਬੇਲੋੜੀਆਂ ਕਾਰਵਾਈਆਂ ਘਟਾ ਰਹੇ ਹਾਂ, ਮਨਜ਼ੂਰੀ ਪ੍ਰਕਿਰਿਆਵਾਂ ਨੂੰ ਤੇਜ਼ ਕਰ ਰਹੇ ਹਾਂ, ਪੁਰਾਣੇ ਨਿਯਮ ਸੁਧਾਰ ਰਹੇ ਹਾਂ, ਅਤੇ ਸਰਕਾਰੀ ਜ਼ਮੀਨ ਦਾ ਵਧੀਆ ਇਸਤੇਮਾਲ ਕਰ ਰਹੇ ਹਾਂ, ਤਾਂ ਜੋ ਭਾਈਚਾਰੇ ਉਹਨਾਂ ਲੋਕਾਂ ਲਈ ਹੋਰ ਘਰ ਮੁਹੱਈਆ ਕਰ ਸਕਣ ਜੋ ਉੱਥੇ ਰਹਿੰਦੇ ਅਤੇ ਕੰਮ ਕਰਦੇ ਹਨ।
ਹੋਰ ਜਾਣੋ
ਸਿਹਤ ਅਤੇ ਮਾਨਸਿਕ ਸਿਹਤ ਸੰਭਾਲ ਨੂੰ ਮਜ਼ਬੂਤ ਕਰਨਾ
ਬੀ.ਸੀ. ਦੇ ਸਮਰਪਿਤ ਡਾਕਟਰ, ਨਰਸ ਅਤੇ ਸਿਹਤ-ਸੰਭਾਲ ਕਰਮਚਾਰੀ ਸਾਡੀ ਸਰਕਾਰੀ ਫੰਡ-ਪ੍ਰਾਪਤ ਸਿਹਤ ਪ੍ਰਣਾਲੀ ਰਾਹੀਂ ਗੁਣਵੱਤਾ ਵਾਲੀ ਸੰਭਾਲ ਮੁਹੱਈਆ ਕਰਨ 'ਤੇ ਮਾਣ ਮਹਿਸੂਸ ਕਰਦੇ ਹਨ। ਅਸੀਂ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਾਂ ਤਾਂ ਜੋ ਹਰ ਕੋਈ ਉਹ ਸੰਭਾਲ ਲੈ ਸਕੇ ਜਿਸਦੀ ਉਹਨਾਂ ਨੂੰ ਲੋੜ ਹੈ, ਜਦੋਂ ਅਤੇ ਜਿੱਥੇ ਉਹਨਾਂ ਨੂੰ ਲੋੜ ਹੋਵੇ।
ਬੀ.ਸੀ. ਦੀਆਂ ਖੂਬੀਆਂ
- ਸਰਕਾਰੀ ਫੰਡ ਵਾਲੀ ਸੰਭਾਲ ਤੱਕ ਸਭ ਦੀ ਪਹੁੰਚ। ਬੀ.ਸੀ. ਵਿੱਚ ਹਰ ਕਿਸੇ ਦੀ ਸਿਹਤ ਸੰਭਾਲ ਤੱਕ ਪਹੁੰਚ ਹੈ, ਭਾਵੇਂ ਉਹਨਾਂ ਦੀ ਆਮਦਨ ਜਾਂ ਪਿਛੋਕੜ ਜੋ ਵੀ ਹੋਵੇ। ਸਾਡਾ ਧਿਆਨ ਇਸ ਗੱਲ 'ਤੇ ਕੇਂਦਰਿਤ ਹੈ ਕਿ ਤੁਸੀਂ ਜਿੱਥੇ ਵੀ ਰਹਿੰਦੇ ਹੋ, ਅਸੀਂ ਤੁਹਾਨੂੰ ਹੋਰ ਵਧੀਆ ਅਤੇ ਵਧੇਰੇ ਤੇਜ਼ ਸੰਭਾਲ ਮੁਹੱਈਆ ਕਰੀਏ।
ਸਾਡੀਆਂ ਖੂਬੀਆਂ ਦੇ ਅਧਾਰ ‘ਤੇ ਅੱਗੇ ਵੱਧਣਾ
- ਸਿਹਤ ਸੰਭਾਲ ਤੱਕ ਪਹੁੰਚ ਵਿੱਚ ਸੁਧਾਰ ਕਰਨਾ। ਅਸੀਂ ਹੋਰ ਲੋਕਾਂ ਦੀ ਪਰਿਵਾਰਕ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਲੱਭਣ ਵਿੱਚ ਮਦਦ ਕਰ ਰਹੇ ਹਾਂ, ਦਵਾਈਆਂ ਦੇ ਖਰਚੇ ਘਟਾ ਰਹੇ ਹਾਂ ਅਤੇ ਮਾਨਸਿਕ ਸਿਹਤ ਅਤੇ ਨਸ਼ੇ ਦੀ ਲਤ ਸਬੰਧੀ ਸੰਭਾਲ ਦਾ ਵਿਸਤਾਰ ਕਰ ਰਹੇ ਹਾਂ।
- ਹਰ ਕਿਸੇ ਲਈ ਬਿਹਤਰ ਸਿਹਤ ਸੰਭਾਲ ਮੁਹੱਈਆ ਕਰਨਾ। ਅਸੀਂ ਸਰਜਰੀ ਅਤੇ ਕੈਂਸਰ ਸੰਭਾਲ ਵਰਗੀਆਂ ਸੇਵਾਵਾਂ ਨੂੰ ਸੁਧਾਰ ਰਹੇ ਹਾਂ, ਸਿਹਤ ਸੰਭਾਲ ਵਿੱਚ ਨਸਲਵਾਦ ਦਾ ਮੁਕਾਬਲਾ ਕਰ ਰਹੇ ਹਾਂ ਅਤੇ ਬਿਹਤਰ, ਵਧੇਰੇ ਤੇਜ਼ ਸਿਹਤ ਸੰਭਾਲ ਮੁਹੱਈਆ ਕਰਨ ਲਈ ਨਵੇਂ ਤਰੀਕੇ ਅਪਣਾ ਰਹੇ ਹਾਂ।
- ਸਾਡੇ ਕਾਰਜਬਲ ਨੂੰ ਵਧਾਉਣਾ। ਅਸੀਂ ਹੋਰ ਡਾਕਟਰ, ਨਰਸ ਅਤੇ ਸਿਹਤ-ਸੰਭਾਲ ਕਰਮਚਾਰੀਆਂ ਨੂੰ ਭਰਤੀ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਸਿਖਲਾਈ ਦੇ ਰਹੇ ਹਾਂ, ਜਿਸ ਵਿੱਚ ਪੇਂਡੂ, ਦੂਰ-ਦੁਰਾਡੇ ਅਤੇ ਫਰਸਟ ਨੇਸ਼ਨ ਭਾਈਚਾਰੇ ਵੀ ਸ਼ਾਮਲ ਹਨ।
- ਬਿਹਤਰ ਸਿਹਤ ਸੰਭਾਲ ਦਾ ਨਿਰਮਾਣ। ਅਸੀਂ ਸੂਬੇ ਭਰ ਦੇ ਭਾਈਚਾਰਿਆਂ ਵਿੱਚ ਹੋਰ ਹਸਪਤਾਲ, ਕਲੀਨਿਕ, ਕੈਂਸਰ ਸੈਂਟਰ ਅਤੇ ਲੰਬੇ ਸਮੇਂ ਦੀ ਸੰਭਾਲ ਵਾਲੇ ਘਰ ਤਿਆਰ ਕਰ ਰਹੇ ਹਾਂ।
- ਲੋਕਾਂ ਨੂੰ ਸਿਹਤਮੰਦ ਰੱਖਣਾ। ਰੋਕਥਾਮ ਸਭ ਤੋਂ ਅਸਰਦਾਰ ਇਲਾਜ ਹੈ। ਅਸੀਂ ਲੋਕਾਂ ਦੀ ਸੱਟਾਂ ਅਤੇ ਬਿਮਾਰੀਆਂ ਤੋਂ ਬਚਾਅ ਲਈ ਕਦਮ ਚੁੱਕਣ ਵਿੱਚ ਮਦਦ ਕਰ ਰਹੇ ਹਾਂ ਤਾਂ ਜੋ ਉਹ ਲੰਬੀ, ਸਿਹਤਮੰਦ ਜ਼ਿੰਦਗੀ ਜੀ ਸਕਣ।
ਹੋਰ ਜਾਣੋ
ਉੱਚ-ਗੁਣਵੱਤਾ ਵਾਲੀ ਸਿੱਖਿਆ ਅਤੇ ਬਾਲ ਸੰਭਾਲ ਮੁਹੱਈਆ ਕਰਨਾ
ਗੁਣਵੱਤਾ ਵਾਲੀ ਸਿੱਖਿਆ ਅਤੇ ਕਿਫ਼ਾਇਤੀ ਬਾਲ ਸੰਭਾਲ ਬੀ.ਸੀ. ਦੀ ਉਸ ਯੋਜਨਾ ਦੇ ਮੁੱਖ ਹਿੱਸੇ ਹਨ ਜੋ ਹਰ ਕਿਸੇ ਲਈ ਕੰਮ ਕਰਨ ਵਾਲੀ ਮਜ਼ਬੂਤ ਆਰਥਿਕਤਾ ਬਣਾਉਣ ਲਈ ਹੈ। ਸਿੱਖਣ ਵਿੱਚ ਲਗਾਇਆ ਗਿਆ ਹਰ ਡਾਲਰ ਸਾਡੇ ਭਵਿੱਖ ਵਿੱਚ ਕੀਤਾ ਨਿਵੇਸ਼ ਹੈ।
ਬੀ.ਸੀ. ਦੀਆਂ ਖੂਬੀਆਂ
- ਵਿਦਿਆਰਥੀਆਂ ਨੂੰ ਮਜ਼ਬੂਤ ਸ਼ੁਰੂਆਤ ਦੇਣਾ। ਬੀ.ਸੀ. ਦੇ ਪਬਲਿਕ ਸਕੂਲ ਦੁਨੀਆ ਦੇ ਸਭ ਤੋਂ ਵਧੀਆ ਸਕੂਲਾਂ ਵਿੱਚੋਂ ਹਨ। ਵਿਦਿਆਰਥੀ ਸੁਰੱਖਿਅਤ ਅਤੇ ਸੁਆਗਤਮਈ ਕਲਾਸਰੂਮਾਂ ਵਿੱਚ ਆਲੋਚਨਾਤਮਕ ਸੋਚ, ਰਚਨਾਤਮਕਤਾ ਅਤੇ ਸਾਂਝ ਵਿੱਚ ਕੰਮ ਕਰਨ ਵਰਗੇ ਮਹੱਤਵਪੂਰਨ ਹੁਨਰ ਸਿੱਖਦੇ ਹਨ। ਉਹ ਭਵਿੱਖ ਦੀਆਂ ਨੌਕਰੀਆਂ ਲਈ ਤਿਆਰੀ ਕਰਨ ਲਈ ਤਕਨਾਲੋਜੀ, ਡਿਜਿਟਲ ਅਤੇ ਟ੍ਰੇਡਜ਼ ਸਬੰਧੀ ਹੁਨਰ ਵੀ ਸਿੱਖਦੇ ਹਨ।
- ਕਿਫ਼ਾਇਤੀ ਬਾਲ ਸੰਭਾਲ ਰਾਹੀਂ ਪਰਿਵਾਰਾਂ ਦੀ ਸਹਾਇਤਾ। ਗੁਣਵੱਤਾ ਵਾਲੀ ਬਾਲ ਸੰਭਾਲ ਸ਼ੁਰੂਆਤੀ ਸਿੱਖਣ ਦੀ ਪ੍ਰਕਿਰਿਆ ਵਿੱਚ ਸਹਾਇਤਾ ਦਿੰਦੀ ਹੈ ਅਤੇ ਹੋਰ ਮਾਪਿਆਂ, ਖਾਸ ਕਰਕੇ ਔਰਤਾਂ ਦੀ, ਕੰਮ ਜਾਂ ਸਕੂਲ ਵਾਪਸ ਜਾਣ ਵਿੱਚ ਮਦਦ ਕਰਦੀ ਹੈ। ਇਸ ਨਾਲ ਪਰਿਵਾਰ ਖੁਸ਼ਹਾਲ ਹੁੰਦੇ ਹਨ ਅਤੇ ਸਾਡਾ ਕਾਰਜਬਲ ਮਜ਼ਬੂਤ ਹੁੰਦਾ ਹੈ।
ਸਾਡੀਆਂ ਖੂਬੀਆਂ ਦੇ ਅਧਾਰ ‘ਤੇ ਅੱਗੇ ਵੱਧਣਾ
- ਭਵਿੱਖ ਲਈ ਤਿਆਰ ਪਾਠਕ੍ਰਮ ਮੁਹੱਈਆ ਕਰਨਾ। ਬੀ.ਸੀ. ਦਾ ਨਵੀਂ ਤਰ੍ਹਾਂ ਤਿਆਰ ਕੀਤਾ ਪਾਠਕ੍ਰਮ ਵਿਦਿਆਰਥੀਆਂ ਨੂੰ ਉਸ ਤਕਨਾਲੋਜੀ-ਭਰਪੂਰ ਦੁਨੀਆ ਲਈ ਤਿਆਰ ਕਰਦਾ ਹੈ ਜਿੱਥੇ ਸਿੱਖਣ, ਕੰਮ ਕਰਨ ਅਤੇ ਸੰਚਾਰ ਦੇ ਤਰੀਕੇ ਲਗਾਤਾਰ ਬਦਲ ਰਹੇ ਹਨ।
- ਵਧ ਰਹੇ ਭਾਈਚਾਰਿਆਂ ਲਈ ਆਧੁਨਿਕ ਸਕੂਲ ਬਣਾਉਣਾ। ਅਸੀਂ ਸਕੂਲਾਂ ਦਾ ਨਿਰਮਾਣ ਅਤੇ ਸੁਧਾਰ ਕਰ ਰਹੇ ਹਾਂ – 2017 ਤੋਂ ਹੁਣ ਤੱਕ ਬੀ.ਸੀ. ਭਰ ਵਿੱਚ 44,000 ਨਵੇਂ ਵਿਦਿਆਰਥੀ ਸਥਾਨ ਅਤੇ 39,000 ਭੂਚਾਲ ਪੱਖੋਂ ਸੁਰੱਖਿਅਤ ਸੀਟਾਂ ਤਿਆਰ ਕੀਤੀਆਂ ਹਨ।
- ਕਿਫ਼ਾਇਤੀ ਬਾਲ ਸੰਭਾਲ ਤੱਕ ਪਹੁੰਚ ਦਾ ਵਿਸਤਾਰ। ਅਸੀਂ ਪਰਿਵਾਰਾਂ ਲਈ ਫੀਸਾਂ ਘਟਾਉਣ ਵਿੱਚ ਮਦਦ ਕਰ ਰਹੇ ਹਾਂ ਅਤੇ ‘ਅਰਲੀ ਚਾਈਲਡਹੁੱਡ ਐਜੁਕੇਟਰਾਂ’ (ਬੱਚਿਆਂ ਦੀ ਮੁੱਢਲੀ ਉਮਰ ਵਿੱਚ ਸਿਖਲਾਈ ਦੇਣ ਵਾਲੇ ਅਧਿਆਪਕ, ECE) ਨੂੰ ਸਹਾਇਤਾ ਦੇ ਰਹੇ ਹਾਂ ਤਾਂ ਜੋ ਬੀ.ਸੀ. ਭਰ ਵਿੱਚ ਹੋਰ ਬੱਚੇ ਗੁਣਵੱਤਾ ਵਾਲੀ ਸੰਭਾਲ ਲੈ ਸਕਣ। ਅਸੀਂ ਆਪਣੇ ਸਿੱਖਿਆ ਭਾਈਵਾਲਾਂ ਨਾਲ ਮਿਲ ਕੇ ਸਕੂਲ ਦੇ ਮੈਦਾਨਾਂ 'ਤੇ ਹੀ ਬਾਲ ਸੰਭਾਲ ਲਈ ਜਗ੍ਹਾ ਮੁਹੱਈਆ ਕਰਨ ਲਈ ਵੀ ਕੰਮ ਕਰ ਰਹੇ ਹਾਂ – ਇਸ ਨਾਲ ਪਰਿਵਾਰਾਂ ਲਈ ਘਰ ਦੇ ਨੇੜੇ, ਉਹਨਾਂ ਥਾਵਾਂ 'ਤੇ ਜਿਨ੍ਹਾਂ ਨੂੰ ਉਹ ਪਹਿਲਾਂ ਹੀ ਜਾਣਦੇ ਅਤੇ ਭਰੋਸਾ ਕਰਦੇ ਹਨ, ਉੱਚ-ਗੁਣਵੱਤਾ ਵਾਲੀ ਸੰਭਾਲ ਲੱਭਣਾ ਵਧੇਰੇ ਅਸਾਨ ਹੋਵੇਗਾ।
ਹੋਰ ਜਾਣੋ
ਲੋਕਾਂ ਦੀ ਖਰਚਿਆਂ ਵਿੱਚ ਮਦਦ ਕਰਨਾ
ਬੀ.ਸੀ. ਦੀ ਆਰਥਿਕਤਾ ਮਜ਼ਬੂਤ ਹੈ ਅਤੇ ਇੱਥੇ ਕੈਨੇਡਾ ਵਿੱਚ ਤਨਖਾਹਾਂ ਵਿੱਚ ਵਾਧਾ ਸਭ ਤੋਂ ਤੇਜ਼ ਹੈ, ਪਰ ਅਸੀਂ ਅਨਿਸ਼ਚਿਤ ਸਮਿਆਂ ਦਾ ਸਾਹਮਣਾ ਕਰ ਰਹੇ ਹਾਂ।
ਬਹੁਤ ਸਾਰੇ ਮਿਹਨਤੀ ਲੋਕ ਵਪਾਰਕ ਰੁਕਾਵਟਾਂ, ਘਰਾਂ ਦੀ ਸੱਟੇਬਾਜ਼ੀ, ਅਤੇ ਮੁਨਾਫਾਖੋਰਾਂ ਦੇ ਕਾਰਨ ਵਧੇਰੇ ਖਰਚਿਆਂ ਨਾਲ ਸੰਘਰਸ਼ ਕਰ ਰਹੇ ਹਨ।
ਇਨ੍ਹਾਂ ਸਭ ਚੀਜ਼ਾਂ ਨਾਲ ਨਜਿੱਠਣ ਲਈ ਅਸੀਂ ਤੁਹਾਨੂੰ ਇਕੱਲੇ ਨਹੀਂ ਛੱਡਾਂਗੇ। ਸਾਡਾ ਧਿਆਨ ਖਰਚੇ ਘਟਾਉਣ 'ਤੇ ਕੇਂਦਰਿਤ ਹੈ ਤਾਂ ਜੋ ਪਰਿਵਾਰ ਇੱਕ ਚੰਗੀ ਜ਼ਿੰਦਗੀ ਦਾ ਨਿਰਮਾਣ ਕਰ ਸਕਣ ਅਤੇ ਖੁਸ਼ਹਾਲ ਹੋ ਸਕਣ।
ਬੀ.ਸੀ. ਦੀਆਂ ਖੂਬੀਆਂ
- ਖਰਚਿਆਂ ਵਿੱਚ ਗਿਰਾਵਟ। ਬੀ.ਸੀ. ਵੱਲੋਂ ਖਰਚੇ ਘਟਾਉਣ ਲਈ ਕੀਤਾ ਜਾ ਰਿਹਾ ਕੰਮ ਫਰਕ ਪਾ ਰਿਹਾ ਹੈ। ਕਿਰਾਏ ਘਟੇ ਹਨ। ਅਤੇ ਬਾਲ ਸੰਭਾਲ ਦੇ ਖਰਚੇ, ਆਟੋ ਇਨਸ਼ੋਰੈਂਸ ਦਰਾਂ ਅਤੇ ਬਿਜਲੀ ਦੀਆਂ ਕੀਮਤਾਂ ਸਭ ਤੋਂ ਹੇਠਲੇ ਪੱਧਰ ‘ਤੇ ਹਨ।
ਸਾਡੀਆਂ ਖੂਬੀਆਂ ਦੇ ਅਧਾਰ ‘ਤੇ ਅੱਗੇ ਵੱਧਣਾ
- ਲੋਕਾਂ ਲਈ ਘਰ ਮੁਹੱਈਆ ਕਰਨਾ। ਅਸੀਂ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੀ ਮਦਦ ਕਰ ਰਹੇ ਹਾਂ, ਕਿਰਾਏ ਵਾਲੇ ਘਰ ਵਧਾ ਰਹੇ ਹਾਂ, ਕਿਰਾਏ ਵਿੱਚ ਵਾਧੇ 'ਤੇ ਸੀਮਾ ਲਗਾ ਰਹੇ ਹਾਂ, ਅਤੇ ਰਿਹਾਇਸ਼ੀ ਸੱਟੇਬਾਜ਼ੀ 'ਤੇ ਕਾਰਵਾਈ ਕਰ ਰਹੇ ਹਾਂ ਜੋ ਖਰਚੇ ਵਧਾਉਂਦੇ ਹਨ।
- ਰੋਜ਼ਾਨਾ ਦੇ ਖਰਚੇ ਘਟਾਉਣਾ। ਅਸੀਂ ਮਹੀਨਾਵਾਰ ਬੀ.ਸੀ. ਫੈਮਿਲੀ ਬੇਨੀਫਿਟ, ਕਿਰਾਏਦਾਰ ਰੀਬੇਟ ਅਤੇ ਹੋਰ ਟੈਕਸ ਕ੍ਰੈਡਿਟ ਵਰਗੇ ਲਾਭ ਮੁਹੱਈਆ ਕਰ ਰਹੇ ਹਾਂ ਤਾਂ ਜੋ ਰਹਿਣ-ਸਹਿਣ ਦੇ ਖਰਚਿਆਂ ਵਿੱਚ ਮਦਦ ਹੋ ਸਕੇ।
- ਮਜ਼ਬੂਤ ਜਨਤਕ ਸੇਵਾਵਾਂ ਦਾ ਸਮਰਥਨ। ਅਸੀਂ ਹੋਰ ਸਿਹਤ ਖਰਚਿਆਂ ਦਾ ਭੁਗਤਾਨ ਕਰ ਰਹੇ ਹਾਂ, MSP ਅਤੇ ਬ੍ਰਿਜ ਟੋਲ ਵਰਗੀਆਂ ਅਣਉਚਿਤ ਫੀਸਾਂ ਰੱਦ ਕਰ ਰਹੇ ਹਾਂ, ਅਤੇ ਆਟੋ ਇਨਸ਼ੋਰੈਂਸ, ਬਾਲ ਸੰਭਾਲ, ਬਿਜਲੀ ਅਤੇ ਟ੍ਰਾਂਜ਼ਿਟ ਦੇ ਖਰਚੇ ਘੱਟ ਰੱਖ ਰਹੇ ਹਾਂ।
- ਮਜ਼ਬੂਤ ਆਰਥਿਕਤਾ ਦਾ ਨਿਰਮਾਣ ਕਰਨਾ। ਅਸੀਂ ਚੰਗੀਆਂ ਨੌਕਰੀਆਂ ਨਾਲ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰ ਰਹੇ ਹਾਂ ਤਾਂ ਜੋ ਉਨ੍ਹਾਂ ਜਨਤਕ ਸੇਵਾਵਾਂ ਨੂੰ ਸਹਿਯੋਗ ਦਿੱਤਾ ਜਾ ਸਕੇ ਜਿਨ੍ਹਾਂ 'ਤੇ ਅਸੀਂ ਨਿਰਭਰ ਹਾਂ।
ਹੋਰ ਜਾਣੋ

ਸਬੰਧਤ ਤਰਜੀਹਾਂ
ਤਾਜ਼ਾ ਜਾਣਕਾਰੀ ਲਓ
ਬੀ.ਸੀ. ਦੀ ਆਰਥਿਕਤਾ ਨੂੰ ਵਧੇਰੇ ਮਜ਼ਬੂਤ ਬਣਾਉਣ ਲਈ ਅਸੀਂ ਜੋ ਕੰਮ ਕਰ ਰਹੇ ਹਾਂ, ਅਤੇ ਇਹ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਲਈ ਕਿਵੇਂ ਫਰਕ ਪਾ ਰਿਹਾ ਹੈ, ਉਸ ਬਾਰੇ ਤਾਜ਼ਾ ਜਾਣਕਾਰੀ ਲਓ।