ਲੋਕਾਂ ਨੂੰ ਸੁਰੱਖਿਅਤ ਅਤੇ ਭਾਈਚਾਰਿਆਂ ਨੂੰ ਮਜ਼ਬੂਤ ਰੱਖਣਾ

Last updated on May 8, 2026

ਅਸੀਂ ਭਾਈਚਾਰਿਆਂ ਵਿੱਚ ਅਸਲ ਤੌਰ ‘ਤੇ ਕੰਮ ਕਰ ਰਹੇ ਹਾਂ ਅਤੇ ਹਰ ਕਿਸੇ ਲਈ ਬੀ.ਸੀ. ਨੂੰ ਹੋਰ ਮਜ਼ਬੂਤ ਅਤੇ ਸੁਰੱਖਿਅਤ ਬਣਾ ਰਹੇ ਹਾਂ। 

English | 繁體中文 简体中文 | Français | ਪੰਜਾਬੀ


ਸੰਖੇਪ ਜਾਣਕਾਰੀ

ਬ੍ਰਿਟਿਸ਼ ਕੋਲੰਬੀਆ ਵਧ ਰਹੇ ਅਤੇ ਜੀਵੰਤ ਸੈਂਕੜਿਆਂ ਭਾਈਚਾਰਿਆਂ ਦਾ ਘਰ ਹੈ - ਪਰ ਹੋਰ ਕਈ ਥਾਵਾਂ ਵਾਂਗ, ਅਸੀਂ ਵੀ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ। ਲੋਕਾਂ ਨੂੰ ਆਪਣੇ ਰਹਿਣ ਵਾਲੇ ਇਲਾਕਿਆਂ ਵਿੱਚ ਸੁਰੱਖਿਅਤ ਮਹਿਸੂਸ ਕਰਨ ਦਾ ਹੱਕ ਹੈ - ਅਤੇ ਅਸੀਂ ਭਾਈਚਾਰਿਆਂ ਦੀ ਸੁਰੱਖਿਆ ਸੁਧਾਰਨ ਅਤੇ ਲੋਕਾਂ ਨੂੰ ਉਨ੍ਹਾਂ ਲਈ ਲੋੜੀਂਦੀ ਸਹਾਇਤਾ ਨਾਲ ਜੋੜਨ ਲਈ ਅਸਲ ਤੌਰ ‘ਤੇ ਕੰਮ ਕਰ ਰਹੇ ਹਾਂ।

ਇਹ ਬਦਲਾਅ ਲਿਆ ਰਿਹਾ ਹੈ। ਜਿੱਥੇ ਲੋੜ ਹੈ ਉੱਥੇ ਹੋਰ ਪੁਲਿਸ ਮੌਜੂਦ ਹੈ, ਹੋਰ ਲੋਕ ਸਥਿਰ ਘਰਾਂ ਵਿੱਚ ਰਹਿ ਰਹੇ ਹਨ, ਹੋਰ ਲੋਕਾਂ ਨੂੰ ਮਾਨਸਿਕ ਸਿਹਤ ਅਤੇ ਨਸ਼ਾਖੋਰੀ ਸੰਬੰਧਤ ਸੰਭਾਲ ਤੱਕ ਪਹੁੰਚ ਮਿਲ ਰਹੀ ਹੈ - ਅਤੇ ਬ੍ਰਿਟਿਸ਼ ਕੋਲੰਬੀਆ ਭਰ ਦੇ ਭਾਈਚਾਰਿਆਂ ਵਿੱਚ ਅਪਰਾਧ ਘੱਟ ਰਿਹਾ ਹੈ।

ਅਸੀਂ ਜਾਣਦੇ ਹਾਂ ਕਿ ਹਾਲੇ ਵੀ ਕੁਝ ਲੋਕ ਸਹਾਇਤਾ ਪ੍ਰਣਾਲੀ ਵਿੱਚ ਨਜ਼ਰਅੰਦਾਜ਼ ਹੋ ਰਹੇ ਹਨ ਅਤੇ ਅਜੇ ਹੋਰ ਕੰਮ ਕਰਨ ਦੀ ਲੋੜ ਹੈ। ਅਸੀਂ ਹਰ ਪਾਸਿਓਂ ਕੰਮ ਕਰ ਰਹੇ ਹਾਂ - ਕਾਨੂੰਨੀ ਲਾਗੂਕਰਨ, ਰਿਹਾਇਸ਼ਾਂ, ਸਿਹਤ ਅਤੇ ਨਿਆਂ - ਤਾਂ ਜੋ ਅਪਰਾਧ ਦੇ ਸਿਲਸਿਲੇ ਨੂੰ ਖਤਮ ਕੀਤਾ ਜਾ ਸਕੇ, ਲੋਕਾਂ ਨੂੰ ਉਨ੍ਹਾਂ ਲਈ ਲੋੜੀਂਦੀ ਮਦਦ ਮਿਲ ਸਕੇ, ਅਤੇ ਹਰ ਕਿਸੇ ਲਈ ਭਾਈਚਾਰਿਆਂ ਨੂੰ ਹੋਰ ਮਜ਼ਬੂਤ ਅਤੇ ਸੁਰੱਖਿਅਤ ਬਣਾਇਆ ਜਾ ਸਕੇ। 


ਅਪਰਾਧੀਆਂ ਨੂੰ ਰੋਕਣਾ

ਅਸੀਂ ਭਾਈਚਾਰਿਆਂ ਵਿੱਚ ਅਸਲ ਤੌਰ ‘ਤੇ ਕੰਮ ਕਰ ਰਹੇ ਹਾਂ, ਤਾਂ ਜੋ ਅਪਰਾਧ ‘ਤੇ ਨਕੇਲ ਕੱਸੀ ਜਾਵੇ, ਲੋਕਾਂ ਅਤੇ ਕਾਰੋਬਾਰਾਂ ਦੇ ਹੱਕ ਵਿੱਚ ਖੜ੍ਹੇ ਹੋਇਆ ਜਾਵੇ, ਅਤੇ ਜਿੱਥੇ ਉਹ ਰਹਿੰਦੇ ਅਤੇ ਕੰਮ ਕਰਦੇ ਹਨ ਉਹ ਥਾਵਾਂ ਹੋਰ ਸੁਰੱਖਿਅਤ ਬਣਾਈਆਂ ਜਾ ਸਕਣ।

ਹਿੰਸਕ ਅਪਰਾਧਾਂ ਨੂੰ ਦੁਹਰਾਉਣ ਵਾਲੇ 400 ਤੋਂ ਵੱਧ ਵਿਅਕਤੀ ਸਖ਼ਤ ਨਿਗਰਾਨੀ ਹੇਠ ਹਨ ਅਤੇ ਉਨ੍ਹਾਂ ਨੂੰ ਸਹਾਇਤਾਵਾਂ ਨਾਲ ਜੋੜਿਆ ਜਾ ਰਿਹਾ ਹੈ, ਤਾਂ ਜੋ ਅਪਰਾਧ ਦੇ ਸਿਲਸਿਲੇ ਨੂੰ ਖਤਮ ਕਰਨ ਵਿੱਚ ਮਦਦ ਮਿਲ ਸਕੇ।

ਬੀ.ਸੀ. 256 ਹੋਰ ਪੁਲਿਸ ਅਫ਼ਸਰ ਨਿਯੁਕਤ ਕਰ ਰਿਹਾ ਹੈ ਅਤੇ JIBC ਸਿਖਲਾਈ ਦੀਆਂ ਸੀਟਾਂ ਵਧਾ ਰਿਹਾ ਹੈ, ਤਾਂ ਜੋ ਹਰ ਸਾਲ 432 ਤੱਕ ਪੁਲਿਸ ਅਫ਼ਸਰਾਂ ਨੂੰ ਸਿਖਲਾਈ ਦਿੱਤੀ ਜਾ ਸਕੇ। 

ਦੇਸ਼ ਭਰ ਵਿੱਚ ਅਪਰਾਧ ਦੀ ਗੰਭੀਰਤਾ ਵਿੱਚ ਸਭ ਤੋਂ ਵੱਡੀ ਕਟੌਤੀ ਬੀ.ਸੀ. ਵਿੱਚ ਦਰਜ ਕੀਤੀ ਗਈ - 2024 ਵਿੱਚ 11% ਦੀ ਕਟੌਤੀ। ਦੇਸ਼ ਦੇ ਸਾਰੇ ਮੈਟਰੋਪੌਲਿਟਨ ਖੇਤਰਾਂ ਵਿੱਚ ਅਪਰਾਧ ਵਿੱਚ ਸਭ ਤੋਂ ਵੱਡੀਆਂ 5 ਕਟੌਤੀਆਂ ਵਿੱਚੋਂ ਇੱਕ ਨਨਾਇਮੋ ਵਿੱਚ ਦਰਜ ਹੋਈ - 16% ਦੀ ਕਟੌਤੀ ਨਾਲ, ਪੰਜਵੇਂ ਸਥਾਨ ‘ਤੇ।

 

ਜਬਰਨ ਵਸੂਲੀ ਦੀਆਂ ਧਮਕੀਆਂ ਨਾਲ ਨਜਿੱਠਣਾ

ਸੰਗਠਿਤ ਅਪਰਾਧੀ ਜਬਰਨ ਵਸੂਲੀ ਦੀਆਂ ਧਮਕੀਆਂ ਦੀ ਵਰਤੋਂ ਕਰਕੇ ਪਰਿਵਾਰਾਂ ਅਤੇ ਕਾਰੋਬਾਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਖਾਸ ਕਰਕੇ ਦੱਖਣੀ ਏਸ਼ੀਆਈ ਭਾਈਚਾਰੇ ਵਿੱਚ।

ਬੀ.ਸੀ. ਜਬਰਨ ਵਸੂਲੀ ਨੂੰ ਰੋਕਣ ਲਈ ਕਾਰਵਾਈ ਕਰ ਰਿਹਾ ਹੈ, ਤਾਂ ਜੋ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਅਤੇ ਜੋ ਹਿੰਸਾ, ਡਰ ਅਤੇ ਧਮਕੀਆਂ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕੇ।

ਉਹ ਕਾਰਵਾਈਆਂ ਜੋ ਅਸੀਂ ਕਰ ਰਹੇ ਹਾਂ

  • ਜਬਰਨ ਵਸੂਲੀ ਦੀਆਂ ਧਮਕੀਆਂ ਨਾਲ ਨਜਿੱਠਣ ਲਈ ‘ਬੀ ਸੀ ਐਕਸਟੋਰਸ਼ਨ ਟਾਸਕ ਫੋਰਸ’ ਦੀ ਸ਼ੁਰੂਆਤ ਕੀਤੀ ਗਈ।
    ਅਸੀਂ ਜਬਰਨ ਵਸੂਲੀ ਦੀਆਂ ਧਮਕੀਆਂ ‘ਤੇ ਕੇਂਦਰਿਤ ਇੱਕ ਨਵੀਂ ਟਾਸਕ ਫੋਰਸ ਸ਼ੁਰੂ ਕੀਤੀ ਹੈ। ਇਸ ਟੀਮ ਵਿੱਚ ਫੈਡਰਲ, ਸੂਬਾਈ ਅਤੇ ਮਿਊਂਨਿਸੀਪਲ ਪੱਧਰੀ ਪੁਲਿਸ ਏਜੰਸੀਜ਼ ਤੋਂ 40 ਸਮਰਪਿਤ ਪੁਲਿਸ ਅਫ਼ਸਰਾਂ ਦੇ ਨਾਲ‑ਨਾਲ ਕੈਨੇਡੀਆਨ ਬਾਰਡਰ ਸਰਵਿਸਿਜ਼ ਏਜੰਸੀ (CBSA) ਵੀ ਸ਼ਾਮਲ ਹੈ। ਇਹ ਸਾਰੇ ਮਿਲ ਕੇ ਜਬਰਨ ਵਸੂਲੀ ਨਾਲ ਸੰਬੰਧਤ ਧਮਕੀਆਂ ਅਤੇ ਹਿੰਸਕ ਘਟਨਾਵਾਂ ਦੀ ਜਾਂਚ ਕਰਦੇ ਹਨ, ਕੇਸਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਹਨ, ਅਤੇ ਜ਼ਿੰਮੇਵਾਰ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ — ਅਤੇ ਜਿੱਥੇ ਲਾਗੂ ਹੋਵੇ ਉਨ੍ਹਾਂ ਨੂੰ ਡਿਪੋਰਟ ਕਰਕੇ — ਜਬਰਨ ਵਸੂਲੀ ਨੂੰ ਰੋਕਣ ਲਈ ਕੰਮ ਕਰਦੇ ਹਨ।
  • ਜਬਰਨ ਵਸੂਲੀ ਦੀ ਜਾਂਚ ਵਿੱਚ ਸਥਾਨਕ ਪੁਲਿਸ ਦੀ ਮਦਦ। ਅਸੀਂ ਜਬਰਨ ਵਸੂਲੀ ਦੇ ਕੇਸਾਂ ਦੀ ਜਾਂਚ ਵਿੱਚ ਮਦਦ ਕਰਨ ਲਈ ਮਿਊਂਨਿਸੀਪਲ ਪੁਲਿਸ ਨੂੰ ਵਧੇਰੇ ਫੰਡ ਮੁਹੱਈਆ ਕਰ ਰਹੇ ਹਾਂ। ਇਹ ਫੰਡ ਫੈਡਰਲ ‘ਗਨ ਐਂਡ ਗੈਂਗ ਵਾਇਲੈਂਸ ਐਕਸ਼ਨ ਫੰਡ’ ਤੋਂ ਆ ਰਿਹਾ ਹੈ। ਇਹ ਫੰਡਿੰਗ ਬੀ.ਸੀ. ਵੱਲੋਂ ਗੈਂਗਾਂ, ਗੈਰਕਾਨੂੰਨੀ ਬੰਦੂਕਾਂ ਅਤੇ ਸੰਗਠਿਤ ਅਪਰਾਧ ਨਾਲ ਨਜਿੱਠਣ ਵਾਲੇ ਪ੍ਰੋਗਰਾਮਾਂ ਲਈ ਲਗਾਤਾਰ ਜਾਰੀ ਫੰਡਿੰਗ ਤੋਂ ਇਲਾਵਾ ਹੈ।
  • ਜਨਤਕ ਜਾਗਰੂਕਤਾ ਯਤਨਾਂ ਵਿੱਚ ਵਾਧਾ।
    ਅਸੀਂ ਬੀ.ਸੀ. ਕ੍ਰਾਈਮ ਸਟੌਪਰਜ਼ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਜੋ ਲੋਕਾਂ ਨੂੰ ਜਬਰਨ ਵਸੂਲੀ ਦੇ ਸੰਕੇਤਾਂ ਬਾਰੇ ਜਾਣਕਾਰੀ ਮਿਲ ਸਕੇ ਅਤੇ ਪੀੜਤਾਂ ਨੂੰ ਧਮਕੀਆਂ ਦੀ ਰਿਪੋਰਟ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ। ਇਸ ਨਾਲ ਪੁਲਿਸ ਨੂੰ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਰੋਕਣ ਵਿੱਚ ਮਦਦ ਮਿਲੇਗੀ।
  • ਜਬਰਨ ਵਸੂਲੀ ਬਾਰੇ ਇੱਕ ‘ਭਾਈਚਾਰਕ ਸਲਾਹਕਾਰ ਗਰੁੱਪ’ (Community Advisory Group on Extortion, CAG) ਦੀ ਸ਼ੁਰੂਆਤ। ਅਸੀਂ ਭਾਈਚਾਰੇ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਜ਼ ਦਰਮਿਆਨ ਭਰੋਸਾ ਅਤੇ ਸੰਚਾਰ ਮਜ਼ਬੂਤ ਕਰਨ ਲਈ ਜਬਰਨ ਵਸੂਲੀ ਸੰਬੰਧੀ ਇੱਕ ਭਾਈਚਾਰਕ ਸਲਾਹਕਾਰ ਗਰੁੱਪ (CAG) ਸ਼ੁਰੂ ਕੀਤਾ ਹੈ। CAG ਦੇ ਮੈਂਬਰ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਸੁਣ ਰਹੇ ਹਨ ਤਾਂ ਜੋ ਉੱਭਰ ਰਹੀਆਂ ਸਮੱਸਿਆਵਾਂ ਦੀ ਪਛਾਣ ਕੀਤੀ ਜਾ ਸਕੇ ਅਤੇ ਜਾਣਕਾਰੀ ਸਾਂਝੀ ਕੀਤੀ ਜਾ ਸਕੇ, ਤਾਂ ਜੋ ਲੋਕਾਂ ਦੀ ਆਵਾਜ਼ ਸੁਣੀ ਜਾਵੇ, ਉਨ੍ਹਾਂ ਨੂੰ ਸਹਾਇਤਾ ਮਿਲੇ ਅਤੇ ਉਹ ਸੁਰੱਖਿਅਤ ਰਹਿਣ।
  • ਅਪਰਾਧ ਦੇ ਪੀੜਤਾਂ ਦੀ ਸਹਾਇਤਾ।
    ਪੀੜਤ, ਉਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰ, ਅਤੇ ਕੁਝ ਗਵਾਹ ‘ਬੀ.ਸੀ. ‘ਕ੍ਰਾਈਮ ਵਿਕਟਿਮ ਅਸਿਸਟੈਂਸ ਪ੍ਰੋਗਰਾਮ’ ਰਾਹੀਂ ਆਪਣੀ ਬਹਾਲੀ ਲਈ ਫਾਇਦਿਆਂ ਦੇ ਹੱਕਦਾਰ ਹੋ ਸਕਦੇ ਹਨ।

ਹੋਰ ਜਾਣੋ

 

ਵਧੇਰੇ ਪੁਲਿਸ ਅਫ਼ਸਰਾਂ ਦੀ ਸਿਖਲਾਈ ਅਤੇ ਭਰਤੀ

ਬੀ.ਸੀ. ਹੋਰ ਪੁਲਿਸ ਭਰਤੀਆਂ ਨੂੰ ਸਿਖਲਾਈ ਦੇ ਰਿਹਾ ਹੈ ਅਤੇ ਹੋਰ ਪੁਲਿਸ ਅਫ਼ਸਰ ਨਿਯੁਕਤ ਕਰ ਰਿਹਾ ਹੈ, ਤਾਂ ਜੋ ਸਥਾਨਕ ਪੁਲਿਸ ਵਿਭਾਗਾਂ ਕੋਲ ਪਰਿਵਾਰਾਂ ਅਤੇ ਕਾਰੋਬਾਰਾਂ ਨੂੰ ਸੁਰੱਖਿਅਤ ਰੱਖਣ ਲਈ ਲੋੜੀਂਦੇ ਸਾਧਨ ਹੋਣ।

ਉਹ ਕਾਰਵਾਈਆਂ ਜੋ ਅਸੀਂ ਕਰ ਰਹੇ ਹਾਂ

ਹੋਰ ਜਾਣੋ

 

ਡਾਊਨਟਾਊਨ ਇਲਾਕਿਆਂ ਨੂੰ ਸੜਕਾਂ ‘ਤੇ ਅਵਿਵਸਥਾ ਅਤੇ ਅਪਰਾਧ ਤੋਂ ਸੁਰੱਖਿਅਤ ਰੱਖਣਾ

ਡਾਊਨਟਾਊਨ ਸਾਡੇ ਸ਼ਹਿਰਾਂ ਦੇ ਸਭ ਤੋਂ ਜੀਵੰਤ ਇਲਾਕੇ ਹੁੰਦੇ ਹਨ। ਇਹ ਉਹ ਥਾਵਾਂ ਹਨ ਜਿੱਥੇ ਲੋਕ ਰਹਿੰਦੇ ਹਨ, ਕੰਮ ਕਰਦੇ ਹਨ, ਖਰੀਦਦਾਰੀ ਕਰਦੇ ਹਨ ਅਤੇ ਇਕੱਠੇ ਹੁੰਦੇ ਹਨ।

ਅਸੀਂ ਕਾਰੋਬਾਰਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਅਤੇ ਡਾਊਨਟਾਊਨ ਨੂੰ ਸੁਰੱਖਿਅਤ ਰੱਖਣ ਲਈ ਸ਼ੌਪਲਿਫ਼ਟਿੰਗ (ਦੁਕਾਨਾਂ ਤੋਂ ਚੋਰੀ ਚੀਜ਼ਾਂ ਚੁੱਕਣਾ), ਡਕੈਤੀ ਅਤੇ ਪ੍ਰੌਪਰਟੀ ਨੂੰ ਨੁਕਸਾਨ ਪਹੁੰਚਾਉਣ ਵਰਗੇ ਸੜਕਾਂ ’ਤੇ ਹੋਣ ਵਾਲੇ ਅਪਰਾਧਾਂ ਨਾਲ ਨਿਪਟਣ ਲਈ ਪੁਲਿਸ ਦੇ ਯਤਨਾਂ ਨੂੰ ਮਜ਼ਬੂਤ ਕਰ ਰਹੇ ਹਾਂ।

ਉਹ ਕਾਰਵਾਈਆਂ ਜੋ ਅਸੀਂ ਕਰ ਰਹੇ ਹਾਂ

  • ਜਨਤਕ ਸੁਰੱਖਿਆ ਵਿੱਚ ਸੁਧਾਰ ਲਈ ਸੜਕਾਂ ’ਤੇ ਅਵਿਵਸਥਾ ਅਤੇ ਗੈਰ‑ਹਿੰਸਕ ਅਪਰਾਧਾਂ ਨਾਲ ਨਿਪਟਣ ਵਾਸਤੇ ਕਮਿਊਨਿਟੀ ਸੇਫ਼ਟੀ ਅਤੇ ਟਾਰਗੇਟਿਡ ਇਨਫੋਰਸਮੈਂਟ ਪ੍ਰੋਗਰਾਮ (C-STEP) ਦੀ ਸ਼ੁਰੂਆਤ ਕੀਤੀ ਗਈ, ਜਿਸ ਦੇ ਤਹਿਤ:
    • ਅਵਿਵਸਥਿਤ ਜਾਂ ਗੈਰਕਾਨੂੰਨੀ ਵਿਵਹਾਰ ਨਾਲ ਨਿਪਟਣ ਲਈ ਪ੍ਰੋਐਕਟਿਵ ਪਟਰੋਲ* ਅਤੇ ਪੁਲਿਸ ਦੀ ਮੌਜੂਦਗੀ ਵਿੱਚ ਵਾਧਾ, ਜਿਵੇਂ ਕਿ ਖੁੱਲ੍ਹੇਆਮ ਨਸ਼ਿਆਂ ਦੀ ਵਰਤੋਂ, ਨਸ਼ਿਆਂ ਦੀ ਤਸਕਰੀ, ਫੁੱਟਪਾਥਾਂ ‘ਤੇ ਲੋਕ ਦੀ ਆਵਾਜਾਈ ਨੂੰ ਰੋਕਣਾ, ਅਸ਼ਲੀਲ ਹਰਕਤਾਂ ਕਰਨਾ ਅਤੇ ਜਨਤਕ ਥਾਵਾਂ ਵਿੱਚ ਨਸ਼ੇ ਵਿੱਚ ਹੋਣਾ।
      * ਕਾਨੂੰਨ ਲਾਗੂ ਕਰਨ ਦੀ ਕਾਰਜਨੀਤੀ ਜਿਸ ਵਿੱਚ ਪੁਲਿਸ ਜਾਂ ਅਧਿਕਾਰੀ ਲੋਕਾਂ ਨੂੰ ਸਾਫ ਦਿਖਾਈ ਦੇਣ ਵਾਲੇ ਢੰਗ ਨਾਲ ਮੌਜੂਦ ਰਹਿੰਦੇ ਹਨ, ਤਾਂ ਜੋ ਅਪਰਾਧ ਰੋਕੇ ਜਾ ਸਕਣ ਅਤੇ ਲੋਕ ਸੁਰੱਖਿਅਤ ਮਹਿਸੂਸ ਕਰ ਸਕਣ
    • ਵਾਰਦਾਤਾਂ ਹੋਣ ਦੇ ਵੱਧ ਜੋਖਮ ਵਾਲੇ ਇਲਾਕਿਆਂ ‘ਤੇ ਧਿਆਨ ਕੇਂਦਰਿਤ ਕਰਨਾ, ਜਿਵੇਂ ਖਰੀਦਦਾਰੀ ਦੀਆਂ ਵੱਡੀਆਂ ਅਤੇ ਵਿਅਸਤ ਥਾਵਾਂ ਅਤੇ ਹੋਰ ਜਨਤਕ ਥਾਵਾਂ ਜਿੱਥੇ ਸੁਰੱਖਿਆ ਸੰਬੰਧੀ ਚਿੰਤਾਵਾਂ ਮੌਜੂਦ ਹਨ।
    • ਸਮਾਜਿਕ ਸੇਵਾਵਾਂ ਨਾਲ ਸਾਂਝੇਦਾਰੀਆਂ ਨੂੰ ਮਜ਼ਬੂਤ ਕਰਨਾ, ਤਾਂ ਜੋ ਪੁਲਿਸ ਫਰੰਟ-ਲਾਈਨ ਵਰਕਰਜ਼ ਨਾਲ ਮਿਲਕੇ ਕੰਮ ਕਰ ਸਕੇ ਅਤੇ ਸੰਕਟ ਵਿੱਚ ਫਸੇ ਲੋਕਾਂ ਨੂੰ ਉਨ੍ਹਾਂ ਲਈ ਢੁੱਕਵੀਆਂ ਸਹਾਇਤਾਵਾਂ ਨਾਲ ਜੋੜਿਆ ਜਾ ਸਕੇ।
    • ਤਾਲਮੇਲ ਵਾਲੀਆਂ ਸੁਰੱਖਿਆ ਯੋਜਨਾਵਾਂ ਨੂੰ ਸਹਿਯੋਗ ਦੇਣਾ, ਜੋ ਕਾਨੂੰਨ ਲਾਗੂ ਕਰਨ ਵਾਲਿਆਂ, ਕਾਰੋਬਾਰਾਂ, ਆਊਟਰੀਚ ਟੀਮਾਂ, ਅਤੇ ਸਮਾਜਿਕ ਸੇਵਾਵਾਂ ਨੂੰ ਇਕੱਠਾ ਕਰਦੀਆਂ ਹਨ, ਤਾਂ ਜੋ ਸੜਕਾਂ ’ਤੇ ਅਵਿਵਸਥਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸਦੀ ਰੋਕਥਾਮ ਕੀਤੀ ਜਾ ਸਕੇ।
  • ਕ੍ਰੌਨਿਕ ਪ੍ਰੌਪਰਟੀ ਅਤੇ ਪਬਲਿਕ ਡਿਸਆਰਡਰ ਇੰਟਰਵੈਨਸ਼ਨ ਇਨੀਸ਼ੀਏਟਿਵ’ (C-POII) ਦੀ ਸ਼ੁਰੂਆਤ, ਤਾਂ ਜੋ ਪ੍ਰੌਪਰਟੀ ਸੰਬੰਧੀ ਅਪਰਾਧ ਦੁਹਰਾਉਣ ਵਾਲਿਆਂ ਅਤੇ ਸੜਕਾਂ ‘ਤੇ ਅਵਿਵਸਥਾ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਜਾ ਸਕੇ ਅਤੇ ਉਨ੍ਹਾਂ ‘ਤੇ ਨਜ਼ਰ ਰੱਖੀ ਜਾ ਸਕੇ। ਇਹ ਪ੍ਰੋਗਰਾਮ ਇਸ ਵੇਲੇ ਨੈਲਸਨ, ਕਲੋਨਾ ਅਤੇ ਨਨਾਇਮੋ ਵਿੱਚ ਚੱਲ ਰਿਹਾ ਹੈ ਅਤੇ 2026 ਵਿੱਚ ਬ੍ਰਿਟਿਸ਼ ਕੋਲੰਬੀਆ ਭਰ ਦੇ ਹੋਰ ਭਾਈਚਾਰਿਆਂ ਤੱਕ ਇਸਦਾ ਵਿਸਥਾਰ ਕੀਤਾ ਜਾ ਰਿਹਾ ਹੈ।

C‑STEP ਅਤੇ C‑POII ਪ੍ਰੋਗਰਾਮ ਸੜਕਾਂ ’ਤੇ ਅਵਿਵਸਥਾ ਅਤੇ ਅਪਰਾਧ ਨਾਲ ਨਿਪਟਣ ਲਈ ਆਪਸ ਵਿੱਚ ਮਿਲ ਕੇ ਕੰਮ ਕਰਦੇ ਹਨ।

ਹੋਰ ਜਾਣੋ

ਸੂਬਾ ਡਾਊਨਟਾਊਨ ਦੀਆਂ ਸੜਕਾਂ ‘ਤੇ ਹੋ ਰਹੇ ਅਪਰਾਧ ਅਤੇ ਅਵਿਵਸਥਾ ਨਾਲ ਨਜਿੱਠਣ ਲਈ ਕਾਰਵਾਈਆਂ ਨੂੰ ਮਜ਼ਬੂਤ ਕਰ ਰਿਹਾ ਹੈ (30 ਮਈ, 2025)

 

ਹਿੰਸਕ ਅਪਰਾਧੀਆਂ ਨੂੰ ਅਪਰਾਧ ਦੁਹਰਾਉਣ ਤੋਂ ਰੋਕਣਾ

ਅਸੀਂ ਹਿੰਸਕ ਅਪਰਾਧ ਦੇ ਦੁਹਰਾਵੇ ਨੂੰ ਰੋਕਣ ਲਈ ਕੰਮ ਕਰ ਰਹੇ ਹਾਂ, ਜਿਸਦੇ ਲਈ ਅਸੀਂ ਪੁਲਿਸ, ਪ੍ਰੌਸੀਕਿਊਟਰਾਂ ਅਤੇ ਪ੍ਰੋਬੇਸ਼ਨ ਅਫ਼ਸਰਾਂ ਨੂੰ ਇਕੱਠਿਆਂ ਕੰਮ ਕਰਨ ਵਿੱਚ ਮਦਦ ਕਰ ਰਹੇ ਹਾਂ, ਤਾਂ ਜੋ ਉੱਚ‑ਖ਼ਤਰੇ ਵਾਲੇ ਦੁਹਰਾਊ ਅਪਰਾਧੀਆਂ ਨੂੰ ਨਿਸ਼ਾਨਾ ਬਣਾਇਆ ਜਾ ਸਕੇ, ਉਨ੍ਹਾਂ ਦੀ ਜਾਂਚ ਅਤੇ ਨਿਗਰਾਨੀ ਕੀਤੀ ਜਾ ਸਕੇ, ਅਤੇ ਉਨ੍ਹਾਂ ਨੂੰ ਇਕ ਬਿਹਤਰ ਰਾਹ ‘ਤੇ ਲਿਆਂਦਾ ਜਾ ਸਕੇ।

ਉਹ ਕਾਰਵਾਈਆਂ ਜੋ ਅਸੀਂ ਕਰ ਰਹੇ ਹਾਂ

  • ਅਪਰਾਧ ਦੇ ਸਿਲਸਿਲੇ ਨੂੰ ਖਤਮ ਕਰਨ ਵਿੱਚ ਮਦਦ ਲਈ, ਹਿੰਸਕ ਅਪਰਾਧ ਦੁਹਰਾਉਣ ਵਾਲਿਆਂ ਦੀ ਨਿਗਰਾਨੀ ਕਰਨ ਅਤੇ ਉਨ੍ਹਾਂ ਨੂੰ ਸਹਾਇਤਾਵਾਂ ਨਾਲ ਜੋੜਨ ਵਾਸਤੇ ਬੀ.ਸੀ. ਭਰ ਵਿੱਚ 12 ਦੁਹਰਾਊ ਹਿੰਸਕ ਅਪਰਾਧੀਆਂ ਲਈ ਦਖਲਅੰਦਾਜ਼ੀ ਸੰਬੰਧੀ ਪਹਿਲਕਦਮੀ (ReVOII) ਹੱਬ ਸਥਾਪਿਤ ਕੀਤੇ ਗਏ ਹਨ।
    • ਪੁਲਿਸ, ਸਮਰਪਿਤ ਪ੍ਰੌਸੀਕਿਊਟਰਾਂ ਅਤੇ ਪ੍ਰੋਬੇਸ਼ਨ ਅਫ਼ਸਰਾਂ ਦੀਆਂ ਟੀਮਾਂ ਇਕੱਠਿਆਂ ਕੰਮ ਕਰਦੀਆਂ ਹਨ, ਤਾਂ ਜੋ 400 ਤੋਂ ਵੱਧ ਅਪਰਾਧੀਆਂ ਦੀ ਨਿਗਰਾਨੀ ਕੀਤੀ ਜਾ ਸਕੇ।
    • ReVOII ਹੱਬ ਇਸ ਸਮੇਂ ਨਨਾਇਮੋ, ਵਿਕਟੋਰੀਆ, ਵੈਨਕੂਵਰ, ਸਰ੍ਹੀ, ਨਿਊ ਵੈਸਟਮਿੰਸਟਰ, ਐਬਟਸਫੋਰਡ, ਕੈਮਲੂਪਸ, ਕਲੋਨਾ, ਕ੍ਰੈਨਬਰੂਕ, ਪ੍ਰਿੰਸ ਜੌਰਜ, ਵਿਲੀਅਮਜ਼ ਲੇਕ ਅਤੇ ਟੈਰੈਸ ਵਿੱਚ ਕਾਰਜਸ਼ੀਲ ਹਨ।
  • ਸਪੈਸ਼ਲ ਇਨਵੈਸਟੀਗੇਸ਼ਨ ਐਂਡ ਟਾਰਗੇਟਿਡ ਇਨਫੋਰਸਮੈਂਟ’ (Special Investigation and Targeted Enforcement, SITE) ਪ੍ਰੋਗਰਾਮ ਦੀ ਸ਼ੁਰੂਆਤ। ਇਹ ਪ੍ਰੋਗਰਾਮ ਪੁਲਿਸ ਏਜੰਸੀਆਂ ਨੂੰ ਆਪਣੀਆਂ ਪਹਿਲਾਂ ਤੋਂ ਤਿਆਰ ਕੀਤੀਆਂ ਕਾਨੂੰਨੀ ਕਾਰਵਾਈਆਂ ਨੂੰ ਲਾਗੂ ਕਰਨ ਅਤੇ ਜਾਂਚ ਤਕਨੀਕਾਂ ਦਾ ਵਿਸਥਾਰ ਕਰਨ ਵਿੱਚ ਮਦਦ ਕਰਦਾ ਹੈ, ਤਾਂ ਜੋ ਉੱਚ‑ਖ਼ਤਰੇ ਵਾਲੇ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਸਕੇ, ਦੁਹਰਾਊ ਹਿੰਸਕ ਅਪਰਾਧਾਂ ਵਿੱਚ ਵਿਘਨ ਪਾਇਆ ਜਾ ਸਕੇ, ਅਤੇ ਭਾਈਚਾਰਿਆਂ ਵਿੱਚੋਂ ਖ਼ਤਰਨਾਕ ਹਥਿਆਰ ਅਤੇ ਗੈਰਕਾਨੂੰਨੀ ਨਸ਼ੀਲੇ ਪਦਾਰਥ ਹਟਾਏ ਜਾ ਸਕਣ।

ReVOII ਅਤੇ SITE ਪ੍ਰੋਗਰਾਮ ਦੁਹਰਾਊ ਹਿੰਸਕ ਅਪਰਾਧਾਂ ਨਾਲ ਨਿਪਟਣ ਲਈ ਆਪਸ ਵਿੱਚ ਮਿਲ ਕੇ ਕੰਮ ਕਰਦੇ ਹਨ।

ਹੋਰ ਜਾਣੋ

ਅਕਤੂਬਰ 2024 ਤੋਂ ਜਨਵਰੀ 2025 ਦਰਮਿਆਨ, SITE ਪਹਿਲਕਦਮੀ ਨੇ ਗੈਸਟਾਊਨ ਵਿੱਚ ਹਥਿਆਰਾਂ ਨਾਲ ਸੰਬੰਧਿਤ ਹਮਲਿਆਂ ਨੂੰ 45% ਘਟਾਉਣ ਅਤੇ ਹੇਸਟਿੰਗਜ਼ ਕ੍ਰੌਸਿੰਗ ਵਿੱਚ ਹਿੰਸਕ ਅਪਰਾਧ ਨੂੰ 27% ਘਟਾਉਣ ਵਿੱਚ ਵੈਨਕੂਵਰ ਪੁਲਿਸ ਡਿਪਾਰਟਮੈਂਟ ਦੀ ਮਦਦ ਕੀਤੀ — ਜਿਸ ਨਾਲ ਹੇਸਟਿੰਗਜ਼ ਵਿੱਚ ਪਿਛਲੇ 2 ਤੋਂ ਵੱਧ ਸਾਲਾਂ ਵਿੱਚ ਹਿੰਸਕ ਅਤੇ ਪ੍ਰੌਪਰਟੀ ਸੰਬੰਧੀ ਅਪਰਾਧ ਦੀਆਂ ਸਭ ਤੋਂ ਘੱਟ ਦਰਾਂ ਦਰਜ ਹੋਈਆਂ।

 

ਗੈਂਗਾਂ, ਬੰਦੂਕਾਂ ਅਤੇ ਜ਼ਹਿਰੀਲੀ ਨਸ਼ੀਲੇ ਪਦਾਰਥਾਂ ‘ਤੇ ਨਕੇਲ ਕੱਸਣਾ

ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਪੁਲਿਸ ਕੋਲ ਲੋੜੀਂਦੇ ਸਾਧਨ ਹੋਣ, ਤਾਂ ਜੋ ਉਹ ਸਾਡੇ ਅਜ਼ੀਜ਼ਾਂ ਨੂੰ ਨੁਕਸਾਨ ਪਹੁੰਚਾ ਰਹੇ ਗੈਂਗਾਂ, ਗੈਰਕਾਨੂੰਨੀ ਬੰਦੂਕਾਂ ਅਤੇ ਨਸ਼ੀਲੇ ਪਦਾਰਥਾਂ ਦੇ ਖ਼ਿਲਾਫ਼ ਕੜਕ ਕਾਰਵਾਈ ਕਰ ਸਕੇ।

ਬੀ.ਸੀ. ਹਰ ਸਾਲ $100 ਮਿਲੀਅਨ ਦਾ ਨਿਵੇਸ਼ ਕਰਦਾ ਹੈ, ਤਾਂ ਜੋ ਗੈਂਗਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਮਜ਼ਬੂਤ ਕੀਤੀ ਜਾ ਸਕੇ, ਹਥਿਆਰਾਂ ਨਾਲ ਸੰਬੰਧਤ ਜਾਂਚਾਂ ਵਿੱਚ ਸੁਧਾਰ ਹੋਵੇ, ਅਤੇ ਉਹ ਭਾਈਚਾਰਕ ਪ੍ਰੋਗਰਾਮ ਸਮਰਥਿਤ ਕੀਤੇ ਜਾ ਸਕਣ ਜੋ ਅਪਰਾਧ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸਦੀ ਰੋਕਥਾਮ ਵਿੱਚ ਮਦਦ ਕਰਦੇ ਹਨ।

ਇਸ ਕੰਮ ਦੀ ਨਿਗਰਾਨੀ ਕੰਬਾਈਨਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ – ਬੀ ਸੀ (CFSEU-BC) ਵੱਲੋਂ ਕੀਤੀ ਜਾਂਦੀ ਹੈ — ਜੋ ਕੈਨੇਡਾ ਦੀ ਸਭ ਤੋਂ ਵੱਡੀ ਏਕੀਕ੍ਰਿਤ ਗੈਂਗ-ਵਿਰੋਧੀ ਪੁਲਿਸ ਏਜੰਸੀ ਹੈ। ਇਸ ਵਿੱਚ 400 ਤੋਂ ਵੱਧ ਪੁਲਿਸ ਅਫ਼ਸਰ ਹਨ, ਜਿਨ੍ਹਾਂ ਵਿੱਚ RCMP ਸਮੇਤ ਬੀ.ਸੀ. ਦੇ ਹਰ ਪੁਲਿਸ ਵਿਭਾਗ ਦੇ ਮੈਂਬਰ ਮੌਜੂਦ ਹਨ।

ਉਹ ਕਾਰਵਾਈਆਂ ਜੋ ਅਸੀਂ ਕਰ ਰਹੇ ਹਾਂ

  • ਬ੍ਰਿਟਿਸ਼ ਕੋਲੰਬੀਆ ਦੀ ਸੰਗਠਿਤ ਅਪਰਾਧ ਲਈ ਏਜੰਸੀ ਨੂੰ ਸਹਿਯੋਗ ਦੇਣਾ। ਇਹ ਏਜੰਸੀ ਮਾਹਰ ਸਿਖਲਾਈ ਪ੍ਰਾਪਤ ਅਤੇ ਖਾਸ ਪੇਸ਼ੇਵਰਾਂ ਦੀ ਇੱਕ ਟੀਮ ਹੈ, ਜੋ ਸਥਾਨਕ ਪੁਲਿਸ ਨਾਲ ਮਿਲ ਕੇ ਸੰਗਠਿਤ ਅਪਰਾਧ ਅਤੇ ਗੈਂਗ ਗਤੀਵਿਧੀਆਂ ਦੀ ਰੋਕਥਾਮ ਕਰਨ, ਉਨ੍ਹਾਂ ਵਿੱਚ ਵਿਘਨ ਪਾਉਣ ਅਤੇ ਦਖ਼ਲਅੰਦਾਜ਼ੀ ਕਰਨ ਲਈ ਕੰਮ ਕਰਦੀ ਹੈ।
  • ਸੂਬਾਈ ਏਕੀਕ੍ਰਿਤ ਗੈਂਗ-ਵਿਰੋਧੀ ਏਜੰਸੀ ਨੂੰ ਸਹਿਯੋਗ ਦੇਣਾ। ਇਹ ਏਜੰਸੀ ਬੀ.ਸੀ., ਕੈਨੇਡਾ ਅਤੇ ਦੁਨੀਆ ਭਰ ਦੀਆਂ ਪੁਲਿਸ ਏਜੰਸੀਜ਼ ਨਾਲ ਮਿਲ ਕੇ ਕੰਮ ਕਰਦੀ ਹੈ, ਤਾਂ ਜੋ ਉੱਚ‑ਖ਼ਤਰੇ ਵਾਲੇ ਗੈਂਗਾਂ ਅਤੇ ਸੰਗਠਿਤ ਅਪਰਾਧ ਗਰੁੱਪਾਂ ਦੀ ਜਾਂਚ ਕੀਤੀ ਜਾ ਸਕੇ।
  • ਉੱਤਰੀ ਬੀ.ਸੀ. ਦੇ ਭਾਈਚਾਰਿਆਂ ਵਿੱਚ ਹਿੰਸਾ ਅਤੇ ਜ਼ਹਿਰੀਲੇ ਨਸ਼ੀਲੇ ਪਦਾਰਥ ਲਿਆ ਰਹੀ ਸੰਗਠਿਤ ਅਪਰਾਧਿਕ ਗਤੀਵਿਧੀ ਨਾਲ ਨਿਪਟਣ ਲਈ ‘ਨੌਰਥ ਡਿਸਟ੍ਰਿਕਟ ਯੁਨੀਫਾਰਮ ਗੈਂਗ ਇਨਫੋਰਸਮੈਂਟ ਟੀਮ’ ਦੀ ਸਥਾਪਨਾ।
  • ਗੰਭੀਰ ਗੈਂਗ‑ਸੰਬੰਧਤ ਕਤਲ ਕੇਸਾਂ ‘ਤੇ ਧਿਆਨ ਕੇਂਦਰਿਤ ਕਰਨ, ਦੋਸ਼ੀਆਂ ਨੂੰ ਜ਼ਿੰਮੇਵਾਰ ਠਹਿਰਾਉਣ, ਅਤੇ ਗੈਂਗ ਗਤੀਵਿਧੀ ਬਾਰੇ ਵੱਖ‑ਵੱਖ ਏਜੰਸੀਆਂ ਦਰਮਿਆਨ ਜਾਣਕਾਰੀ ਸਾਂਝਾ ਕਰਨ ਵਿੱਚ ਸੁਧਾਰ ਲਈ ‘ਇੰਟੀਗ੍ਰੇਟਿਡ ਗੈਂਗ ਹੋਮੀਸਾਈਡ ਟੀਮ’ ਦੀ ਸ਼ੁਰੂਆਤ।
  • ਨੌਜਵਾਨਾਂ ਨੂੰ ਗੈਂਗਾਂ ਵਿੱਚ ਸ਼ਾਮਲ ਹੋਣ ਤੋਂ ਰੋਕਣਾ ਅਤੇ ਹੇਠ ਲਿਖੇ ਪ੍ਰੋਗਰਾਮਾਂ ਰਾਹੀਂ ਉਨ੍ਹਾਂ ਦੀ ਸੁਰੱਖਿਅਤ ਤਰੀਕੇ ਨਾਲ ਬਾਹਰ ਆਉਣ ਵਿੱਚ ਮਦਦ ਕਰਨਾ:
    • ‘ਏਂਡ ਗੈਂਗ ਲਾਈਫ’ (End Gang Life), ਜੋ ਜਨਤਾ ਨੂੰ ਜਾਗਰੂਕ ਕਰਦਾ ਹੈ, ਅਸਲ ਜੀਵਨ ਅਨੁਭਵਾਂ ਵਾਲੀਆਂ ਕਹਾਣੀਆਂ ਸਾਂਝੀਆਂ ਕਰਦਾ ਹੈ, ਅਤੇ 13 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਉਨ੍ਹਾਂ ਲੋਕਾਂ ਲਈ, ਜੋ ਗੈਂਗ ਜੀਵਨ ਛੱਡਣਾ ਚਾਹੁੰਦੇ ਹਨ, ਹੈਲਪਲਾਈਨ ਅਤੇ ਰੂਬਰੂ (in‑person) ਸਹਾਇਤਾ ਮੁਹੱਈਆ ਕਰਦਾ ਹੈ।
    • ‘ਸ਼ਿਫਟ ਬੀ ਸੀ’ (Shift BC), ਇੱਕ ਦਖ਼ਲਅੰਦਾਜ਼ੀ ਪ੍ਰੋਗਰਾਮ ਹੈ ਜੋ ਹਿੰਸਾ ਵੱਲ ਰੁਝਾਨ ਵਾਲੀ ਕੱਟੜ ਸੋਚ (radicalization to violence) ਦੇ ਖ਼ਤਰੇ ਵਿੱਚ ਰਹਿੰਦੇ ਲੋਕਾਂ ਦੀ ਮਦਦ ਕਰਦਾ ਹੈ, ਤਾਂ ਜੋ ਉਹ ਆਪਣੀ ਜ਼ਿੰਦਗੀ ਨੂੰ ਸਹੀ ਦਿਸ਼ਾ ਵੱਲ ਮੋੜ ਸਕਣ।

ਹੋਰ ਜਾਣੋ

ਸਾਲ 2020 ਤੋਂ ਲੈ ਕੇ ਹੁਣ ਤੱਕ, ਪੁਲਿਸ ਨੇ 1,800 ਤੋਂ ਵੱਧ ਹਥਿਆਰ, $20 ਮਿਲੀਅਨ ਦੀ ਗੈਰਕਾਨੂੰਨੀ ਨਕਦੀ ਅਤੇ ਸੰਪਤੀਆਂ, ਨਾਲ ਹੀ 15,000 ਕਿਲੋਗ੍ਰਾਮ ਤੋਂ ਵੱਧ ਗੈਰਕਾਨੂੰਨੀ ਨਸ਼ੀਲੇ ਪਦਾਰਥ ਅਤੇ ਪ੍ਰਿਕਰਸਰ ਰਸਾਇਣ ਜ਼ਬਤ ਕੀਤੇ ਹਨ।

 

 

ਜ਼ਮਾਨਤੀ ਕਾਨੂੰਨਾਂ ਨੂੰ ਮਜ਼ਬੂਤ ਬਣਾਉਣ ਲਈ ਫੈਡਰਲ ਕ੍ਰਿਮੀਨਲ ਕੋਡ ਵਿੱਚ ਤਬਦੀਲੀਆਂ ਦੀ ਵਕਾਲਤ ਕਰਨਾ

ਬੀ.ਸੀ. ਨੇ ਜਨਤਕ ਸੁਰੱਖਿਆ ਨੂੰ ਪਹਿਲ ਦਿੰਦਿਆਂ, ਓਟਾਵਾ ਤੋਂ ਫੈਡਰਲ ਕ੍ਰਿਮੀਨਲ ਕੋਡ ਨੂੰ ਮਜ਼ਬੂਤ ਕਰਨ ਦੀ ਮੰਗ ਕਰਨ ਵਿੱਚ ਦੇਸ਼ ਦੀ ਸਫ਼ਲ ਅਗਵਾਈ ਕੀਤੀ।

ਇਸ ਵਿੱਚ ਜਨਤਕ ਸੁਰੱਖਿਆ ਲਈ ਖ਼ਤਰੇ ਨੂੰ ਧਿਆਨ ਵਿੱਚ ਰੱਖਣ ਵਾਲੇ ਜ਼ਮਾਨਤ ਸੰਬੰਧੀ ਹੋਰ ਸਖ਼ਤ ਕਾਨੂੰਨ ਅਤੇ ਦੁਹਰਾਊ ਅਤੇ ਹਿੰਸਕ ਅਪਰਾਧੀਆਂ ਲਈ ਹੋਰ ਸਖਤ ਸਜ਼ਾ ਸੰਬੰਧੀ ਕਾਨੂੰਨ ਸ਼ਾਮਲ ਸਨ।

ਉਹ ਕਾਰਵਾਈਆਂ ਜੋ ਅਸੀਂ ਕਰ ਰਹੇ ਹਾਂ

ਬੀ.ਸੀ. ਕੈਨੇਡਾ ਵਿੱਚ ਜਨਤਕ ਸੁਰੱਖਿਆ ਕਾਨੂੰਨਾਂ ਨੂੰ ਹੋਰ ਮਜ਼ਬੂਤ ਕਰਨ ਲਈ ਫੈਡਰਲ ਸਰਕਾਰ ‘ਤੇ ਲਗਾਤਾਰ ਦਬਾਅ ਬਣਾਈ ਰੱਖੇਗਾ। ਸਾਡੀ ਹਿਮਾਇਤ ਦੇ ਨਤੀਜੇ ਵਜੋਂ, ਫੈਡਰਲ ਸਰਕਾਰ ਨੇ ਅਕਤੂਬਰ 2025 ਵਿੱਚ ਜ਼ਮਾਨਤ ਦੇ ਨਿਯਮਾਂ ਵਿੱਚ ਹੋਰ ਤਬਦੀਲੀਆਂ ਪੇਸ਼ ਕੀਤੀਆਂ।

  • ਬਿਲ C-14: ਜ਼ਮਾਨਤ ਅਤੇ ਸਜ਼ਾ-ਸਬੰਧੀ ਸੁਧਾਰਾਂ ਲਈ ਐਕਟ (Bail and Sentencing Reform Act) ਬੀ.ਸੀ. ਵੱਲੋਂ ਅੱਗੇ ਵਧਾਈਆਂ ਗਈਆਂ ਕਈ ਤਰਜੀਹਾਂ ਨੂੰ ਦਰਸਾਉਂਦਾ ਹੈ, ਜਿਨ੍ਹਾਂ ਵਿੱਚ ਸ਼ਾਮਲ ਹਨ:
    • ਉੱਚ‑ਖ਼ਤਰੇ ਵਾਲੇ ਕੇਸਾਂ ਵਿੱਚ ਰਿਵਰਸ-ਓਨਸ ਜ਼ਮਾਨਤ (ਉਹ ਕਾਨੂੰਨੀ ਨਿਯਮ ਜਿਸ ਵਿੱਚ ਦੋਸ਼ੀ ਨੂੰ ਇਹ ਸਾਬਤ ਕਰਨਾ ਪੈਂਦਾ ਹੈ ਕਿ ਉਹ ਜ਼ਮਾਨਤ ਦੇ ਯੋਗ ਕਿਉਂ ਹਨ)
    • ਜ਼ਮਾਨਤ ਦੇ ਫ਼ੈਸਲੇ ਜੋ ਅਪਰਾਧ ਦੀ ਗੰਭੀਰਤਾ ਅਤੇ ਪਿਛਲੇ ਅਪਰਾਧਾਂ ਦੀ ਗਿਣਤੀ ਦੋਨਾਂ ਨੂੰ ਧਿਆਨ ਵਿੱਚ ਰੱਖਦੇ ਹਨ — ਉਦਾਹਰਨ ਵਜੋਂ, ਜੇ ਕਿਸੇ ‘ਤੇ ਗਲਾ ਘੁੱਟਣ, ਸਾਹ ਰੋਕਣ ਜਾਂ ਗਲਾ ਦਬਾਉਣ ਨਾਲ ਸੰਬੰਧਿਤ ਹਮਲੇ ਜਾਂ ਯੌਨ ਹਮਲੇ ਦੇ ਦੋਸ਼ ਲੱਗੇ ਹੋਣ, ਤਾਂ ਜ਼ਮਾਨਤ ਮਿਲਣਾ ਹੋਰ ਮੁਸ਼ਕਲ ਬਣਾਉਣਾ
    • ਗੰਭੀਰ ਅਤੇ ਹਿੰਸਕ ਅਪਰਾਧਾਂ ਲਈ ਹੋਰ ਸਖ਼ਤ ਸਜ਼ਾਵਾਂ
    • ਜਬਰਨ ਵਸੂਲੀ ਨਾਲ ਨਿਪਟਣ ਲਈ ਹੋਰ ਬਿਹਤਰ ਸਾਧਨ

ਹੋਰ ਜਾਣੋ

ਫੈਡਰਲ ਸਰਕਾਰ ਦੇ ਨਵੇਂ ਅਪਰਾਧ ਬਿਲ ਬਾਰੇ ਮੰਤਰੀ ਦਾ ਬਿਆਨ (23 ਅਕਤੂਬਰ, 2025)

 

ਅਪਰਾਧਿਕ ਗਤੀਵਿਧੀਆਂ ਤੋਂ ਕੀਤੀ ਕਮਾਈ ਨੂੰ ਜ਼ਬਤ ਕਰਨਾ

ਬੀ.ਸੀ. ਵੱਲੋਂ ਸੰਗਠਿਤ ਅਪਰਾਧੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਤਰੀਕਿਆਂ ਵਿੱਚੋਂ ਇੱਕ ਹੈ ਅਪਰਾਧਿਕ ਗਤੀਵਿਧੀਆਂ ਤੋਂ ਕੀਤੀ ਕਮਾਈ ਨੂੰ ਜ਼ਬਤ ਕਰਨਾ — ਜਿਵੇਂ ਕਿ ਮਹਿੰਗੀਆਂ ਕਾਰਾਂ, ਸ਼ਾਨਦਾਰ ਘਰ ਅਤੇ ਲਗਜ਼ਰੀ ਸਮਾਨ — ਤਾਂ ਜੋ ਗੈਂਗ ਜੀਵਨ ਨੂੰ ਮੁਨਾਫਾ-ਰਹਿਤ ਬਣਾਇਆ ਜਾ ਸਕੇ।

ਸਿਵਿਲ ਫੋਰਫੀਚਰ ਦਫ਼ਤਰ ਵੱਲੋਂ ਇਕੱਠੇ ਕੀਤੇ ਗਏ ਫੰਡਾਂ ਨੂੰ ਪੀੜਤਾਂ ਦੀ ਸਹਾਇਤਾ ਅਤੇ ਅਪਰਾਧ ਰੋਕਥਾਮ ਪ੍ਰੋਗਰਾਮਾਂ ਦੇ ਸਮਰਥਨ ਲਈ ਵੰਡਿਆ ਜਾਂਦਾ ਹੈ।

ਉਹ ਕਾਰਵਾਈਆਂ ਜੋ ਅਸੀਂ ਕਰ ਰਹੇ ਹਾਂ

  • ਸਿਵਿਲ ਫੋਰਫੀਚਰ ਐਕਟ ਦੇ ਤਹਿਤ ਅਸਪੱਸ਼ਟ ਤਰੀਕੇ ਨਾਲ ਇਕੱਠੀ ਕੀਤੀ ਗਈ ਧੰਨ ਰਾਸ਼ੀ ਲਈ ਆਦੇਸ਼ (Unexplained Wealth Orders) ਲਾਗੂ ਕੀਤੇ ਗਏ, ਤਾਂ ਜੋ ਸੰਗਠਿਤ ਅਪਰਾਧ, ਨਸ਼ਾ ਤਸਕਰੀ ਅਤੇ ਮਨੀ‑ਲਾਂਡਰਿੰਗ (ਕਾਲੇ ਧੰਨ ਨੂੰ ਗੈਰ-ਕਨੂੰਨੀ ਢੰਗ ਨਾਲ ਜਾਇਜ਼ ਧੰਨ ਵਿੱਚ ਤਬਦੀਲ ਕਰਨਾ) ਨਾਲ ਜੁੜੀਆਂ ਸੰਪਤੀਆਂ ਨੂੰ ਜ਼ਬਤ ਕਰਨ ਦੀ ਪ੍ਰਕਿਰਿਆ ਹੋਰ ਤੇਜ਼ ਅਤੇ ਆਸਾਨ ਬਣਾਈ ਜਾ ਸਕੇ। ਇਹ ਆਦੇਸ਼ ਲੋਕਾਂ ਤੋਂ ਇਹ ਵੇਰਵਾ ਮੰਗਦੇ ਹਨ ਕਿ ਉਨ੍ਹਾਂ ਨੇ ਪ੍ਰੌਪਰਟੀ ਲਈ ਪੈਸੇ ਕਿਵੇਂ ਭਰੇ, ਜਦੋਂ ਇਹ ਚਿੰਤਾ ਹੋਵੇ ਕਿ ਉਹ ਰਕਮ ਗੈਰਕਾਨੂੰਨੀ ਗਤੀਵਿਧੀਆਂ ਤੋਂ ਪ੍ਰਾਪਤ ਕੀਤੀ ਗਈ ਹੋ ਸਕਦੀ ਹੈ।
  • ਅਪਰਾਧ ਦੇ ਪੀੜਤਾਂ ਦੀ ਸਹਾਇਤਾ, ਜ਼ਬਤ ਕੀਤੀਆਂ ਗਈਆਂ ਸੰਪਤੀਆਂ ਦੀ ਵਿਕਰੀ ਤੋਂ ਪ੍ਰਾਪਤ ਹੋਈ ਰਕਮ ਨੂੰ ਪੀੜਤਾਂ ਨੂੰ ਮੁਆਵਜ਼ਾ ਦੇਣ, ਪੀੜਤ ਸੇਵਾ ਪ੍ਰੋਗਰਾਮਾਂ ਦਾ ਸਮਰਥਨ ਕਰਨ, ਅਤੇ ਅਪਰਾਧ ਰੋਕਥਾਮ ਪ੍ਰੋਗਰਾਮਾਂ ਲਈ ਫੰਡ ਮੁਹੱਈਆ ਕਰਨ ਲਈ ਵਰਤਿਆ ਜਾਂਦਾ ਹੈ। ਕੁੱਲ ਜ਼ਬਤੀ ਫੰਡਾਂ ਦਾ ਲਗਭਗ ਅੱਧਾ ਹਿੱਸਾ ਬੀ.ਸੀ. ਦੇ ਭਾਈਚਾਰਿਆਂ ਵਿੱਚ ਹੀ ਵਾਪਸ ਲਗਾਇਆ ਜਾਂਦਾ ਹੈ।

ਹੋਰ ਜਾਣੋ

ਕੈਨੇਡਾ ਦੇ ਕਾਨੂੰਨੀ ਇਤਿਹਾਸ ਵਿੱਚ ਅਸਪੱਸ਼ਟ ਤਰੀਕੇ ਨਾਲ ਇਕੱਠੀ ਕੀਤੀ ਗਈ ਧੰਨ ਰਾਸ਼ੀ ਲਈ ਪਹਿਲਾ ਆਦੇਸ਼ ਬੀ.ਸੀ. ਨੇ ਦਰਜ ਕੀਤਾ।

 

ਮਨੀ-ਲਾਂਡਰਿੰਗ ਨਾਲ ਨਜਿੱਠਣਾ

ਮਨੀ-ਲਾਂਡਰਿੰਗ ਇੱਕ ਗੰਭੀਰ ਅਪਰਾਧ ਹੈ ਜੋ ਬੀ.ਸੀ. ਦੇ ਲੋਕਾਂ ਅਤੇ ਭਾਈਚਾਰਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਹ ਗੈਂਗਾਂ ਅਤੇ ਅਪਰਾਧੀਆਂ ਨੂੰ ਸਹਿਯੋਗ ਦਿੰਦਾ ਹੈ, ਜ਼ਹਿਰੀਲੀ ਨਸ਼ੀਲੇ ਪਦਾਰਥਾਂ ਦੇ ਸੰਕਟ ਵਿੱਚ ਯੋਗਦਾਨ ਪਾਉਂਦਾ ਹੈ ਅਤੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ’ਤੇ ਭਰੋਸਾ ਘਟਾਉਂਦਾ ਹੈ।

ਇਸ ਲਈ ਅਸੀਂ ਨਵੇਂ ਕਾਨੂੰਨਾਂ, ਬਿਹਤਰ ਸਾਧਨਾਂ ਅਤੇ ਕਾਨੂੰਨ ਦੇ ਹੋਰ ਸਖ਼ਤ ਲਾਗੂਕਰਨ ਰਾਹੀਂ ਮਨੀ-ਲਾਂਡਰਿੰਗ ਨਾਲ ਨਜਿੱਠਣ ਲਈ ਕੜੀ ਮਿਹਨਤ ਕਰ ਰਹੇ ਹਾਂ।

ਉਹ ਕਾਰਵਾਈਆਂ ਜੋ ਅਸੀਂ ਕਰ ਰਹੇ ਹਾਂ

  • ਘਰ ਖਰੀਦਦਾਰਾਂ ਲਈ ਰੀਅਲ ਇਸਟੇਟ ਸੌਦਿਆਂ ਨੂੰ ਹੋਰ ਨਿਰਪੱਖ ਅਤੇ ਪਾਰਦਰਸ਼ੀ ਬਣਾਉਣ ਲਈ ਮੋਰਗੇਜ ਬ੍ਰੋਕਰਾਂ ਉੱਤੇ ਹੋਰ ਸਖ਼ਤ ਨਿਯਮ ਅਤੇ ਨਿਗਰਾਨੀ ਲਾਗੂ ਕਰਨ ਵਾਸਤੇ ਨਵਾਂ ਮੋਰਗੇਜ ਸਰਵਿਸਿਜ਼ ਐਕਟ ਬਣਾਇਆ
  • ਜ਼ਮੀਨ ਦੀ ਲੁੱਕਵੀਂ ਮਲਕੀਅਤ ਨੂੰ ਖਤਮ ਕਰਨ ਲਈ ਲੈਂਡ ਓਨਰ ਟ੍ਰਾਂਸਪੇਰੈਂਸੀ ਰਜਿਸਟਰੀ’ ਦੀ ਸਥਾਪਨਾ ਜਿਹੜੇ ਲੋਕ ਕਿਸੇ ਕਾਰਪੋਰੇਸ਼ਨ, ਸਾਂਝੇਦਾਰੀ ਜਾਂ ਟਰੱਸਟ ਰਾਹੀਂ ਅਸਿੱਧੇ ਤੌਰ ’ਤੇ ਜ਼ਮੀਨ ਦੇ ਮਾਲਕ ਹਨ ਜਾਂ ਉਸ ’ਤੇ ਕੰਟਰੋਲ ਰੱਖਦੇ ਹਨ, ਉਨ੍ਹਾਂ ਲਈ ਰਜਿਸਟਰੀ ਵਿੱਚ ਦਰਜ ਕਰਨਾ ਅਤੇ ਜ਼ਮੀਨ ਵਿੱਚ ਹਿੱਸੇਦਾਰੀ ਸੰਬੰਧੀ ਪਾਰਦਰਸ਼ਤਾ ਰਿਪੋਰਟਾਂ ਜਮ੍ਹਾਂ ਕਰਵਾਉਣਾ ਲਾਜ਼ਮੀ ਹੈ। ਹੁਣ ਜਨਤਾ ਇਸ ਰਜਿਸਟਰੀ ਨੂੰ ਮੁਫ਼ਤ ਖੋਜ ਸਕਦੀ ਹੈ।
  • ਲੁੱਕਵੀਂ ਮਲਕੀਅਤ ਨੂੰ ਖਤਮ ਕਰਨ ਲਈ ਬਿਜ਼ਨੈਸ ਟ੍ਰਾਂਸਪਰੈਂਸੀ ਰਜਿਸਟਰ ਦੀ ਸਥਾਪਨਾ। ਸਾਰੀਆਂ ਪ੍ਰਾਈਵੇਟ ਬੀ.ਸੀ. ਕੰਪਨੀਆਂ ਲਈ ਇਹ ਲਾਜ਼ਮੀ ਕੀਤਾ ਗਿਆ ਹੈ ਕਿ ਉਹ ਕੰਪਨੀ ਜਾਂ ਉਸ ਦੇ ਸ਼ੇਅਰਾਂ ’ਤੇ ਸਿੱਧੇ ਜਾਂ ਅਸਿੱਧੇ ਤੌਰ ’ਤੇ ਕੰਟਰੋਲ ਰੱਖਣ ਵਾਲੇ ਸਾਰੇ ਵਿਅਕਤੀਆਂ ਦੀ ਸੂਚੀ ਤਿਆਰ ਕਰਕੇ ਰੱਖਣ, ਤਾਂ ਜੋ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਜਾਂਚ ਅਧਿਕਾਰੀ ਇਸ ਤੱਕ ਪਹੁੰਚ ਕਰ ਸਕਣ।
  • ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਜੂਏ ਅਤੇ ਕੈਸੀਨੋ ਉੱਤੇ ਨਿਯੰਤਰਣ ਹੋਰ ਮਜ਼ਬੂਤ ਕੀਤੇ। ਆਈ.ਡੀ. ਜਾਂਚਾਂ ਲਾਜ਼ਮੀ ਕੀਤੀਆਂ, ਗੁਪਤ ਤੌਰ ’ਤੇ ਜੂਆ ਖੇਡਣ ਨੂੰ ਘਟਾਉਣ ਲਈ ਪਰਖੀ ਹੋਈ ਖੇਡ (verified play) ਵਿੱਚ ਵਾਧਾ, ਅਤੇ ਬਾਇ‑ਇਨ ਦੀਆਂ ਹੱਦਾਂ ਨਿਰਧਾਰਤ ਕੀਤੀਆਂ। ਇਸ ਤੋਂ ਇਲਾਵਾ, ਸ਼ੱਕੀ ਲੈਣ‑ਦੇਣ ਦੀ ਪਛਾਣ, ਜਾਂਚ ਅਤੇ ਰਿਪੋਰਟਿੰਗ ਲਈ ਨਵਾਂ ਐਂਟੀ‑ਮਨੀ ਲਾਂਡਰਿੰਗ ਲੈਣ‑ਦੇਣ ਨਿਗਰਾਨੀ ਸਿਸਟਮ ਵੀ ਬਣਾਇਆ।
  • ਕਰੰਸੀ ਐਕਸਚੇਂਜਾਂ, ਈ‑ਟ੍ਰਾਂਸਫ਼ਰਾਂ ਜਾਂ ਮਨੀ ਔਰਡਰਾਂ ਰਾਹੀਂ ਗੈਰਕਾਨੂੰਨੀ ਧੰਨ ਦੀ ਆਵਾਜਾਈ ਨੂੰ ਰੋਕਣ ਲਈ ਮਨੀ ਸਰਵਿਸ ਬਿਜ਼ਨੈਸਾਂ ਲਈ ਹੋਰ ਸਖ਼ਤ ਨਿਯਮ ਬਣਾਏ। ਬਿਜ਼ਨੈਸਾਂ ਲਈ ਰਜਿਸਟਰੇਸ਼ਨ, ਵਿਸਤ੍ਰਿਤ ਪਿਛੋਕੜ ਜਾਂਚਾਂ ਅਤੇ ਰਿਪੋਰਟਿੰਗ ਸੰਬੰਧੀ ਲੋੜਾਂ ਪੂਰੀਆਂ ਕਰਨੀ ਲਾਜ਼ਮੀ ਹਨ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮਨੀ ਸਰਵਿਸਿਜ਼ ਉਦਯੋਗ ਵਿੱਚ ਕੇਵਲ ਕਾਨੂੰਨੀ ਅਤੇ ਯੋਗ ਲੋਕ ਹੀ ਸ਼ਾਮਲ ਹੋਣ।
  • ਵਾਹਨਾਂ ਦੇ ਨਿਰਯਾਤ ਸੰਬੰਧੀ ਨਿਯਮ ਹੋਰ ਮਜ਼ਬੂਤ ਕੀਤੇ। ਬੀ.ਸੀ. ਵਿੱਚ ਖਰੀਦੇ ਗਏ ਅਤੇ ਬਾਅਦ ਵਿੱਚ ਨਿਰਯਾਤ ਕੀਤੇ ਗਏ ਵਾਹਨਾਂ ’ਤੇ ਸੂਬਾਈ ਵਿਕਰੀ ਟੈਕਸ (PST) ਦੇ ਰਿਫੰਡ ਲੈਣ ਦੀ ਮਨੀ‑ਲਾਂਡਰਿੰਗ ਕਰਨ ਵਾਲਿਆਂ ਲਈ ਮੌਕੇ ਖਤਮ ਕੀਤੇ।
  • ਮਨੀ‑ਲਾਂਡਰਿੰਗ ਨੂੰ ਰੋਕਣ ਲਈ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਹੋਰ ਸਾਧਨ ਮੁਹੱਈਆ ਕਰਨਾ:
    • ਪੁਲਿਸ ਦੀ ਮਦਦ ਲਈ ਮਨੀ‑ਲਾਂਡਰਿੰਗ ਨਾਲ ਸੰਬੰਧਿਤ ਜਾਂਚਾਂ ਨੂੰ ਟ੍ਰੈਕ ਕਰਨ ਅਤੇ ਸਮੀਖਿਆ ਕਰਨ ਵਾਸਤੇ ਨਵੀਂ ‘ਸੁਪਰਿੰਟੈਂਡੈਂਸ ਐਂਡ ਇਵੈਲੂਏਸ਼ਨ ਯੂਨਿਟ’ ਬਣਾਈ, ਤਾਂ ਜੋ ਨਤੀਜੇ ਹੋਰ ਬਿਹਤਰ ਬਣਾਏ ਜਾ ਸਕਣ।
    • ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿਚਕਾਰ ਸਹਿਯੋਗ ਅਤੇ ਜਾਣਕਾਰੀ ਸਾਂਝੀ ਕਰਨ ਨੂੰ ਹੋਰ ਬਿਹਤਰ ਬਣਾਇਆ।
    • ਪੁਲਿਸ ਜਾਂਚ ਦੌਰਾਨ ਪਛਾਣ ਕੀਤੇ ਗਏ ਵਕੀਲਾਂ ਬਾਰੇ ਬੀ.ਸੀ. ਦੀ ਲਾਅ ਸੁਸਾਇਟੀ ਨੂੰ ਢੰਗ ਨਾਲ ਰਿਪੋਰਟ ਕਰਨਾ ਯਕੀਨੀ ਬਣਾਇਆ।

ਹੋਰ ਜਾਣੋ

ਕੱਲਨ ਕਮਿਸ਼ਨ ਦੀ ਅੰਤਿਮ ਰਿਪੋਰਟ (PDF, 16MB) ਵਿੱਚ ਬੀ.ਸੀ. ਵਿੱਚ ਮਨੀ‑ਲਾਂਡਰਿੰਗ ਨਾਲ ਨਿਪਟਣ ਲਈ ਸਰਕਾਰ ਵਾਸਤੇ ਸਿਫ਼ਾਰਸ਼ਾਂ ਦਰਜ ਕੀਤੀਆਂ ਗਈਆਂ ਸਨ। 2022 ਵਿੱਚ ਇਸਦੇ ਜਾਰੀ ਹੋਣ ਤੋਂ ਬਾਅਦ, ਸਰਕਾਰ ਨੇ ਉੱਪਰ ਦਰਸਾਏ ਕਦਮਾਂ ਰਾਹੀਂ ਇਨ੍ਹਾਂ ਵਿੱਚੋਂ ਕਈ ਸਿਫ਼ਾਰਸ਼ਾਂ ’ਤੇ ਕਾਰਵਾਈ ਕੀਤੀ ਹੈ।


ਇਨਕੈਂਪਮੈਂਟਸ ਬੰਦ ਕਰਨਾ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਵਿੱਚ ਅੰਦਰ ਲਿਆਉਣਾ

ਅਸੀਂ ਲੋਕਾਂ ਨੂੰ ਸੁਰੱਖਿਅਤ, ਸਥਿਰ ਰਿਹਾਇਸ਼ਾਂ ਵਿੱਚ ਵਸਾਉਣ ਲਈ ਕੰਮ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਲੋੜੀਂਦੀਆਂ ਸਹਾਇਤਾਵਾਂ ਨਾਲ ਜੋੜ ਰਹੇ ਹਾਂ, ਤਾਂ ਜੋ ਉਹ ਆਪਣੀ ਜ਼ਿੰਦਗੀ ਨੂੰ ਸਥਿਰ ਕਰ ਸਕਣ ਅਤੇ ਬੇਘਰੀ ਦੇ ਸਿਲਸਿਲੇ ਨੂੰ ਖ਼ਤਮ ਕੀਤਾ ਜਾ ਸਕੇ।

ਅਸੀਂ ਬੇਘਰੀ ਤੋਂ ਬਾਹਰ ਨਿਕਲ ਰਹੇ ਲੋਕਾਂ ਲਈ 1,500 ਤੋਂ ਵੱਧ ਅਸਥਾਈ ਅਤੇ 9,900 ਸਥਾਈ ਸਹਾਇਕ ਘਰ ਮੁਹੱਈਆ ਕਰਵਾ ਰਹੇ ਹਾਂ।

ਅਸੀਂ ਉਨ੍ਹਾਂ 600 ਤੋਂ ਵੱਧ ਲੋਕਾਂ ਨੂੰ ਕੌਂਪਲੈਕਸ ਕੇਅਰ ਹਾਊਸਿੰਗ ਸੇਵਾਵਾਂ ਮੁਹੱਈਆ ਕਰ ਰਹੇ ਹਾਂ, ਜਿਨ੍ਹਾਂ ਨੂੰ ਬੇਘਰੀ ਤੋਂ ਬਾਹਰ ਰਹਿਣ ਲਈ ਵਧੇਰੇ ਸਹਾਇਤਾ ਦੀ ਲੋੜ ਹੈ।

ਅਸੀਂ 2017 ਤੋਂ ਬਾਅਦ ਸ਼ੈਲਟਰ ਥਾਵਾਂ ਦੀ ਗਿਣਤੀ ਦੁੱਗਣੀ ਕਰ ਦਿੱਤੀ ਹੈ - 58 ਭਾਈਚਾਰਿਆਂ ਵਿੱਚ ਤਕਰੀਬਨ 6,500 ਥਾਵਾਂ ਲੋਕਾਂ ਨੂੰ ਸੌਣ, ਖਾਣ ਅਤੇ ਨਿੱਘੇ ਰਹਿਣ ਲਈ ਇੱਕ ਸੁਰੱਖਿਅਤ ਥਾਂ ਮੁਹੱਈਆ ਕਰ ਰਹੀਆਂ ਹਨ।

 

ਇਨਕੈਂਪਮੈਂਟਸ ਪ੍ਰਤੀ ਜਵਾਬੀ ਕਾਰਵਾਈ ਵਿੱਚ ਭਾਈਚਾਰਿਆਂ ਦੀ ਮਦਦ ਕਰਨਾ

ਲੋਕਾਂ ਨੂੰ ਘਰਾਂ ਅੰਦਰ ਲਿਆਉਣਾ ਅਤੇ ਅਸੁਰੱਖਿਅਤ ਇਨਕੈਂਪਮੈਂਟਸ (ਰਹਿਣ ਲਈ ਕੈਂਪਾਂ ਦੀ ਵਰਤੋਂ) ਨੂੰ ਬੰਦ ਕਰਨਾ ਸਭ ਦੀ ਸੁਰੱਖਿਆ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ।

ਇਸੇ ਲਈ ਅਸੀਂ ਭਾਈਚਾਰਿਆਂ ਦੀ ਤੇਜ਼ੀ ਨਾਲ ਪ੍ਰਤਿਕਿਰਿਆ ਕਰਨ ਵਿੱਚ ਮਦਦ ਕਰ ਰਹੇ ਹਾਂ। ਅਸੀਂ ਹੋਰ ਅੰਦਰੂਨੀ ਥਾਵਾਂ ਜੋੜ ਰਹੇ ਹਾਂ ਅਤੇ ਲੋਕਾਂ ਨੂੰ ਉਨ੍ਹਾਂ ਸਹਾਇਤਾਵਾਂ ਨਾਲ ਜੋੜ ਰਹੇ ਹਾਂ, ਜਿਨ੍ਹਾਂ ਦੀ ਉਨ੍ਹਾਂ ਨੂੰ ਰਿਹਾਇਸ਼ ਕਾਇਮ ਰੱਖਣ ਅਤੇ ਸਥਿਰ, ਸਿਹਤਮੰਦ ਜ਼ਿੰਦਗੀਆਂ ਬਣਾਉਣ ਲਈ ਲੋੜ ਹੈ।

ਉਹ ਕਾਰਵਾਈਆਂ ਜੋ ਅਸੀਂ ਕਰ ਰਹੇ ਹਾਂ

ਸੂਬਾ, ਬੀ ਸੀ ਹਾਊਸਿੰਗ ਦੇ ਜ਼ਰੀਏ, ਭਾਈਚਾਰਿਆਂ ਅਤੇ ਸੇਵਾ ਪ੍ਰਦਾਨਕਾਂ ਨਾਲ ਮਿਲ ਕੇ ਉਹ ਘਰ, ਪ੍ਰੋਗਰਾਮ ਅਤੇ ਸਹਾਇਤਾਵਾਂ ਮੁਹੱਈਆ ਕਰਦਾ ਹੈ, ਜਿਨ੍ਹਾਂ ਦੀ ਲੋਕਾਂ ਨੂੰ ਇਨਕੈਂਪਮੈਂਟਾਂ ਤੋਂ ਬਾਹਰ ਨਿਕਲਣ ਲਈ ਲੋੜ ਹੁੰਦੀ ਹੈ।

  • ਹੋਮਲੈਸ ਇਨਕੈਂਪਮੈਂਟ ਰਿਸਪਾਂਸ ਟੀਮਾਂ’ (HEART) ਭਾਈਚਾਰਿਆਂ ਅਤੇ ਸਥਾਨਕ ਸੇਵਾ ਪ੍ਰਦਾਨਕਾਂ ਨਾਲ ਮਿਲ ਕੇ ਕੰਮ ਕਰਦੀਆਂ ਹਨ, ਤਾਂ ਜੋ ਅਸਲ ਤੌਰ ‘ਤੇ ਸਹਾਇਤਾ ਦਾ ਤਾਲਮੇਲ ਬਣਾਇਆ ਜਾ ਸਕੇ, ਪ੍ਰਤਿਕਿਰਿਆ ਤੇਜ਼ ਹੋਵੇ ਅਤੇ ਕੰਮ ਦੇ ਦੁਹਰਾਵੇ ਨੂੰ ਘਟਾਇਆ ਜਾ ਸਕੇ।
  • ਹੋਮਲੈਸ ਇਨਕੈਂਪਮੈਂਟ ਐਕਸ਼ਨ ਰਿਸਪਾਂਸ ਟੈਂਪੋਰੇਰੀ ਹਾਊਸਿੰਗ’ (HEARTH) ਭਾਈਚਾਰਿਆਂ ਨਾਲ ਮਿਲ ਕੇ ਕੰਮ ਕਰਦਾ ਹੈ, ਤਾਂ ਜੋ ਹੋਰ ਅਸਥਾਈ ਸ਼ੈਲਟਰ ਅਤੇ ਰਿਹਾਇਸ਼ੀ ਥਾਵਾਂ ਮੁਹੱਈਆ ਕਰਵਾਈਆਂ ਜਾ ਸਕਣ ਅਤੇ ਲੋਕਾਂ ਨੂੰ ਅੰਦਰ ਪਨਾਹ ਦਿੱਤੀ ਜਾ ਸਕੇ।
  • ‘ਹੋਮਲੈਸ ਆਊਟਰੀਚ ਪ੍ਰੋਗਰਾਮ’ ਬੇਘਰਪਨ ਦਾ ਅਨੁਭਵ ਕਰ ਰਹੇ ਜਾਂ ਬੇਘਰ ਹੋਣ ਦੇ ਖ਼ਤਰੇ ਵਾਲੇ ਲੋਕਾਂ ਨੂੰ ਆਊਟਰੀਚ ਵਰਕਰਾਂ ਨਾਲ ਜੋੜਦਾ ਹੈ, ਜੋ ਉਹਨਾਂ ਨੂੰ ਉਨ੍ਹਾਂ ਦੀਆਂ ਲੋੜਾਂ ਅਨੁਸਾਰ ਰਿਹਾਇਸ਼ਾਂ ਅਤੇ ਸਹਾਇਤਾਵਾਂ ਲੱਭਣ ਵਿੱਚ ਮਦਦ ਕਰ ਸਕਦੇ ਹਨ। ਲੋਕ ਮਦਦ ਲਈ ਆਪਣੇ ਨੇੜਲੇ ਐਮਰਜੈਂਸੀ ਸ਼ੈਲਟਰ ਨੂੰ ਕਾਲ ਕਰ ਸਕਦੇ ਹਨ ਜਾਂ ਉੱਥੇ ਜਾ ਸਕਦੇ ਹਨ।
  • ‘ਹੋਮਲੈਸ ਪ੍ਰਿਵੈਨਸ਼ਨ ਪ੍ਰੋਗਰਾਮ’ ਉਨ੍ਹਾਂ ਲੋਕਾਂ ਨੂੰ ਪੋਰਟੇਬਲ ਰੈਂਟ ਸਪਲੀਮੈਂਟ (ਕਿਰਾਏ ਲਈ ਸਹਾਇਕ ਰਕਮ) ਦੇ ਕੇ ਸਹਾਇਤਾ ਮੁਹੱਈਆ ਕਰਦਾ ਹੈ, ਜੋ ਆਪਣੀ ਰਿਹਾਇਸ਼ ਗੁਆਉਣ ਦੇ ਖ਼ਤਰੇ ਵਿੱਚ ਹਨ। ਇਹ ਪ੍ਰਾਈਵੇਟ (ਗੈਰ‑ਸਬਸਿਡੀ ਵਾਲੇ) ਬਾਜ਼ਾਰ ਵਿੱਚ ਕਿਰਾਇਆ, ਡੈਮੇਜ ਡਿਪਾਜ਼ਿਟ, ਯੂਟਿਲਿਟੀ ਖ਼ਰਚੇ, ਸ਼ਿਫਟਿੰਗ ਦੇ ਖ਼ਰਚੇ ਅਤੇ ਘਰੇਲੂ ਵਰਤੋਂ ਦੀਆਂ ਬੁਨਿਆਦੀ ਵਸਤਾਂ ਦੀ ਲਾਗਤ ਨੂੰ ਕਵਰ ਕਰਨ ਵਿੱਚ ਮਦਦ ਕਰਦਾ ਹੈ।

ਸਹਾਇਤਾ ਤੱਕ ਪਹੁੰਚ ਕਰਨ ਲਈ

ਹੋਰ ਜਾਣੋ

 

 

ਐਮਰਜੈਂਸੀ ਅਤੇ ਅਤਿਅੰਤ ਮੌਸਮ ਲਈ ਸ਼ੈਲਟਰ

ਸ਼ੈਲਟਰ ਬੇਘਰੀ ਤੋਂ ਬਾਹਰ ਨਿਕਲਣ ਦਾ ਇੱਕ ਰਾਹ ਤਿਆਰ ਕਰਨ ਵਿੱਚ ਮਦਦ ਕਰਦੇ ਹਨ। ਇਹ ਲੋਕਾਂ ਨੂੰ ਸੌਣ ਅਤੇ ਖਾਣ ਲਈ ਨਿੱਘੀ ਥਾਂ ਪ੍ਰਦਾਨ ਕਰਦੇ ਹਨ ਅਤੇ ਉਨ੍ਹਾਂ ਨੂੰ ਉਹਨਾਂ ਸਹਾਇਤਾਵਾਂ ਨਾਲ ਜੋੜਦੇ ਹਨ ਜੋ ਸਥਾਈ ਰਿਹਾਇਸ਼ ਲੱਭਣ ਵਿੱਚ ਮਦਦ ਕਰਦੀਆਂ ਹਨ।

2017 ਤੋਂ ਲੈ ਕੇ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਅੰਦਰ ਕਿਸੇ ਸੁਰੱਖਿਅਤ ਥਾਂ ਲਿਆਉਣ ਲਈ ਸ਼ੈਲਟਰ ਥਾਵਾਂ ਦੀ ਗਿਣਤੀ ਦੁੱਗਣੀ ਕਰ ਦਿੱਤੀ ਹੈ। ਬੀ.ਸੀ. ਵਿੱਚ ਹੁਣ ਠੰਢੇ ਅਤੇ ਭਿੱਜੇ ਮੌਸਮ ਦੇ ਮਹੀਨਿਆਂ ਦੌਰਾਨ 58 ਭਾਈਚਾਰਿਆਂ ਵਿੱਚ ਕਰੀਬ 6,500 ਸ਼ੈਲਟਰ ਥਾਵਾਂ ਮੌਜੂਦ ਹਨ।

ਉਹ ਕਾਰਵਾਈਆਂ ਜੋ ਅਸੀਂ ਕਰ ਰਹੇ ਹਾਂ

ਬੀ ਸੀ ਹਾਊਸਿੰਗ ਮਿਊਂਨਿਸੀਪੈਲਿਟੀਆਂ ਅਤੇ ਸੇਵਾ ਪ੍ਰਦਾਨਕਾਂ ਨਾਲ ਮਿਲ ਕੇ ਅਸਥਾਈ, ਭਾਈਚਾਰਾ-ਅਧਾਰਿਤ ਸ਼ੈਲਟਰ ਸੇਵਾਵਾਂ ਮੁਹੱਈਆ ਕਰਨ ਲਈ ਕੰਮ ਕਰਦੀ ਹੈ।

  • ਐਮਰਜੈਂਸੀ ਸ਼ੈਲਟਰ ਸਾਲ ਭਰ ਚਲਦੇ ਹਨ ਅਤੇ ਰਹਿਣ ਲਈ ਅਸਥਾਈ ਥਾਂ ਪ੍ਰਦਾਨ ਕਰਦੇ ਹਨ- ਲੋੜ ਅਨੁਸਾਰ ਇੱਕ ਰਾਤ ਲਈ ਜਾਂ ਇਸ ਤੋਂ ਵਧੇਰੇ ਸਮੇਂ ਲਈ। ਆਮ ਤੌਰ ’ਤੇ ਰਹਿਣ ਦੌਰਾਨ ਬਿਸਤਰ ਅਤੇ ਚਾਦਰਾਂ, ਗਰਮ ਭੋਜਨ, ਨ੍ਹਾਉਣ ਦੀਆਂ ਸਹੂਲਤਾਂ, ਕੱਪੜੇ ਧੋਣ ਦੀ ਸਹੂਲਤ ਅਤੇ ਸਹਾਇਤਾ ਸੇਵਾਵਾਂ ਉਪਲਬਧ ਹੁੰਦੀਆਂ ਹਨ। ਰਹਿਣ ਦੇ ਸਮੇਂ ਦੌਰਾਨ, ਇੱਕ ਕੇਸ ਵਰਕਰ ਲੋਕਾਂ ਨੂੰ ਸਥਾਈ ਰਿਹਾਇਸ਼ ਲੱਭਣ ਵਿੱਚ ਮਦਦ ਕਰਦਾ ਹੈ।
  • ਸਰਦੀਆਂ ਲਈ ਅਸਥਾਈ ਸ਼ੈਲਟਰ 1 ਅਕਤੂਬਰ ਤੋਂ 30 ਅਪ੍ਰੈਲ ਤੱਕ ਦੇ ਠੰਡ ਦੇ ਮਹੀਨਿਆਂ ਦੌਰਾਨ ਖਾਣ, ਸੌਣ ਅਤੇ ਨਿੱਘੇ ਰਹਿਣ ਲਈ ਇੱਕ ਸੁਰੱਖਿਅਤ ਥਾਂ ਮੁਹੱਈਆ ਕਰਦੇ ਹਨ।
  • ਅਤਿਅੰਤ ਮੌਸਮ ਨਾਲ ਨਜਿੱਠਣ ਲਈ ਸ਼ੈਲਟਰ ਉਸ ਸਮੇਂ ਖੁੱਲ੍ਹਦੇ ਹਨ ਜਦੋਂ ਭਾਈਚਾਰੇ ਅਤਿਅੰਤ ਮੌਸਮ ਸੰਬੰਧੀ ਚੇਤਾਵਨੀਆਂ ਜਾਰੀ ਕਰਦੇ ਹਨ। ਇਹ ਉਨ੍ਹਾਂ ਲੋਕਾਂ ਲਈ ਵਧੇਰੇ ਥਾਂ ਪ੍ਰਦਾਨ ਕਰਦੇ ਹਨ ਜੋ ਰਹਿਣ ਲਈ ਇੱਕ ਸੁਰੱਖਿਅਤ ਸਥਾਨ ਚਾਹੁੰਦੇ ਹਨ। ਜਿਨ੍ਹੀ ਰਾਤਾਂ ਲਈ ਇਹ ਚੇਤਾਵਨੀ ਲਾਗੂ ਰਹਿੰਦੀ ਹੈ, ਓਨੀ ਦੇਰ ਹਰ ਰਾਤ ਇਹ ਸ਼ੈਲਟਰ ਖੁੱਲ੍ਹੇ ਰਹਿੰਦੇ ਹਨ।
  • ਡ੍ਰੌਪ-ਇਨ ਸੈਂਟਰ ਆਮ ਤੌਰ ’ਤੇ ਦਿਨ ਦੇ ਸਮੇਂ ਖੁੱਲ੍ਹੇ ਰਹਿੰਦੇ ਹਨ। ਇਹ ਇਕੱਠੇ ਹੋਣ, ਖਾਣਾ ਪ੍ਰਾਪਤ ਕਰਨ, ਕੱਪੜੇ ਧੋਣ, ਆਪਣੇ ਆਪ ਦੀ ਸਫਾਈ ਕਰਨ ਅਤੇ ਸਹਾਇਤਾਵਾਂ ਅਤੇ ਸੇਵਾਵਾਂ ਨਾਲ ਜੁੜਨ ਲਈ ਇੱਕ ਥਾਂ ਪ੍ਰਦਾਨ ਕਰਦੇ ਹਨ।

ਸਹਾਇਤਾ ਤੱਕ ਪਹੁੰਚ ਕਰਨ ਲਈ

ਹੋਰ ਜਾਣੋ

 

ਅਸਥਾਈ ਰਿਹਾਇਸ਼ਾਂ (HEARTH)

ਅਸਥਾਈ ਘਰ ਸ਼ੈਲਟਰਾਂ ਅਤੇ ਸਥਾਈ ਘਰਾਂ ਦਰਮਿਆਨ ਇੱਕ ਪੁਲ ਵਜੋਂ ਕੰਮ ਕਰਦੇ ਹਨ। ਇਹ ਲੋਕਾਂ ਨੂੰ ਰਹਿਣ ਲਈ ਇੱਕ ਸੁਰੱਖਿਅਤ ਥਾਂ ਅਤੇ ਸਹਾਇਤਾ ਪ੍ਰਦਾਨ ਕਰਦੇ ਹਨ, ਤਾਂ ਜੋ ਸਥਾਈ ਘਰ ਵਿੱਚ ਜਾਣ ਤੋਂ ਪਹਿਲਾਂ ਉਹ ਆਪਣੀ ਜ਼ਿੰਦਗੀ ਨੂੰ ਠੀਕ ਢੰਗ ਨਾਲ ਸਥਿਰ ਕਰ ਸਕਣ।

ਅਸੀਂ ਬੀ ਸੀ ਹਾਊਸਿੰਗ ਅਤੇ ਭਾਈਚਾਰਿਆਂ ਨਾਲ ਮਿਲ ਕੇ ‘ਹੋਮਲੈਸਨੈਸ ਇਨਕੈਮਪਮੈਂਟ ਐਕਸ਼ਨ ਰਿਸਪਾਂਸ ਟੈਂਪਰੇਰੀ ਹਾਊਸਿੰਗ (HEARTH) ਪ੍ਰੋਗਰਾਮ ਰਾਹੀਂ ਮੋਜੂਲਰ ਛੋਟੇ ਘਰਾਂ ਵਰਗੇ ਅਸਥਾਈ ਰਿਹਾਇਸ਼ੀ ਹੱਲਾਂ ਨੂੰ ਤੇਜ਼ੀ ਨਾਲ ਮੁਹੱਈਆ ਕਰਨ ਲਈ ਕੰਮ ਕਰ ਰਹੇ ਹਾਂ। HEARTH ਰਾਹੀਂ ਐਮਰਜੈਂਸੀ ਸ਼ੈਲਟਰਾਂ ਲਈ ਵੀ ਫੰਡਿੰਗ ਦਿੱਤੀ ਜਾ ਸਕਦੀ ਹੈ।

15 ਭਾਈਚਾਰਿਆਂ ਵਿੱਚ 1,540 ਤੋਂ ਵੱਧ ਅਸਥਾਈ ਘਰ ਮੁਹੱਈਆ ਕਰਵਾਏ ਜਾ ਚੁੱਕੇ ਹਨ ਜਾਂ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 1,100 ਤੋਂ ਵੱਧ ਪਹਿਲਾਂ ਹੀ ਖੁੱਲ੍ਹ ਚੁੱਕੇ ਹਨ।

ਇਹ ਕਿਵੇਂ ਕੰਮ ਕਰਦਾ ਹੈ

  • HEARTH ਇੱਕ ਫੰਡਿੰਗ ਪ੍ਰੋਗਰਾਮ ਹੈ ਜੋ ਭਾਈਚਾਰਿਆਂ ਨੂੰ ਜਿੰਨਾ ਜਲਦੀ ਸੰਭਵ ਹੋ ਸਕੇ ਨਵੀਆਂ ਅਸਥਾਈ ਰਿਹਾਇਸ਼ੀ ਥਾਵਾਂ ਤਿਆਰ ਕਰਨ ਵਿੱਚ ਮਦਦ ਕਰਦਾ ਹੈ।
  • ਸੂਬਾ ਲੋੜ, ਉਪਲਬਧ ਜ਼ਮੀਨ ਅਤੇ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਤਿਆਰੀ ਦੇ ਆਧਾਰ ’ਤੇ ਭਾਈਚਾਰਿਆਂ ਦੀ ਚੋਣ ਕਰਦਾ ਹੈ।
  • ਬੀ ਸੀ ਹਾਊਸਿੰਗ ਉਨ੍ਹਾਂ ਭਾਈਚਾਰਿਆਂ ਤੱਕ ਫੰਡਿੰਗ ਪਹੁੰਚਾਉਂਦੀ ਹੈ।
  • ਭਾਈਚਾਰਕ ਭਾਈਵਾਲ ਜ਼ਮੀਨ ਉਪਲਬਧ ਕਰਵਾਉਂਦੇ ਹਨ ਅਤੇ ਰੀਜ਼ੋਨਿੰਗ ਅਤੇ ਪਰਮਿਟਿੰਗ ਦੀ ਪ੍ਰਕਿਰਿਆ ਨੂੰ ਤੇਜ਼ ਕਰਦੇ ਹਨ, ਤਾਂ ਜੋ ਘਰ ਜ਼ਿਆਦਾ ਤੇਜ਼ੀ ਨਾਲ ਉਪਲਬਧ ਕੀਤੇ ਜਾ ਸਕਣ।

ਭਾਈਚਾਰੇ

  • ਪੜਾਅ 1: ਐਬਟਸਫੋਰਡ, ਕੈਂਪਬੈਲ ਰਿਵਰ, ਚਿਲੀਵੈਕ ਅਤੇ ਚੀਮ ਫਰਸਟ ਨੇਸ਼ਨ, ਡੰਕਨ, ਕੈਮਲੂਪਸ, ਕਲੋਨਾ, ਨਨਾਇਮੋ, ਪ੍ਰਿੰਸ ਜੌਰਜ, ਵੈਨਕੂਵਰ ਅਤੇ ਵਿਕਟੋਰੀਆ
  • ਪੜਾਅ 2: ਕ੍ਰੈਨਬਰੂਕ, ਨਿਊ ਵੈਸਟਮਿੰਸਟਰ, ਪਾਓਲ ਰਿਵਰ, ਸਮਿੱਦਰਜ਼ ਅਤੇ ਸਕੂਆਮਿਸ਼

ਸਹਾਇਤਾ ਤੱਕ ਪਹੁੰਚ ਕਰਨ ਲਈ

ਹੋਰ ਜਾਣੋ

 

ਸੁਪੋਰਟਿਵ ਹਾਊਸਿੰਗ

ਸੁਪੋਰਟਿਵ ਹਾਊਸਿੰਗ ਜਾਂ ਸਹਾਇਕ ਰਿਹਾਇਸ਼ਾਂ ਬੇਘਰੀ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਸਾਈਟ ’ਤੇ ਮੌਜੂਦ ਸਹਾਇਤਾਵਾਂ ਸਮੇਤ ਇੱਕ ਸਥਾਈ ਘਰ ਪ੍ਰਦਾਨ ਕਰਦੀ ਹੈ। ਖੋਜ ਨੇ ਦਰਸਾਇਆ ਹੈ ਕਿ ਇਹ ਭਾਈਚਾਰਕ ਸੁਰੱਖਿਆ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਹ ਐਮਰਜੈਂਸੀ ਵਿਜ਼ਿਟ, ਹਸਪਤਾਲ ਵਿੱਚ ਰਹਿਣ ਦੇ ਸਮੇਂ ਅਤੇ ਕਰੈਕਸ਼ਨਜ਼ ਦੇ ਖਰਚਿਆਂ ਨੂੰ ਘਟਾਉਣ ਵਿੱਚ ਵੀ ਮਦਦ ਕਰਦੀ ਹੈ।

2017 ਤੋਂ ਲੈ ਕੇ ਅਸੀਂ ਬੇਘਰੀ ਤੋਂ ਲੋਕਾਂ ਨੂੰ ਬਾਹਰ ਕੱਢਣ ਲਈ 9,900 ਹੋਰ ਸਹਾਇਕ ਰਿਹਾਇਸ਼ਾਂ ਮੁਹੱਈਆ ਕਰਨ ’ਤੇ ਕੰਮ ਕਰ ਰਹੇ ਹਾਂ, ਜਿਨ੍ਹਾਂ ਵਿੱਚੋਂ 6,850 ਪਹਿਲਾਂ ਹੀ ਪੂਰੇ ਹੋ ਚੁੱਕੇ ਹਨ। ਲਗਭਗ 15,000 ਲੋਕ ਸਹਾਇਕ ਰਿਹਾਇਸ਼ਾਂ ਵਿੱਚ ਰਹਿੰਦੇ ਹਨ।

ਉਹ ਕਾਰਵਾਈਆਂ ਜੋ ਅਸੀਂ ਕਰ ਰਹੇ ਹਾਂ

ਬੀ ਸੀ ਹਾਊਸਿੰਗ ਸੂਬੇ ਭਰ ਵਿੱਚ ਸਹਾਇਕ ਰਿਹਾਇਸ਼ਾਂ ਮੁਹੱਈਆ ਕਰਨ ਲਈ ਹਾਊਸਿੰਗ ਪ੍ਰਦਾਨਕਾਂ, ਹੈਲਥ ਅਥੌਰਿਟੀਆਂ ਅਤੇ ਹੋਰ ਭਾਈਚਾਰਕ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਦੀ ਹੈ।

  • ਸਹਾਇਕ ਰਿਹਾਇਸ਼ਾਂ ਸਬਸਿਡੀ ਵਾਲੀਆਂ ਰਿਹਾਇਸ਼ਾਂ ਹੁੰਦੀਆਂ ਹਨ, ਜਿਨ੍ਹਾਂ ਨਾਲ ਸਹਾਇਤਾਵਾਂ ਵੀ ਸ਼ਾਮਲ ਹੁੰਦੀਆਂ ਹਨ। ਜ਼ਿਆਦਾਤਰ ਸਹਾਇਕ ਰਿਹਾਇਸ਼ਾਂ ਵਿੱਚ 24/7 ਸਾਈਟ ’ਤੇ ਸਟਾਫ਼ ਮੌਜੂਦ ਹੁੰਦਾ ਹੈ, ਜੋ ਸਹਾਇਤਾ ਪ੍ਰਦਾਨ ਕਰਦਾ ਹੈ ਅਤੇ ਨਿਵਾਸੀਆਂ ਨੂੰ ਸੇਵਾਵਾਂ ਨਾਲ ਜੋੜਦਾ ਹੈ। ਕਿਰਾਏ ਵਿੱਚ ਰਿਹਾਇਸ਼ ਅਤੇ ਸੇਵਾਵਾਂ ਦੋਵੇਂ ਸ਼ਾਮਲ ਹੁੰਦੀਆਂ ਹਨ।
  • ਨਿਵਾਸੀ ਘੱਟ ਆਮਦਨੀ ਵਾਲੇ ਬਾਲਗ ਹੁੰਦੇ ਹਨ ਜੋ ਬੇਘਰੀ ਦੇ ਖਤਰੇ ਹੇਠ ਹੁੰਦੇ ਹਨ ਅਤੇ ਜਿਨ੍ਹਾਂ ਨੂੰ ਸੁਤੰਤਰ ਤੌਰ ’ਤੇ ਰਹਿਣ ਅਤੇ ਸਫਲ ਕਿਰਾਏਦਾਰੀ ਕਾਇਮ ਰੱਖਣ ਲਈ ਸਹਾਇਤਾਵਾਂ ਦੀ ਲੋੜ ਹੁੰਦੀ ਹੈ।
  • ਰਿਹਾਇਸ਼ਾਂ ਅਪਾਰਟਮੈਂਟ-ਸਟਾਈਲ ਇਮਾਰਤਾਂ ਵਿੱਚ ਹੁੰਦੀਆਂ ਹਨ, ਜਿਨ੍ਹਾਂ ਵਿੱਚ ਆਪਣੇ ਆਪ ਵਿੱਚ ਪੂਰੀਆਂ ਯੂਨਿਟਾਂ ਸ਼ਾਮਲ ਹੁੰਦੀਆਂ ਹਨ, ਜਾਂ ਨਿੱਜੀ ਕਮਰੇ ਹੁੰਦੇ ਹਨ ਜਿਨ੍ਹਾਂ ਨਾਲ ਨਿੱਜੀ ਜਾਂ ਸਾਂਝਾ ਬਾਥਰੂਮ, ਰਸੋਈ ਅਤੇ ਕੱਪੜੇ ਧੋਣ ਦੀ ਸਹੂਲਤ ਹੁੰਦੀ ਹੈ
  • ਸਹਾਇਤਾਵਾਂ ਵਿੱਚ ਭੋਜਨ ਯੋਜਨਾਵਾਂ, ਜੀਵਨ ਕੁਸ਼ਲਤਾਵਾਂ ਅਤੇ ਰੁਜ਼ਗਾਰ ਸਿਖਲਾਈ, ਅਤੇ ਸਿਹਤ ਸੰਭਾਲ, ਮਾਨਸਿਕ ਸਿਹਤ ਜਾਂ ਨਸ਼ਾ ਮੁਕਤੀ ਸੇਵਾਵਾਂ ਨਾਲ ਜੋੜ ਸ਼ਾਮਲ ਹੁੰਦੇ ਹਨ।

ਬੀ.ਸੀ. ਨਿਵਾਸੀਆਂ ਅਤੇ ਸਟਾਫ਼ ਨੂੰ ਸੁਰੱਖਿਅਤ ਰੱਖਣ ਲਈ ਹੋਰ ਮਜ਼ਬੂਤ ਸਾਧਨਾਂ ਨਾਲ ਵੀ ਕੰਮ ਕਰ ਰਿਹਾ ਹੈ, ਤਾਂ ਜੋ:

  • ਹਥਿਆਰਾਂ ਨੂੰ ਸਹਾਇਕ ਰਿਹਾਇਸ਼ਾਂ ਤੋਂ ਬਾਹਰ ਰੱਖਣਾ
  • ਸਿਹਤ ਅਤੇ ਸੁਰੱਖਿਆ ਦੇ ਖਤਰੇ ਘਟਾਉਣ ਲਈ ਹਾਲਾਤ ਨੂੰ ਠੰਢਾ ਕਰਨ ਦੇ ਉਦੇਸ਼ ਨਾਲ, ਨਿਵਾਸੀਆਂ ਦੀ ਪਹੁੰਚ ’ਤੇ ਅਸਥਾਈ ਤੌਰ ’ਤੇ ਪਾਬੰਦੀ ਲਗਾਉਣਾ
  • ਉਸ ਨਿਵਾਸੀ ਨੂੰ ਹਟਾਉਣਾ ਜਿਸ ਦਾ ਵਿਹਾਰ ਹੋਰ ਨਿਵਾਸੀਆਂ, ਸਟਾਫ਼ ਜਾਂ ਮਹਿਮਾਨਾਂ ਲਈ ਗੰਭੀਰ ਸੁਰੱਖਿਆ ਖਤਰਾ ਪੈਦਾ ਕਰਦਾ ਹੋਵੇ

ਕੁਝ ਸਹਾਇਕ ਰਿਹਾਇਸ਼ੀ ਸਾਈਟਾਂ ’ਤੇ ਮੌਜੂਦਾ ਸੁਰੱਖਿਆ ਅਤੇ ਸੇਫ਼ਟੀ ਉਪਾਵਾਂ ਵਿੱਚ ਸ਼ਾਮਲ ਹਨ:

  • ਚੰਗੀ ਤਰ੍ਹਾਂ ਰੌਸ਼ਨ ਕੀਤੀਆਂ ਗਈਆਂ, ਗੇਟ ਵਾਲੀਆਂ ਅਤੇ ਫੈਂਸ ਨਾਲ ਘਿਰੀਆਂ ਹੋਈਆਂ ਥਾਵਾਂ
  • ਵਿਆਪਕ ਕੈਮਰਾ ਨਿਗਰਾਨੀ
  • ਨਿਯੰਤਰਿਤ ਦਾਖ਼ਲੇ, ਕੈਮਰੇ ਅਤੇ ਫੌਬ ਐਂਟਰੀ
  • ਸਟਾਫ਼ ਲਈ ਐਮਰਜੈਂਸੀ ਕਾਲ ਬਟਨ / ਵਾਕੀ-ਟਾਕੀ

ਸਹਾਇਤਾ ਤੱਕ ਪਹੁੰਚ ਕਰਨ ਲਈ

ਹੋਰ ਜਾਣੋ

 

ਕੌਂਪਲੈਕਸ-ਕੇਅਰ ਹਾਊਸਿੰਗ

ਮਾਨਸਿਕ ਸਿਹਤ ਅਤੇ ਨਸ਼ਾਖੋਰੀ ਨਾਲ ਸੰਬੰਧਤ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਕੁਝ ਲੋਕਾਂ ਨੂੰ ਆਪਣੀ ਰਿਹਾਇਸ਼ ਕਾਇਮ ਰੱਖਣ ਲਈ ਵਧੇਰੇ ਸਹਾਇਤਾ ਦੀ ਲੋੜ ਹੁੰਦੀ ਹੈ, ਨਹੀਂ ਤਾਂ ਉਨ੍ਹਾਂ ਨੂੰ ਘਰੋਂ ਬੇਦਖਲੀ ਜਾਂ ਬੇਘਰਪਨ ਦਾ ਖਤਰਾ ਹੁੰਦਾ ਹੈ।

ਕੌਂਪਲੈਕਸ-ਕੇਅਰ ਹਾਊਸਿੰਗ ਸਿਹਤ-ਸੰਬੰਧੀ ਵੱਡੀਆਂ ਲੋੜਾਂ ਵਾਲੇ ਲੋਕਾਂ ਦੀ ਮਦਦ ਕਰਦੀ ਹੈ, ਕਿਉਂਕਿ ਇਹ ਉਨ੍ਹਾਂ ਨੂੰ ਜਿੰਨੇ ਸਮੇਂ ਤੱਕ ਲੋੜ ਹੋਵੇ, ਆਪਣੇ ਹੀ ਘਰ ਵਿੱਚ ਸਿਹਤ, ਸਮਾਜਿਕ ਅਤੇ ਸੱਭਿਆਚਾਰਕ ਸੇਵਾਵਾਂ ਸਮੇਤ ਸਥਿਰ ਰਿਹਾਇਸ਼ ਪ੍ਰਦਾਨ ਕਰਦੀ ਹੈ।

2022 ਵਿੱਚ ਕੌਂਪਲੈਕਸ-ਕੇਅਰ ਹਾਊਸਿੰਗ ਤਿਆਰ ਕਰਨਾ ਸ਼ੁਰੂ ਕਰਨ ਤੋਂ ਬਾਅਦ, 613 ਤੱਕ ਲੋਕਾਂ ਲਈ ਸੇਵਾਵਾਂ ਉਪਲਬਧ ਕਰਵਾ ਦਿੱਤੀਆਂ ਗਈਆਂ ਹਨ—ਜਿਸ ਨਾਲ 2025 ਤੱਕ ਦੇ 500 ਦੇ ਆਪਣੇ ਟੀਚੇ ਨੂੰ ਵੀ ਅਸੀਂ ਪਾਰ ਕਰ ਲਿਆ ਗਿਆ ਹੈ।

ਉਹ ਕਾਰਵਾਈਆਂ ਜੋ ਅਸੀਂ ਕਰ ਰਹੇ ਹਾਂ

  • ਭਾਈਚਾਰਿਆਂ ਵਿੱਚ ਹੋਰ ਕੌਂਪਲੈਕਸ-ਕੇਅਰ ਹਾਊਸਿੰਗ ਸੇਵਾਵਾਂ ਲਿਆਉਣ ਲਈ ਮਿਊਂਨਿਸੀਪੈਲਿਟੀਆਂ ਅਤੇ ਹੈਲਥ ਅਥੌਰਿਟੀਆਂ ਨਾਲ ਮਿਲ ਕੇ ਕੰਮ ਕਰਨਾ
  • ਬੀ.ਸੀ. ਭਰ ਵਿੱਚ ਨਵੀਆਂ, ਖਾਸ ਮਕਸਦ ਨਾਲ ਬਣਾਈਆਂ ਗਈਆਂ ਕੌਂਪਲੈਕਸ-ਕੇਅਰ ਹਾਊਸਿੰਗ ਸਾਈਟਾਂ ਦਾ ਨਿਰਮਾਣ ਕਰਨਾ
  • ਇਹ ਯਕੀਨੀ ਬਣਾਉਣਾ ਕਿ ਕੇਅਰ ਟੀਮਾਂ ਘੱਟ ਕੇਸਲੋਡ ਨਾਲ ਕੰਮ ਕਰਨ, ਤਾਂ ਜੋ ਨਿਵਾਸੀਆਂ ਨਾਲ ਭਰੋਸੇਯੋਗ ਸੰਬੰਧ ਬਣਾਉਣ ਲਈ ਸਮਾਂ ਮਿਲੇ ਅਤੇ ਉਨ੍ਹਾਂ ਦੀ ਆਪਣੇ ਟੀਚੇ ਪੂਰੇ ਕਰਨ ਵਿੱਚ ਮਦਦ ਹੋ ਸਕੇ

ਸਹਾਇਤਾ ਤੱਕ ਪਹੁੰਚ ਕਰਨ ਲਈ

ਹੋਰ ਜਾਣੋ

 

ਕਮਿਊਨਿਟੀ ਇੰਟੀਗ੍ਰੇਸ਼ਨ ਮਾਹਰ

ਕਮਿਊਨਿਟੀ ਇੰਟੀਗ੍ਰੇਸ਼ਨ ਮਾਹਰ ਭਾਈਚਾਰਿਆਂ ਵਿੱਚ ਸਿੱਧੇ ਤੌਰ ’ਤੇ ਕੰਮ ਕਰਦੇ ਹਨ ਅਤੇ ਲੋਕਾਂ ਨੂੰ ਉਨ੍ਹਾਂ ਦੀ ਮੌਜੂਦਾ ਸਥਿਤੀ ਵਿੱਚ ਮਿਲਦੇ ਹਨ, ਤਾਂ ਜੋ ਉਨ੍ਹਾਂ ਨੂੰ ਰਿਹਾਇਸ਼ੀ ਸਹਾਇਤਾਵਾਂ, ਹੈਲਥ ਕੇਅਰ ਸੇਵਾਵਾਂ, ਆਮਦਨ ਅਤੇ ਅਪੰਗਤਾ ਸਹਾਇਤਾ, ਅਤੇ ਸਥਾਨਕ ਏਜੰਸੀਆਂ ਨਾਲ ਜੋੜਿਆ ਜਾ ਸਕੇ।

ਇਹ ਮਾਹਰ ਜੋਖਮ ਪ੍ਰਤੀ ਕਮਜ਼ੋਰ ਲੋਕਾਂ ਅਤੇ ਉਨ੍ਹਾਂ ਸੇਵਾਵਾਂ ਵਿਚਕਾਰ ਫਾਸਲੇ ਨੂੰ ਖਤਮ ਕਰਦੇ ਹਨ, ਜੋ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਨੂੰ ਸਥਿਰ ਕਰਨ ਵਿੱਚ ਮਦਦ ਕਰਨ ਅਤੇ ਬੇਘਰੀ ਦੇ ਸਿਲਸਿਲੇ ਨੂੰ ਤੋੜਨ ਲਈ ਤਿਆਰ ਕੀਤੀਆਂ ਗਈਆਂ ਹੁੰਦੀਆਂ ਹਨ।

ਉਹ ਕਾਰਵਾਈਆਂ ਜੋ ਅਸੀਂ ਕਰ ਰਹੇ ਹਾਂ

  • ਸੂਬੇ ਭਰ ਦੇ ਭਾਈਚਾਰਿਆਂ ਵਿੱਚ ਕਮਿਊਨਿਟੀ ਇੰਟੀਗ੍ਰੇਸ਼ਨ ਮਾਹਰ ਤਾਇਨਾਤ ਕਰਨਾ, ਤਾਂ ਜੋ ਮੌਕੇ ’ਤੇ ਹੀ ਲੋਕਾਂ ਤੱਕ ਪਹੁੰਚ ਕਰ ਕੇ ਉਨ੍ਹਾਂ ਨੂੰ ਸਹਾਇਤਾਵਾਂ ਅਤੇ ਸੇਵਾਵਾਂ ਨਾਲ ਜੋੜਿਆ ਜਾ ਸਕੇ।
  • ਆਈ.ਡੀ. ਦੀ ਕਮੀ ਜਾਂ ਸੁਰੱਖਿਆ ਜਮ੍ਹਾਂ ਰਕਮ (security deposit) ਵਰਗੀਆਂ ਰੁਕਾਵਟਾਂ ਨੂੰ ਘਟਾਉਣਾ
  • ਤਾਲਮੇਲ ਵਾਲਾ ਕੇਸ ਪ੍ਰਬੰਧਨ ਅਤੇ ਆਊਟਰੀਚ ਮੁਹੱਈਆ ਕਰਨਾ। ਕਮਿਊਨਿਟੀ ਇੰਟੀਗ੍ਰੇਸ਼ਨ ਮਾਹਰ ਆਪਣੇ ਸਮੇਂ ਦਾ 85% ਭਾਈਚਾਰਿਆਂ ਵਿੱਚ ਬਿਤਾਉਂਦੇ ਹਨ, ਜਿਸ ਵਿੱਚ ਇਨਕੈਂਪਮੈਂਟਾਂ ਅਤੇ ਸ਼ੈਲਟਰ ਵੀ ਸ਼ਾਮਲ ਹਨ।

 


ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਸਹਾਇਤਾ

ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ, ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਮਾਨਸਿਕ ਸਿਹਤ ਅਤੇ ਨਸ਼ਿਆਂ ਸੰਬੰਧੀ ਸਹਾਇਤਾ ਠੀਕ ਸਮੇਂ ‘ਤੇ ਠੀਕ ਥਾਂ ’ਤੇ ਮਿਲੇ, ਤਾਂ ਜੋ ਉਹ ਅਤੇ ਸਾਡੇ ਭਾਈਚਾਇਰੇ ਸੁਰੱਖਿਅਤ ਰਹਿ ਸਕਣ।

ਸਾਲ 2024‑25 ਵਿੱਚ ਬੀ.ਸੀ. ਵਿੱਚ 5,000 ਲੋਕਾਂ ਨੂੰ ਰਿਹਾਇਸ਼ੀ ਸਹੂਲਤਾਂ ਵਿੱਚ ਇਲਾਜ ਅਤੇ ਰਿਕਵਰੀ ਲਈ ਸਹਾਇਤਾ ਮਿਲੀ।

ਨਵੇਂ ਰੋਡ ਟੂ ਰਿਕਵਰੀ ਨਸ਼ਾ ਇਲਾਜ ਮਾਡਲ ਤਹਿਤ, ਤੁਰੰਤ ਡੀਟੌਕਸ ਬੈੱਡਾਂ ਤੱਕ ਪਹੁੰਚ ਲਈ ਔਸਤ ਉਡੀਕ ਸਮਾਂ ਹੁਣ ਇੱਕ ਦਿਨ ਤੱਕ ਘਟ ਗਿਆ ਹੈ।

2,000 ਤੋਂ ਵੱਧ ਮਾਨਸਿਕ ਸਿਹਤ ਬੈੱਡ ਗੰਭੀਰ ਸੰਕਟ ਦੇ ਸਮੇਂ ਲੋਕਾਂ ਨੂੰ ਗੈਰ-ਇੱਛੁਕ ਦੇਖਭਾਲ ਪ੍ਰਦਾਨ ਕਰ ਸਕਦੇ ਹਨ, ਤਾਂ ਜੋ ਉਨ੍ਹਾਂ ਨੂੰ ਅਤੇ ਭਾਈਚਾਰਿਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ।

 

ਸੰਕਟ ਪ੍ਰਤੀਕਰਿਆ, ਭਾਈਚਾਰੇ ਦੀ ਅਗਵਾਈ ਵਾਲੀਆਂ ਟੀਮਾਂ

ਜਦੋਂ ਲੋਕ ਮਾਨਸਿਕ ਸਿਹਤ ਜਾਂ ਨਸ਼ੇ ਨਾਲ ਸੰਬੰਧਿਤ ਚੁਣੌਤੀਆਂ ਕਾਰਨ ਸੰਕਟ ਵਿੱਚ ਹੁੰਦੇ ਹਨ, ਤਾਂ ਕੇਵਲ ਪੁਲਿਸ ਵੱਲੋਂ ਦਿੱਤੀ ਜਵਾਬੀ ਪ੍ਰਤਿਕਿਰਿਆ ਹਮੇਸ਼ਾ ਸਭ ਤੋਂ ਵਧੀਆ ਚੋਣ ਨਹੀਂ ਹੁੰਦੀ ਅਤੇ ਇਸ ਕਾਰਨ ਕੁਝ ਲੋਕ ਮਦਦ ਲੈਣ ਤੋਂ ਹਿਚਕਚਾ ਸਕਦੇ ਹਨ।

ਕ੍ਰਾਈਸਿਸ ਰਿਸਪਾਂਸ, ਕਮਿਊਨਿਟੀ-ਲੈਡ (CRCL) ਨਾਗਰਿਕਾਂ ਵੱਲੋਂ ਚਲਾਈਆਂ ਜਾਣ ਵਾਲੀਆਂ ਟੀਮਾਂ ਹਨ। ਇਹ ਟੀਮਾਂ ਸੰਕਟ ਵਿੱਚ ਘਿਰੇ ਲੋਕਾਂ ਦੀ ਸਹਾਇਤਾ ਲਈ ਇੱਕ ਤਜਰਬੇਕਾਰ ਸਾਥੀ (ਜਿਸ ਕੋਲ ਆਪਣੇ ਜੀਵਨ ਦਾ ਸੰਬੰਧਤ ਅਨੁਭਵ ਹੁੰਦਾ ਹੈ) ਨੂੰ ਮਾਨਸਿਕ ਸਿਹਤ ਮਾਹਿਰ ਨਾਲ ਜੋੜਦੀਆਂ ਹਨ।

ਅਸੀਂ 7 ਭਾਈਚਾਰਿਆਂ ਵਿੱਚ CRCL ਟੀਮਾਂ ਦੀ ਸ਼ੁਰੂਆਤ ਕੀਤੀ ਹੈ। 2025 ਵਿੱਚ CRCL ਟੀਮਾਂ ਨੇ 6,800 ਤੋਂ ਵੱਧ ਕਾਲਾਂ ‘ਤੇ ਪ੍ਰਤੀਕਰਿਆ ਦਿੱਤੀ।

ਇਹ ਕਿਵੇਂ ਕੰਮ ਕਰਦਾ ਹੈ

  • CRCL ਟੀਮਾਂ ਹਮਦਰਦੀ ਭਰੀ ਅਤੇ ਟਰੌਮਾ-ਇਨਫ਼ੌਰਮਡ (ਕਿਸੇ ਸਦਮੇ ਦੇ ਭਾਵਨਾਤਮਕ ਅਤੇ ਮਾਨਸਿਕ ਸਿਹਤ ਸੰਬੰਧੀ ਪ੍ਰਭਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ) ਸੰਭਾਲ ਮੁਹੱਈਆ ਕਰਦੀਆਂ ਹਨ;
    • ਸਥਿਤੀਆਂ ਨੂੰ ਸ਼ਾਂਤ ਕਰਨਾ
    • ਲੋਕਾਂ ਨੂੰ ਸਥਾਨਕ ਸਹਾਇਤਾ ਸਰੋਤਾਂ ਨਾਲ ਜੋੜਨਾ
    • ਲੋਕਾਂ ਨੂੰ ਸਹਾਇਤਾ ਲਈ ਐਮਰਜੈਂਸੀ ਰੂਮ ਜਾਣ ਦੀ ਬਜਾਏ ਸਿੱਧੇ ਮਾਨਸਿਕ ਸਿਹਤ ਸਹਾਇਕ ਸੇਵਾਵਾਂ ਨਾਲ ਜੋੜਨਾ
  • ਪੁਲਿਸ ਨੂੰ ਅਪਰਾਧ ਅਤੇ ਕਾਨੂੰਨ ਲਾਗੂ ਕਰਨ ‘ਤੇ ਧਿਆਨ ਕੇਂਦਰਿਤ ਕਰਨ ਲਈ ਸਮਾਂ ਮਿਲਦਾ ਹੈ

ਭਾਈਚਾਰੇ

  • ਕੋਮੌਕਸ ਵੈਲੀ
  • ਕਲੋਨਾ
  • ਕੈਮਲੂਪਸ
  • ਨਿਊ ਵੈਸਟਮਿੰਸਟਰ
  • ਨੌਰਥ ਸ਼ੋਰ
  • ਪ੍ਰਿੰਸ ਜੌਰਜ
  • ਵਿਕਟੋਰੀਆ

ਸਹਾਇਤਾ ਲੈਣ ਲਈ

 

ਮੋਬਾਈਲ ਇੰਟਿਗਰੇਟਿਡ ਕਰਾਈਸਿਸ ਰਿਸਪੌਂਸ ਟੀਮਾਂ

ਮੋਬਾਈਲ ਇੰਟਿਗਰੇਟਿਡ ਕਰਾਈਸਿਸ ਰਿਸਪੌਂਸ (MICR) ਟੀਮਾਂ ਵਿੱਚ ਇੱਕ ਪੁਲਿਸ ਅਫ਼ਸਰ ਨੂੰ ਇੱਕ ਸਿਹਤ‑ਸੰਭਾਲ ਪੇਸ਼ੇਵਰ ਨਾਲ ਜੋੜਿਆ ਜਾਂਦਾ ਹੈ, ਤਾਂ ਜੋ ਉਹ ਉੱਥੇ ਐਮਰਜੈਂਸੀ ਮਾਨਸਿਕ ਸਿਹਤ ਕਾਲਾਂ ‘ਤੇ ਪ੍ਰਤੀਕਰਿਆ ਦੇ ਸਕਣ ਜਿੱਥੇ ਸੁਰੱਖਿਆ ਦਾ ਖ਼ਤਰਾ ਹੋ ਸਕਦਾ ਹੈ।

MICR ਟੀਮਾਂ ਸਥਿਤੀਆਂ ਨੂੰ ਸ਼ਾਂਤ ਕਰਦੀਆਂ ਹਨ ਅਤੇ ਤੁਰੰਤ, ਵਿਸ਼ੇਸ਼ ਦੇਖਭਾਲ ਪ੍ਰਦਾਨ ਕਰਦੀਆਂ ਹਨ, ਤਾਂ ਜੋ ਲੋਕ ਕਾਨੂੰਨੀ ਨਤੀਜਿਆਂ ਦਾ ਸਾਹਮਣਾ ਕਰਨ ਦੀ ਬਜਾਏ ਸੁਧਾਰ ਲਈ ਸਹਾਇਤਾਵਾਂ ਨਾਲ ਜੁੜ ਸਕਣ।

MICR ਟੀਮਾਂ 18 ਭਾਈਚਾਰਿਆਂ ਵਿੱਚ ਕਾਰਜਸ਼ੀਲ ਹਨ, ਤਾਂ ਜੋ ਸੰਕਟ ਵਿੱਚ ਮੌਜੂਦ ਹੋਰ ਵੱਧ ਲੋਕਾਂ ਨੂੰ ਸੁਰੱਖਿਅਤ ਤਰੀਕੇ ਨਾਲ ਉਨ੍ਹਾਂ ਦੀ ਲੋੜ ਅਨੁਸਾਰ ਦੇਖਭਾਲ ਨਾਲ ਜੋੜਿਆ ਜਾ ਸਕੇ।

ਇਹ ਕਿਵੇਂ ਕੰਮ ਕਰਦਾ ਹੈ

  • ਸਿਹਤ ਕਰਮਚਾਰੀ ਮੌਕੇ 'ਤੇ ਮਾਨਸਿਕ ਸਿਹਤ ਦਾ ਮੁਲਾਂਕਣ, ਸੰਕਟ ਸਬੰਧੀ ਦਖਲਅੰਦਾਜ਼ੀ ਅਤੇ ਉਚਿਤ ਭਾਈਚਾਰਕ ਸੇਵਾਵਾਂ ਲਈ ਰੈਫਰਲ ਮੁਹੱਈਆ ਕਰਦੇ ਹਨ।
  • ਪੁਲਿਸ ਕਰਮਚਾਰੀ ਸੁਰੱਖਿਆ ਸੰਬੰਧੀ ਚਿੰਤਾਵਾਂ ਨਾਲ ਨਜਿੱਠ ਕੇ ਸਭ ਦੀ ਸੁਰੱਖਿਆ ਯਕੀਨੀ ਬਣਾਉਂਦੇ ਹਨ।

ਭਾਈਚਾਰੇ

  • ਐਬਟਸਫੋਰਡ, ਬਰਨਬੀ, ਚਿਲੀਵੈਕ, ਕੋਕੁਇਟਲਮ/ਪੋਰਟ ਕੋਕੁਇਟਲਮ, ਫੋਰਟ ਸੇਂਟ ਜੌਹਨ, ਕੈਮਲੂਪਸ, ਕਲੋਨਾ, ਪੈਨਟਿਕਟਨ, ਪ੍ਰਿੰਸ ਜੌਰਜ, ਨੌਰਥ ਸ਼ੋਰ, ਨਨਾਇਮੋ, ਰਿਚਮੰਡ, ਸਕੁਆਮਿਸ਼, ਸਰ੍ਹੀ, ਵੈਨਕੂਵਰ, ਵਰਨਨ, ਵਿਕਟੋਰੀਆ ਅਤੇ ਵੈਸਟਸ਼ੋਰ

ਸਹਾਇਤਾ ਤੱਕ ਪਹੁੰਚ ਕਰਨ ਲਈ

  • 9‑1‑1 ‘ਤੇ ਕਾਲ ਕਰੋ ਜਾਂ ਆਪਣੇ ਇਲਾਕੇ ਦੀ ਪੁਲਿਸ ਦੀ ਗੈਰ‑ਐਮਰਜੈਂਸੀ ਲਾਈਨ ‘ਤੇ ਸੰਪਰਕ ਕਰੋ
 

ਹੈਲਥ IM (Health IM)

ਹੈਲਥ IM ਇੱਕ ਜੋਖਮ‑ਸਕ੍ਰੀਨਿੰਗ ਐਪ ਹੈ, ਜਿਸਦੀ ਵਰਤੋਂ ਪੁਲਿਸ ਮਾਨਸਿਕ ਸਿਹਤ ਸੰਬੰਧੀ ਕਾਲਾਂ ‘ਤੇ ਜਵਾਬ ਦਿੰਦਿਆਂ ਕਰ ਸਕਦੀ ਹੈ। ਇਹ ਐਪ ਅਧਿਕਾਰੀਆਂ ਨੂੰ ਸੰਕਟ ਵਿੱਚ ਮੌਜੂਦ ਵਿਅਕਤੀ ਦਾ ਵਧੀਆ ਤਰੀਕੇ ਨਾਲ ਮੁਲਾਂਕਣ ਕਰਨ ਵਿੱਚ ਮਦਦ ਕਰਦੀ ਹੈ, ਤਾਂ ਜੋ ਗੁੰਝਲਦਾਰ ਸਥਿਤੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਸ਼ਾਂਤ ਕੀਤਾ ਜਾ ਸਕੇ ਅਤੇ ਹਸਪਤਾਲ ਟੀਮਾਂ ਨੂੰ ਆਉਣ ਤੋਂ ਪਹਿਲਾਂ ਤਿਆਰ ਕੀਤਾ ਜਾ ਸਕੇ।

ਇਹ ਸਾਬਤ ਹੋ ਚੁੱਕਾ ਹੈ ਕਿ ਇਸ ਨਾਲ ਫਰਸਟ ਰਿਸਪਾਂਡਰਾਂ ਅਤੇ ਮਰੀਜ਼ਾਂ ਲਈ ਸੁਰੱਖਿਆ ਵਧਦੀ ਹੈ, ਹਸਪਤਾਲ ਦਾਖ਼ਲਿਆਂ ਦੀ ਪ੍ਰਕਿਰਿਆ ਤੇਜ਼ ਹੁੰਦੀ ਹੈ, ਅਤੇ ਪੁਲਿਸ ਦੇ ਓਵਰਟਾਈਮ ਖ਼ਰਚ ਘਟਦੇ ਹਨ।

ਅਸੀਂ ਬੀ.ਸੀ. ਐਸੋਸੀਏਸ਼ਨ ਆਫ਼ ਚੀਫ਼ਸ ਆਫ਼ ਪੁਲਿਸ ਨਾਲ ਮਿਲ ਕੇ ਸੂਬੇ ਭਰ ਵਿੱਚ HealthIM ਦੀ ਸ਼ੁਰੂਆਤ ਦਾ ਸਮਰਥਨ ਕਰ ਰਹੇ ਹਾਂ। ਇਹ ਇਸ ਵੇਲੇ 7 ਖੇਤਰਾਂ ਵਿੱਚ ਉਪਲਬਧ ਹੈ। ਉਮੀਦ ਹੈ ਕਿ ਇਹ 2026 ਵਿੱਚ ਉੱਤਰੀ ਵੈਨਕੂਵਰ ਆਇਲੈਂਡ, ਇੰਟੀਰੀਅਰ ਅਤੇ ਉੱਤਰੀ ਬੀ.ਸੀ. ਵਿੱਚ ਵੀ ਉਪਲਬਧ ਹੋਵੇਗਾ।

ਇਹ ਕਿਵੇਂ ਕੰਮ ਕਰਦਾ ਹੈ

  • ਅਧਿਕਾਰੀਆਂ ਨੂੰ ਸਵਾਲਾਂ ਰਾਹੀਂ ਮਾਰਗਦਰਸ਼ਨ ਦਿੰਦਾ ਹੈ, ਤਾਂ ਜੋ ਉਹ ਵਿਅਕਤੀ ਦੇ ਵਿਹਾਰ ਨੂੰ ਵਧੀਆ ਤਰੀਕੇ ਨਾਲ ਸਮਝ ਸਕਣ, ਜੋਖਮਾਂ ਦੀ ਪਛਾਣ ਕਰ ਸਕਣ ਅਤੇ ਸਥਿਤੀ ਨੂੰ ਸ਼ਾਂਤ ਕਰਨ ਵਿੱਚ ਸਹਾਇਤਾ ਮਿਲ ਸਕੇ
  • ਪੁਲਿਸ ਵੱਲੋਂ ਕੀਤੇ ਨਿਰੀਖਣਾਂ ਨੂੰ ਸਪਸ਼ਟ ਮੈਡੀਕਲ ਭਾਸ਼ਾ ਵਿੱਚ ਬਦਲਦਾ ਹੈ ਅਤੇ ਮਰੀਜ਼ ਦੇ ਪਹੁੰਚਣ ਤੋਂ ਪਹਿਲਾਂ ਹਸਪਤਾਲ ਸਟਾਫ਼ ਨੂੰ ਭੇਜਦਾ ਹੈ
  • ਹਸਪਤਾਲ ਟੀਮਾਂ ਨੂੰ ਪਹਿਲਾਂ ਹੀ ਸੂਚਿਤ ਕਰਦਾ ਹੈ, ਤਾਂ ਜੋ ਉਹ ਤਿਆਰੀ ਕਰ ਸਕਣ, ਦੇਖਭਾਲ ਦਾ ਤਾਲਮੇਲ ਕਰ ਸਕਣ ਅਤੇ ਸੁਰੱਖਿਅਤ ਮਾਹੌਲ ਬਣਾਈ ਰੱਖ ਸਕਣ
  • ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਉਹਨਾਂ ਦੀ ਲੋੜ ਅਨੁਸਾਰ ਵਧੇਰੇ ਦੇਖਭਾਲ ਜਲਦੀ ਮਿਲਣ ਵਿੱਚ ਮਦਦ ਕਰਦਾ ਹੈ

ਪੁਲਿਸ ਵਿਭਾਗ

  • ਡੈਲਟਾ ਪੁਲਿਸ ਡਿਪਾਰਟਮੈਂਟ
  • ਈਸਟ ਕੂਟਨੀ RCMP ਡਿਟੈਚਮੈਂਟ
  • ਨੈਲਸਨ ਪੁਲਿਸ ਡਿਪਾਰਟਮੈਂਟ
  • ਪੋਰਟ ਮੂਡੀ ਪੁਲਿਸ ਡਿਪਾਰਟਮੈਂਟ
  • ਪ੍ਰਿੰਸ ਜੌਰਜ RCMP
  • ਦੱਖਣੀ ਵੈਨਕੂਵਰ ਆਇਲੈਂਡ ਪੁਲਿਸ ਏਜੰਸੀਆਂ (ਮਿਊਂਨਿਸੀਪਲ + RCMP)
  • ਸਰ੍ਹੀ RCMP

ਹੋਰ ਜਾਣੋ

 

ਰੋਡ ਟੂ ਰਿਕਵਰੀ - ਨਸ਼ਿਆਂ ਲਈ ਦੇਖਭਾਲ ਦੀ ਪਹੁੰਚ ਵਿੱਚ ਸੁਧਾਰ

ਜਦੋਂ ਲੋਕ ਨਸ਼ੇ ਦੀ ਸਮੱਸਿਆ ਲਈ ਮਦਦ ਦੀ ਲੋੜ ਮਹਿਸੂਸ ਕਰਦੇ ਹਨ, ਤਾਂ ਹਰ ਪਲ ਅਹਿਮ ਹੁੰਦਾ ਹੈ। ਇਸੇ ਲਈ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਲੋਕਾਂ ਲਈ ਨਵੇਂ ਰਾਹ ‘ਤੇ ਚੱਲਣਾ ਹੋਰ ਤੇਜ਼ ਅਤੇ ਸੁਗਮ ਹੋਵੇ।

ਰੋਡ ਟੂ ਰਿਕਵਰੀ ਬੀ.ਸੀ. ਦਾ ਨਸ਼ਿਆਂ ਸੰਬੰਧੀ ਦੇਖਭਾਲ ਮਾਡਲ ਹੈ, ਜੋ ਲੋਕਾਂ ਨੂੰ ਬਿਨਾਂ ਕਿਸੇ ਦੇਰੀ ਦੇ ਡੀਟੌਕਸ, ਇਲਾਜ ਅਤੇ ਇਲਾਜ ਤੋਂ ਬਾਅਦ ਦੀਆਂ ਸੇਵਾਵਾਂ ਰਾਹੀਂ ਲਗਾਤਾਰ ਅੱਗੇ ਵਧਾਉਂਦਾ ਹੈ।

2023 ਵਿੱਚ ਵੈਨਕੂਵਰ ਵਿੱਚ ਸ਼ੁਰੂਆਤ ਤੋਂ ਬਾਅਦ ਉਡੀਕ ਸਮੇਂ ਘਟੇ ਹਨ। ਤੁਰੰਤ ਸ਼੍ਰੇਣੀ ਵਿੱਚ ਰੱਖੇ ਗਾਹਕ ਹੁਣ ਇੱਕ ਦਿਨ ਦੇ ਅੰਦਰ ਬੈੱਡ ਪ੍ਰਾਪਤ ਕਰ ਲੈਂਦੇ ਹਨ, ਅਤੇ ਆਮ ਗਾਹਕ ਔਸਤਨ 8 ਦਿਨਾਂ ਵਿੱਚ।

ਰੋਡ ਟੂ ਰਿਕਵਰੀ ਹੁਣ ਵੈਨਕੂਵਰ, ਫਰੇਜ਼ਰ, ਇੰਟੀਰੀਅਰ ਅਤੇ ਆਇਲੈਂਡ ਹੈਲਥ ਇਲਾਕਿਆਂ ਵਿੱਚ ਉਪਲਬਧ ਹੈ। ਭਵਿੱਖ ਵਿੱਚ ਇਸ ਦਾ ਵਿਸਤਾਰ ਨੌਰਦਰਨ ਹੈਲਥ ਤੱਕ ਵੀ ਕੀਤਾ ਜਾਵੇਗਾ।

ਇਹ ਕਿਵੇਂ ਕੰਮ ਕਰਦਾ ਹੈ

  • ਆਪਣੇ ਸਿਹਤ ਸੰਭਾਲ ਖੇਤਰ ਦੀ ਐਕਸੈਸ ਸੈਂਟਰਲ (Access Central) ਫ਼ੋਨ ਲਾਈਨ ‘ਤੇ ਕਾਲ ਕਰੋ
  • ਨਸ਼ੇ ਦੀ ਲਤ ਸੰਬੰਧੀ ਸੰਭਾਲ ਵਿੱਚ ਮਾਹਿਰ ਸਿਹਤ‑ਸੰਭਾਲ ਕਰਮਚਾਰੀ ਨਾਲ ਸੰਪਰਕ ਕਰੋ
  • ਕਲੀਨੀਕਲ ਮੁਲਾਂਕਣ ਅਤੇ ਇਲਾਜ ਯੋਜਨਾ ਪ੍ਰਾਪਤ ਕਰੋ
  • ਬਿਨਾਂ ਰੁਕਾਵਟ ਦੇ ਲੋੜ ਅਨੁਸਾਰ ਦੇਖਭਾਲ ਦੇ ਸਹੀ ਪੱਧਰ ਤੱਕ ਪਹੁੰਚ ਪ੍ਰਾਪਤ ਕਰੋ
  • ਰਿਕਵਰੀ ਦੇ ਸਫ਼ਰ ਵਿੱਚ ਹਰ ਪੜਾਅ 'ਤੇ ਸਹਾਇਤਾ ਲਓ।

ਦੇਖਭਾਲ ਤੱਕ ਪਹੁੰਚ ਲਈ

ਹੋਰ ਜਾਣੋ

ਪਹਿਲੇ ਦੋ ਸਾਲਾਂ ਵਿੱਚ ਵੈਨਕੂਵਰ ਐਕਸੈਸ ਸੈਂਟਰਲ ਰਾਹੀਂ ਤਕਰੀਬਨ 4,500 ਲੋਕਾਂ ਨੂੰ ਡੀਟੌਕਸ ਸੇਵਾਵਾਂ ਮਿਲੀਆਂ, ਜਿੱਥੇ ਤੁਰੰਤ ਮਾਮਲਿਆਂ ਲਈ ਇੱਕ ਦਿਨ ਦੇ ਅੰਦਰ ਬੈੱਡ ਉਪਲਬਧ ਸੀ।

 

ਓਪੀਔਇਡ ਟ੍ਰੀਟਮੈਂਟ ਐਕਸੈਸ ਲਾਈਨ

ਓਪੀਔਇਡ ਦੀ ਲਤ ਇੱਕ ਲੰਬੇ ਸਮੇਂ ਦੀ ਮੈਡੀਕਲ ਸਮੱਸਿਆ ਹੈ, ਜਿਸ ਕਰਕੇ ਨਸ਼ਾ ਛੱਡਣਾ ਔਖਾ ਹੋ ਸਕਦਾ ਹੈ, ਪਰ ਓਪੀਔਇਡ ਐਗੋਨਿਸਟ ਇਲਾਜ ਲੋਕਾਂ ਦੀ ਮਦਦ ਕਰ ਸਕਦਾ ਹੈ।

ਓਪੀਔਇਡ ਟ੍ਰੀਟਮੈਂਟ ਐਕਸੈਸ ਲਾਈਨ ਇਸ ਜ਼ਿੰਦਗੀ ਬਚਾਉਣ ਵਾਲੀ ਦਵਾਈ ਤੱਕ ਵਧੇਰੇ ਤੇਜ਼ੀ ਅਤੇ ਆਸਾਨੀ ਨਾਲ ਪਹੁੰਚ ਅਤੇ ਉਸੇ ਦਿਨ ਸਹਾਇਤਾ ਨਾਲ ਜੁੜਨ ਵਿੱਚ ਮਦਦ ਕਰਦੀ ਹੈ। ਇਹ ਮੁਫ਼ਤ ਅਤੇ ਗੁਪਤ ਹੈ।

ਓਪੀਔਇਡ ਐਗੋਨਿਸਟ ਇਲਾਜ ਕਿਵੇਂ ਕੰਮ ਕਰਦਾ ਹੈ

  • ਡਾਕਟਰ ਜਾਂ ਨਰਸ ਵੱਲੋਂ ਨਿਸ਼ਚਿਤ ਕੀਤੀਆਂ ਦਵਾਈਆਂ (methadone, Suboxone®, Kadian® ਜਾਂ Sublocade®) ਦੀ ਵਰਤੋਂ ਕੀਤੀ ਜਾਂਦੀ ਹੈ
  • ਸਰੀਰ ਵਿੱਚ ਹੌਲੀ‑ਹੌਲੀ ਪ੍ਰਭਾਵ ਦਿਖਾਉਂਦਾ ਹੈ, ਤਾਂ ਜੋ ਵਿਦਡਰਾਅਲ ਲੱਛਣਾਂ ਤੋਂ ਬਚਾਅ ਹੋਵੇ, ਲਾਲਸਾ ਘਟੇ ਅਤੇ ਸਟ੍ਰੀਟ ਡਰੱਗਜ਼ (ਸੜਕਾਂ 'ਤੇ ਤਸਕਰੀ ਰਾਹੀਂ ਉਪਲਬਧ ਨਸ਼ੀਲੇ ਪਦਾਰਥ ਜਿਨ੍ਹਾਂ ਵਿੱਚ ਮਿਲਾਵਟ ਹੋ ਸਕਦੀ ਹੈ ਜਾਂ ਜ਼ਹਿਰੀਲੇ ਹੋ ਸਕਦੇ ਹਨ) ਵਰਤਣ ਨਾਲ ਓਵਰਡੋਜ਼ ਦਾ ਖ਼ਤਰਾ ਘਟੇ
  • ਲੋਕਾਂ ਦੀ ਸਿਹਤ ਨੂੰ ਸਥਿਰ ਬਣਾਉਣ ਵਿੱਚ ਮਦਦ ਕਰਦਾ ਹੈ ਅਤੇ ਇਹ ਸਾਬਤ ਹੋਇਆ ਹੈ ਕਿ ਇਸ ਨਾਲ ਲੋਕ ਇਲਾਜ ਵਿੱਚ ਬਣੇ ਰਹਿੰਦੇ ਹਨ ਅਤੇ ਗੈਰਕਾਨੂੰਨੀ ਓਪੀਔਇਡ ਦੀ ਵਰਤੋਂ ਤੋਂ ਦੂਰ ਰਹਿੰਦੇ ਹਨ

ਦੇਖਭਾਲ ਤੱਕ ਪਹੁੰਚ ਲਈ

ਹੋਰ ਜਾਣੋ

ਓਪੀਔਇਡ ਟ੍ਰੀਟਮੈਂਟ ਐਕਸੈਸ ਲਾਈਨ ਨੂੰ ਆਪਣੇ ਪਹਿਲੇ ਸਾਲ ਵਿੱਚ 2,500 ਤੋਂ ਵੱਧ ਕਾਲਾਂ ਮਿਲੀਆਂ।

 

ਗੰਭੀਰ ਸੰਕਟ ਵਿੱਚ ਫਸੇ ਲੋਕਾਂ ਲਈ ਗੈਰ-ਇੱਛੁਕ ਸੁਰੱਖਿਅਤ ਦੇਖਭਾਲ

ਅੱਜ ਦੇ ਜ਼ਹਿਰੀਲੇ ਨਸ਼ਿਆਂ ਦੇ ਸੰਕਟ ਦੀ ਸਪਲਾਈ ਬੇਹੱਦ ਘਾਤਕ ਹੈ। ਇਸ ਕਾਰਨ ਵਾਰ‑ਵਾਰ ਓਵਰਡੋਜ਼ ਹੋਣ ਨਾਲ ਵੱਧ ਲੋਕਾਂ ਨੂੰ ਦਿਮਾਗੀ ਚੋਟਾਂ ਲੱਗ ਰਹੀਆਂ ਹਨ, ਨਾਲ ਹੀ ਗੰਭੀਰ ਮਾਨਸਿਕ ਸਿਹਤ ਅਤੇ ਨਸ਼ੇ ਨਾਲ ਜੁੜੀਆਂ ਚੁਣੌਤੀਆਂ ਪੈਦਾ ਹੋ ਰਹੀਆਂ ਹਨ।

ਕੁਝ ਲੋਕ ਆਪਣੇ ਆਪ ਜਾਂ ਹੋਰਾਂ ਲਈ ਖ਼ਤਰਾ ਹੋ ਸਕਦੇ ਹਨ ਅਤੇ ਆਪਣੀ ਦੇਖਭਾਲ ਬਾਰੇ ਫ਼ੈਸਲੇ ਕਰਨ ਦੇ ਯੋਗ ਨਹੀਂ ਹੁੰਦੇ।

ਇਸੇ ਲਈ ਅਸੀਂ ਗੰਭੀਰ ਸੰਕਟ ਵਿੱਚ ਫਸੇ ਲੋਕਾਂ ਦੀ ਮਦਦ ਕਰ ਰਹੇ ਹਾਂ ਤਾਂ ਜੋ ਉਨ੍ਹਾਂ ਨੂੰ ਸੁਰੱਖਿਅਤ ਰਹਿਣ ਲਈ ਲੋੜੀਂਦੀ ਹਮਦਰਦੀ ਭਰੀ ਅਤੇ ਸੁਰੱਖਿਅਤ ਦੇਖਭਾਲ ਮਿਲ ਸਕੇ ਅਤੇ ਨਾਲ ਹੀ ਆਪਣੇ ਭਾਈਚਾਰੀਆਂ ਨੂੰ ਵੀ ਸੁਰੱਖਿਅਤ ਰੱਖਿਆ ਜਾ ਸਕੇ।

ਮਾਨਸਿਕ ਸਿਹਤ ਐਕਟ ਦੇ ਤਹਿਤ, ਗੁੰਝਲਦਾਰ ਮਾਨਸਿਕ ਸਿਹਤ ਸਥਿਤੀਆਂ ਕਾਰਨ ਜੋ ਲੋਕ ਹੋਰਾਂ ਜਾਂ ਆਪਣੇ ਵਾਤਾਵਰਨ ਨਾਲ ਢੰਗ ਨਾਲ ਸੰਪਰਕ ਕਰਨ ਵਿੱਚ ਅਸਮਰੱਥ ਹੁੰਦੇ ਹਨ, ਉਨ੍ਹਾਂ ਨੂੰ ਆਪਣੇ ਆਪ ਅਤੇ ਹੋਰਾਂ ਦੀ ਸੁਰੱਖਿਆ ਲਈ ਦੇਖਭਾਲ ਅਤੇ ਇਲਾਜ ਵਾਸਤੇ ਬਿਨਾਂ ਸਹਿਮਤੀ ਦਾਖ਼ਲ ਕੀਤਾ ਜਾ ਸਕਦਾ ਹੈ।

ਅਸੀਂ ਜੋ ਕਦਮ ਚੁੱਕ ਰਹੇ ਹਾਂ

ਹੋਰ ਜਾਣੋ

ਬੀ.ਸੀ. ਵਿੱਚ 2,000 ਤੋਂ ਵੱਧ ਮਾਨਸਿਕ ਸਿਹਤ ਬੈਡ, ਲੋੜ ਪੈਣ ‘ਤੇ, ਗੈਰ-ਇੱਛੁਕ ਦੇਖਭਾਲ ਪ੍ਰਦਾਨ ਕਰ ਸਕਦੇ ਹਨ।

 

ਕਮਿਊਨਿਟੀ ਸੇਫ਼ਟੀ ਸਿਚੁਏਸ਼ਨ ਟੇਬਲ

ਇਸ ਸਿਲਸਿਲੇ ਨੂੰ ਤੋੜਨ ਵਿੱਚ ਮਦਦ ਕਰਨ ਲਈ, ਸਾਨੂੰ ਸ਼ੁਰੂ ਵਿੱਚ ਹੀ ਦਖ਼ਲ ਦੇਣ ਅਤੇ ਮੂਲ ਕਾਰਨਾਂ ਨਾਲ ਨਜਿੱਠਣ ਦੀ ਲੋੜ ਹੈ।

ਕਮਿਊਨਿਟੀ ਸੇਫ਼ਟੀ ਸਿਚੁਏਸ਼ਨ ਟੇਬਲ ਦੇਸ਼ ਭਰ ਵਿੱਚ ਵਰਤਿਆ ਜਾਣ ਵਾਲਾ ਇੱਕ ਪਰਖਿਆ ਹੋਇਆ ਮਾਡਲ ਹਨ। ਇਹ ਫਰੰਟ‑ਲਾਈਨ ਲੋਕ ਸੁਰੱਖਿਆ, ਸਿਹਤ ਅਤੇ ਸਮਾਜਿਕ ਸੇਵਾਵਾਂ ਦੇ ਕਰਮਚਾਰੀਆਂ ਨੂੰ ਇਕੱਠਾ ਕਰਦਾ ਹੈ, ਤਾਂ ਜੋ ਜੋਖ਼ਮ ਵਿੱਚ ਰਹਿੰਦੇ ਲੋਕਾਂ ਦੀ ਪਛਾਣ ਕੀਤੀ ਜਾ ਸਕੇ, ਦਖ਼ਲ ਦਿੱਤਾ ਜਾ ਸਕੇ ਅਤੇ ਉਨ੍ਹਾਂ ਨੂੰ ਲੋੜੀਂਦੀ ਸਹਾਇਤਾ ਨਾਲ ਜੋੜਿਆ ਜਾ ਸਕੇ।

ਅਸੀਂ ਸੂਬੇ ਭਰ ਵਿੱਚ 56 ਸਿਚੁਏਸ਼ਨ ਟੇਬਲਾਂ ਲਈ ਵਿੱਤੀ ਸਹਾਇਤਾ ਦੇ ਰਹੇ ਹਾਂ, ਜਿਸ ਵਿੱਚ 3 ਇੰਡਿਜੀਨਸ ਇੰਟਰਵੈਂਸ਼ਨ ਸਰਕਲ ਸ਼ਾਮਲ ਹਨ; ਇਨ੍ਹਾਂ ਵਿੱਚੋਂ 42 ਹੁਣ ਕਾਰਗਰ ਹਨ।

ਇਹ ਕਿਵੇਂ ਕੰਮ ਕਰਦਾ ਹੈ

  • ਹੋਰ ਨੁਕਸਾਨ, ਓਵਰਡੋਜ਼, ਘਰੋਂ ਕੱਢੇ ਜਾਣ ਜਾਂ ਜੇਲ੍ਹ ਜਾਣ ਤੋਂ ਪਹਿਲਾਂ ਖ਼ਤਰੇ ਵਿੱਚ ਰਹਿੰਦੇ ਲੋਕਾਂ ਅਤੇ ਪਰਿਵਾਰਾਂ ਨੂੰ ਪਛਾਣਦਾ ਹੈ
  • ਲੋਕਾਂ ਅਤੇ ਪਰਿਵਾਰਾਂ ਨੂੰ ਉਨ੍ਹਾਂ ਲਈ ਲੋੜੀਂਦੀਆਂ ਸੇਵਾਵਾਂ ਅਤੇ ਸਹਾਇਤਾਵਾਂ ਨਾਲ ਜੋੜਦਾ ਹੈ, ਤਾਂ ਜੋ ਮਾਨਸਿਕ ਸਿਹਤ, ਨਸ਼ੇ ਦੀ ਲਤ, ਸਦਮੇ, ਗਰੀਬੀ ਅਤੇ ਰਿਹਾਇਸ਼ਾਂ ਨਾਲ ਜੁੜੀਆਂ ਚੁਣੌਤੀਆਂ ਦਾ ਸਮਾਧਾਨ ਕੀਤਾ ਜਾ ਸਕੇ
  • ਐਮਰਜੈਂਸੀ ਅਤੇ ਪੁਲਿਸ ਦੀ ਦਖਲਅੰਦਾਜ਼ੀ ਦੀ ਲੋੜ ਘਟਾਉਂਦਾ ਹੈ

ਹੋਰ ਜਾਣੋ

2025 ਵਿੱਚ ਲਗਭਗ 1,000 ਸਿਚੁਏਸ਼ਨ ਟੇਬਲ ਚਰਚਾਵਾਂ ਹੋਈਆਂ। 72% ਵਿਅਕਤੀਆਂ ਨੂੰ ਸੇਵਾਵਾਂ ਨਾਲ ਜੋੜਿਆ ਗਿਆ, ਜਿਸ ਨਾਲ ਭਾਈਚਾਰੇ ਲਈ ਜੋਖ਼ਮ ਵਿੱਚ ਕਟੌਤੀ ਹੋਈ।

 

 


ਮਾਨਸਿਕ ਸਿਹਤ ਅਤੇ ਨਸ਼ਾ ਸੰਬੰਧੀ ਦੇਖਭਾਲ ਨੂੰ ਬਿਹਤਰ ਬਣਾਉਣ ਲਈ ਸਾਡੇ ਹੋਰ ਤਰੀਕੇ

ਨਸ਼ੇ ਦੇ ਇਲਾਜ ਲਈ ਕੋਈ ਇੱਕੋ-ਜਿਹਾ ਹੱਲ ਨਹੀਂ ਹੈ। ਇਸੇ ਲਈ ਅਸੀਂ ਹਰ ਪੱਖ ਤੋਂ ਕਾਰਵਾਈ ਕਰ ਰਹੇ ਹਾਂ ਤਾਂ ਜੋ ਲੋਕਾਂ ਨੂੰ ਉਹ ਦੇਖਭਾਲ ਅਤੇ ਇਲਾਜ ਮਿਲ ਸਕੇ ਜਿਸ ਦੀ ਉਨ੍ਹਾਂ ਨੂੰ ਲੋੜ ਹੈ।

ਜਲਦੀ ਦਖ਼ਲਅੰਦਾਜ਼ੀ

ਭਵਿੱਖ ਵਿੱਚ ਸਮੱਸਿਆਵਾਂ ਨੂੰ ਹੋਰ ਗੰਭੀਰ ਬਣਨ ਤੋਂ ਰੋਕਣ ਲਈ ਲੋਕਾਂ ਨੂੰ ਹੋਰ ਜਲਦੀ ਦੇਖਭਾਲ ਤੱਕ ਪਹੁੰਚ ਵਿੱਚ ਮਦਦ ਕਰਨਾ।

ਜਾਨਾਂ ਬਚਾਉਣ ਲਈ ਖਤਰਾ ਘਟਾਉਣਾ

ਨੁਕਸਾਨ ਘਟਾਉਣ ਅਤੇ ਓਵਰਡੋਜ਼ ਰੋਕਥਾਮ ਸੇਵਾਵਾਂ ਦਾ ਸਮਰਥਨ ਕਰਨਾ, ਤਾਂ ਜੋ ਲੋਕ ਜਿਉਂਦੇ ਰਹਿ ਸਕਣ ਅਤੇ ਉਹਨਾਂ ਨੂੰ ਲੋੜੀਂਦਾ ਇਲਾਜ ਅਤੇ ਦੇਖਭਾਲ ਮਿਲ ਸਕੇ।

ਲੋਕਾਂ ਨੂੰ ਇਲਾਜ ਅਤੇ ਦੇਖਭਾਲ ਨਾਲ ਜੋੜਨਾ

ਇਲਾਜ ਦੇ ਵਿਕਲਪਾਂ ਨੂੰ ਤੁਰੰਤ ਵਧਾਉਣਾ ਅਤੇ ਲੋਕਾਂ ਨੂੰ ਡਿਟਾਕਸ, ਇਲਾਜ ਅਤੇ ਰਿਕਵਰੀ ਸੇਵਾਵਾਂ ਰਾਹੀਂ ਸੁਚੱਜੇ ਤਰੀਕੇ ਨਾਲ ਅੱਗੇ ਵਧਾਉਣਾ।

ਸਿਹਤਯਾਬੀ ਅਤੇ ਖੁਸ਼ਹਾਲੀ ਵੱਲ ਰਾਹ ਬਣਾਉਣਾ

ਲੋਕਾਂ ਨੂੰ ਆਪਣੀਆਂ ਜ਼ਿੰਦਗੀਆਂ ਮੁੜ ਬਣਾਉਣ ਅਤੇ ਮੁੜ ਨਸ਼ੇ ਵੱਲ ਵਾਪਸੀ ਤੋਂ ਬਚਾਉਣ ਲਈ ਭਾਈਚਾਰੇ ਵਿੱਚ ਲਗਾਤਾਰ ਸਹਾਇਤਾ ਪ੍ਰਦਾਨ ਕਰਨੀ।

ਆਪਣੇ ਭਾਈਚਾਰੇ ਵਿੱਚ ਲੋਕਾਂ ਨੂੰ ਸਹਿਯੋਗ ਦੇਣਾ

ਸਦਮਾ, ਗਰੀਬੀ ਅਤੇ ਬੇਘਰੀ ਵਰਗੇ ਮੂਲ ਕਾਰਨਾਂ ਨਾਲ ਨਜਿੱਠਣਾ।

 


ਲੋਕਾਂ ਨੂੰ ਹਿੰਸਾ, ਨਫ਼ਰਤ, ਦੁਰਵਿਵਹਾਰ ਅਤੇ ਤੰਗ-ਪਰੇਸ਼ਾਨੀ ਤੋਂ ਸੁਰੱਖਿਅਤ ਰੱਖਣਾ

ਅਸੀਂ ਲੋਕਾਂ ਨੂੰ ਔਨਲਾਈਨ ਅਤੇ ਆਪਣੇ ਭਾਈਚਾਰਿਆਂ ਵਿੱਚ ਵੀ ਸੁਰੱਖਿਅਤ ਰੱਖਣ ਲਈ ਹਿੰਸਾ, ਨਫ਼ਰਤ, ਸ਼ੋਸ਼ਣ, ਨਸਲਵਾਦ ਅਤੇ ਭੇਦਭਾਵ ਦੇ ਖ਼ਿਲਾਫ਼ ਡਟ ਕੇ ਖੜ੍ਹੇ ਹਾਂ।

475 ਪੀੜਤ ਸੇਵਾ ਪ੍ਰੋਗਰਾਮਾਂ ਨੂੰ ਸਹਿਯੋਗ ਦੇਣਾ, ਜਿਸ ਵਿੱਚ 70 ਯੌਨ ਹਮਲਾ ਪ੍ਰੋਗਰਾਮ ਅਤੇ ਪੀੜਤਾਂ ਲਈ 5 ਯੌਨ ਹਮਲਾ ਕੇਂਦਰ ਸ਼ਾਮਲ ਹਨ।

‘ਇੰਟੀਮੇਟ ਇਮੇਜਿਜ਼ ਪ੍ਰੋਟੈਕਸ਼ਨ ਐਕਟ’ ਦੇ ਲਾਗੂ ਹੋਣ ਦੇ ਪਹਿਲੇ ਸਾਲ ਵਿੱਚ ਲਗਭਗ 500 ਮਾਮਲੇ ਦਰਜ ਕੀਤੇ ਗਏ।

ਰੇਸਿਸਟ ਇਨਸਿਡੈਂਟ ਹੈਲਪਲਾਈਨ ਦੇ ਪਹਿਲੇ ਸਾਲ ਵਿੱਚ 800 ਤੋਂ ਵੱਧ ਕਾਲਾਂ ਆਈਆਂ ਅਤੇ 94% ਕਾਲ ਕਰਨ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਗਈਆਂ।

 

ਬੱਚਿਆਂ ਅਤੇ ਨੌਜਵਾਨਾਂ ਨੂੰ ਔਨਲਾਈਨ ਸੁਰੱਖਿਅਤ ਰੱਖਣ ਵਿੱਚ ਮਦਦ ਕਰਨਾ

ਇੰਟਰਨੈਟ ਰੋਜ਼ਾਨਾ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਹ ਲੋਕਾਂ ਨੂੰ ਆਪਸ ਵਿੱਚ ਜੁੜਨ ਅਤੇ ਸਿੱਖਣ ਵਿੱਚ ਮਦਦ ਕਰ ਸਕਦਾ ਹੈ, ਪਰ ਇਸ ਨਾਲ ਧੱਕੇਸ਼ਾਹੀ, ਤੰਗ-ਪਰੇਸ਼ਾਨੀ ਅਤੇ ਸ਼ੋਸ਼ਣ ਵਰਗੇ ਖਤਰੇ ਵੀ ਹੁੰਦੇ ਹਨ, ਖ਼ਾਸ ਕਰਕੇ ਬੱਚਿਆਂ ਅਤੇ ਨੌਜਵਾਨਾਂ ਲਈ।

ਅਸੀਂ ਡਿਜੀਟਲ ਥਾਵਾਂ ਨੂੰ ਹੋਰ ਸੁਰੱਖਿਅਤ ਬਣਾਉਣ ਅਤੇ ਨੌਜਵਾਨਾਂ ਲਈ ਸੁਰੱਖਿਆ ਉਪਾਅ ਮਜ਼ਬੂਤ ਕਰਨ ‘ਤੇ ਕੰਮ ਕਰ ਰਹੇ ਹਾਂ।

ਸਾਡੇ ਵੱਲੋਂ ਚੁੱਕੇ ਜਾ ਰਹੇ ਕਦਮ

ਹੋਰ ਜਾਣੋ

ਬੱਚਿਆਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੇ ਹਿੱਸੇ ਵਜੋਂ ਸਕੂਲਾਂ ਵਿੱਚ ਮੋਬਾਈਲ ਫੋਨ ਪਾਬੰਦੀਆਂ ਲਾਗੂ ਹੋ ਗਈਆਂ (27 ਅਗਸਤ, 2024)

 

ਸੁਰੱਖਿਅਤ ਅਤੇ ਸਭ ਦਾ ਸਵਾਗਤ ਕਰਨ ਵਾਲੇ ਸਕੂਲਾਂ ਨੂੰ ਉਤਸ਼ਾਹਿਤ ਕਰਨਾ

ਹਰ ਬੱਚੇ ਨੂੰ ਆਪਣੇ ਸਕੂਲ ਵਿੱਚ ਸੁਰੱਖਿਅਤ ਅਤੇ ਸਵਾਗਤੀ ਮਹਿਸੂਸ ਕਰਨ ਲਈ ਸਹਿਯੋਗ ਦੇਣਾ ਵਿਦਿਆਰਥੀਆਂ ਨੂੰ ਆਪਣੇ ਸਿੱਖਣ ਵਾਲੇ ਮਾਹੌਲ ਵਿੱਚ ਕਾਮਯਾਬ ਹੋਣ ਦੇ ਮੌਕੇ ਪੈਦਾ ਕਰਨ ਲਈ ਬਹੁਤ ਜ਼ਰੂਰੀ ਹੈ।

ਇਸੇ ਲਈ ਅਸੀਂ ਵਿਦਿਆਰਥੀਆਂ, ਬਾਲਗਾਂ ਅਤੇ ਸਕੂਲ ਸਟਾਫ਼ ਲਈ ਸਰੋਤ ਮੁਹੱਈਆ ਕਰ ਰਹੇ ਹਾਂ, ਤਾਂ ਜੋ ਸਮਾਵੇਸ਼ ਅਤੇ ਭੇਦਭਾਵ ਵਰਗੇ ਕਈ ਗੁੰਝਲਦਾਰ ਮੁੱਦਿਆਂ ਨਾਲ ਨਜਿੱਠਿਆ ਜਾ ਸਕੇ।

ਸਾਡੇ ਵੱਲੋਂ ਚੁੱਕੇ ਜਾ ਰਹੇ ਕਦਮ

  • erase = expect respect and a safe education ਵਿਦਿਆਰਥੀਆਂ, ਬਾਲਗਾਂ ਅਤੇ ਸਕੂਲ ਸਟਾਫ਼ ਨੂੰ ਸੁਰੱਖਿਅਤ ਅਤੇ ਦੇਖਭਾਲ ਭਰੇ ਸਕੂਲੀ ਭਾਈਚਾਰੇ ਬਣਾਉਣ ਵਿੱਚ ਮਦਦ ਲਈ ਸਰੋਤ ਪ੍ਰਦਾਨ ਕਰਦਾ ਹੈ।
  • ਰਿਪੋਰਟ ਕਰੋ: ਜੇ ਵਿਦਿਆਰਥੀ ਕੋਈ ਚਿੰਤਾਜਨਕ ਗੱਲ ਵੇਖਣ ਜਾਂ ਸੁਣਨ, ਤਾਂ ਉਹ ਗੁਪਤ ਟਿੱਪ ਭੇਜ ਕੇ ਸਹਾਇਤਾ ਲੈ ਸਕਦੇ ਹਨ।
  • ਸੇਫ਼ ਐਕਸੈਸ ਜ਼ੋਨ: ਸਕੂਲ ਵਿੱਚ ਅਤੇ ਉਸਦੇ ਚਾਰੋਂ ਪਾਸੇ 20 ਮੀਟਰ ਦੇ ਖੇਤਰ ਵਿੱਚ ਪਹੁੰਚ ਰੋਕਣ ਜਾਂ ਗਤੀਵਿਧੀਆਂ ਵਿੱਚ ਰੁਕਾਵਟ ਪੈਦਾ ਕਰਨ ਜਾਂ ਧਮਕੀ ਦੇਣ ਵਰਗੀਆਂ ਨੁਕਸਾਨਦਾਇਕ ਹਰਕਤਾਂ ‘ਤੇ ਪਾਬੰਦੀ।
  • ਇੰਟੀਗ੍ਰੇਟਿਡ ਚਾਈਲਡ ਅਤੇ ਯੂਥ ਟੀਮਾਂ (ਏਕੀਕ੍ਰਿਤ ਬਾਲ ਅਤੇ ਯੁਵਾ ਟੀਮਾਂ): ਸਕੂਲ ਡਿਸਟ੍ਰਿਕਟ ਦੇ ਖੇਤਰ ਅੰਦਰ ਬੱਚਿਆਂ ਅਤੇ ਨੌਜਵਾਨਾਂ ਨੂੰ ਕਾਊਂਸਲਰਾਂ ਅਤੇ ਹੋਰ ਮਾਨਸਿਕ ਸਿਹਤ ਪੇਸ਼ੇਵਰਾਂ ਤੱਕ ਪਹੁੰਚ ਮੁਹੱਈਆ ਕਰਵਾਉਣਾ।
 

ਨਿੱਜੀ ਤਸਵੀਰਾਂ ਨੂੰ ਬਿਨਾਂ ਸਹਿਮਤੀ ਸਾਂਝਾ ਕਰਨ ਤੋਂ ਲੋਕਾਂ ਦੀ ਸੁਰੱਖਿਆ ਕਰਨਾ

ਕਿਸੇ ਹੋਰ ਵਿਅਕਤੀ ਦੀਆਂ ਨਿੱਜੀ ਤਸਵੀਰਾਂ ਬਿਨਾਂ ਸਹਿਮਤੀ ਸਾਂਝੀਆਂ ਕਰਨਾ ਜਾਂ ਸਾਂਝੀਆਂ ਕਰਨ ਦੀ ਧਮਕੀ ਦੇਣਾ ਗੈਰ‑ਕਾਨੂੰਨੀ ਹੈ ਅਤੇ ਗੰਭੀਰ ਨੁਕਸਾਨ ਪੈਦਾ ਕਰ ਸਕਦਾ ਹੈ। ਇਸ ਵਿੱਚ ਅਸਲੀ, ਡਿਜੀਟਲ ਤਰੀਕੇ ਨਾਲ ਬਦਲੀਆਂ ਹੋਈਆਂ ਅਤੇ AI ਦੁਆਰਾ ਬਣਾਈਆਂ ਗਈਆਂ ਡੀਪਫੇਕ ਤਸਵੀਰਾਂ ਵੀ ਸ਼ਾਮਲ ਹਨ।

ਇਸੇ ਲਈ ਅਸੀਂ ਨਵੇਂ ਕਾਨੂੰਨ ਅਤੇ ਮੁਆਵਜ਼ੇ ਲਾਗੂ ਕੀਤੇ ਹਨ, ਤਾਂ ਜੋ ਲੋਕਾਂ ਨੂੰ ਆਪਣੀ ਸੁਰੱਖਿਆ ਕਰਨ ਅਤੇ ਨਿਆਂ ਹਾਸਲ ਕਰਨ ਲਈ ਹੋਰ ਮਜ਼ਬੂਤ ਅਤੇ ਸੌਖੇ ਤਰੀਕੇ ਮਿਲ ਸਕਣ।

ਸਾਡੇ ਵੱਲੋਂ ਚੁੱਕੇ ਜਾ ਰਹੇ ਕਦਮ

ਹੋਰ ਜਾਣੋ

ਜਨਵਰੀ 2024 ਵਿੱਚ ਨਵੇਂ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਸਿਵਲ ਰੈਜ਼ੋਲਿਊਸ਼ਨ ਟ੍ਰਾਈਬਿਊਨਲ ਨੇ ਲਗਭਗ 400 ਨਿੱਜੀ ਤਸਵੀਰਾਂ ਸਬੰਧੀ ਅਰਜ਼ੀਆਂ ਦਾ ਨਿਪਟਾਰਾ ਕੀਤਾ।

 

ਲਿੰਗ‑ਅਧਾਰਿਤ ਹਿੰਸਾ ਨਾਲ ਲੜਨ ਲਈ ਕਾਰਵਾਈ ਕਰਨਾ

ਲਿੰਗ-ਅਧਾਰਿਤ ਹਿੰਸਾ ਘਰ ਵਿੱਚ, ਕੰਮ ਦੀ ਥਾਂ ‘ਤੇ ਅਤੇ ਭਾਈਚਾਰੇ ਵਿੱਚ ਵਾਪਰਦੀ ਹੈ।

ਇਹ ਕਈ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ, ਖ਼ਾਸ ਕਰਕੇ ਮੂਲ ਨਿਵਾਸੀ ਔਰਤਾਂ ਅਤੇ ਕੁੜੀਆਂ, ਨਸਲੀ ਪਿਛੋਕੜ ਵਾਲੇ ਲੋਕ, ਨਵੇਂ ਆਏ ਲੋਕ, ਅਪੰਗਤਾਵਾਂ ਵਾਲੇ ਲੋਕ, 2SLGBTQIA+, ਅਤੇ ਉਹ ਲੋਕ ਜੋ ਗਰੀਬੀ ਵਿੱਚ ਜਾਂ ਪੇਂਡੂ ਅਤੇ ਦੂਰ‑ਦਰਾਡੇ ਖੇਤਰਾਂ ਵਿੱਚ ਰਹਿੰਦੇ ਹਨ।

ਅਸੀਂ ਹਿੰਸਾ ਨੂੰ ਰੋਕਣ ਅਤੇ ਪੀੜਤਾਂ ਨੂੰ ਹੋਰ ਬਿਹਤਰ ਸਹਾਇਤਾ ਮੁਹੱਈਆ ਕਰਨ ਲਈ ਤੁਰੰਤ ਤੌਰ ‘ਤੇ ਕੰਮ ਕਰ ਰਹੇ ਹਾਂ।

ਸਾਡੇ ਵੱਲੋਂ ਚੁੱਕੇ ਜਾ ਰਹੇ ਕਦਮ

ਸਹਾਇਤਾ ਪ੍ਰਾਪਤ ਕਰਨ ਲਈ

ਹੋਰ ਜਾਣੋ

2017 ਤੋਂ ਲੈ ਕੇ ਅਸੀਂ ‘ਵੁਮੇਨਜ਼ ਟ੍ਰਾਂਜ਼ਿਸ਼ਨ ਹਾਊਸਿੰਗ ਫੰਡ’ ਦੇ ਸੁਰੱਖਿਅਤ ਥਾਵਾਂ ਦੀ ਗਿਣਤੀ ਦੋ ਗੁਣਾ ਕਰਕੇ 3,000 ਕਰ ਦਿੱਤੀ ਹੈ, ਜਿਨ੍ਹਾਂ ਵਿੱਚੋਂ ਲਗਭਗ 1,000 ਨਵੀਆਂ ਥਾਵਾਂ ਬਣ ਚੁੱਕੀਆਂ ਹਨ ਜਾਂ ਬਣ ਰਹੀਆਂ ਹਨ।

 

ਨਸਲਵਾਦ ਅਤੇ ਨਫ਼ਰਤ ਦਾ ਵਿਰੋਧ ਕਰਨਾ

ਬੀ.ਸੀ. ਵੱਖ‑ਵੱਖ ਪਿਛੋਕੜਾਂ ਵਾਲੇ ਲੋਕਾਂ ਦਾ ਘਰ ਹੈ। ਪਰ ਪ੍ਰਣਾਲੀਗਤ ਨਸਲਵਾਦ ਨੇ ਮੂਲ ਨਿਵਾਸੀ ਅਤੇ ਨਸਲੀ ਪਿਛੋਕੜ ਵਾਲੇ ਲੋਕਾਂ ਲਈ ਸਿੱਖਿਆ, ਰੁਜ਼ਗਾਰ, ਰਿਹਾਇਸ਼ਾਂ, ਸਿਹਤ ਸੰਭਾਲ ਅਤੇ ਨਿਆਂ ਵਰਗੇ ਖੇਤਰਾਂ ਵਿੱਚ ਰੁਕਾਵਟਾਂ ਪੈਦਾ ਕੀਤੀਆਂ ਹਨ।

ਅਸੀਂ ਨਸਲਵਾਦ ਅਤੇ ਨਫ਼ਰਤ ਨਾਲ ਲੜਨ ਅਤੇ ਬੀ.ਸੀ. ਨੂੰ ਆਪਣਾ ਘਰ ਕਹਿਣ ਵਾਲੇ ਹਰ ਵਿਅਕਤੀ ਲਈ ਹੋਰ ਸੁਰੱਖਿਅਤ ਭਾਈਚਾਰੇ ਬਣਾਉਣ ਲਈ ਮਿਹਨਤ ਕਰ ਰਹੇ ਹਾਂ।

ਸਾਡੇ ਵੱਲੋਂ ਚੁੱਕੇ ਜਾ ਰਹੇ ਕਦਮ

ਹੋਰ ਜਾਣੋ

13,000 ਤੋਂ ਵੱਧ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੇ ਐਂਟੀ‑ਰੈਸਿਜ਼ਮ ਡਾਟਾ ਐਕਟ ਲਈ ਆਪਣਾ ਸੁਝਾਅ ਦਿੱਤਾ, ਜਿਨ੍ਹਾਂ ਵਿੱਚੋਂ 90% ਦਾ ਮੰਨਣਾ ਹੈ ਕਿ ਇਹ ਡਾਟਾ ਇਕੱਠਾ ਕਰਨਾ ਬੀ.ਸੀ. ਵਿੱਚ ਸਕਾਰਾਤਮਕ ਬਦਲਾਅ ਲਿਆ ਸਕਦਾ ਹੈ।

 


ਸੰਬੰਧਤ ਤਰਜੀਹਾਂ

ਤਾਜ਼ਾ ਜਾਣਕਾਰੀ ਪ੍ਰਾਪਤ ਕਰੋ

ਲੋਕਾਂ ਅਤੇ ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣ ਲਈ ਅਸੀਂ ਜੋ ਕੰਮ ਕਰ ਰਹੇ ਹਾਂ ਅਤੇ ਇਹ ਕੰਮ ਬ੍ਰਿਟਿਸ਼ ਕੋਲੰਬੀਆ ਵਾਸੀਆਂ ਲਈ ਕਿਵੇਂ ਫ਼ਰਕ ਪਾ ਰਿਹਾ ਹੈ, ਉਸ ਬਾਰੇ ਤਾਜ਼ਾ ਜਾਣਕਾਰੀ ਲਓ।