English | 繁體中文 | 简体中文 | Français | ਪੰਜਾਬੀ
ਸੰਖੇਪ ਜਾਣਕਾਰੀ
ਬੀ.ਸੀ. ਇੱਕ ਖਾਸ ਜਗ੍ਹਾ ਹੈ। ਸਾਡੇ ਮੇਹਨਤੀ ਡਾਕਟਰ, ਨਰਸਾਂ ਅਤੇ ਦੇਖਭਾਲ ਟੀਮਾਂ ਗੁਣਵੱਤਾ ਵਾਲੀ ਸੰਭਾਲ ਪ੍ਰਦਾਨ ਕਰਨ ਵਿੱਚ ਮਾਣ ਮਹਿਸੂਸ ਕਰਦੀਆਂ ਹਨ। ਪਰ ਬਹੁਤ ਸਾਰੀਆਂ ਥਾਵਾਂ ਵਾਂਗ, ਅਸੀਂ ਕਾਮਿਆਂ ਦੀ ਘਾਟ ਅਤੇ ਸੰਭਾਲ ਦੀ ਵਧਦੀ ਮੰਗ ਦੇ ਤਣਾਅ ਨੂੰ ਮਹਿਸੂਸ ਕਰ ਰਹੇ ਹਾਂ। ਭਾਈਚਾਰੇ ਵੱਧ ਰਹੇ ਹਨ। ਲੋਕਾਂ ਦੀ ਉਮਰ ਵੱਧ ਰਹੀ ਹੈ। ਅਤੇ ਬਹੁਤ ਸਾਰੇ ਸਿਹਤ ਸੰਭਾਲ ਪੇਸ਼ੇਵਰ ਰਿਟਾਇਰ ਹੋ ਰਹੇ ਹਨ।
ਅਸੀਂ ਵਧੇਰੇ ਸਿਹਤ ਕਰਮਚਾਰੀਆਂ ਨੂੰ ਨੌਕਰੀ 'ਤੇ ਰੱਖ ਕੇ, ਵਧੇਰੇ ਲੋਕਾਂ ਨੂੰ ਪਰਿਵਾਰਕ ਡਾਕਟਰਾਂ ਨਾਲ ਜੋੜ ਕੇ, ਦਵਾਈਆਂ ਦੇ ਖ਼ਰਚਿਆਂ ਨੂੰ ਘਟਾ ਕੇ ਅਤੇ ਉਡੀਕ ਦੇ ਸਮੇਂ ਵਿੱਚ ਸੁਧਾਰ ਕਰਕੇ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ਲਈ ਸਖਤ ਮਿਹਨਤ ਕਰ ਰਹੇ ਹਾਂ।
ਇਸ ਵਿੱਚ ਸਮਾਂ ਲੱਗੇਗਾ, ਪਰ ਇਸ ਨਾਲ ਫਰਕ ਪੈ ਰਿਹਾ ਹੈ। ਅਸੀਂ ਵਧੇਰੇ ਡਾਕਟਰਾਂ ਨੂੰ ਸ਼ਾਮਲ ਕਰ ਰਹੇ ਹਾਂ, ਹੋਰ ਕਮਿਊਨਿਟੀ ਕਲੀਨਿਕ ਖੋਲ੍ਹ ਰਹੇ ਹਾਂ, ਅਤੇ ਪਹਿਲਾਂ ਨਾਲੋਂ ਵਧੇਰੇ ਹਸਪਤਾਲ ਬਣਾ ਰਹੇ ਹਾਂ। ਅਤੇ ਅਸੀਂ ਬਿਹਤਰ, ਵਧੇਰੇ ਤੇਜ਼ ਸੰਭਾਲ ਮੁਹੱਈਆ ਕਰਨ ਲਈ ਕੰਮ ਕਰਨਾ ਜਾਰੀ ਰੱਖਾਂਗੇ ਚਾਹੇ ਤੁਸੀਂ ਕਿਤੇ ਵੀ ਰਹਿੰਦੇ ਹੋ।
*ਕੁਝ ਸਮੱਗਰੀ ਸਿਰਫ਼ ਅੰਗ੍ਰੇਜ਼ੀ ਵਿੱਚ ਹੀ ਉਪਲਬਧ ਹੈ।

ਸਿਹਤ ਸੰਭਾਲ ਤੱਕ ਪਹੁੰਚ ਵਿੱਚ ਸੁਧਾਰ ਕਰਨਾ
ਅਸੀਂ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ ਕਿ ਹਰ ਕਿਸੇ ਨੂੰ ਪਰਿਵਾਰਕ ਡਾਕਟਰ (ਫੈਮਿਲੀ ਡਾਕਟਰ) ਜਾਂ ਨਰਸ ਪ੍ਰੈਕਟੀਸ਼ਨਰ ਤੱਕ ਪਹੁੰਚ ਹੋਵੇ ਅਤੇ ਉਹਨਾਂ ਨੂੰ ਜਦੋਂ ਅਤੇ ਜਿੱਥੇ ਲੋੜ ਹੋਵੇ, ਸਿਹਤ ਸੇਵਾਵਾਂ ਮਿਲ ਸਕਣ।

ਬੀ.ਸੀ. ਨੇ ਸਾਲ 2017 ਤੋਂ ਪਰਿਵਾਰਕ ਡਾਕਟਰਾਂ ਦੀ ਗਿਣਤੀ ਵਿੱਚ 1,000 ਤੋਂ ਵੱਧ ਦਾ ਵਾਧਾ ਕੀਤਾ ਹੈ, ਅਤੇ ਪ੍ਰਾਇਮਰੀ ਕੇਅਰ ਨਰਸ ਪ੍ਰੈਕਟੀਸ਼ਨਰਾਂ ਦੀ ਗਿਣਤੀ ਨੂੰ ਤਿੰਨ ਗੁਣਾ ਵਧਾ ਦਿੱਤਾ ਹੈ

ਹੈਲਥ ਕਨੈਕਟ ਰਜਿਸਟਰੀ ਰਾਹੀਂ ਹਰ ਰੋਜ਼ ਸੈਂਕੜੇ ਲੋਕਾਂ ਨੂੰ ਪਰਿਵਾਰਕ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਨਾਲ ਜੋੜਿਆ ਜਾਂਦਾ ਹੈ

ਸੇਵਾ ਸ਼ੁਰੂ ਹੋਣ ਤੋਂ ਬਾਅਦ ਦੇ ਪਹਿਲੇ 18 ਮਹੀਨਿਆਂ ਵਿੱਚ, 477,000 ਤੋਂ ਵੱਧ ਲੋਕਾਂ ਨੇ ਮਾਮੂਲੀ ਬਿਮਾਰੀਆਂ ਜਾਂ ਮੁਫ਼ਤ ਗਰਭ ਨਿਰੋਧ ਲਈ ਫਾਰਮੇਸਿਸਟ ਦੀ ਸਹਾਇਤਾ ਲਈ
ਵਧੇਰੇ ਲੋਕਾਂ ਨੂੰ ਪਰਿਵਾਰਕ ਡਾਕਟਰਾਂ ਜਾਂ ਨਰਸ ਪ੍ਰੈਕਟੀਸ਼ਨਰਾਂ ਨਾਲ ਜੋੜਨਾ
ਪਰਿਵਾਰਕ ਡਾਕਟਰ ਅਤੇ ਨਰਸ ਪ੍ਰੈਕਟੀਸ਼ਨਰ ਸਿਹਤ ਸੰਭਾਲ ਲਈ ਤੁਹਾਡਾ ਮੁੱਢਲਾ ਸੰਪਰਕ ਹਨ। ਅਸੀਂ ਸੈਂਕੜੇ ਨਵੇਂ ਪ੍ਰਦਾਨਕਾਂ ਨੂੰ ਨੌਕਰੀ 'ਤੇ ਰੱਖ ਕੇ, ਸਿਖਲਾਈ ਦੇ ਕੇ ਅਤੇ ਇਨ੍ਹਾਂ ਨੂੰ ਲੱਭਣਾ ਅਸਾਨ ਬਣਾ ਕੇ ਹੋਰ ਲੋਕਾਂ ਨੂੰ ਸਿਹਤ ਸੰਭਾਲ ਪ੍ਰਦਾਨਕਾਂ ਨਾਲ ਜੁੜਨ ਵਿੱਚ ਮਦਦ ਕਰ ਰਹੇ ਹਾਂ।
ਜੇ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਕਿਸੇ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਦੀ ਲੋੜ ਹੈ, ਤਾਂ ‘ਹੈਲਥ ਕਨੈਕਟ ਰਜਿਸਟਰੀ’ 'ਤੇ ਸਾਈਨ ਅੱਪ ਕਰੋ।
ਪਰਿਵਾਰਕ ਡਾਕਟਰ ਅਤੇ ਨਰਸ ਪ੍ਰੈਕਟੀਸ਼ਨਰ ਕੀ ਕਰਦੇ ਹਨ
- ਲੰਮੇ ਸਮੇਂ ਤੱਕ ਸਥਿਰ ਸਿਹਤ ਸੰਭਾਲ ਮੁਹੱਈਆ ਕਰਨਾ ਤਾਂ ਜੋ ਤੁਸੀਂ ਜੀਵਨ ਭਰ ਸਿਹਤਮੰਦ ਰਹਿ ਸਕੋ।
- ਬਿਮਾਰੀਆਂ ਅਤੇ ਸੱਟਾਂ ਦਾ ਇਲਾਜ ਕਰਨਾ, ਸਿਹਤਮੰਦ ਜੀਵਨ ਲਈ ਸਹਾਇਤਾ ਕਰਨਾ, ਲੰਮਾਂ ਸਮਾਂ ਚੱਲਣ ਵਾਲੀਆਂ ਬਿਮਾਰੀਆਂ ਦੀ ਸੰਭਾਲ ਕਰਨਾ ਅਤੇ ਜ਼ਰੂਰਤ ਪੈਣ ‘ਤੇ ਮਾਹਰਾਂ ਕੋਲ ਭੇਜਣਾ।
- ਕਈ ਪਰਿਵਾਰਕ ਡਾਕਟਰ ਅਤੇ ਨਰਸ ਪ੍ਰੈਕਟੀਸ਼ਨਰ ਪ੍ਰਾਇਮਰੀ ਕੇਅਰ ਨੈਟਵਰਕ ਦਾ ਹਿੱਸਾ ਹੁੰਦੇ ਹਨ – ਜਿਸ ਵਿੱਚ ਤੁਹਾਡੇ ਭਾਈਚਾਰੇ ਵਿੱਚ ਸਿਹਤ, ਮਾਨਸਿਕ ਸਿਹਤ ਅਤੇ ਸਮਾਜਿਕ ਸੇਵਾਵਾਂ ਦੇ ਪੇਸ਼ੇਵਰਾਂ ਦੀ ਟੀਮ ਸ਼ਾਮਲ ਹੈ – ਤਾਂ ਜੋ ਤੁਹਾਨੂੰ ਤੁਹਾਡੀਆਂ ਜ਼ਰੂਰਤਾਂ ਮੁਤਾਬਕ ਤਾਲਮੇਲ ਵਾਲੀ ਸੰਭਾਲ ਮਿਲ ਸਕੇ।
ਰਜਿਸਟਰ ਕਿਵੇਂ ਕਰਨਾ ਹੈ
- ਹੈਲਥ ਕਨੈਕਟ ਰਜਿਸਟਰੀ 'ਤੇ ਕਿਸੇ ਪਰਿਵਾਰਕ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਲਈ ਸਾਈਨ ਅੱਪ ਕਰੋ:
- ਆਪਣਾ ਪਰਸਨਲ ਹੈਲਥ ਨੰਬਰ (Personal Health Number, PHN), ਪਤਾ, ਈਮੇਲ ਅਤੇ ਫ਼ੋਨ ਨੰਬਰ ਸਾਂਝਾ ਕਰੋ
- ਜੇ ਤੁਹਾਨੂੰ ਕੋਈ ਸਿਹਤ ਅਵਸਥਾਵਾਂ ਹਨ, ਤਾਂ ਸਾਨੂੰ ਦੱਸੋ ਤਾਂ ਜੋ ਅਸੀਂ ਉਸ ਅਨੁਸਾਰ ਤੁਹਾਨੂੰ ਸੰਭਾਲ ਨਾਲ ਜੋੜ ਸਕੀਏ
ਇੱਕ ਵਾਰ ਜਦੋਂ ਤੁਸੀਂ ਰਜਿਸਟਰ ਹੋ ਜਾਂਦੇ ਹੋ
- ਜਦੋਂ ਕੋਈ ਪਰਿਵਾਰਕ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਉਪਲਬਧ ਹੋਵੇਗਾ, ਤੁਹਾਨੂੰ ਸੂਚਿਤ ਕੀਤਾ ਜਾਵੇਗਾ ਤਾਂ ਜੋ ਤੁਸੀਂ ਨਵੇਂ ਮਰੀਜ਼ ਦੀ ਦਾਖਲਾ ਪ੍ਰਕਿਰਿਆ ਸ਼ੁਰੂ ਕਰ ਸਕੋ।
- ਜਦੋਂ ਤੁਸੀਂ ਉਡੀਕ ਸੂਚੀ (waitlist) ਵਿੱਚ ਸ਼ਾਮਲ ਹੋ, ਤਾਂ ਹਰ 90 ਦਿਨਾਂ ਬਾਅਦ ਤੁਹਾਨੂੰ ਇਹ ਪੁਸ਼ਟੀ ਕਰਨ ਲਈ ਤਾਜ਼ਾ ਜਾਣਕਾਰੀ ਮਿਲੇਗੀ ਕਿ ਕੀ ਤੁਹਾਨੂੰ ਅਜੇ ਵੀ ਕਿਸੇ ਪ੍ਰਦਾਨਕ ਦੀ ਲੋੜ ਹੈ। ਜੇ ਕੋਈ ਤਬਦੀਲੀ ਆਵੇ, ਤਾਂ ਆਪਣੀ ਸਿਹਤ ਸਥਿਤੀ ਅੱਪਡੇਟ ਕਰੋ ਅਤੇ ਆਪਣੇ ਖੇਤਰ ਵਿੱਚ ਉਪਲਬਧ ਸਿਹਤ ਸੇਵਾਵਾਂ ਬਾਰੇ ਜਾਣੋ।
- ਜੇ ਤੁਹਾਡੀ ਨਿੱਜੀ ਜਾਂ ਸਿਹਤ ਸਬੰਧੀ ਜਾਣਕਾਰੀ ਬਦਲਦੀ ਹੈ, ਤਾਂ ਤੁਸੀਂ 8-1-1 'ਤੇ ਕਾਲ ਕਰਕੇ ਆਪਣੀ ਰਜਿਸਟ੍ਰੇਸ਼ਨ ਨੂੰ ਅੱਪਡੇਟ ਕਰ ਸਕਦੇ ਹੋ।
‘ਹੈਲਥ ਕਨੈਕਟ ਰਜਿਸਟਰੀ’ ਰਾਹੀਂ ਹਰ ਰੋਜ਼ ਸੈਂਕੜੇ ਲੋਕਾਂ ਨੂੰ ਪਰਿਵਾਰਕ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਨਾਲ ਜੋੜਿਆ ਜਾ ਰਿਹਾ ਹੈ। ਸਾਲ 2024 'ਚ 2,50,000 ਲੋਕਾਂ ਨੂੰ ਜੋੜਿਆ ਗਿਆ, ਜੋ ਇੱਕ ਰਿਕਾਰਡ ਹੈ।
ਭਾਈਚਾਰਿਆਂ ਵਿੱਚ ਮੁੱਢਲੀ ਸਿਹਤ ਸੰਭਾਲ ਤੱਕ ਪਹੁੰਚ ਦਾ ਵਿਸਤਾਰ ਕਰਨਾ
ਬੀ.ਸੀ. ਹੋਰ ਭਾਈਚਾਰਿਆਂ ਵਿੱਚ ਸਿਹਤ ਸੰਭਾਲ ਸੈਂਟਰ ਖੋਲ੍ਹ ਕੇ ਅਤੇ ਸਿਹਤ ਪੇਸ਼ੇਵਰਾਂ ਦੀ ਟੀਮ ਵੱਲੋਂ ਵਧੇਰੇ ਤੇਜ਼ ਅਤੇ ਬਿਹਤਰ ਸੰਭਾਲ ਮੁਹੱਈਆ ਕਰਵਾ ਕੇ ਮੁੱਢਲੀ ਸਿਹਤ ਸੰਭਾਲ (ਪ੍ਰਾਇਮਰੀ ਕੇਅਰ) ਤੱਕ ਪਹੁੰਚ ਵਧਾ ਰਿਹਾ ਹੈ।
ਟੀਮ-ਅਧਾਰਿਤ ਦੇਖਭਾਲ, ਬੀ.ਸੀ. ਦੀ ਪ੍ਰਾਇਮਰੀ ਕੇਅਰ ਕਾਰਜਨੀਤੀ (Primary Care Strategy) ਦਾ ਮੁੱਖ ਹਿੱਸਾ ਹੈ।
- ਮਰੀਜ਼ਾਂ ਲਈ, ਟੀਮ-ਅਧਾਰਿਤ ਦੇਖਭਾਲ ਦਾ ਮਤਲਬ ਹੈ ਕਿ ਡਾਕਟਰ, ਨਰਸਾਂ ਅਤੇ ਹੋਰ ਸਿਹਤ ਸੰਭਾਲ ਪੇਸ਼ੇਵਰ ਇਕੱਠੇ ਮਿਲ ਕੇ ਤੁਹਾਡੀਆਂ ਲੋੜਾਂ ਅਨੁਸਾਰ ਇੱਕ ਤਾਲਮੇਲ ਵਾਲੀ ਸੰਭਾਲ ਯੋਜਨਾ ਬਣਾਉਣਗੇ।
- ਸਿਹਤ-ਸੰਭਾਲ ਪ੍ਰਦਾਨਕਾਂ ਲਈ, ਇਸਦਾ ਮਤਲਬ ਹੈ ਕਿ ਉਹ ਮਰੀਜ਼ਾਂ ਦੀ ਸਹਾਇਤਾ ਕਰਨ ਲਈ ਹੋਰ ਮਾਹਰਾਂ ਦੀ ਮੁਹਾਰਤ 'ਤੇ ਭਰੋਸਾ ਕਰ ਸਕਦੇ ਹਨ, ਇਸ ਲਈ ਉਨ੍ਹਾਂ ਨੂੰ ਇਕੱਲੇ ਸਾਰੀ ਦੇਖਭਾਲ ਨਹੀਂ ਕਰਨੀ ਪੈਂਦੀ।
- ਇਹ ਦੇਖਿਆ ਗਿਆ ਹੈ ਕਿ ਟੀਮ-ਅਧਾਰਿਤ ਸੰਭਾਲ ਨਾਲ ਦੇਖਭਾਲ ਹੋਰ ਸੁਚਾਰੂ ਹੁੰਦੀ ਹੈ, ਮਰੀਜ਼ਾਂ ਦੇ ਅਨੁਭਵ ਅਤੇ ਸਿਹਤ ਨਤੀਜੇ ਬਿਹਤਰ ਹੁੰਦੇ ਹਨ, ਹਸਪਤਾਲ ਵਿੱਚ ਦਾਖਲ ਹੋਣ ਅਤੇ ਡਾਕਟਰ ਕੋਲ ਜਾਣ ਦੀ ਲੋੜ ਘੱਟਦੀ ਹੈ ਅਤੇ ਸਿਹਤ ਪ੍ਰਣਾਲੀ ਹੋਰ ਕੁਸ਼ਲ ਬਣਦੀ ਹੈ।
ਉਹ ਕਾਰਵਾਈਆਂ ਜੋ ਅਸੀਂ ਕਰ ਰਹੇ ਹਾਂ
- 90 ਤੋਂ ਵੱਧ ‘ਪ੍ਰਾਇਮਰੀ ਕੇਅਰ ਨੈਟਵਰਕ’ (Primary Care Networks) ਸਥਾਪਤ ਕੀਤੇ ਗਏ ਹਨ, ਜੋ ਸਿਹਤ ਸੰਭਾਲ ਟੀਮਾਂ ਨੂੰ ਕਮਿਊਨਿਟੀ ਸੰਸਥਾਵਾਂ ਨਾਲ ਜੋੜਦੇ ਹਨ। ਇਹ ਸਭ ਮਿਲ ਕੇ ਮਰੀਜ਼ਾਂ ਲਈ ਸੇਵਾਵਾਂ ਨੂੰ ਸੁਚਾਰੂ ਤਰੀਕੇ ਨਾਲ ਅਤੇ ਤਾਲਮੇਲ ਨਾਲ ਪ੍ਰਦਾਨ ਕਰਦੇ ਹਨ ਅਤੇ ਹਰ ਕਮਿਊਨਿਟੀ ਦੀਆਂ ਵਿਲੱਖਣ ਪ੍ਰਾਇਮਰੀ ਕੇਅਰ ਲੋੜਾਂ ਨੂੰ ਪੂਰਾ ਕਰਦੇ ਹਨ।
- ਲੋਕਾਂ ਨੂੰ ਇੱਕੋ ਦਿਨ ਵਿੱਚ ਮਿਲਣ ਵਾਲੀ ਜ਼ਰੂਰੀ, ਗੈਰ-ਐਮਰਜੈਂਸੀ ਸਿਹਤ ਸੰਭਾਲ ਤੱਕ ਬਿਹਤਰ ਪਹੁੰਚ, ਸ਼ਾਮ ਨੂੰ ਅਤੇ ਵੀਕਐਂਡ ‘ਤੇ ਪ੍ਰਾਇਮਰੀ ਸਿਹਤ ਸੰਭਾਲ ਦਾ ਵਿਸਤਾਰ, ਅਤੇ ਭਾਈਚਾਰਿਆਂ ਵਿੱਚ ਪ੍ਰਾਇਮਰੀ ਕੇਅਰ ਸਮਰੱਥਾ ਵਧਾਉਣ ਲਈ 50 ‘ਅਰਜੈਂਟ ਅਤੇ ਪ੍ਰਾਇਮਰੀ ਕੇਅਰ ਸੈਂਟਰ’ (Urgent and Primary Care Centres) ਖੋਲ੍ਹੇ ਜਾ ਰਹੇ ਹਨ।
- ਭਾਈਚਾਰਿਆਂ ਵਿੱਚ ਲੋਕਾਂ ਦੀਆਂ ਵਿਲੱਖਣ ਲੋੜਾਂ ਨੂੰ ਪੂਰਾ ਕਰਨ ਵਾਲੀਆਂ ਸੇਵਾਵਾਂ ਦੇਣ ਲਈ ਸਿਹਤ ਅਤੇ ਸਮਾਜਿਕ ਸੇਵਾਵਾਂ ਨੂੰ ਇਕੱਠੇ ਲਿਆਉਂਦੇ ਹੋਏ 15 ਕਮਿਊਨਿਟੀ ਹੈਲਥ ਸੈਂਟਰ ਖੋਲ੍ਹਣਾ।
- ਫਰਸਟ ਨੇਸ਼ਨਜ਼ ਦੀਆਂ ਸਿਹਤ ਅਤੇ ਸੱਭਿਆਚਾਰਕ ਲੋੜਾਂ ਨੂੰ ਪੂਰਾ ਕਰਨ ਲਈ ਫਰਸਟ ਨੇਸ਼ਨਜ਼ ਹੈਲਥ ਅਥਾਰਿਟੀ ਦੀ ਭਾਈਵਾਲੀ ਨਾਲ 15 ਫਰਸਟ ਨੇਸ਼ਨਜ਼ ਪ੍ਰਾਇਮਰੀ ਕੇਅਰ ਸੈਂਟਰ ਖੋਲ੍ਹਣਾ।
- ਨਰਸ ਪ੍ਰੈਕਟੀਸ਼ਨਰ ਦੀ ਅਗਵਾਈ ਵਾਲੇ 3 ਪ੍ਰਾਇਮਰੀ ਕੇਅਰ ਕਲੀਨਿਕ ਖੋਲ੍ਹੇ ਗਏ ਹਨ ਅਤੇ ਹੋਰ ਖੋਲ੍ਹੇ ਜਾਣੇ ਹਨ, ਜਿੱਥੇ ਨਰਸ ਪ੍ਰੈਕਟੀਸ਼ਨਰ ਦੇਖਭਾਲ ਦੀ ਅਗਵਾਈ ਕਰ ਸਕਦੇ ਹਨ, ਡਾਕਟਰੀ ਪਰਿਸਥਿਤੀਆਂ ਦੀ ਪਛਾਣ ਅਤੇ ਇਲਾਜ ਕਰ ਸਕਦੇ ਹਨ, ਟੈਸਟਾਂ ਦੇ ਨਤੀਜੇ ਸਮਝਾ ਸਕਦੇ ਹਨ, ਦਵਾਈਆਂ ਲਿਖ ਸਕਦੇ ਹਨ, ਅਤੇ ਮਰੀਜ਼ਾਂ ਨੂੰ ਮਾਹਰਾਂ ਕੋਲ ਭੇਜ ਸਕਦੇ ਹਨ।
- 12 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ ਲਈ ਏਕੀਕ੍ਰਿਤ ਸਿਹਤ ਅਤੇ ਤੰਦਰੁਸਤੀ ਸੇਵਾਵਾਂ ਉਪਲਬਧ ਕਰਵਾਉਣ ਲਈ 35 ਫਾਊਂਡਰੀ ਸੈਂਟਰ ਖੋਲ੍ਹੇ ਗਏ ਹਨ। ਵਰਚੁਅਲ ਫਾਊਂਡਰੀ ਸੇਵਾਵਾਂ ਤੱਕ ਸੂਬੇ ਦੇ ਕਿਸੇ ਵੀ ਹਿੱਸੇ ਤੋਂ ਪਹੁੰਚ ਕੀਤੀ ਜਾ ਸਕਦੀ ਹੈ।
- ਲੰਮੀ ਮਿਆਦ ਦੇ ਪ੍ਰਾਇਮਰੀ ਸੰਭਾਲ ਵਿਕਲਪਾਂ ਤੱਕ ਪਹੁੰਚ ਵਧਾਉਂਦੇ ਹੋਏ, ਕਿਸੇ ਖਾਸ ਅਤੇ ਗੈਰ-ਐਮਰਜੈਂਸੀ ਅਵਸਥਾ ਲਈ ਸਿਹਤ ਸੰਭਾਲ ਪ੍ਰਦਾਨਕ ਤੋਂ ਇੱਕ ਵਾਰ ਜਾਂਚ ਕਰਵਾਉਣ ਦੀ ਪਹੁੰਚ ਦਾ ਸਮਰਥਨ ਕਰਨਾ, ਜਿਸ ਵਿੱਚ ਗੈਰ-ਐਮਰਜੈਂਸੀ ਅਵਸਥਾਵਾਂ ਲਈ ਵਾਕ-ਇਨ ਕਲੀਨਿਕ, ਪੇਂਡੂ ਅਤੇ ਦੂਰ-ਦੁਰਾਡੇ ਦੇ ਭਾਈਚਾਰਿਆਂ ਵਿੱਚ ਵਰਚੁਅਲ ਦੇਖਭਾਲ ਅਤੇ ‘ਆਫਟਰ ਆਵਰਜ਼ ਕੇਅਰ ਪਾਇਲਟ ਪ੍ਰੋਗਰਾਮ’ (After Hours Care pilot program) ਸ਼ਾਮਲ ਹਨ।
ਸੰਭਾਲ ਤੱਕ ਪਹੁੰਚ ਕਿਵੇਂ ਕਰਨੀ ਹੈ
ਹੋਰ ਜਾਣੋ
ਸਾਲ 2018 ਵਿੱਚ ਕਲੀਨਿਕ ਖੁੱਲ੍ਹਣੇ ਸ਼ੁਰੂ ਹੋਣ ਤੋਂ ਬਾਅਦ, ਅਰਜੈਂਟ ਅਤੇ ਪ੍ਰਾਈਮਰੀ ਕੇਅਰ ਸੈਂਟਰਾਂ ਨੇ ਸਮੂਹਕ ਤੌਰ 'ਤੇ 3 ਮਿਲੀਅਨ ਤੋਂ ਵੱਧ ਮਰੀਜ਼ ਦੌਰੇ ਮੁਹੱਈਆ ਕਰਵਾਏ।
ਪੇਂਡੂ ਅਤੇ ਇੰਡੀਜਨਸ (ਮੂਲ ਨਿਵਾਸੀ) ਭਾਈਚਾਰਿਆਂ ਵਿੱਚ ਸੰਭਾਲ ਤੱਕ ਪਹੁੰਚ ਵਿੱਚ ਸੁਧਾਰ
ਪੇਂਡੂ, ਦੂਰ-ਦੁਰਾਡੇ ਅਤੇ ਇੰਡੀਜਨਸ ਭਾਈਚਾਰਿਆਂ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਵਿਲੱਖਣ ਲੋੜਾਂ ਹੁੰਦੀਆਂ ਹਨ ਅਤੇ ਸਿਹਤ ਸੰਭਾਲ ਤੱਕ ਪਹੁੰਚ ਕਰਨ ਵਿੱਚ ਉਨ੍ਹਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸੀਂ ਤੁਹਾਡੀ ਰਹਿਣ ਦੀ ਥਾਂ ਦੇ ਨੇੜੇ ਪਹੁੰਚਯੋਗ, ਕੁਸ਼ਲ ਸੰਭਾਲ ਪ੍ਰਦਾਨ ਕਰਨ ਦੇ ਤਰੀਕਿਆਂ 'ਤੇ ਮਿਲ ਕੇ ਕੰਮ ਕਰ ਰਹੇ ਹਾਂ, ਚਾਹੇ ਤੁਸੀਂ ਕਿਤੇ ਵੀ ਰਹਿੰਦੇ ਹੋ।
ਉਹ ਕਾਰਵਾਈਆਂ ਜੋ ਅਸੀਂ ਕਰ ਰਹੇ ਹਾਂ
- ਵੱਧ ਰਹੇ ਭਾਈਚਾਰਿਆਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਬਿਹਤਰ ਸੇਵਾ ਕਰਨ ਲਈ ਬੀ.ਸੀ. ਭਰ ਵਿੱਚ ਹਸਪਤਾਲਾਂ, ਸਿਹਤ ਕਲੀਨਿਕਾਂ, ਕੈਂਸਰ ਕੇਂਦਰਾਂ ਅਤੇ ਲੰਮੀ ਮਿਆਦ ਤੱਕ ਸੰਭਾਲ ਪ੍ਰਦਾਨ ਕਰਨ ਵਾਲੇ ਘਰਾਂ (long-term care homes) ਦਾ ਨਿਰਮਾਣ ਅਤੇ ਨਵੀਨੀਕਰਨ ਕਰਨਾ।
- ਪੇਂਡੂ ਇਲਾਕਿਆਂ ਵਿੱਚ ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਸੰਭਾਲ ਕਰਮਚਾਰੀਆਂ ਨੂੰ ਭਰਤੀ ਕਰਨ, ਬਰਕਰਾਰ ਰੱਖਣ ਅਤੇ ਸਿਖਲਾਈ ਪ੍ਰੋਤਸਾਹਨ ਅਤੇ ਜ਼ਰੂਰਤ ਅਨੁਸਾਰ ਕੰਮ ਕਰਨ ਦੇ ਤਰੀਕਿਆਂ ਦੇ ਪ੍ਰਬੰਧ ਨਾਲ ਆਕਰਸ਼ਿਤ ਕਰਕੇ, ਪੇਂਡੂ ਭਾਈਚਾਰਿਆਂ ਵਿੱਚ ਸਿਹਤ ਸੰਭਾਲ ਅਤੇ ਐਮਰਜੈਂਸੀ ਸੇਵਾਵਾਂ ਨੂੰ ਸਥਿਰ ਕਰਨਾ।
- ‘ਗੋ ਹੈਲਥ’ (GoHealth) ਦਾ ਵਿਸਤਾਰ ਕਰਨਾ: ਪ੍ਰਾਈਵੇਟ ਸਟਾਫਿੰਗ ਏਜੰਸੀਆਂ ਅਤੇ ਓਵਰਟਾਈਮ 'ਤੇ ਨਿਰਭਰਤਾ ਘਟਾਉਣ ਲਈ, ਬੀ.ਸੀ. ਦੇ ਸੂਬਾਈ ਟ੍ਰੈਵਲ ਸਟਾਫਿੰਗ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਵਧੇਰੇ ਨਰਸਾਂ ਦੀ ਭਰਤੀ ਕਰਨਾ ਅਤੇ ਪੇਂਡੂ ਅਤੇ ਦੂਰ-ਦੁਰਾਡੇ ਦੇ ਭਾਈਚਾਰਿਆਂ ਵਿੱਚ ਸਹਾਇਕ ਸਿਹਤ ਪ੍ਰਦਾਨਕਾਂ, ਜਿਵੇਂ ਕਿ ਮੈਡੀਕਲ ਲੈਬਰੇਟੋਰੀ ਟੈਕਨੋਲੋਜਿਸਟ, ਤੱਕ ਪਹੁੰਚ ਵਧਾਉਣ ਲਈ ਪ੍ਰੋਗਰਾਮ ਦਾ ਵਿਸਤਾਰ ਕਰਨਾ।
- ਸਟਾਫ ਦੀ ਘਾਟ ਨੂੰ ਦੂਰ ਕਰਨ ਲਈ ਵਧੇਰੇ ਸਿਹਤ ਕਰਮਚਾਰੀਆਂ ਦੀ ਭਰਤੀ ਕਰਕੇ, ਅਸਥਾਈ ਐਮਰਜੈਂਸੀ ਰੂਮ ਬੰਦ ਹੋਣ ਨੂੰ ਘਟਾਉਣ ਲਈ ਵਧੇਰੇ ਕਦਮ ਚੁੱਕਣਾ। ਹਸਪਤਾਲਾਂ ਵਿੱਚ ਮਰੀਜ਼ਾਂ ਦੇ ਪ੍ਰਵਾਹ ਨੂੰ ਸੁਧਾਰਨ ਲਈ ਵਧੇਰੇ ਐਕਿਊਟ ਅਤੇ ਲੰਬੀ ਮਿਆਦ ਦੇ ਸੰਭਾਲ ਬਿਸਤਰੇ ਸ਼ਾਮਲ ਕਰਨਾ, ਅਤੇ ਹੋਮ-ਹੈਲਥ (ਮਰੀਜ਼ ਨੂੰ ਘਰ ਵਿੱਚ ਸੰਭਾਲ ਦੇਣਾ) ਅਤੇ ਹੋਮ-ਸੁਪੋਰਟ ਸੇਵਾਵਾਂ ਦਾ ਵਿਸਤਾਰ ਕਰਨਾ।
- ਮੋਬਾਈਲ ਡਾਇਗਨੌਸਟਿਕ ਸੇਵਾਵਾਂ ਦੀ ਵਰਤੋਂ ਕਰਨਾ, ਜਿਵੇਂ ਕਿ ਅਲਟ੍ਰਾਸਾਊਂਡ, MRI ਅਤੇ CT ਸਕੈਨਰ।
- ਉਹਨਾਂ ਲੋਕਾਂ ਲਈ ਸਫ਼ਰ ਅਤੇ ਰਿਹਾਇਸ਼ਾਂ ਦੇ ਖ਼ਰਚਿਆਂ ਦਾ ਭੁਗਤਾਨ ਕਰਨ ਵਿੱਚ ਮਦਦ ਕਰਨ ਲਈ ਟ੍ਰੈਵਲ ਅਸਿਸਟੈਂਸ ਪ੍ਰਦਾਨ ਕਰਨਾ ਜਿੰਨ੍ਹਾਂ ਨੂੰ ਗੈਰ-ਐਮਰਜੈਂਸੀ ਮਾਹਰ ਸੇਵਾਵਾਂ ਜਾਂ ਕੈਂਸਰ ਦੀ ਸੰਭਾਲ ਲਈ ਆਪਣੇ ਭਾਈਚਾਰੇ ਤੋਂ ਬਾਹਰ ਸਫ਼ਰ ਕਰਨਾ ਪੈਂਦਾ ਹੈ। ਆਪਣੇ ਸਿਹਤ ਸੰਭਾਲ ਪ੍ਰਦਾਨਕ ਤੋਂ ਰੈਫ਼ਰਲ ਲਓ ਅਤੇ ਮਦਦ ਲਈ 1-800-661-2668 'ਤੇ ਕਾਲ ਕਰੋ।
- ਪੇਂਡੂ, ਦੂਰ-ਦੁਰਾਡੇ ਅਤੇ ਫਰਸਟ ਨੇਸ਼ਨਜ਼ ਦੇ ਭਾਈਚਾਰਿਆਂ ਲਈ ਵਿਸ਼ੇਸ਼ ਵਰਚੁਅਲ ਸੰਭਾਲ ਦੀ ਪੇਸ਼ਕਸ਼:
- ਹੈਲਥ ਐਕੁਇਟੀ (ਸਮਾਜਿਕ, ਆਰਥਿਕ ਜਾਂ ਹੋਰ ਹਾਲਾਤਾਂ ਦੀ ਪਰਵਾਹ ਕੀਤੇ ਬਿਨਾਂ, ਸਿਹਤ ਸੰਭਾਲ ਤੱਕ ਹਰੇਕ ਲਈ ਸਮਾਨ ਪਹੁੰਚ) ਨਾਲ ਨਜਿੱਠਣ ਅਤੇ ਸਿਹਤ ਦੇ ਨਤੀਜਿਆਂ ਵਿੱਚ ਸੁਧਾਰ ਕਰਨ ਲਈ ਫਰਸਟ ਨੇਸ਼ਨਜ਼ ਦੀ ਅਗਵਾਈ ਵਾਲੇ ਪ੍ਰੋਜੈਕਟਾਂ ਦਾ ਸਮਰਥਨ ਕਰਨਾ, ਜਿਵੇਂ ਕਿ:
- ਫਰਸਟ ਨੇਸ਼ਨਜ਼ ਦੀਆਂ ਸਿਹਤ ਅਤੇ ਸੱਭਿਆਚਾਰਕ ਲੋੜਾਂ ਨੂੰ ਪੂਰਾ ਕਰਨ ਲਈ ਫਰਸਟ ਨੇਸ਼ਨਜ਼ ਹੈਲਥ ਅਥਾਰਟੀ ਦੀ ਭਾਈਵਾਲੀ ਨਾਲ ਫਰਸਟ ਨੇਸ਼ਨਜ਼ ਪ੍ਰਾਇਮਰੀ ਕੇਅਰ ਸੈਂਟਰ ਖੋਲ੍ਹਣਾ।
- 8 ਫਰਸਟ ਨੇਸ਼ਨਜ਼ ਦੇ ਇਲਾਜ ਅਤੇ ਹੀਲਿੰਗ ਸੈਂਟਰਾਂ ਦੀ ਸਹਾਇਤਾ ਕਰਨਾ; 6 ਨੂੰ ਰੈਨੋਵੇਟ ਕੀਤਾ ਜਾ ਰਿਹਾ ਹੈ ਅਤੇ 2 ਨਵੀਆਂ ਫੈਸੀਲਿਟੀਆਂ ਦੀ ਯੋਜਨਾ ਬਣਾਈ ਜਾ ਰਹੀ ਹੈ।
- ਇੰਡੀਜਨਸ ਇਲਾਜ, ਰਿਕਵਰੀ ਅਤੇ ਆਫਟਰ-ਕੇਅਰ ਸੇਵਾਵਾਂ ਦੇ ਪ੍ਰੋਗਰਾਮ (Indigenous Treatment, Recovery and Aftercare Services Program) ਰਾਹੀਂ ਫਰਸਟ ਨੇਸ਼ਨਜ਼ ਦੀ ਅਗਵਾਈ ਵਾਲੇ ਹੀਲਿੰਗ ਹਾਊਸ, ਇਲਾਜ ਦੇ ਤਰੀਕਿਆਂ ਅਤੇ ਇਲਾਜ ਅਤੇ ਰਿਕਵਰੀ ਸੈਂਟਰਾਂ ਦੀ ਸਹਾਇਤਾ ਕਰਨਾ।
ਸੰਭਾਲ ਤੱਕ ਪਹੁੰਚ ਕਿਵੇਂ ਕਰਨੀ ਹੈ
ਹੋਰ ਜਾਣੋ
400 ਤੋਂ ਵੱਧ ‘ਗੋ ਹੈਲਥ’ ਟ੍ਰੈਵਲ ਹੈਲਥ ਕਰਮਚਾਰੀਆਂ ਨੇ ਸਾਲ 2024 ਵਿੱਚ 430,000 ਘੰਟਿਆਂ ਤੋਂ ਵੱਧ ਦੀ ਸੰਭਾਲ ਪ੍ਰਦਾਨ ਕੀਤੀ।
ਮਾਮੂਲੀ ਬਿਮਾਰੀਆਂ ਅਤੇ ਗਰਭ ਨਿਰੋਧ ਲਈ ਫਾਰਮੇਸਿਸਟ ਨੂੰ ਮਿਲਣਾ
ਫਾਰਮੇਸਿਸਟ ਤੁਹਾਡੀ ਸਿਹਤ ਸੰਭਾਲ ਟੀਮ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਬੀ.ਸੀ. ਦੇ ਲੋਕ ਹੁਣ ਮਾਮੂਲੀ ਬਿਮਾਰੀਆਂ ਦਾ ਮੁਲਾਂਕਣ ਕਰਨ ਅਤੇ ਉਨ੍ਹਾਂ ਦੇ ਇਲਾਜ ਲਈ ਕਿਸੇ ਫਾਰਮੇਸਿਸਟ ਨੂੰ ਮਿਲ ਸਕਦੇ ਹਨ। ਫਾਰਮੇਸਿਸਟ ਮੁਫ਼ਤ ਗਰਭ ਨਿਰੋਧ ਵੀ ਪ੍ਰਿਸਕ੍ਰਾਈਬ ਕਰ ਸਕਦੇ ਹਨ, ਜਿਸ ਨਾਲ ਡਾਕਟਰਾਂ ਅਤੇ ਹਸਪਤਾਲਾਂ 'ਤੇ ਦਬਾਅ ਘਟਦਾ ਹੈ।
ਫਾਰਮੇਸਿਸਟ ਕੀ ਕਰ ਸਕਦੇ ਹਨ
- ਐਲਰਜੀ, ਪਿੰਕ ਆਈ (ਅੱਖ ਦੀ ਇਨਫੈਕਸ਼ਨ), ਰੈਸ਼ ਜਾਂ ਧੱਫੜ ਅਤੇ ਪਿਸ਼ਾਬ ਦੀ ਨਾਲੀ ਦੀਆਂ ਇਨਫੈਕਸ਼ਨਾਂ ਵਰਗੀਆਂ 21 ਮਾਮੂਲੀ ਬਿਮਾਰੀਆਂ ਦਾ ਮੁਲਾਂਕਣ ਅਤੇ ਇਲਾਜ
- ਮੁਫ਼ਤ ਗਰਭ ਨਿਰੋਧਕ (ਜਨਮ ਨਿਯੰਤਰਣ) ਪ੍ਰਿਸਕ੍ਰਾਈਬ ਕਰਨਾ
- ਕੁਝ ਪ੍ਰਿਸਕ੍ਰਿਪਸ਼ਨਾਂ ‘ਤੇ ਦੁਬਾਰਾ ਦਵਾਈਆਂ ਭਰਨਾ ਜਾਂ ਬਦਲਣਾ ਜਾਂ ਤੁਹਾਨੂੰ ਐਮਰਜੈਂਸੀ ਸਪਲਾਈ ਦੇਣਾ
- ਟੀਕਿਆਂ ਰਾਹੀਂ ਵੈਕਸੀਨ ਜਾਂ ਦਵਾਈਆਂ ਦੇਣਾ
- ਤੁਹਾਨੂੰ ਆਪਣੀਆਂ ਦਵਾਈਆਂ ਅਤੇ ਹੋਰ ਚੀਜ਼ਾਂ ਬਾਰੇ ਸਮਝਣ ਅਤੇ ਪ੍ਰਬੰਧਨ ਕਰਨ ਵਿੱਚ ਮਦਦ ਕਰਨਾ
- ਜ਼ਰੂਰਤ ਪੈਣ ‘ਤੇ ਵਧੇਰੇ ਮੁਲਾਂਕਣ ਲਈ ਤੁਹਾਨੂੰ ਕਿਸੇ ਹੋਰ ਸਿਹਤ ਪ੍ਰਦਾਨਕ ਕੋਲ ਜਾਣ ਦੀ ਸਿਫਾਰਿਸ਼ ਕਰਨਾ।
ਸੰਭਾਲ ਤੱਕ ਪਹੁੰਚ ਕਿਵੇਂ ਕਰਨੀ ਹੈ
- ਵਾਕ-ਇਨ ਕਰੋ ਜਾਂ ਅਪੌਇੰਟਮੈਂਟ ਬਣਾਓ:
- ਆਪਣੀ ਪਛਾਣ ਲਈ ID ਅਤੇ ਪਰਸਨਲ ਹੈਲਥ ਨੰਬਰ (PHN) ਲੈ ਕੇ ਆਓ
- ਬੀ.ਸੀ. ਵਿੱਚ ਰਹਿਣ ਵਾਲੇ ਲੋਕਾਂ ਲਈ ਮਾਮੂਲੀ ਬਿਮਾਰੀਆਂ ਦਾ ਮੁਲਾਂਕਣ ਮੁਫ਼ਤ ਹੈ
ਹੋਰ ਜਾਣੋ
ਜੂਨ 2023 ਵਿੱਚ ਫਾਰਮੇਸਿਸਟਾਂ ਦੇ ਅਭਿਆਸ ਦੇ ਦਾਇਰੇ ਵਧਣ ਤੋਂ ਬਾਅਦ, ਜਨਵਰੀ 2025 ਤੱਕ, ਉਨ੍ਹਾਂ ਨੇ 477,000 ਤੋਂ ਵੱਧ ਲੋਕਾਂ ਦਾ ਮਾਮੂਲੀ ਬਿਮਾਰੀਆਂ ਦਾ ਇਲਾਜ ਕਰਨ ਜਾਂ ਗਰਭ ਨਿਰੋਧਕ ਪ੍ਰਿਸਕ੍ਰਾਈਬ ਕਰਨ ਲਈ ਮੁਲਾਂਕਣ ਕੀਤਾ।
ਦਵਾਈ, ਸਿਹਤ ਸੰਭਾਲ ਅਤੇ ਸਫ਼ਰ ਦੇ ਖ਼ਰਚਿਆਂ ਨੂੰ ਘਟਾਉਣਾ
ਸਿਹਤ ਸੰਭਾਲ ਹਾਸਲ ਕਰਨ ਵਿੱਚ ਪੈਸਾ ਰੁਕਾਵਟ ਨਹੀਂ ਹੋਣਾ ਚਾਹੀਦਾ। ਇਸ ਲਈ ਅਸੀਂ ਲਾਗਤਾਂ ਨੂੰ ਖਤਮ ਕਰ ਰਹੇ ਹਾਂ ਜਾਂ ਹਟਾ ਰਹੇ ਹਾਂ।
ਕੁਝ ਤਰੀਕੇ ਜਿਨ੍ਹਾਂ ਨਾਲ ਅਸੀਂ ਲੋਕਾਂ ਲਈ ਖ਼ਰਚਿਆਂ ਨੂੰ ਘਟਾ ਰਹੇ ਹਾਂ
- ‘ਫੇਅਰ ਫਾਰਮਾਕੇਅਰ’ (Fair PharmaCare): ਬੀ.ਸੀ. ਦੇ ਸਾਰੇ ਵਸਨੀਕ ਆਪਣੀ ਆਮਦਨੀ ਦੇ ਅਧਾਰ ‘ਤੇ, ਹਰ ਸਾਲ ਪ੍ਰਿਸਕ੍ਰਿਪਸ਼ਨਾਂ ‘ਤੇ ਘੱਟ ਭੁਗਤਾਨ ਕਰਨ ਲਈ ਸਾਈਨ ਅੱਪ ਕਰ ਸਕਦੇ ਹਨ। ਜਦੋਂ ਤੁਸੀਂ ਫੈਮਿਲੀ ਡਿਡੱਕਟਿਬਲ ਪੂਰਾ ਕਰ ਲੈਂਦੇ ਹੋ, ਤਾਂ ਇਹ ਤੁਹਾਡੀਆਂ ਦਵਾਈਆਂ ਦਾ 70% ਖ਼ਰਚਾ ਕਵਰ ਕਰ ਸਕਦਾ ਹੈ। ਇਹ ਉਦੋਂ ਤੱਕ ਰਹਿੰਦਾ ਹੈ ਜਦ ਤੱਕ ਤੁਹਾਡਾ ਪਰਿਵਾਰ ਆਪਣੀ ਆਮਦਨ ਅਨੁਸਾਰ ਦੂਜੀ ਸੀਮਾ ਤੱਕ ਨਹੀਂ ਪਹੁੰਚ ਜਾਂਦਾ। ਇੱਕ ਵਾਰ ਜਦੋਂ ਤੁਸੀਂ ਇਸ ਸੀਮਾ ਨੂੰ ਪਾਰ ਕਰ ਲੈਂਦੇ ਹੋ, ਤਾਂ ਤੁਹਾਨੂੰ ਬਾਕੀ ਸਾਲ ਲਈ ਯੋਗ ਦਵਾਈਆਂ ਲਈ ਭੁਗਤਾਨ ਨਹੀਂ ਕਰਨਾ ਪੈਂਦਾ।
- ਮੁਫ਼ਤ ਗਰਭ ਨਿਰੋਧਕ (ਜਨਮ ਨਿਯੰਤਰਣ): ਪ੍ਰਿਸਕ੍ਰਾਈਬ ਕੀਤੇ ਅਤੇ ਐਮਰਜੈਂਸੀ ਗਰਭ ਨਿਰੋਧਕਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਹੁਣ ਮੁਫ਼ਤ ਹਨ - ਆਪਣੇ ਲਈ ਸਹੀ ਵਿਕਲਪ ਲੱਭਣ ਲਈ ਆਪਣੇ ਫਾਰਮੇਸਿਸਟ ਜਾਂ ਸਿਹਤ ਸੰਭਾਲ ਪ੍ਰਦਾਨਕ ਨਾਲ ਗੱਲ ਕਰੋ।
- ਮੁਫ਼ਤ ਡਾਇਬਿਟੀਜ਼ (ਸ਼ੂਗਰ ਦੀ ਬਿਮਾਰੀ) ਅਤੇ ਮੈਨੋਪਾਜ਼ (ਔਰਤਾਂ ਦੀ ਮਾਹਵਾਰੀ ਸਦਾ ਲਈ ਬੰਦ ਹੋਣਾ) ਦਾ ਇਲਾਜ: ਮਾਰਚ 2026 ਤੋਂ, ਬਹੁਤ ਸਾਰੀਆਂ ਡਾਇਬਿਟੀਜ਼ ਦੀਆਂ ਦਵਾਈਆਂ ਅਤੇ ਮੈਨੋਪਾਜ਼ ਦੇ ਲੱਛਣਾਂ ਦੇ ਇਲਾਜ ਲਈ ਹਾਰਮੋਨ ਰਿਪਲੇਸਮੈਂਟ ਥੈਰੇਪੀ ਦੀ ਲਾਗਤ ਨੂੰ ਕੈਨੇਡਾ ਸਰਕਾਰ ਦੀ ਭਾਈਵਾਲੀ ਵਿੱਚ ਬੀ ਸੀ ਫਾਰਮਾਕੇਅਰ ਦੇ ਤਹਿਤ ਪੂਰੀ ਤਰ੍ਹਾਂ ਕਵਰ ਕੀਤਾ ਜਾਵੇਗਾ।
- ਮੁਫ਼ਤ IVF ਇਲਾਜ: ਜਿਨ੍ਹਾਂ ਲੋਕਾਂ ਨੂੰ ਪ੍ਰਜਨਨ ਇਲਾਜ ਤੱਕ ਪਹੁੰਚ ਦੀ ਜ਼ਰੂਰਤ ਹੈ, ਉਹ ਇਨ-ਵਿਟ੍ਰੋ ਫਰਟੀਲਾਈਜ਼ੇਸ਼ਨ (in-vitro fertilization, IVF) ਦੇ ਇੱਕ ਮੁਫ਼ਤ ਰਾਊਂਡ ਲਈ ਯੋਗ ਹੋ ਸਕਦੇ ਹਨ, ਜਿਸ ਨਾਲ ਉਨ੍ਹਾਂ ਨੂੰ $19,000 ਤੱਕ ਦੀ ਬੱਚਤ ਹੋ ਸਕਦੀ ਹੈ।
- ਮੁਫ਼ਤ ਜਾਂ ਘੱਟ ਲਾਗਤ ਵਾਲੀ ਕਾਊਂਸਲਿੰਗ: ਵਿਅਕਤੀ, ਜੋੜੇ ਅਤੇ ਪਰਿਵਾਰ, ਪਰਿਵਾਰਕ, ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀਆਂ ਚਿੰਤਾਵਾਂ ਲਈ ਸਹਾਇਤਾ ਪ੍ਰਾਪਤ ਕਰਨ ਲਈ ਵਿਅਕਤੀਗਤ ਤੌਰ 'ਤੇ ਜਾਂ ਵਰਚੁਅਲ ਤੌਰ 'ਤੇ ਮੁਫ਼ਤ, ਘੱਟ ਲਾਗਤ ਵਾਲੀ, ਜਾਂ ਸਲਾਈਡਿੰਗ-ਸਕੇਲ (ਭੁਗਤਾਨ ਦਾ ਇੱਕ ਤਰੀਕਾ ਜਿਸ ਵਿੱਚ ਥੈਰੇਪਿਸਟ ਮਰੀਜ਼ ਦੀ ਆਮਦਨ ਜਾਂ ਵਿੱਤੀ ਸਥਿਤੀ ਦੇ ਅਧਾਰ ‘ਤੇ ਫ਼ੀਸ ਲੈਂਦਾ ਹੈ) ਕਾਊਂਸਲਿੰਗ ਸੇਵਾਵਾਂ ਤੱਕ ਪਹੁੰਚ ਕਰਨ ਲਈ 8-1-1 'ਤੇ ਕਾਲ ਕਰ ਸਕਦੇ ਹਨ।
- ਮੁਫ਼ਤ ਮਨੋਚਿਕਿਤਸਕ (ਸਾਈਕੈਟ੍ਰਿਕ) ਦਵਾਈਆਂ: ਵਿੱਤੀ ਅਤੇ ਕਲੀਨਿਕਲ ਜ਼ਰੂਰਤ ਵਾਲੇ ਲੋਕਾਂ ਲਈ, ਕੁਝ ਮਨੋਚਿਕਿਤਸਕ ਦਵਾਈਆਂ ਪੂਰੀ ਤਰ੍ਹਾਂ ਕਵਰ ਕੀਤੀਆਂ ਜਾਂਦੀਆਂ ਹਨ।
- ਸਿਗਰਟ ਛੱਡਣ ਲਈ ਮੁਫ਼ਤ ਸਹਾਇਤਾ: ਹਰ ਉਮਰ ਦੇ ਲੋਕ ਮੁਫ਼ਤ ਨਿਕੋਟੀਨ ਰਿਪਲੇਸਮੈਂਟ ਗਮ, ਲੌਜ਼ੈਂਜਿਜ਼, ਪੈਚ ਜਾਂ ਕੁਝ ਦਵਾਈਆਂ ਲੈਣ ਲਈ ਫਾਰਮੇਸਿਸਟ ਨਾਲ ਗੱਲ ਕਰ ਸਕਦੇ ਹਨ। ਬੀ.ਸੀ. ਦੀ ਮੁਫ਼ਤ ਸਹਾਇਤਾ ਸੇਵਾ, ‘ਕੁਇਟ ਨਾਓ’ (QuitNow), ਸਿਗਰਟ ਅਤੇ ਵੇਪਿੰਗ ਨੂੰ ਘਟਾਉਣ ਜਾਂ ਛੱਡਣ ਲਈ ਜਾਣਕਾਰੀ ਅਤੇ ਵਿਅਕਤੀਗਤ ਕੋਚਿੰਗ ਸੇਵਾਵਾਂ ਪ੍ਰਦਾਨ ਕਰਦੀ ਹੈ।
- ਮੁਫ਼ਤ ਓਪੀਔਇਡ ਐਗੋਨਿਸਟ ਇਲਾਜ: ਓਪੀਔਇਡ ਵਰਤੋਂ ਦੇ ਵਿਕਾਰ ਨਾਲ ਜੂਝ ਰਹੇ ਲੋਕ ‘ਓਪੀਔਇਡ ਟ੍ਰੀਟਮੈਂਟ ਐਕਸੈਸ ਲਾਈਨ’ (Opioid Treatment Access Line) ਨੂੰ 1-833-804-8111 ‘ਤੇ ਕਾਲ ਕਰ ਸਕਦੇ ਹਨ ਤਾਂ ਜੋ ਉਸੇ ਦਿਨ ਹੀ ਓਪੀਔਇਡ ਵਰਤੋਂ ਦੇ ਇਲਾਜ ਦੀ ਦਵਾਈ ਤੱਕ ਪਹੁੰਚ ਕੀਤੀ ਜਾ ਸਕੇ, ਜੋ ਵਾਪਸ ਵਰਤੋਂ ਨੂੰ ਰੋਕਦੀ ਹੈ, ਲਾਲਸਾ ਨੂੰ ਘਟਾਉਂਦੀ ਹੈ ਅਤੇ ਓਵਰਡੋਜ਼ ਦੇ ਜੋਖਮ ਨੂੰ ਘੱਟ ਕਰਦੀ ਹੈ।
- ਹੈਲਥੀ ਕਿਡਸ ਪ੍ਰੋਗਰਾਮ (Healthy Kids Program): ਪ੍ਰਤੀ ਸਾਲ $42,000 ਤੋਂ ਘੱਟ ਨੈਟ ਆਮਦਨੀ ਵਾਲੇ ਪਰਿਵਾਰ 19 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਦੰਦਾਂ, ਔਪਟੀਕਲ (ਅੱਖਾਂ ਸਬੰਧੀ) ਅਤੇ ਸੁਣਨ ਦੀ ਸੰਭਾਲ ਦੇ ਖ਼ਰਚਿਆਂ ਵਿੱਚ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਅਰਜ਼ੀ ਦੇਣ ਲਈ 1-866-866-0800 ‘ਤੇ ਕਾਲ ਕਰੋ।
- ਘਰ ਅਤੇ ਭਾਈਚਾਰਕ ਸੰਭਾਲ: ਉਹ ਲੋਕ ਜਿਨ੍ਹਾਂ ਨੂੰ ਘਰ ਵਿੱਚ ਕਿਸੇ ‘ਤੇ ਨਿਰਭਰ ਹੋਏ ਬਿਨਾਂ ਰਹਿਣ ਲਈ ਵਧੇਰੇ ਸਹਾਇਤਾ ਦੀ ਲੋੜ ਹੁੰਦੀ ਹੈ ਉਹ ਸਰਕਾਰ ਵੱਲੋਂ ਉਪਲਬਧ ਸਬਸਿਡੀ ਵਾਲੀ ਸੰਭਾਲ ਦੇ ਯੋਗ ਹੋ ਸਕਦੇ ਹਨ। ਆਪਣੀ ਸਿਹਤ ਅਥਾਰਟੀ ਵਿੱਚ ਹੋਮ ਅਤੇ ਕਮਿਊਨਿਟੀ ਕੇਅਰ ਆਫਿਸ ਨਾਲ ਸੰਪਰਕ ਕਰੋ ਜਾਂ ਸਿਫਾਰਸ਼ ਲਈ ਆਪਣੇ ਸਿਹਤ ਸੰਭਾਲ ਪ੍ਰਦਾਨਕ ਨਾਲ ਗੱਲ ਕਰੋ।
- ਸਫ਼ਰ ਵਿੱਚ ਸਹਾਇਤਾ (Travel Assistance) ਪ੍ਰੋਗਰਾਮ: ਉਹ ਲੋਕ ਜਿਨ੍ਹਾਂ ਨੂੰ ਗੈਰ-ਐਮਰਜੈਂਸੀ ਮਾਹਰ ਸੇਵਾਵਾਂ ਲਈ ਆਪਣੇ ਭਾਈਚਾਰੇ ਤੋਂ ਬਾਹਰ ਸਫ਼ਰ ਕਰਨਾ ਪੈਂਦਾ ਹੈ, ਉਹ ਸਫ਼ਰ ਦੇ ਖ਼ਰਚਿਆਂ ਦਾ ਭੁਗਤਾਨ ਕਰਨ ਲਈ ਮਦਦ ਲੈ ਸਕਦੇ ਹਨ। ਆਪਣੇ ਸਿਹਤ ਸੰਭਾਲ ਪ੍ਰਦਾਨਕ ਤੋਂ ਰੈਫ਼ਰਲ ਲਓ ਅਤੇ ਮਦਦ ਲਈ 1-800-661-2668 'ਤੇ ਕਾਲ ਕਰੋ।
- ਕੈਂਸਰ ਦੇ ਇਲਾਜ ਸਬੰਧਤ ਸਫ਼ਰ ਅਤੇ ਰਿਹਾਇਸ਼ੀ ਸਹਾਇਤਾ: ਜਿਨ੍ਹਾਂ ਲੋਕਾਂ ਨੂੰ ਕੈਂਸਰ ਦੇ ਇਲਾਜ ਲਈ ਸਫ਼ਰ ਕਰਨ ਦੀ ਜ਼ਰੂਰਤ ਹੈ, ਉਹ ਸਫ਼ਰ ਦੇ ਖ਼ਰਚਿਆਂ ਨੂੰ ਘੱਟ ਕਰਨ ਵਿੱਚ ਮਦਦ ਕਰਨ ਲਈ ਆਰਥਿਕ ਸਹਾਇਤਾ ਲਈ ਅਰਜ਼ੀ ਦੇ ਸਕਦੇ ਹਨ। ਆਨਲਾਈਨ ਅਰਜ਼ੀ ਦਿਓ ਜਾਂ ਮਦਦ ਲਈ ‘ਕੈਨੇਡੀਅਨ ਕੈਂਸਰ ਸੋਸਾਇਟੀ ਬੀ ਸੀ’ (Canadian Cancer Society BC) ਨੂੰ 1-888-939-3333 'ਤੇ ਕਾਲ ਕਰੋ।
- ਮੈਡੀਕਲ ਸਰਵਿਸ ਪਲੈਨ (MSP) ਪ੍ਰੀਮੀਅਮ ਖਤਮ ਕੀਤੇ ਗਏ: ਬੀ.ਸੀ. ਨਿਵਾਸੀ ਹੁਣ ਬੁਨਿਆਦੀ ਸਿਹਤ ਸੰਭਾਲ ਦੇ ਬੈਨਿਫ਼ਿਟ ਲਈ ਭੁਗਤਾਨ ਨਹੀਂ ਕਰਦੇ, ਜਿਸ ਨਾਲ ਇਕੱਲੇ ਵਿਅਕਤੀ $900 ਅਤੇ ਪਰਿਵਾਰ $1,800 ਪ੍ਰਤੀ ਸਾਲ ਬਚਾਉਂਦੇ ਹਨ।
ਬੀ.ਸੀ. ਗਰਭ ਨਿਰੋਧ ਨੂੰ ਮੁਫ਼ਤ ਬਣਾਉਣ ਵਾਲਾ ਕੈਨੇਡਾ ਦਾ ਪਹਿਲਾ ਸੂਬਾ ਹੈ ਅਤੇ ਅਸੀਂ ‘ਬੀ ਸੀ ਫਾਰਮਾਕੇਅਰ’ (BC PharmaCare) ਰਾਹੀਂ ਹੋਰ ਦਵਾਈਆਂ ਦੇ ਖ਼ਰਚਿਆਂ ਨੂੰ ਘਟਾਉਣ ਲਈ ਕੰਮ ਕਰਨਾ ਜਾਰੀ ਰੱਖ ਰਹੇ ਹਾਂ।
ਪ੍ਰਜਨਨ, ਮੈਟਰਨਿਟੀ (ਗਰਭਅਵਸਥਾ) ਅਤੇ ਗਾਇਨਿਕੌਲੋਜੀਕਲ ਕੈਂਸਰ ਸੰਭਾਲ ਪ੍ਰਦਾਨ ਕਰਨਾ
ਅਸੀਂ ਜੀਵਨ ਦੇ ਸਾਰੇ ਪੜਾਵਾਂ 'ਤੇ ਪ੍ਰਜਨਨ ਸਿਹਤ ਸੰਭਾਲ ਤੱਕ ਪਹੁੰਚ ਵਿੱਚ ਸੁਧਾਰ ਕਰਨ ਲਈ ਕੰਮ ਕਰ ਰਹੇ ਹਾਂ।
ਉਹ ਕਾਰਵਾਈਆਂ ਜੋ ਅਸੀਂ ਕਰ ਰਹੇ ਹਾਂ
- ਮੁਫ਼ਤ ਗਰਭ ਨਿਰੋਧ: ਗਰਭ ਨਿਰੋਧਕਾਂ ਤੱਕ ਪਹੁੰਚ ਦੀਆਂ ਰੁਕਾਵਟਾਂ ਨੂੰ ਦੂਰ ਕਰਨਾ:
- ਖ਼ਰਚੇ - ਪ੍ਰਿਸਕ੍ਰਿਪਸ਼ਨ ‘ਤੇ ਦਿੱਤੇ ਜਾਣ ਵਾਲੇ ਗਰਭ ਨਿਰੋਧਕ ਅਤੇ ਐਮਰਜੈਂਸੀ ਗਰਭ ਨਿਰੋਧਕਾਂ ਦੀਆਂ ਜ਼ਿਆਦਾਤਰ ਕਿਸਮਾਂ ਹੁਣ ਬੀ ਸੀ ਫਾਰਮਾਕੇਅਰ ਕਵਰੇਜ ਹੇਠ ਮੁਫ਼ਤ ਹਨ।
- ਪਹੁੰਚ - ਫਾਰਮੇਸਿਸਟ ਅਤੇ ਕੁਝ ਰਜਿਸਟਰਡ ਨਰਸ ਹੁਣ ਗਰਭ ਨਿਰੋਧਕ (ਜਨਮ ਨਿਯੰਤਰਣ) ਪ੍ਰਿਸਕ੍ਰਾਈਬ ਕਰ ਸਕਦੇ ਹਨ ਅਤੇ ਦੇ ਸਕਦੇ ਹਨ। ਪਰ ਇੰਪਲਾਂਟ ਅਤੇ IUDs ਲਗਵਾਉਣ ਲਈ ਕਿਸੇ ਡਾਕਟਰ ਕੋਲ ਜਾਂ ਪ੍ਰਜਨਨ ਸਿਹਤ ਕਲੀਨਿਕ ‘ਤੇ ਜਾਣ ਦੀ ਲੋੜ ਹੋਵੇਗੀ।
- ਮੁਫ਼ਤ IVF ਇਲਾਜ: ਬਾਂਝਪਨ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ‘ਇਨ-ਵੀਟਰੋ ਫਰਟੀਲਾਈਜ਼ੇਸ਼ਨ’ (In Vitro Fertilization, IVF) ਇਲਾਜ ਦਾ ਇੱਕ ਮੁਫ਼ਤ ਰਾਊਂਡ ਪ੍ਰਦਾਨ ਕਰਕੇ ਮਾਪੇ ਬਣਨ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਘਟਾਉਣਾ।
- ਸੂਬੇ ਭਰ ਦੇ ਹਸਪਤਾਲਾਂ ਵਿੱਚ ਮੈਟਰਨਿਟੀ ਵਾਰਡਾਂ ਅਤੇ ਨਵਜੰਮੇ ਬੱਚਿਆਂ ਦੀ ਦੇਖਭਾਲ ਸਬੰਧੀ ਯੂਨਿਟਾਂ ਦਾ ਨਿਰਮਾਣ ਜਾਂ ਵਿਸਤਾਰ ਕਰਨਾ।
- ਮਿਡਵਾਈਫਰੀ ਸੇਵਾਵਾਂ ਦਾ ਵਿਸਤਾਰ ਕਰਨਾ: ਹੇਠ ਲਿਖਿਆਂ ਨਾਲ, ਮੈਟਰਨਿਟੀ ਸੰਭਾਲ ਨੂੰ ਵਧੇਰੇ ਪਹੁੰਚਯੋਗ ਬਣਾਉਣਾ, ਖਾਸ ਕਰਕੇ ਪੇਂਡੂ ਅਤੇ ਇੰਡੀਜਨਸ ਭਾਈਚਾਰਿਆਂ ਵਿੱਚ:
- ਵਧੇਰੇ ਸਿਖਲਾਈ ਦੇ ਮੌਕੇ, ਜ਼ਿਆਦਾ ਤਨਖਾਹ, ਬਿਹਤਰ ਬੈਨਿਫ਼ਿਟ, ਅਤੇ ਹਸਪਤਾਲਾਂ ਵਿੱਚ ਕੰਮ ਕਰਨ ਅਤੇ ਸੂਬੇ ਵਿੱਚ ਕਿਤੇ ਵੀ ਮੈਟਰਨਿਟੀ ਸੇਵਾਵਾਂ ਦੇਣ ਲਈ ਵਧੇਰੇ ਲਚਕਤਾ ਪ੍ਰਦਾਨ ਕਰਕੇ, ਮਿਡਵਾਈਵਜ਼ ਲਈ ਸਹਾਇਤਾ ਵਧਾਉਣਾ।
- ਇੱਕ ‘ਇੰਡੀਜਨਸ ਸੈਕਸ਼ੁਅਲ ਹੈਲਥ ਰਿਪ੍ਰੋਡਕਟਿਵ ਐਂਡ ਇਨਫ਼ੰਟ ਹੈਲਥ ਕਮੇਟੀ’ ਬਣਾਉਣਾ, ਜੋ ਇੰਡੀਜਨਸ (ਮੂਲ ਨਿਵਾਸੀ) ਜਨਮ ਪ੍ਰਥਾਵਾਂ ਨੂੰ ਮੁੜ ਅਪਨਾਉਣ ਅਤੇ ਉਨ੍ਹਾਂ ਦਾ ਸਮਰਥਨ ਕਰਨ ‘ਤੇ ਧਿਆਨ ਕੇਂਦਰਿਤ ਕਰੇਗੀ। ਇਹ ਬੀ.ਸੀ. ਵਿੱਚ ਇੰਡੀਜਨਸ ਮਿਡਵਾਈਫਰੀ ਅਤੇ ਮੈਟਰਨਿਟੀ ਸੰਭਾਲ ਲਈ ਲੰਮੇ ਸਮੇਂ ਦੀ ਯੋਜਨਾ ਬਣਾਏਗੀ ਅਤੇ ਇਹ ਕਮੇਟੀ ਫਰਸਟ ਨੇਸ਼ਨਜ਼ ਦੀਆਂ ਲੋੜਾਂ ਮੁਤਾਬਕ ਕਮਿਊਨਿਟੀ ਦੁਆਰਾ ਚਲਾਏ ਜਾਣ ਵਾਲੇ ਪ੍ਰੋਗਰਾਮ ਅਤੇ ਨੀਤੀਆਂ ਤਿਆਰ ਕਰਨ ਵਿੱਚ ਮਦਦ ਕਰੇਗੀ।
- ਮੁਫ਼ਤ ਸਰਵਿਕਸ (ਬੱਚੇਦਾਨੀ ਦਾ ਹੇਠਲਾ ਹਿੱਸਾ) ਸਵੈ-ਸਕ੍ਰੀਨਿੰਗ ਦੀਆਂ ਕਿੱਟਾਂ: 25 ਤੋਂ 69 ਸਾਲ ਦੇ ਲੋਕ ਕਿਸੇ ਸਿਹਤ ਸੰਭਾਲ ਪ੍ਰਦਾਨਕ ਦੁਆਰਾ ਘਰ ਵਿਖੇ ਜਾਂ ਕਿਸੇ ਕਲੀਨਿਕ ਵਿਖੇ ਹਿਊਮਨ ਪੈਪੀਲੋਮਾ ਵਾਇਰਸ (HPV) ਦੀ ਸਵੈ-ਜਾਂਚ ਕਰਨ ਲਈ ਇੱਕ HPV ਟੈਸਟਿੰਗ ਕਿੱਟ ਆਰਡਰ ਕਰ ਸਕਦੇ ਹਨ। HPV ਸਰਵੀਕਲ ਕੈਂਸਰ ਦਾ ਪ੍ਰਮੁੱਖ ਕਾਰਨ ਹੈ।
- ਗਾਇਨਿਕੌਲੋਜੀਕਲ ਕੈਂਸਰ ਸੰਭਾਲ ਦਾ ਵਿਸਤਾਰ ਕਰਨਾ: ਕਲੋਨਾ ਅਤੇ ਸਰ੍ਹੀ ਵਿੱਚ ਨਵੀਆਂ ਗਾਇਨਿਕੌਲੋਜੀਕਲ ਓਨਕੌਲੋਜੀ ਸਰਜੀਕਲ ਸੇਵਾਵਾਂ ਨੂੰ ਜੋੜ ਕੇ ਕੈਂਸਰ ਦੀ ਸੰਭਾਲ ਤੱਕ ਪਹੁੰਚ ਵਿੱਚ ਸੁਧਾਰ ਕਰਨਾ, ਵੈਨਕੂਵਰ ਅਤੇ ਵਿਕਟੋਰੀਆ ਵਿੱਚ ਮੌਜੂਦਾ ਸੇਵਾਵਾਂ ਦਾ ਵਿਸਤਾਰ ਕਰਨਾ, ਵਧੇਰੇ ਗਾਇਨਿਕੌਲੋਜੀਕਲ ਓਨਕੌਲੋਜਿਸਟ, ਕਲੀਨਿਸ਼ੀਅਨ ਅਤੇ ਸਹਾਇਤਾ ਸਟਾਫ ਦੀ ਭਰਤੀ ਕਰਨਾ ਅਤੇ ਔਪਰੇਟਿੰਗ ਰੂਮ ਦੇ ਘੰਟੇ ਵਧਾਉਣਾ।
- ਮੁਫ਼ਤ ‘ਮੈਨੋਪੌਜ਼’ (ਮਾਹਵਾਰੀ ਸਦਾ ਲਈ ਬੰਦ ਹੋਣਾ) ਇਲਾਜ: ਮਾਰਚ 2026 ਤੋਂ ਕੈਨੇਡਾ ਸਰਕਾਰ ਦੀ ਭਾਈਵਾਲੀ ਨਾਲ ਬੀ ਸੀ ਫਾਰਮਾਕੇਅਰ ਹੇਠ ਮੈਨੋਪੌਜ਼ ਨਾਲ ਜੁੜੇ ਲੱਛਣਾਂ ਦੇ ਇਲਾਜ ਲਈ ‘ਹੌਰਮੋਨ ਰਿਪਲੇਸਮੈਂਟ ਥੈਰੇਪੀ’ (hormone replacement therapy) ਮੁਫ਼ਤ ਮੁਹੱਈਆ ਕਰਵਾਈ ਜਾਵੇਗੀ।
ਅਪ੍ਰੈਲ 2023 ਵਿੱਚ, ਜਦੋਂ ਬੀ.ਸੀ. ਬਿਨਾਂ ਕਿਸੇ ਲਾਗਤ ਦੇ ਗਰਭ ਨਿਰੋਧ ਦੀ ਪੇਸ਼ਕਸ਼ ਕਰਨ ਵਾਲਾ ਕੈਨੇਡਾ ਦਾ ਪਹਿਲਾ ਸੂਬਾ ਬਣਿਆ, ਉਦੋਂ ਤੋਂ ਲੈ ਕੇ ਜਨਵਰੀ 2025 ਤੱਕ, 300,000 ਤੋਂ ਵੱਧ ਲੋਕਾਂ ਨੂੰ ਮੁਫ਼ਤ ਗਰਭ ਨਿਰੋਧਕ ਉਪਲਬਧ ਹੋਏ।
ਮਾਨਸਿਕ ਸਿਹਤ ਅਤੇ ਨਸ਼ੇ ਦੀ ਲਤ ਸਬੰਧੀ ਸੰਭਾਲ ਤੱਕ ਪਹੁੰਚ ਦਾ ਵਿਸਤਾਰ ਕਰਨਾ
ਮਾਨਸਿਕ ਸਿਹਤ, ਨਸ਼ੇ ਦੀ ਲਤ ਅਤੇ ਬੇਘਰੀ ਨਾਲ ਲੋਕਾਂ ਨੂੰ ਦਰਪੇਸ਼ ਚੁਣੌਤੀਆਂ, ਹਾਲ ਹੀ ਦੇ ਸਾਲਾਂ ਵਿੱਚ ਹੋਰ ਵੀ ਗੰਭੀਰ ਹੋ ਗਈਆਂ ਹਨ। ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਵਧੇਰੇ ਖਤਰਨਾਕ ਅਤੇ ਘਾਤਕ ਹੋ ਗਈ ਹੈ – ਜੋ ਸਾਡੇ ਅਜ਼ੀਜ਼ਾਂ ਅਤੇ ਭਾਈਚਾਰਿਆਂ ਨੂੰ ਨੁਕਸਾਨ ਪਹੁੰਚਾ ਰਹੀ ਹੈ।
ਨਸ਼ੇ ਦੀ ਲਤ ਸਬੰਧੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਕੋਈ ਇੱਕ ਅਜਿਹਾ ਹੱਲ ਉਪਲਬਧ ਨਹੀਂ ਹੈ ਜੋ ਸਾਰਿਆਂ ਲਈ ਕੰਮ ਕਰਦਾ ਹੋਵੇ ਜਾਂ ਢੁਕਵਾਂ ਹੋਵੇ। ਇਸ ਲਈ ਅਸੀਂ ਹਰ ਪਾਸਿਓਂ ਕਾਰਵਾਈ ਕਰ ਰਹੇ ਹਾਂ ਤਾਂ ਜੋ ਲੋਕਾਂ ਨੂੰ ਲੋੜੀਂਦੀ ਸੰਭਾਲ ਮੁਹੱਈਆ ਕਰਨ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ, ਜਦੋਂ ਅਤੇ ਜਿੱਥੇ ਉਨ੍ਹਾਂ ਨੂੰ ਇਸਦੀ ਜ਼ਰੂਰਤ ਹੈ, ਚਾਹੇ ਕਿੰਨੀ ਵਾਰੀ ਵੀ ਕੋਸ਼ਿਸ਼ ਕਰਨੀ ਪਵੇ।
ਮਾਨਸਿਕ ਸਿਹਤ ਅਤੇ ਨਸ਼ੇ ਦੀ ਲਤ ਸਬੰਧੀ ਬਿਹਤਰ ਸੰਭਾਲ ਦਾ ਨਿਰਮਾਣ
- ਸਕੂਲਾਂ ਵਿੱਚ ਸਹਾਇਤਾ ਵਧਾ ਕੇ, ਨੌਜਵਾਨਾਂ ਲਈ ਫਾਊਂਡਰੀ ਸੈਂਟਰਾਂ ਦਾ ਵਿਸਤਾਰ ਕਰਕੇ, ਮੁਫਤ ਜਾਂ ਘੱਟ ਲਾਗਤ ਵਾਲੀ ਕਾਊਂਸਲਿੰਗ ਪ੍ਰਦਾਨ ਕਰਕੇ ਅਤੇ ਮਾਪਿਆਂ ਅਤੇ ਸੰਭਾਲ ਕਰਨ ਵਾਲਿਆਂ ਦੀ ਸਹਾਇਤਾ ਕਰਕੇ ਲੋਕਾਂ ਨੂੰ ਜਲਦੀ ਸੰਭਾਲ ਤੱਕ ਪਹੁੰਚ ਕਰਨ ਵਿੱਚ ਮਦਦ ਕਰਨ ਲਈ ਜਲਦੀ ਦਖਲ ਦੇਣਾ।
- ਨੁਕਸਾਨ ਘਟਾਉਣ ਅਤੇ ਓਵਰਡੋਜ਼ ਰੋਕਥਾਮ ਸੇਵਾਵਾਂ ਰਾਹੀਂ ਜਾਨਾਂ ਬਚਾਉਣ ਲਈ ਜੋਖਮ ਨੂੰ ਘਟਾਉਣਾ, ਤਾਂ ਜੋ ਲੋਕ ਲੋੜੀਂਦਾ ਇਲਾਜ ਅਤੇ ਸੰਭਾਲ ਪ੍ਰਾਪਤ ਕਰਨ ਲਈ ਜ਼ਿੰਦਾ ਰਹਿ ਸਕਣ।
- ਇਲਾਜ ਦੇ ਵਿਕਲਪਾਂ ਦਾ ਤੁਰੰਤ ਵਿਸਤਾਰ ਕਰਕੇ, ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸਬੰਧੀ ਇਲਾਜ ਦੇ ਵਧੇਰੇ ਬਿਸਤਰੇ ਉਪਲਬਧ ਕਰਾਕੇ, ਅਤੇ ਰੋਡ ਟੂ ਰਿਕਵਰੀ ਮਾਡਲ ਦਾ ਵਿਸਤਾਰ ਕਰਕੇ, ਜੋ ਲੋਕਾਂ ਨੂੰ ਡੀਟੌਕਸ, ਇਲਾਜ ਅਤੇ ਰਿਕਵਰੀ ਸੇਵਾਵਾਂ ਨਿਰਵਿਘਨ ਢੰਗ ਨਾਲ ਲੈਣ ਵਿੱਚ ਮਦਦ ਕਰਦਾ ਹੈ, ਲੋਕਾਂ ਨੂੰ ਇਲਾਜ ਅਤੇ ਸੰਭਾਲ ਨਾਲ ਜੋੜਨਾ।
- ਲੋਕਾਂ ਨੂੰ ਆਪਣਾ ਜੀਵਨ ਦੁਬਾਰਾ ਸ਼ੁਰੂ ਕਰਨ ਅਤੇ ਨਸ਼ੇ ਦੀ ਲਤ ਦੇ ਮੁੜ ਸ਼ਿਕਾਰ ਹੋਣ ਤੋਂ ਰੋਕਣ ਵਿੱਚ ਮਦਦ ਕਰਨ ਲਈ ਭਾਈਚਾਰੇ ਵਿੱਚ ਚੱਲ ਰਹੇ ਸਹਿਯੋਗ ਨਾਲ ਰਿਕਵਰੀ ਅਤੇ ਤੰਦਰੁਸਤੀ ਦੇ ਰਸਤੇ ਤਿਆਰ ਕਰਨਾ।
- ਸਦਮੇ, ਗਰੀਬੀ ਅਤੇ ਬੇਘਰੀ ਵਰਗੇ ਮੂਲ ਕਾਰਨਾਂ ਨਾਲ ਨਜਿੱਠ ਕੇ ਅਤੇ ਨਾਗਰਿਕਾਂ ਦੀ ਅਗਵਾਈ ਵਾਲੀ ਸੰਕਟ ਪ੍ਰਤੀਕਿਰਿਆ ਟੀਮਾਂ ਦਾ ਵਿਸਤਾਰ ਕਰਕੇ ਸਾਡੇ ਭਾਈਚਾਰਿਆਂ ਵਿੱਚ ਲੋਕਾਂ ਨੂੰ ਸਹਿਯੋਗ ਦੇਣਾ।
- ਹੈਲਥ ਕੈਰੀਅਰ ਐਕਸੈਸ ਪ੍ਰੋਗਰਾਮ ਰਾਹੀਂ ਸਿਖਲਾਈ ਨੂੰ ਵਧਾ ਕੇ ਅਤੇ ਸੁਚਾਰੂ ਬਣਾ ਕੇ ਵਧੇਰੇ ਮਾਨਸਿਕ ਸਿਹਤ ਅਤੇ ਨਸ਼ੇ ਦੀ ਲਤ ਸਬੰਧੀ ਸੰਭਾਲ ਦੇ ਕਰਮਚਾਰੀਆਂ ਨੂੰ ਸ਼ਾਮਲ ਕਰਨਾ।
ਸੰਭਾਲ ਤੱਕ ਪਹੁੰਚ ਕਿਵੇਂ ਕਰਨੀ ਹੈ
- ਜੇ ਤੁਸੀਂ ਕਿਸੇ ਮਾਨਸਿਕ ਸਿਹਤ ਐਮਰਜੈਂਸੀ ਦਾ ਸਾਹਮਣਾ ਕਰ ਰਹੇ ਹੋ, ਤਾਂ 9-1-1 'ਤੇ ਕਾਲ ਕਰੋ ਜਾਂ ਆਪਣੇ ਸਥਾਨਕ ਐਮਰਜੈਂਸੀ ਵਿਭਾਗ ਵਿੱਚ ਜਾਓ।
- ਆਪਣੇ ਖੇਤਰ ਵਿੱਚ ਮਾਨਸਿਕ ਸਿਹਤ ਅਤੇ ਨਸ਼ੇ ਦੀ ਲਤ ਸਬੰਧੀ ਸਹਾਇਤਾਵਾਂ ਲੱਭੋ:
ਬੀ.ਸੀ. ਨੇ ਸਾਲ 2017 ਤੋਂ ਲੈ ਕੇ ਹੁਣ ਤੱਕ, 700 ਤੋਂ ਵੱਧ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਇਲਾਜ ਅਤੇ ਰਿਕਵਰੀ ਬੈੱਡ ਖੋਲ੍ਹੇ ਹਨ, ਜਿਸ ਨਾਲ ਕੁੱਲ ਬੈੱਡਾਂ ਦੀ ਗਿਣਤੀ 3,700 ਤੋਂ ਵੱਧ ਹੋ ਗਈ ਹੈ। ਸਾਲ 2023 ਵਿੱਚ 5,300 ਤੋਂ ਵੱਧ ਲੋਕਾਂ ਨੂੰ ਲਿਵ-ਇਨ ਇਲਾਜ ਅਤੇ ਰਿਕਵਰੀ ਸਹਾਇਤਾ ਮਿਲੀ – ਜੋ ਕਿ ਸਾਲ 2022 ਨਾਲੋਂ 1,100 ਵੱਧ ਹੈ।

ਹਰ ਕਿਸੇ ਲਈ ਬਿਹਤਰ ਅਤੇ ਵਧੇਰੇ ਤੇਜ਼ ਸਿਹਤ ਸੰਭਾਲ ਉਪਲਬਧ ਕਰਵਾਉਣਾ
ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਸਿਹਤ ਸੰਭਾਲ ਹਰੇਕ ਲਈ ਹੋਰ ਬਿਹਤਰ ਤਰੀਕੇ ਨਾਲ ਕੰਮ ਕਰੇ। ਇਸ ਲਈ ਅਸੀਂ ਨਵੀਆਂ ਪਹੁੰਚਾਂ ਅਪਣਾ ਰਹੇ ਹਾਂ ਅਤੇ ਸਫਲ ਤਰੀਕਿਆਂ ਦਾ ਵਿਸਤਾਰ ਕਰ ਰਹੇ ਹਾਂ।

ਬੀ.ਸੀ. ਨੇ ਸਾਲ 2023-24 ਵਿੱਚ ਰਿਕਾਰਡ ਗਿਣਤੀ ਵਿੱਚ ਸਰਜਰੀਆਂ ਮੁਕੰਮਲ ਕੀਤੀਆਂ ਅਤੇ ਇੱਥੇ ਸਰਜਰੀ ਲਈ ਉਡੀਕ ਸਮਾਂ ਦੇਸ਼ ਭਰ ਵਿੱਚ ਸਭ ਤੋਂ ਘੱਟ ਵਿੱਚੋਂ ਇੱਕ ਹੈ

ਬੀ.ਸੀ. ਨੇ ਸਾਲ 2023-24 ਵਿੱਚ 177,000 ਰੇਡੀਏਸ਼ਨ ਅਤੇ 84,000 ਕੀਮੋਥੈਰੇਪੀ ਦੇ ਇਲਾਜ ਮੁਹੱਈਆ ਕੀਤੇ – ਜੋ ਪਿਛਲੇ ਸਾਲ ਨਾਲੋਂ ਵੱਧ ਹੈ

ਬੀ.ਸੀ. ਨੇ ਸਾਲ 2023-24 ਵਿੱਚ 650 ਤੋਂ ਵੱਧ ਐਂਬੂਲੈਂਸਾਂ ਅਤੇ 270 ਸਹਾਇਤਾ ਵਾਹਨ ਚਲਾਏ – ਜੋ ਸਾਲ 2017 ਦੇ ਮੁਕਾਬਲੇ 88% ਵਾਧੇ ਨੂੰ ਦਰਸਾਉਂਦੇ ਹਨ
ਉਨ੍ਹਾਂ ਜਨਤਕ ਸਿਹਤ ਸੇਵਾਵਾਂ ਦੀ ਸੁਰੱਖਿਆ ਕਰਨਾ ਜਿਨ੍ਹਾਂ 'ਤੇ ਅਸੀਂ ਨਿਰਭਰ ਹਾਂ
ਅਸੀਂ ਵੱਧ ਰਹੀ ਅਤੇ ਉਮਰ ਵਿੱਚ ਵੱਡੀ ਹੋ ਰਹੀ ਆਬਾਦੀ ਦੀਆਂ ਲੋੜਾਂ, ਅਤੇ ਕੈਨੇਡਾ ਤੋਂ ਬਾਹਰੋਂ ਆ ਰਹੀਆਂ ਅਸਧਾਰਨ ਆਰਥਿਕ ਚੁਣੌਤੀਆਂ ਕਾਰਨ ਬੱਜਟ ਸੀਮਾਵਾਂ ਦਾ ਸਾਹਮਣਾ ਕਰ ਰਹੇ ਹਾਂ। ਇਸ ਦੌਰਾਨ ਅਸੀਂ ਉਨ੍ਹਾਂ ਮਹੱਤਵਪੂਰਨ ਜਨਤਕ ਸਿਹਤ ਸੇਵਾਵਾਂ ਦੀ ਸੁਰੱਖਿਆ ਕਰਨ ਲਈ ਵਚਨਬੱਧ ਹਾਂ ਜਿਨ੍ਹਾਂ 'ਤੇ ਸਾਰੇ ਬ੍ਰਿਟਿਸ਼ ਕੋਲੰਬੀਆ ਵਾਸੀ ਨਿਰਭਰ ਹਨ।
ਉਹ ਕਾਰਵਾਈਆਂ ਜੋ ਅਸੀਂ ਕਰ ਰਹੇ ਹਾਂ
- ਸਿਹਤ ਮੰਤਰਾਲੇ ਦੇ ਸਾਰੇ ਪ੍ਰੋਗਰਾਮਾਂ ਅਤੇ ਪਹਿਲਕਦਮੀਆਂ ਦੀ ਸਮੀਖਿਆ ਕਰਨਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਖ਼ਰਚਿਆਂ ਨੂੰ ਕਾਬੂ ਵਿੱਚ ਰੱਖਦੇ ਹੋਏ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੀ ਸਿਹਤ ਵਿੱਚ ਯੋਗਦਾਨ ਪਾ ਰਹੇ ਹਨ।
- ਬੇਲੋੜੇ ਪ੍ਰਸ਼ਾਸਕੀ ਖ਼ਰਚਿਆਂ ਨੂੰ ਘਟਾਉਣਾ ਅਤੇ ਫਰੰਟ ਲਾਈਨ ਪੇਸ਼ੈਂਟ ਸੰਭਾਲ ਲਈ ਸਰੋਤਾਂ ਦੀ ਸਹੀ ਵਰਤੋਂ ਲਈ ਸਿਹਤ ਅਥਾਰਿਟੀਆਂ ਦੀ ਸਮੀਖਿਆ ਕਰਨਾ।
- ਨਵੀਨਤਾਕਾਰੀ ਪਹੁੰਚਾਂ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਰਾਹੀਂ ਸਿਹਤ ਸੰਭਾਲ ਨੂੰ ਮਜ਼ਬੂਤ ਬਣਾਉਣ ਦੇ ਮੌਕਿਆਂ ਦਾ ਲਾਭ ਉਠਾਉਣਾ।
ਹੋਰ ਜਾਣੋ
ਭਰੋਸੇਯੋਗ ਕੈਂਸਰ ਸੰਭਾਲ ਮੁਹੱਈਆ ਕਰਨਾ
ਸਾਡੀ ਆਬਾਦੀ ਦੇ ਵੱਧਣ ਅਤੇ ਉਮਰ ਵਿੱਚ ਵੱਡੇ ਹੋਣ ਦੇ ਨਾਲ, ਕੈਂਸਰ ਦੀ ਸੰਭਾਲ ਦੀ ਮੰਗ ਵਧਦੀ ਜਾ ਰਹੀ ਹੈ। ਲਗਭਗ 50% ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੇ ਜੀਵਨ ਦੇ ਕਿਸੇ ਨਾ ਕਿਸੇ ਸਮੇਂ ਉਨ੍ਹਾਂ ਵਿੱਚ ਕੈਂਸਰ ਦੀ ਪਛਾਣ ਕੀਤੀ ਜਾਏਗੀ।
ਬਿਹਤਰ ਇਲਾਜ ਲੋਕਾਂ ਨੂੰ ਲੰਮੀ, ਸਿਹਤਮੰਦ ਜ਼ਿੰਦਗੀ ਜਿਉਣ ਵਿੱਚ ਮਦਦ ਕਰਦੇ ਹਨ। ਬੀ.ਸੀ. ਦੀ 10 ਸਾਲਾ ਕੈਂਸਰ ਯੋਜਨਾ (Cancer Care Action Plan) ਰਾਹੀਂ ਅਸੀਂ ਹੁਣ ਕੈਂਸਰ ਦੀ ਬਿਹਤਰ ਰੋਕਥਾਮ, ਉਸਦਾ ਪਤਾ ਲਗਾਉਣ ਅਤੇ ਇਲਾਜ ਕਰਨ, ਅਤੇ ਭਵਿੱਖ ਦੀਆਂ ਵਧਦੀਆਂ ਜ਼ਰੂਰਤਾਂ ਲਈ ਤਿਆਰੀ ਕਰਨ ਲਈ ਤੁਰੰਤ ਕਦਮ ਚੁੱਕ ਰਹੇ ਹਾਂ।
10 ਸਾਲ ਲਈ ਟੀਚੇ
- ਵਧੇਰੇ ਲੋਕਾਂ ਲਈ ਕੈਂਸਰ ਮੁਕਤ ਭਵਿੱਖ ਨੂੰ ਸੁਰੱਖਿਅਤ ਕਰਨਾ, ਜਿਸ ਵਿੱਚ ਬੀ.ਸੀ. ਵਿੱਚ ਸਰਵੀਕਲ ਕੈਂਸਰ (ਬੱਚੇਦਾਨੀ ਦੇ ਹੇਠਲੇ ਹਿੱਸੇ ਦਾ ਕੈਂਸਰ) ਨੂੰ ਖਤਮ ਕਰਨਾ ਵੀ ਸ਼ਾਮਲ ਹੈ।
- ਹਜ਼ਾਰਾਂ ਹੋਰ ਲੋਕਾਂ ਦੀ ਕੈਂਸਰ ਨਾਲ ਨਜਿੱਠਣ ਵਿੱਚ ਮਦਦ ਕਰਨੀ ਅਤੇ ਕੈਂਸਰ ਨਾਲ ਜੀ ਰਹੇ ਲੋਕਾਂ ਲਈ ਜੀਵਨ ਦੀ ਮਿਆਦ ਅਤੇ ਗੁਣਵੱਤਾ ਵਧਾਉਣੀ।
- ਯਕੀਨੀ ਬਣਾਉਣਾ ਕਿ ਬੀ.ਸੀ. ਦੀ ਕੈਂਸਰ ਸੰਭਾਲ ਪ੍ਰਣਾਲੀ ਆਧੁਨਿਕ ਅਤੇ ਪ੍ਰਮਾਣ-ਅਧਾਰਤ ਸੰਭਾਲ ਮੁਹੱਈਆ ਕਰਦੀ ਹੈ।
ਉਹ ਕਾਰਵਾਈਆਂ ਜੋ ਅਸੀਂ ਕਰ ਰਹੇ ਹਾਂ
- ਕੈਂਸਰ ਦੀ ਰੋਕਥਾਮ ਅਤੇ ਪਛਾਣ ਵਿੱਚ ਸੁਧਾਰ ਕਰਨਾ:
- ਇਲਾਜ ਤੱਕ ਪਹੁੰਚ ਵਿੱਚ ਸੁਧਾਰ ਕਰਨਾ:
- ਕੈਂਸਰ ਸੈਂਟਰਾਂ ਵਿੱਚ ਸੇਵਾ ਦੇ ਘੰਟਿਆਂ ਦਾ ਵਿਸਤਾਰ ਕਰਨਾ ਤਾਂ ਜੋ ਵਧੇਰੇ ਮਰੀਜ਼ ਟੈਸਟਿੰਗ, ਇਲਾਜ ਅਤੇ ਰੇਡੀਏਸ਼ਨ ਤੱਕ ਵਧੇਰੇ ਤੇਜ਼ੀ ਨਾਲ ਪਹੁੰਚ ਕਰ ਸਕਣ।
- ਕਲਿਨੀਕਲ ਟ੍ਰਾਇਲ, ਜੀਨੋਮਿਕ ਟੈਸਟਿੰਗ ਅਤੇ ਨਵੇਂ ਡਾਇਗਨੌਸਟਿਕ ਅਤੇ ਟੀਚਾਬੱਧ ਇਲਾਜ ਜਿਵੇਂ ਕਿ CAR-T (ਇਮਿਊਨੋਥੈਰੇਪੀ) ਤੱਕ ਪਹੁੰਚ ਦਾ ਵਿਸਤਾਰ ਕਰਨਾ।
- ਪੇਂਡੂ ਅਤੇ ਦੂਰ-ਦੁਰਾਡੇ ਦੇ ਭਾਈਚਾਰਿਆਂ ਵਿੱਚ ਰਹਿਣ ਵਾਲੇ ਵਧੇਰੇ ਲੋਕਾਂ ਨੂੰ ਅਪੌਇੰਟਮੈਂਟਾਂ ਲਈ ਸਫ਼ਰ ਦੇ ਖ਼ਰਚਿਆਂ ਦਾ ਭੁਗਤਾਨ ਕਰਨ ਵਿੱਚ ਮਦਦ ਕਰਨ ਲਈ ‘ਟ੍ਰੈਵਲ ਫੰਡਿੰਗ’ ਵਧਾਉਣਾ।
- ਕੈਂਸਰ ਦੀ ਸੰਭਾਲ ਹੋਰ ਲੋਕਾਂ ਦੇ ਵਧੇਰੇ ਨੇੜੇ ਲਿਆਉਣ ਲਈ, ਬਰਨਬੀ, ਕੈਮਲੂਪਸ, ਨਨਾਇਮੋ ਅਤੇ ਸਰ੍ਹੀ ਵਿੱਚ ਚਾਰ ਨਵੇਂ ਕੈਂਸਰ ਸੈਂਟਰ ਬਣਾਉਣਾ, ਜਿਸ ਨਾਲ ਸੈਂਟਰਾਂ ਦੀ ਕੁੱਲ ਗਿਣਤੀ 10 ਹੋ ਜਾਵੇਗੀ।
- ਵਧੇਰੇ ਟੀਮ-ਅਧਾਰਤ ਸੰਭਾਲ ਮੁਹੱਈਆ ਕਰਨਾ:
- ਬਹੁ-ਅਨੁਸ਼ਾਸਨੀ ਸੰਭਾਲ ਟੀਮਾਂ ਦਾ ਵਿਸਤਾਰ ਕਰਨ ਲਈ ਵਧੇਰੇ ਓਨਕੌਲੋਜਿਸਟ ਅਤੇ ਕੈਂਸਰ-ਸੰਭਾਲ ਮਾਹਰਾਂ ਨੂੰ ਕੰਮ ‘ਤੇ ਰੱਖਣਾ।
- ਬੀ.ਸੀ. ਵਿੱਚ ਵਧੇਰੇ ਓਨਕੌਲੋਜਿਸਟਾਂ ਦੀ ਭਰਤੀ ਅਤੇ ਉਨ੍ਹਾਂ ਨੂੰ ਕੰਮ ‘ਤੇ ਬਰਕਰਾਰ ਰੱਖਣ ਵਿੱਚ ਮਦਦ ਕਰਨ ਲਈ ਤਨਖਾਹ ਦੇ ਨਵੇਂ ਢਾਂਚੇ ਲਾਗੂ ਕਰਨਾ।
- ਸਿਖਲਾਈ ਦੀਆਂ ਸੀਟਾਂ ਵਿੱਚ ਵਾਧਾ ਕਰਨਾ ਅਤੇ ਨਵੀਆਂ ਬਰਸਰੀਆਂ ਅਤੇ ਸਕਾਲਰਸ਼ਿਪ (ਵਜ਼ੀਫੇ) ਪ੍ਰਦਾਨ ਕਰਨਾ ਤਾਂ ਜੋ ਵਧੇਰੇ ਲੋਕਾਂ ਨੂੰ ਰੇਡੀਏਸ਼ਨ ਥੈਰੇਪਿਸਟ, ਮੈਡੀਕਲ ਇਮੇਜਿੰਗ ਟੈਕਨੋਲੌਜਿਸਟ ਅਤੇ ਮੈਡੀਕਲ ਫਿਜ਼ੀਸਿਸਟਸ ਵਰਗੇ ਕੈਂਸਰ ਸੰਭਾਲ ਟੀਮ ਦੇ ਅਹੁਦਿਆਂ ਲਈ ਸਿਖਲਾਈ ਦੇਣ ਵਿੱਚ ਮਦਦ ਕੀਤੀ ਜਾ ਸਕੇ।
- ਇੰਡੀਜਨਸ (ਮੂਲ ਨਿਵਾਸੀ) ਮਰੀਜ਼ਾਂ ਦੀ ਸਿੱਧੇ ਤੌਰ ‘ਤੇ ਸਹਾਇਤਾ ਕਰਨ ਲਈ ਵਧੇਰੇ ਇੰਡੀਜਨਸ ਪੇਸ਼ੈਂਟ ਨੈਵੀਗੇਟਰ ਸ਼ਾਮਲ ਕਰਨਾ।
- ਸਹਿਯੋਗ ਅਤੇ ਨਵੀਨਤਾਕਾਰੀ ਨੂੰ ਮਜ਼ਬੂਤ ਕਰਨਾ:
- ਖੋਜ ਵਿੱਚ ਵਧੇਰੇ ਪ੍ਰਤਿਭਾਸ਼ਾਲੀ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਸਟਾਰਟ-ਅੱਪ ਅਤੇ ‘ਸੀਡ ਗ੍ਰਾਂਟਾਂ’ (ਕਿਸੇ ਨਵੇਂ ਪ੍ਰੋਜੈਕਟ ਲਈ ਦਿੱਤਾ ਜਾਣ ਵਾਲਾ ਸ਼ੁਰੂਆਤੀ ਫੰਡ) ਦੇਣਾ।
ਹੋਰ ਜਾਣੋ
ਸਾਲ 2023-24 ਵਿੱਚ, ਬੀ.ਸੀ. ਨੇ ਪਿਛਲੇ ਸਾਲ ਦੇ ਮੁਕਾਬਲੇ 177,000 ਰੇਡੀਏਸ਼ਨ ਇਲਾਜ (5% ਵੱਧ) ਅਤੇ 84,400 ਕੀਮੋਥੈਰੇਪੀ ਇਲਾਜ (9% ਵੱਧ) ਕੀਤੇ।
ਵਧੇਰੇ ਸਰਜਰੀਆਂ ਮੁਹੱਈਆ ਕਰਵਾਉਣਾ
ਅਸੀਂ ਬਿਹਤਰ, ਵਧੇਰੇ ਤੇਜ਼ ਸਰਜੀਕਲ ਸੰਭਾਲ ਉਪਲਬਧ ਕਰਵਾਉਣ ਲਈ ਸਿਹਤ ਅਥਾਰਿਟੀਆਂ ਨਾਲ ਕੰਮ ਕਰ ਰਹੇ ਹਾਂ ਤਾਂ ਜੋ ਮਰੀਜ਼ ਠੀਕ ਹੋ ਸਕਣ ਅਤੇ ਹੋਰ ਜਲਦੀ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਵਾਪਸ ਜਾ ਸਕਣ।
ਉਹ ਕਾਰਵਾਈਆਂ ਜੋ ਅਸੀਂ ਕਰ ਰਹੇ ਹਾਂ
- ਜਿੱਥੇ ਸੰਭਵ ਹੋਵੇ, ਉੱਥੇ ਔਪਰੇਟਿੰਗ ਰੂਮ ਦੇ ਘੰਟੇ ਵਧਾਏ ਗਏ ਹਨ, ਤਾਂ ਜੋ ਸ਼ਾਮ ਨੂੰ ਅਤੇ ਵੀਕਏਂਡ ‘ਤੇ ਵੀ ਸਰਜਰੀਆਂ ਕੀਤੀਆਂ ਜਾ ਸਕਣ। ਸਾਲ 2023-24 ਵਿੱਚ 3,65,825 ਸਰਜਰੀਆਂ ਮੁਕੰਮਲ ਕੀਤੀਆਂ ਗਈਆਂ ਜੋ ਕਿ ਇੱਕ ਰਿਕਾਰਡ ਹੈ।
- ਸਮਰੱਥਾ ਵਧਾਉਣ ਲਈ ਹਸਪਤਾਲਾਂ ਵਿੱਚ ਔਪਰੇਟਿੰਗ ਰੂਮਾਂ ਦਾ ਨਿਰਮਾਣ ਅਤੇ ਵਿਸਤਾਰ ਕਰਨਾ।
- ਵਧੇਰੇ ਸਰਜਨ ਅਤੇ ਸਰਜੀਕਲ ਸੰਭਾਲ ਟੀਮਾਂ ਨੂੰ ਕੰਮ ‘ਤੇ ਰੱਖਣਾ: ਬੀ.ਸੀ. ਨੇ ਅਪ੍ਰੈਲ 2020 ਅਤੇ ਮਾਰਚ 2024 ਦੇ ਵਿਚਕਾਰ 189 ਸਰਜਨ, 152 ਐਨੇਸਥੀਸੀਔਲੋਜਿਸਟ, 313 ਪੈਰੀਔਪਰੇਟਿਵ ਨਰਸ, 12 ਜਨਰਲ ਫਿਜ਼ੀਸ਼ੀਅਨ/ ਫੈਮਿਲੀ ਫਿਜ਼ੀਸ਼ੀਅਨ ਐਨੇਸਥੈਟਿਸਟ ਅਤੇ 106 ਮੈਡੀਕਲ ਡਿਵਾਈਸ ਰੀਪ੍ਰੋਸੈਸਿੰਗ ਟੈਕਨੀਸ਼ੀਅਨ ਸ਼ਾਮਲ ਕੀਤੇ ਹਨ।
- ਵਧੇਰੇ ਸਰਜੀਕਲ ਸਪੈਸ਼ਲਟੀ ਨਰਸਾਂ ਨੂੰ ਸਿਖਲਾਈ ਦੇਣਾ: 692 ਸਪੈਸ਼ਲਟੀ ਸਰਜੀਕਲ ਨਰਸਾਂ ਨੇ ਸਾਲ 2023-24 ਵਿੱਚ ਆਪਣੀ ਸਿਖਲਾਈ ਪੂਰੀ ਕੀਤੀ, ਜਿਸ ਨਾਲ ਅਪ੍ਰੈਲ 2020 ਤੋਂ ਸਿਖਲਾਈ ਪ੍ਰਾਪਤ ਸਰਜੀਕਲ ਨਰਸਾਂ ਦੀ ਕੁੱਲ ਗਿਣਤੀ 1,634 ਹੋ ਗਈ।
ਹੋਰ ਜਾਣੋ
ਸਾਲ 2019-20 ਦੇ ਮੁਕਾਬਲੇ, ਔਪਰੇਟਿੰਗ ਰੂਮ ਸਾਲ 2023-24 ਵਿੱਚ 52,600+ ਤੋਂ ਵੱਧ ਘੰਟਿਆਂ ਲਈ ਖੁੱਲ੍ਹੇ ਰਹੇ (9% ਵੱਧ)।
ਅਰਜੈਂਟ ਕਾਲਾਂ ਲਈ ਐਂਬੂਲੈਂਸ ਸੇਵਾਵਾਂ ਵਿੱਚ ਤੇਜ਼ੀ ਲਿਆਉਣਾ
ਐਂਬੂਲੈਂਸ ਸੇਵਾਵਾਂ ਦੀ ਮੰਗ ਸਾਡੀ ਵਧਦੀ ਅਤੇ ਉਮਰ ਵਿੱਚ ਵੱਡੀ ਹੋ ਰਹੀ ਆਬਾਦੀ ਅਤੇ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੇ ਸੰਕਟ ਦੀਆਂ ਚੁਣੌਤੀਆਂ ਕਾਰਨ ਵੱਧ ਰਹੀ ਹੈ।
ਅਸੀਂ ਬੀ.ਸੀ. ਵਿੱਚ ਐਂਬੂਲੈਂਸ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਹੇ ਹਾਂ ਜਿਸ ਵਿੱਚ ਤੇਜ਼ ਪ੍ਰਤੀਕਿਰਿਆ ਲਈ ਘੱਟ ਸਮਾਂ, ਬਿਹਤਰ ਕਵਰੇਜ ਅਤੇ ਪੈਰਾਮੈਡਿਕਸ ਦੀ ਭਰਤੀ, ਉਨ੍ਹਾਂ ਨੂੰ ਕੰਮ ‘ਤੇ ਬਰਕਰਾਰ ਰੱਖਣ ਅਤੇ ਸਿਖਲਾਈ ਦੇਣ ਲਈ ਵਧੇਰੇ ਸਹਾਇਤਾ ਸ਼ਾਮਲ ਹੈ।
ਉਹ ਕਾਰਵਾਈਆਂ ਜੋ ਅਸੀਂ ਕਰ ਰਹੇ ਹਾਂ
- ਸਾਲ 2023-24 ਵਿੱਚ 658 ਐਂਬੂਲੈਂਸਾਂ ਅਤੇ 273 ਸਹਾਇਕ ਵਾਹਨਾਂ ਦੀ ਵਰਤੋਂ ਕੀਤੀ ਗਈ, ਜੋ ਸਾਲ 2017 ਦੇ ਮੁਕਾਬਲੇ 88% ਵੱਧ ਹਨ।
- ਸਾਲ 2017 ਅਤੇ ਸਾਲ 2024 ਦੇ ਵਿਚਕਾਰ 5 ਹੋਰ ਏਅਰ ਐਂਬੂਲੈਂਸਾਂ ਸ਼ਾਮਲ ਕੀਤੀਆਂ ਗਈਆਂ, ਜਿਸ ਨਾਲ ਇਨ੍ਹਾਂ ਦੀ ਕੁੱਲ ਗਿਣਤੀ 15 ਹੋ ਗਈ, ਤਾਂ ਜੋ ਉਨ੍ਹਾਂ ਇਲਾਕਿਆਂ ਵਿੱਚ ਐਮਰਜੈਂਸੀ ਸੰਭਾਲ ਵਿੱਚ ਸੁਧਾਰ ਕੀਤਾ ਜਾ ਸਕੇ, ਜਿੱਥੇ ਅਸਾਨੀ ਨਾਲ ਪਹੁੰਚਣਾ ਸੰਭਵ ਨਹੀਂ ਹੈ।
- ਸਾਲ 2017 ਤੋਂ ਲੈ ਕੇ ਹੁਣ ਤੱਕ 1,104 ਨਵੇਂ ਪੈਰਾਮੈਡੀਕਲ ਕਰਮਚਾਰੀਆਂ ਦੀ ਭਰਤੀ ਕੀਤੀ ਗਈ ਹੈ, ਜਿਸ ਨਾਲ ਇਨ੍ਹਾਂ ਦੀ ਕੁੱਲ ਗਿਣਤੀ 5,040 ਹੋ ਗਈ ਹੈ।
- ਆਨ-ਕਾਲ ਮਾਡਲ ਨੂੰ ਪੜਾਅਵਾਰ ਢੰਗ ਨਾਲ ਖਤਮ ਕਰਕੇ, ਸਾਲ 2024 ਵਿੱਚ ਇੱਕ ਨਵਾਂ ਸਮਾਂ-ਸਾਰਣੀ ਮਾਡਲ ਪੇਸ਼ ਕੀਤਾ ਗਿਆ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭਾਈਚਾਰੇ ਦੀਆਂ ਵਿਲੱਖਣ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ, ਪੈਰਾਮੈਡਿਕਸ ਨੂੰ ਹੋਰ ਬਿਹਤਰ ਸਹਾਇਤਾ ਮਿਲੇ, ਅਤੇ ਮਰੀਜ਼ਾਂ ਦੀ ਸੰਭਾਲ ਤੱਕ ਵਧੇਰੇ ਤੇਜ਼ੀ ਨਾਲ ਪਹੁੰਚ ਹੋਵੇ।
- ਬਹੁਤ ਸਾਰੇ ਪਾਰਟ-ਟਾਈਮ ਅਹੁਦਿਆਂ ਨੂੰ ਫੁੱਲ-ਟਾਈਮ ਵਿੱਚ ਤਬਦੀਲ ਕੀਤਾ ਗਿਆ ਅਤੇ ਨਵੇਂ ਸਮਾਂ-ਸਾਰਣੀ ਮਾਡਲਾਂ ਨੂੰ ਸਹਿਯੋਗ ਦੇਣ ਲਈ 271 ਫੁੱਲ-ਟਾਈਮ ਅਹੁਦੇ ਸ਼ਾਮਲ ਕੀਤੇ ਗਏ। ਸਾਲ 2024 ਤੱਕ 62% ਪੈਰਾਮੈਡੀਕਲ ਕਰਮਚਾਰੀਆਂ ਕੋਲ ਸਥਾਈ ਅਹੁਦੇ ਹਨ, ਜੋ ਸਾਲ 2017-18 ਦੇ ਮੁਕਾਬਲੇ 28% ਦਾ ਵਾਧਾ ਹੈ।
- ਸਾਲ 2022 ਵਿੱਚ ਪੈਰਾਮੈਡਿਕਸ ਦੇ ਕੰਮ ਦੇ ਦਾਇਰੇ ਨੂੰ ਵਧਾਇਆ ਗਿਆ ਅਤੇ ਸਿਖਲਾਈ ਪ੍ਰੋਗਰਾਮਾਂ ਦਾ ਵਿਸਤਾਰ ਕੀਤਾ ਗਿਆ ਤਾਂ ਜੋ ਉਹ ਸਿਹਤ ਸੰਭਾਲ ਸੰਬੰਧੀ ਲੋੜਾਂ ਦੀ ਇੱਕ ਵਿਸ਼ਾਲ ਲੜੀ ਨਾਲ ਨਜਿੱਠ ਸਕਣ।
- ਸਾਲ 2022 ਵਿੱਚ ਸੰਭਾਲ ਦਾ ਇੱਕ ਨਵਾਂ ਮਾਡਲ ਸਥਾਪਤ ਕੀਤਾ ਗਿਆ, ਤਾਂ ਜੋ ਅਜਿਹੀਆਂ ਕਾਲਾਂ ਜੋ ਜਾਨਲੇਵਾ ਜੋਖਮ ਵਾਲੀਆਂ ਨਹੀਂ ਹੁੰਦੀਆਂ, ਉਨ੍ਹਾਂ ਨੂੰ ਸਹੀ ਸਿਹਤ ਅਤੇ ਮਾਨਸਿਕ ਸਿਹਤ ਸੇਵਾਵਾਂ ਨਾਲ ਜੋੜਿਆ ਜਾ ਸਕੇ, ਜਿਸ ਨਾਲ ਐਮਰਜੈਂਸੀ ਸੇਵਾਵਾਂ 'ਤੇ ਦਬਾਅ ਘੱਟ ਸਕੇ। ਮਈ 2024 ਤੱਕ 14,000 ਤੋਂ ਵੱਧ ਲੋਕਾ ਐਮਰਜੈਂਸੀ ਰੂਮ ਵਿੱਚ ਜਾਣ ਤੋਂ ਬਚ ਗਏ।
- ਪੈਰਾਮੈਡਿਕਸ, ਡਿਸਪੈਚਰ, ਕਾਲ ਲੈਣ ਵਾਲਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਬਿਹਤਰ ਸਹਾਇਤਾ ਲਈ ਸਾਲ 2024 ਵਿੱਚ 175 ਬੀ.ਸੀ. EHS ਮਾਨਸਿਕ ਸਿਹਤ ਪੇਸ਼ੇਵਰਾਂ ਨੂੰ ਨਿਯੁਕਤ ਕੀਤਾ ਗਿਆ।
ਹੋਰ ਜਾਣੋ
ਪੇਂਡੂ ਅਤੇ ਦੂਰ-ਦੁਰਾਡੇ ਦੇ ਭਾਈਚਾਰਿਆਂ ਵਿੱਚ ਜਾਨਲੇਵਾ ਪਰਿਸਥਿਤੀਆਂ ਦਾ ਸਾਹਮਣਾ ਕਰਨ ਵਾਲੇ ਲੋਕਾਂ ਲਈ ਐਂਬੂਲੈਂਸ ਦੀ ਉਡੀਕ ਦਾ ਸਮਾਂ ਲਗਭਗ 20% ਘੱਟ ਗਿਆ, ਜੋ ਸਾਲ 2017 ਵਿੱਚ 8 ਮਿੰਟ ਅਤੇ 53 ਸਕਿੰਟ ਤੋਂ ਘੱਟ ਕੇ ਸਾਲ 2023 ਵਿੱਚ 7 ਮਿੰਟ ਅਤੇ 14 ਸਕਿੰਟ ਹੋ ਗਿਆ।
ਹਸਪਤਾਲਾਂ ਵਿੱਚ ਮਰੀਜ਼ਾਂ ਦੀ ਸੰਭਾਲ ਵਿੱਚ ਸੁਧਾਰ ਕਰਨਾ
ਬੀ.ਸੀ. ਕੈਨੇਡਾ ਦਾ ਪਹਿਲਾ ਸੂਬਾ ਹੈ ਜਿਸ ਨੇ ਹਸਪਤਾਲਾਂ ਵਿੱਚ ਘੱਟੋ-ਘੱਟ ਨਰਸ-ਮਰੀਜ਼ ਅਨੁਪਾਤ ਸਥਾਪਤ ਕੀਤਾ ਹੈ, ਜੋ ਇੱਕ ਸਪੱਸ਼ਟ ਮਿਆਰ ਨਿਰਧਾਰਤ ਕਰਦਾ ਹੈ ਕਿ ਇੱਕ ਨਰਸ ਕਿੰਨੇ ਮਰੀਜ਼ਾਂ ਦੀ ਦੇਖਭਾਲ ਕਰ ਸਕਦਾ/ਸਕਦੀ ਹੈ।
ਇਹ ਅਨੁਪਾਤ, ਨਰਸਾਂ ਨੂੰ ਮਰੀਜ਼ਾਂ ਨਾਲ ਵਧੇਰੇ ਸਮਾਂ ਬਿਤਾਉਣ ਦੇ ਸਮਰੱਥ ਕਰਦੇ ਹਨ, ਜਿਸ ਨਾਲ ਸਿਹਤ ਦੇ ਨਤੀਜਿਆਂ ਵਿੱਚ ਸੁਧਾਰ ਹੁੰਦਾ ਹੈ, ਹਸਪਤਾਲ ਵਿੱਚ ਰਹਿਣ ਦਾ ਸਮਾਂ ਘਟਦਾ ਹੈ, ਅਤੇ ਕੰਮ ਦਾ ਸੁਰੱਖਿਅਤ ਮਾਹੌਲ ਬਣਦਾ ਹੈ। ਨਰਸ-ਮਰੀਜ਼ ਅਨੁਪਾਤ ਵੀ ਭਰਤੀ ਦੀ ਇੱਕ ਮਹੱਤਵਪੂਰਨ ਕਾਰਜਨੀਤੀ ਹੈ।
ਉਹ ਕਾਰਵਾਈਆਂ ਜੋ ਅਸੀਂ ਕਰ ਰਹੇ ਹਾਂ
- ਐਮਰਜੈਂਸੀ ਵਿਭਾਗ, ਨਵਜੰਮੇ ਬੱਚਿਆਂ (ਨਿਓ-ਨੇਟਲ) ਦੇ ਇੰਟੈਂਸਿਵ ਕੇਅਰ ਯੂਨਿਟ, ਪੋਸਟ-ਐਨੇਸਥੀਸੀਆ ਕੇਅਰ ਯੂਨਿਟ, ਮੈਟਰਨਿਟੀ ਯੂਨਿਟ, ਔਪਰੇਟਿੰਗ ਰੂਮ ਅਤੇ ਵਿਕਲਪਕ ਸੰਭਾਲ ਦੇ ਖੇਤਰਾਂ ਵਰਗੇ ਹਸਪਤਾਲ ਦੇ ਕੁਝ ਹਿੱਸਿਆਂ ਵਿੱਚ ਨਰਸ-ਮਰੀਜ਼ ਅਨੁਪਾਤ ਲਾਗੂ ਕੀਤਾ ਜਾ ਰਿਹਾ ਹੈ।
- ਨਰਸਿੰਗ ਅਨੁਪਾਤ ਨੂੰ ਲੰਮੀ ਮਿਆਦ ਦੀ ਸੰਭਾਲ (long-term care), ਸਹਾਇਤਾ-ਪ੍ਰਾਪਤ ਜੀਵਨ (assisted living) ਅਤੇ ਹੋਰ ਭਾਈਚਾਰਕ ਸੰਭਾਲ ਦੀਆਂ ਥਾਂਵਾਂ ਤੱਕ ਵਧਾਉਣ ਦੀਆਂ ਯੋਜਨਾਵਾਂ ਚੱਲ ਰਹੀਆਂ ਹਨ।
- ਸਾਡੇ ਨਰਸਿੰਗ ਕਾਰਜਬਲ ਨੂੰ ਵਧਾਉਣਾ:
- ਬੀ.ਸੀ. ਕਾਲਜ ਆਫ ਨਰਸਿਸ ਐਂਡ ਮਿਡਵਾਈਫਜ਼ ਮੁਤਾਬਕ, ਸਾਲ 2024 ਵਿੱਚ ਹਰ ਕਿਸਮ ਦੇ 10,400 ਨਵੇਂ ਨਰਸ ਰਜਿਸਟਰ ਕੀਤੇ ਗਏ, ਜਿਸ ਨਾਲ ਕੁੱਲ ਨਰਸਾਂ ਦੀ ਗਿਣਤੀ 75,000 ਤੋਂ ਵੱਧ ਹੋ ਗਈ।
- ਯੋਗ ਨਰਸਿੰਗ ਪ੍ਰੋਗਰਾਮਾਂ ਵਿੱਚ ਦਾਖਲ ਵਿਦਿਆਰਥੀਆਂ ਲਈ ਪ੍ਰਤੀ ਸਾਲ $2,000 ਦੀ ਨਰਸਿੰਗ ਟਿਊਸ਼ਨ ਗ੍ਰਾਂਟ ਦੇਣਾ, ਅਤੇ ਨਾਲ ਹੀ ਨਵੇਂ ਗ੍ਰੈਜੂਏਟ ਨਰਸਾਂ ਲਈ ਲਾਇਸੈਂਸ ਪ੍ਰੀਖਿਆ ਫੀਸਾਂ ਵਿੱਚ ਸਹਾਇਤਾ ਲਈ $500 ਦੀ ਬਰਸਰੀ ਦੇਣਾ।
- ਯੋਗ ਪ੍ਰੋਗਰਾਮਾਂ ਵਿੱਚ ਦਾਖਲ ਵਿਦਿਆਰਥੀਆਂ ਲਈ ਪ੍ਰਤੀ ਸਾਲ $5,000 ਦੀ ਇੰਡੀਜਨਸ ਵਿਦਿਆਰਥੀ ਭਰਤੀ ਬਰਸਰੀ: ਨਰਸ ਪ੍ਰੈਕਟੀਸ਼ਨਰ, ਪ੍ਰੈਕਟੀਕਲ ਨਰਸਿੰਗ ਅਤੇ ਮਨੋਵਿਗਿਆਨਕ (ਸਾਈਕੈਟ੍ਰਿਕ) ਨਰਸਿੰਗ।
- ‘ਮੈਂਟਰਸ਼ਿਪ’ (ਮਾਰਗਦਰਸ਼ਨ), ਤਨਖਾਹ ਸਮੇਤ ਕੰਮ ਦੇ ਪ੍ਰੋਗਰਾਮਾਂ ਅਤੇ ਟਿਊਸ਼ਨ ਸਹਾਇਤਾ ਰਾਹੀਂ ਐਮਰਜੈਂਸੀ ਅਤੇ ਕ੍ਰਿਟਿਕਲ ਸੰਭਾਲ ਵਿੱਚ ਆਪਣੇ ਹੁਨਰਾਂ ਨੂੰ ਅੱਗੇ ਵਧਾਉਣ ਵਿੱਚ ਦਿਲਚਸਪੀ ਰੱਖਣ ਵਾਲੇ ਨਰਸਾਂ ਲਈ ਕੈਰੀਅਰ ਵਿਕਾਸ ਸਹਾਇਤਾ।
ਹੋਰ ਜਾਣੋ
ਅਸਥਾਈ ਐਮਰਜੈਂਸੀ ਰੂਮਾਂ ਦੇ ਬੰਦ ਹੋਣ ਨੂੰ ਘਟਾਉਣਾ
ਵਿਸ਼ਵਵਿਆਪੀ ਪੱਧਰ ‘ਤੇ ਸਿਹਤ ਕਰਮਚਾਰੀਆਂ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ, ਖਾਸ ਤੌਰ 'ਤੇ ਐਮਰਜੈਂਸੀ ਵਿਭਾਗਾਂ ਵਿੱਚ। ਜਦੋਂ ਐਮਰਜੈਂਸੀ ਰੂਮਾਂ ਲਈ ਲੋੜੀਂਦਾ ਸਟਾਫ ਭਰਤੀ ਨਹੀਂ ਹੁੰਦਾ ਜਾਂ ਬਿਮਾਰੀ ਕਾਰਨ ਕੰਮ ‘ਤੇ ਹਾਜ਼ਰ ਨਹੀਂ ਹੁੰਦਾ, ਤਾਂ ਉਨ੍ਹਾਂ ਨੂੰ ਅਸਥਾਈ ਤੌਰ 'ਤੇ ਬੰਦ ਕਰਨ ਅਤੇ ਮਰੀਜ਼ਾਂ ਨੂੰ ਦੂਜੇ ਹਸਪਤਾਲਾਂ ਵਿੱਚ ਭੇਜਣ ਦੀ ਲੋੜ ਪੈ ਸਕਦੀ ਹੈ।
ਅਸੀਂ ਐਮਰਜੈਂਸੀ ਰੂਮਾਂ ਦੇ ਅਸਥਾਈ ਤੌਰ ‘ਤੇ ਬੰਦ ਹੋਣ ਨੂੰ ਘਟਾਉਣ 'ਤੇ ਤਰੱਕੀ ਕਰ ਰਹੇ ਹਾਂ, ਪਰ ਅਜੇ ਹੋਰ ਕੰਮ ਕਰਨਾ ਬਾਕੀ ਹੈ।
ਉਹ ਕਾਰਵਾਈਆਂ ਜੋ ਅਸੀਂ ਕਰ ਰਹੇ ਹਾਂ
- ਚੰਗੀ ਤਨਖਾਹ, ਬਿਹਤਰ ਪਰਿਸਥਿਤੀਆਂ ਅਤੇ ਪ੍ਰਮਾਣ ਪੱਤਰ ਮਾਨਤਾ ਦਿਵਾਉਣ ਵਿੱਚ ਵਧੇਰੇ ਤੇਜ਼ੀ ਲਿਆਉਣ ਦੇ ਨਾਲ ਹਜ਼ਾਰਾਂ ਹੋਰ ਡਾਕਟਰਾਂ, ਨਰਸਾਂ ਅਤੇ ਸਿਹਤ ਕਰਮਚਾਰੀਆਂ ਨੂੰ ਭਰਤੀ ਕਰਨਾ ਅਤੇ ਸਿਖਲਾਈ ਦੇ ਕੇ ਸਟਾਫ ਦੀ ਘਾਟ ਨੂੰ ਦੂਰ ਕਰਨਾ।
- ਜਦੋਂ ਸਥਾਈ ਅਹੁਦਿਆਂ ਨੂੰ ਭਰਨ ਲਈ ਕੰਮ ਜਾਰੀ ਹੈ, ਉਦੋਂ ਐਮਰਜੈਂਸੀ ਫਿਜ਼ੀਸ਼ੀਅਨ ਰਿਸੋਰਸ ਟੀਮ ਦਾ ਬਿਹਤਰ ਕੌਨਟ੍ਰੈਕਟ ਅਤੇ ਆਮਦਨ ਗਰੰਟੀ ਨਾਲ ਸਮਰਥਨ ਕਰਨਾ, ਤਾਂ ਜੋ ਮੌਕੇ ਮੁਤਾਬਕ ਢਲਣ ਵਾਲੇ ਡਾਕਟਰਾਂ ਦੀ ਇੱਕ ਟੀਮ ਨੂੰ ਭਰਤੀ ਅਤੇ ਸਮਰਥਿਤ ਕੀਤਾ ਜਾ ਸਕੇ ਜੋ ਜਿੱਥੇ ਲੋੜ ਹੋਵੇ ਉੱਥੇ ਜਾਣ ਲਈ ਸਫ਼ਰ ਕਰ ਸਕਣ ਅਤੇ ਥੋੜ੍ਹੇ ਸਮੇਂ ਲਈ ਐਮਰਜੈਂਸੀ ਵਿਭਾਗਾਂ ਦੇ ਖੁੱਲ੍ਹੇ ਰਹਿਣ ਵਿੱਚ ਮਦਦ ਕਰ ਸਕਣ।
- ‘ਗੋਹੈਲਥ’ (GoHealth) ਦਾ ਵਿਸਤਾਰ: ਪ੍ਰਾਈਵੇਟ ਸਟਾਫਿੰਗ ਏਜੰਸੀਆਂ ਅਤੇ ਓਵਰਟਾਈਮ 'ਤੇ ਨਿਰਭਰਤਾ ਨੂੰ ਘਟਾਉਣ ਲਈ ਬੀ.ਸੀ. ਦੇ ਸੂਬਾਈ ਟ੍ਰੈਵਲ ਸਟਾਫਿੰਗ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਵਧੇਰੇ ਨਰਸਾਂ ਦੀ ਭਰਤੀ ਕਰਨਾ, ਅਤੇ ਪੇਂਡੂ ਅਤੇ ਦੂਰ-ਦੁਰਾਡੇ ਦੇ ਭਾਈਚਾਰਿਆਂ ਵਿੱਚ ਇਨ੍ਹਾਂ ਪ੍ਰਦਾਨਕਾਂ ਤੱਕ ਪਹੁੰਚ ਵਧਾਉਣ ਲਈ ਮੈਡੀਕਲ ਲੈਬਰੇਟੋਰੀ ਟੈਕਨੋਲੌਜਿਸਟਾਂ ਵਰਗੇ ਸਹਾਇਕ ਸਿਹਤ ਪ੍ਰਦਾਨਕਾਂ ਨੂੰ ਸ਼ਾਮਲ ਕਰਨ ਲਈ ਵਿਸਤਾਰ ਕਰਨਾ।
- ਹਸਪਤਾਲਾਂ ਵਿੱਚ ਮਰੀਜ਼ਾਂ ਦੀ ਭਰਤੀ ਅਤੇ ਛੁੱਟੀ ਦੇ ਸਿਲਸਿਲੇ ਨੂੰ ਬਿਹਤਰ ਬਣਾਉਣ ਲਈ ਵਧੇਰੇ ਐਕਿਊਟ ਅਤੇ ਲੰਮੀ ਮਿਆਦ ਦੀ ਸੰਭਾਲ ਵਾਲੇ ਬਿਸਤਰਿਆਂ ਨੂੰ ਸ਼ਾਮਲ ਕਰਨਾ।
- ਬੀ.ਸੀ. ਐਮਰਜੈਂਸੀ ਹੈਲਥ ਸਰਵਿਸਿਜ਼ (B.C. EHS) ਨੂੰ ਅਸਥਾਈ ED ਵਿਕਲਪਕ ਪ੍ਰਬੰਧਾਂ ਰਾਹੀਂ ਭਾਈਚਾਰਿਆਂ ਵਿਚਕਾਰ ਮਰੀਜ਼ਾਂ ਦੇ ਤਬਾਦਲੇ ਦਾ ਸਮਰਥਨ ਮੁਹੱਈਆ ਕਰਨਾ।
- ਹੋਮ-ਹੈਲਥ (ਮਰੀਜ਼ ਨੂੰ ਘਰ ਵਿੱਚ ਸੰਭਾਲ ਦੇਣਾ) ਅਤੇ ਹੋਮ-ਸੁਪੋਰਟ ਸੇਵਾਵਾਂ ਦਾ ਵਿਸਤਾਰ ਕਰਨਾ, ਤਾਂ ਜੋ ਬਜ਼ੁਰਗਾਂ ਅਤੇ ਹੋਰ ਮਰੀਜ਼ਾਂ ਨੂੰ ਆਪਣੇ ਭਾਈਚਾਰਿਆਂ ਅਤੇ ਘਰ ਵਿੱਚ ਹੀ ਸਿਹਤ ਸੰਭਾਲ ਦੀਆਂ ਲੋੜਾਂ ਪੂਰੀਆਂ ਕਰਨ ਅਤੇ ਸਿਹਤਮੰਦ ਢੰਗ ਨਾਲ ਉਮਰ ਬਿਤਾਉਣ ਵਿੱਚ ਬਿਹਤਰ ਮਦਦ ਕੀਤੀ ਜਾ ਸਕੇ।
ਸਿਹਤ ਸੰਭਾਲ ਵਿੱਚ ਨਸਲਵਾਦ ਨਾਲ ਨਜਿੱਠਣਾ
ਇੰਡੀਜਨਸ ਅਤੇ ਨਸਲੀ ਪਿਛੋਕੜ ਵਾਲੇ ਲੋਕਾਂ ਨੂੰ ਸਿਹਤ ਸੰਭਾਲ ਤੱਕ ਪਹੁੰਚ ਕਰਦੇ ਸਮੇਂ ਨਸਲਵਾਦ ਅਤੇ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਦੇ ਨਤੀਜੇ ਵਜੋਂ ਸੰਭਾਲ ਵਿੱਚ ਰੁਕਾਵਟਾਂ ਆਉਂਦੀਆਂ ਹਨ ਅਤੇ ਸਿਹਤ ਦੇ ਮਾੜੇ ਨਤੀਜੇ ਦੇਖਣ ਨੂੰ ਮਿਲਦੇ ਹਨ।
ਬੀ.ਸੀ. ਉਨ੍ਹਾਂ ਨੀਤੀਆਂ ਅਤੇ ਅਭਿਆਸਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਖਤਮ ਕਰਨ ਲਈ ਕੰਮ ਕਰ ਰਿਹਾ ਹੈ ਜੋ ਪ੍ਰਣਾਲੀਗਤ ਨਸਲਵਾਦ ਵਿੱਚ ਯੋਗਦਾਨ ਪਾਉਂਦੀਆਂ ਹਨ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਨਸਲੀ ਪਿਛੋਕੜ ਵਾਲੇ ਲੋਕ ਲੋੜੀਂਦੀ ਸੰਭਾਲ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਰੂੜ੍ਹੀਬੱਧ ਧਾਰਨਾ ‘ਤੇ ਅਧਾਰਤ ਸੁਭਾਅ, ਅਸਵੀਕ੍ਰਿਤੀ, ਦੁਰਵਿਵਹਾਰ ਜਾਂ ਨੁਕਸਾਨ ਦਾ ਸਾਹਮਣਾ ਨਾ ਕਰਨ।
ਉਹ ਕਾਰਵਾਈਆਂ ਜੋ ਅਸੀਂ ਕਰ ਰਹੇ ਹਾਂ
- ਸਾਲ 2022 ਵਿੱਚ ਲਾਗੂ ਕੀਤੇ ਗਏ ਨਸਲਵਾਦ ਵਿਰੋਧੀ ਡੇਟਾ ਐਕਟ ਮੁਤਾਬਕ ਸਰਕਾਰ ਨੂੰ ਪ੍ਰਣਾਲੀਗਤ ਨਸਲਵਾਦ ਅਤੇ ਨਸਲੀ ਬਰਾਬਰਤਾ ਬਾਰੇ ਸਲਾਨਾ ਅੰਕੜੇ ਪ੍ਰਕਾਸ਼ਤ ਕਰਨਾ ਲਾਜ਼ਮੀ ਹੈ, ਜੋ ਹੱਲ ਲੱਭਣ ਲਈ ਲੋੜੀਂਦੇ ਤੱਥ ਅਤੇ ਪ੍ਰਮਾਣ ਪ੍ਰਦਾਨ ਕਰਦੇ ਹਨ।
- ਮਈ 2024 ਤੋਂ ਲਾਗੂ, ਨਸਲਵਾਦ ਵਿਰੋਧੀ ਐਕਟ ਦੇ ਤਹਿਤ ਸਰਕਾਰ ਨੂੰ ਹਸਪਤਾਲਾਂ, ਸਕੂਲਾਂ, ਅਦਾਲਤਾਂ ਅਤੇ ਹੋਰ ਜਨਤਕ ਸੰਸਥਾਵਾਂ ਵਿੱਚ ਸੇਵਾਵਾਂ ਤੱਕ ਪਹੁੰਚ ਕਰਨ ਵਾਲੇ ਇੰਡੀਜਨਸ ਅਤੇ ਨਸਲੀ ਪਿਛੋਕੜ ਦੇ ਲੋਕਾਂ ਨੂੰ ਦਰਪੇਸ਼ ਰੁਕਾਵਟਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਹਟਾਉਣਾ ਲਾਜ਼ਮੀ ਹੈ।
- ਇਨ ਪਲੇਨ ਸਾਈਟ: ਐਡਰੈਸਿੰਗ ਇੰਡੀਜਨਸ-ਸਪੈਸਿਫਿਕ ਰੇਸਿਜ਼ਮ ਐਂਡ ਡਿਸਕ੍ਰਿਮੀਨੇਸ਼ਨ ਇਨ ਬੀ.ਸੀ. ਹੈਲਥ ਕੇਅਰ ਰਿਪੋਰਟ (PDF, 15.5MB), ਜੋ ਕਿ 2020 ਵਿੱਚ ਜਾਰੀ ਕੀਤੀ ਗਈ ਸੀ, ਨੇ ਸਿਹਤ ਸੰਭਾਲ ਪ੍ਰਣਾਲੀ ਵਿੱਚ ਇੰਡੀਜਨਸ-ਵਿਸ਼ੇਸ਼ ਨਸਲਵਾਦ ਨਾਲ ਨਜਿੱਠਣ ਦੇ ਤਰੀਕਿਆਂ ਬਾਰੇ 24 ਸਿਫਾਰਸ਼ਾਂ ਕੀਤੀਆਂ। ਇਨ੍ਹਾਂ ਸਿਫਾਰਸ਼ਾਂ ਨੂੰ ਲਾਗੂ ਕਰਨ ਦਾ ਕੰਮ ਚੱਲ ਰਿਹਾ ਹੈ।
- ਹੈਲਥ ਪ੍ਰੋਫੈਸ਼ਨਜ਼ ਐਂਡ ਔਕਿਊਪੇਸ਼ਨਜ਼ ਐਕਟ, ਜੋ ਨਵੰਬਰ 2022 ਤੋਂ ਲਾਗੂ ਹੈ, ਵਿੱਚ ਰੈਗੂਲੇਟਰੀ ਕਾਲਜਾਂ ਲਈ ਭੇਦਭਾਵ ਵਿਰੋਧੀ ਉਪਾਅ ਕਰਨ ਦੀ ਲੋੜ ਰੱਖਦਾ ਹੈ ਅਤੇ ਜਨਤਾ ਨੂੰ ਨੁਕਸਾਨ ਤੋਂ ਬਚਾਉਣ ਲਈ ਭੇਦਭਾਵ ਨੂੰ ਦੁਰਵਿਵਹਾਰ ਦੀ ਇੱਕ ਕਿਸਮ ਬਣਾਉਣਾ ਲਾਜ਼ਮੀ ਕਰਦਾ ਹੈ।
- ਬੀ.ਸੀ. ਦੀ ਹੈਲਥ ਹਿਊਮਨ ਰਿਸੋਰਸਿਜ਼ ਕਾਰਜਨੀਤੀ (PDF, 3MB), 2022 ਵਿੱਚ ਜਾਰੀ ਕੀਤੀ ਗਈ ਸੀ, ਅਤੇ ਇਹ ਪ੍ਰਣਾਲੀਗਤ ਨਸਲਵਾਦ ਨਾਲ ਨਜਿੱਠਣ, ਸਿਹਤ ਦੇ ਨਤੀਜਿਆਂ ਵਿੱਚ ਸੁਧਾਰ ਕਰਨ ਅਤੇ ਸੰਭਾਲ ਤੱਕ ਪਹੁੰਚ ਵਧਾਉਣ ਲਈ ਪ੍ਰਮੁੱਖ ਕਾਰਵਾਈਆਂ ਦੀ ਰੂਪ ਰੇਖਾ ਤਿਆਰ ਕਰਦੀ ਹੈ:
- ਨੁਮਾਇੰਦਗੀ ਵਧਾਉਣਾ: ਫਰੰਟਲਾਈਨ ਪ੍ਰਦਾਨਕਾਂ ਤੋਂ ਲੈ ਕੇ ਲੀਡਰਸ਼ਿਪ ਦੇ ਅਹੁਦਿਆਂ ਤੱਕ, ਸਿਹਤ ਸੰਭਾਲ ਭੂਮਿਕਾਵਾਂ ਵਿੱਚ ਇੰਡੀਜਨਸ ਅਤੇ ਨਸਲੀ ਪਿਛੋਕੜ ਵਾਲੇ ਲੋਕਾਂ ਨੂੰ ਭਰਤੀ ਕਰਨ ਅਤੇ ਕੰਮ ‘ਤੇ ਬਰਕਰਾਰ ਰੱਖਣ ਲਈ ਕੰਮ ਕਰਨਾ। ਇਸ ਵਿੱਚ ਇੰਡੀਜਨਸ ਨੌਜਵਾਨਾਂ ਲਈ ਸਿਹਤ ਸੰਭਾਲ ਪੇਸ਼ਿਆਂ ਨੂੰ ਉਤਸ਼ਾਹਤ ਕਰਨਾ ਅਤੇ ਪੇਂਡੂ ਅਤੇ ਦੂਰ-ਦੁਰਾਡੇ ਦੇ ਭਾਈਚਾਰਿਆਂ ਵਿੱਚ ਸਿਖਲਾਈ ਦੇ ਮੌਕਿਆਂ ਦਾ ਵਿਸਤਾਰ ਕਰਨਾ ਸ਼ਾਮਲ ਹੈ।
- ਨਸਲਵਾਦ ਵਿਰੋਧ, ਸੱਭਿਆਚਾਰਕ ਸੁਰੱਖਿਆ ਅਤੇ ਰੀਤੀ-ਰਿਵਾਜ਼ਾਂ ਅਤੇ ਕਦਰਾਂ-ਕੀਮਤਾਂ ਦਾ ਆਦਰ: ਸਿਖਲਾਈ ਪ੍ਰੋਗਰਾਮਾਂ ਵਿੱਚ ਰਿਕੰਸਲੀਏਸ਼ਨ (ਮੇਲ-ਮਿਲਾਪ) ਅਤੇ ਟਰੌਮਾ-ਇਨਫ਼ੌਰਮਡ (ਕਿਸੇ ਸਦਮੇ ਦੇ ਭਾਵਨਾਤਮਕ ਅਤੇ ਮਾਨਸਿਕ ਸਿਹਤ ਸੰਬੰਧੀ ਪ੍ਰਭਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ) ਸੰਭਾਲ ਨੂੰ ਏਕੀਕ੍ਰਿਤ ਕਰਨਾ ਤਾਂ ਜੋ ਸਿਹਤ ਸੰਭਾਲ ਪ੍ਰਦਾਨਕ ਇੰਡੀਜਨਸ ਅਤੇ ਨਸਲੀ ਪਿਛੋਕੜ ਵਾਲੇ ਭਾਈਚਾਰਿਆਂ ਦੀ ਸੇਵਾ ਕਰਨ ਲਈ ਬਿਹਤਰ ਢੰਗ ਨਾਲ ਤਿਆਰ ਹੋ ਸਕਣ।
- ਇੰਡੀਜਨਸ ਸਿਹਤ ਸੰਭਾਲ ਕਰਮਚਾਰੀਆਂ ਨੂੰ ਸਹਿਯੋਗ ਦੇਣਾ: ਲੋਕਾਂ ਦੀ ਸਫਲ ਹੋਣ ਵਿੱਚ ਮਦਦ ਕਰਨ ਲਈ ਸਹਾਇਤਾ, ਕੋਚਿੰਗ, ਮਾਰਗਦਰਸ਼ਨ ਅਤੇ ਲੀਡਰਸ਼ਿਪ ਵਿਕਾਸ ਦੇ ਮੌਕਿਆਂ ਦਾ ਵਿਸਤਾਰ ਕਰਨਾ।
- ਨਸਲਵਾਦ ਵਿਰੁੱਧ ਸ਼ਿਕਾਇਤ ਦਰਜ ਕਰਨ ਨੂੰ ਉਤਸ਼ਾਹਤ ਕਰਨਾ: ਸਿਹਤ ਸੰਭਾਲ ਕਰਮਚਾਰੀਆਂ ਨੂੰ ਨਸਲਵਾਦ ਦੀਆਂ ਘਟਨਾਵਾਂ ਦੀ ਰਿਪੋਰਟ ਕਰਨ ਅਤੇ ਪ੍ਰਭਾਵਤ ਲੋਕਾਂ ਲਈ ਸਰੋਤ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਆਪਣੀ ਆਵਾਜ਼ ਉਠਾਉਣ ਲਈ ਉਤਸ਼ਾਹਤ ਕਰਨਾ।
- ਫਰਸਟ ਨੇਸ਼ਨਜ਼ ਹੈਲਥ ਅਥਾਰਿਟੀ ਨਾਲ ਮਿਲਕੇ ਕੰਮ ਕਰਨਾ: ਇੰਡੀਜਨਸ ਸੱਭਿਆਚਾਰਕ ਸੁਰੱਖਿਆ ਪ੍ਰਾਪਤ ਕਰਨ ਅਤੇ ਸਿਹਤ ਸੰਭਾਲ ਪ੍ਰਣਾਲੀ ਵਿੱਚ ਨਸਲਵਾਦ ਨੂੰ ਖਤਮ ਕਰਨ ਲਈ ਮਾਪਦੰਡਾਂ ਨੂੰ ਵਿਕਸਤ ਕਰਨ ਅਤੇ ਲਾਗੂ ਕਰਨ ਲਈ ਮਿਲ ਕੇ ਕੰਮ ਕਰਨਾ।
- ਪ੍ਰੋਵਿੰਸ਼ੀਅਲ ਹੈਲਥ ਅਫ਼ਸਰ ਦੇ ਦਫ਼ਤਰ (OPHO) ਵਿੱਚ ‘ਵ੍ਹਾਈਟ ਸੁਪ੍ਰੀਮੇਸੀ’ (ਗੋਰਿਆਂ ਨੂੰ ਬਿਹਤਰ ਸਮਝਣ ਵਾਲੀ ਵਿਚਾਰਧਾਰਾ) ਅਤੇ ਨਸਲਵਾਦ ਨੂੰ ਛੱਡਣਾ ਅਤੇ ਖਤਮ ਕਰਨਾ: OPHO ਇੰਡੀਜਨਸ ਲੋਕਾਂ ਦੇ ਮੂਲ ਅਧਿਕਾਰਾਂ ਨੂੰ ਕਾਇਮ ਰੱਖਣ ਅਤੇ ਨੀਤੀਆਂ, ਅਭਿਆਸਾਂ ਅਤੇ ਪ੍ਰਕਿਰਿਆਵਾਂ ਵਿੱਚ ਨਸਲਵਾਦ ਅਤੇ ‘ਵ੍ਹਾਈਟ ਸੁਪ੍ਰੀਮੇਸੀ’ ਦੇ ਨਜ਼ਰ ਆਉਣ ਦੇ ਤਰੀਕਿਆਂ ਨੂੰ ਪਛਾਣਨ ਲਈ ਵਚਨਬੱਧ ਹੈ। OPHO ਜਾਣਬੁੱਝ ਕੇ ਨਸਲਵਾਦ ਵਿਰੋਧੀ ਪਹੁੰਚ ਅਪਣਾ ਰਿਹਾ ਹੈ ਅਤੇ ਇਸ ਕੰਮ ਦੌਰਾਨ ਇੰਡੀਜਨਸ ਐਲਡਰਜ਼ (ਉਹ ਲੋਕ ਜਿਨ੍ਹਾਂ ਨੂੰ ਆਪਣੀ ਸਿਆਣਪ, ਸੱਭਿਆਚਾਰਕ ਗਿਆਨ, ਅਤੇ ਭਾਈਚਾਰੇ ਦੀ ਸੇਵਾ ਲਈ ਮਾਨਤਾ ਪ੍ਰਾਪਤ ਹੈ), ਔਰਤਾਂ, 2SLGBTQIA+, ਨੌਜਵਾਨਾਂ, ਬੱਚਿਆਂ ਅਤੇ ਅਪੰਗਤਾਵਾਂ ਵਾਲੇ ਵਿਅਕਤੀਆਂ ਦੇ ਅਧਿਕਾਰਾਂ ਅਤੇ ਲੋੜਾਂ ਵੱਲ ਵਿਸ਼ੇਸ਼ ਧਿਆਨ ਦੇ ਰਿਹਾ ਹੈ।
ਹੋਰ ਜਾਣੋ
ਬੀ.ਸੀ. ਦੇ ਪਹਿਲੇ ਜਨਸੰਖਿਆ ਸਰਵੇਖਣ ਦੇ ਸ਼ੁਰੂਆਤੀ ਨਤੀਜਿਆਂ ਵਿੱਚ ਪਾਇਆ ਗਿਆ ਕਿ ਇੰਡੀਜਨਸ ਲੋਕ ਡਾਇਬਿਟੀਜ਼, ਦਮਾ ਅਤੇ ਮਨੋਦਸ਼ਾ ਅਤੇ ਚਿੰਤਾ ਦੀਆਂ ਬਿਮਾਰੀਆਂ (mood and anxiety disorders) ਤੋਂ ਬੇਹੱਦ ਪ੍ਰਭਾਵਤ ਹੋ ਸਕਦੇ ਹਨ।

ਸਾਡੇ ਸਿਹਤ ਸੰਭਾਲ ਕਰਮਚਾਰੀਆਂ ਦੀ ਗਿਣਤੀ ਵਧਾਉਣਾ
ਸਿਹਤ ਕਰਮਚਾਰੀਆਂ ਦੀ ਵਿਸ਼ਵ ਪੱਧਰ ‘ਤੇ ਘਾਟ ਦੇ ਦੌਰਾਨ, ਬੀ.ਸੀ. ਗਿਣਤੀ ਅਤੇ ਉਮਰ ਵਿੱਚ ਵਧ ਰਹੀ ਅਬਾਦੀ ਦੀ ਦੇਖਭਾਲ ਲਈ ਹੋਰ ਡਾਕਟਰਾਂ ਅਤੇ ਨਰਸਾਂ ਨੂੰ ਭਰਤੀ ਕਰਨ, ਉਨ੍ਹਾਂ ਨੂੰ ਕੰਮ ‘ਤੇ ਬਰਕਰਾਰ ਰੱਖਣ ਅਤੇ ਸਿਖਲਾਈ ਦੇਣ ‘ਤੇ ਧਿਆਨ ਦੇ ਰਿਹਾ ਹੈ, ਤਾਂ ਜੋ ਹੋਰ ਬਿਹਤਰ ਸਿਹਤ ਸੰਭਾਲ ਵਧੇਰੇ ਤੇਜ਼ੀ ਨਾਲ ਉਪਲਬਧ ਕਰਵਾਈ ਜਾ ਸਕੇ।

ਬੀ.ਸੀ. ਵਿੱਚ ਪ੍ਰਤੀ ਵਿਅਕਤੀ ਸਭ ਤੋਂ ਵੱਧ ਡਾਕਟਰ ਹਨ – 15,000 ਤੋਂ ਵੱਧ, ਜਿਨ੍ਹਾਂ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਭਰਤੀ ਕੀਤੇ ਗਏ ਹਜ਼ਾਰਾਂ ਡਾਕਟਰ ਵੀ ਸ਼ਾਮਲ ਹਨ ਅਤੇ ਅਸੀਂ ਹੋਰ ਵੀ ਡਾਕਟਰਾਂ ਦੀ ਭਰਤੀ ਜਾਰੀ ਰੱਖ ਰਹੇ ਹਾਂ

ਬੀ.ਸੀ. ਦਾ ਨਰਸਿੰਗ ਕਾਰਜਬਲ ਤੇਜ਼ੀ ਨਾਲ ਵਧ ਰਿਹਾ ਹੈ – ਸਾਲ 2024 ਵਿੱਚ 5,200 ਨਵੇਂ ਰਜਿਸਟਰਡ ਨਰਸ ਸ਼ਾਮਲ ਹੋਏ, ਜਿਸ ਨਾਲ ਕੁੱਲ ਗਿਣਤੀ 75,000 ਤੋਂ ਵੱਧ ਹੋ ਗਈ ਹੈ, ਅਤੇ ਹੋਰ ਹਜ਼ਾਰਾਂ ਨਰਸ ਵੀ ਜਲਦੀ ਸ਼ਾਮਲ ਕੀਤੇ ਜਾਣਗੇ

ਸੈਂਕੜੇ ਅੰਤਰਰਾਸ਼ਟਰੀ ਸਿਖਲਾਈ ਪ੍ਰਾਪਤ ਡਾਕਟਰਾਂ ਅਤੇ ਨਰਸਾਂ ਨੇ 2023 ਤੋਂ ਲੈਕੇ ਹੁਣ ਤੱਕ ਆਪਣੇ ਪੇਸ਼ੇਵਰ ਕਾਲਜਾਂ ਤੋਂ ਪੂਰੀ ਜਾਂ ਅਸਥਾਈ ਰਜਿਸਟ੍ਰੇਸ਼ਨ ਹਾਸਲ ਕੀਤੀ ਹੈ
ਵਧੇਰੇ ਡਾਕਟਰਾਂ, ਨਰਸਾਂ ਅਤੇ ਸਿਹਤ ਕਰਮਚਾਰੀਆਂ ਦੀ ਭਰਤੀ
ਬੀ.ਸੀ. ਨੂੰ ਗਿਣਤੀ ਅਤੇ ਉਮਰ ਵਿੱਚ ਵਧ ਰਹੀ ਅਬਾਦੀ ਦੀ ਮੰਗ ਨੂੰ ਪੂਰਾ ਕਰਨ ਲਈ ਹਜ਼ਾਰਾਂ ਹੋਰ ਸਿਹਤ ਕਰਮਚਾਰੀਆਂ ਦੀ ਲੋੜ ਹੈ।
ਅਸੀਂ ਲੋੜੀਂਦੇ ਕਰਮਚਾਰੀ ਭਰਤੀ ਕਰਨ ਲਈ ਟੀਚਾਬੱਧ ਭਰਤੀ ਪ੍ਰੋਤਸਾਹਨ ਯੋਜਨਾਵਾਂ ਮੁਹੱਈਆ ਕਰ ਰਹੇ ਹਾਂ, ਪ੍ਰਮਾਣ ਪੱਤਰਾਂ ਦੀ ਮਾਨਤਾ ਪ੍ਰਕਿਰਿਆ ਤੇਜ਼ ਕਰ ਰਹੇ ਹਾਂ, ਅਤੇ ਇਹ ਯਕੀਨੀ ਬਣਾ ਰਹੇ ਹਾਂ ਕਿ ਨਵੇਂ ਭਰਤੀ ਹੋਏ ਕਰਮਚਾਰੀਆਂ ਲਈ ਸੁਆਗਤਮਈ ਅਤੇ ਸਹਾਇਕ ਮਾਹੌਲ ਹੋਵੇ।
ਉਹ ਕਾਰਵਾਈਆਂ ਜੋ ਅਸੀਂ ਕਰ ਰਹੇ ਹਾਂ
- ਸਿਹਤ ਕਰਮਚਾਰੀਆਂ ਨੂੰ ਨੌਕਰੀ ਦੇ ਮੌਕਿਆਂ ਨਾਲ ਵਧੇਰੇ ਤੇਜ਼ੀ ਨਾਲ ਜੋੜਨਾ।
- ਟੀਮ ਬੀ.ਸੀ. ਪਹੁੰਚ: ਸਿਹਤ ਅਥਾਰਿਟੀਆਂ, ਰੈਗੂਲੇਟਰੀ ਕਾਲਜ ਅਤੇ ਹੋਰ ਭਾਈਵਾਲ ਇਕੱਠੇ ਹੋ ਕੇ ਸਿਹਤ ਸੰਭਾਲ ਕਰਮਚਾਰੀਆਂ ਦੀ ਭਰਤੀ ਕਰਨ ਲਈ ਮਿਲਕੇ ਕੰਮ ਕਰ ਰਹੇ ਹਨ, ਉਮੀਦਵਾਰਾਂ ਦੀ ਪ੍ਰਕਿਰਿਆ ਸਮਝਣ ਵਿੱਚ ਮਦਦ ਕਰ ਰਹੇ ਹਨ, ਅਤੇ ਸਹੀ ਲੋਕਾਂ ਨੂੰ ਸਹੀ ਅਹੁਦਿਆਂ ਨਾਲ ਜੋੜ ਰਹੇ ਹਨ।
- BCHealthCareers.ca: ਵਿਸ਼ਵ ਭਰ ਦੇ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਬੀ.ਸੀ. ਦੀਆਂ ਸਿਹਤ ਸੰਭਾਲ ਨੌਕਰੀਆਂ ਨਾਲ ਜੋੜਦਾ ਹੈ। ਭਰਤੀ ਮਾਹਰ ਤੁਹਾਡੇ ਪੇਸ਼ੇ, ਪ੍ਰਮਾਣ ਪੱਤਰ ਅਤੇ ਰੁਚੀਆਂ ਦੇ ਅਨੁਸਾਰ ਸਲਾਹ ਦਿੰਦੇ ਹਨ ਅਤੇ ਲਾਇਸੈਂਸਿੰਗ ਅਤੇ ਇਮੀਗ੍ਰੇਸ਼ਨ ਦੀਆਂ ਜ਼ਰੂਰਤਾਂ ਵਿੱਚ ਮਦਦ ਕਰਦੇ ਹਨ।
- ਅਮਰੀਕਾ ਤੋਂ ਡਾਕਟਰਾਂ ਅਤੇ ਨਰਸਾਂ ਨੂੰ ਆਕਰਸ਼ਿਤ ਕਰਨਾ।
- ਪ੍ਰਮਾਣ-ਪੱਤਰ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ: ਅਮਰੀਕਾ ਤੋਂ ਸਿਖਲਾਈ ਪ੍ਰਾਪਤ ਪ੍ਰਮਾਣਿਤ ਡਾਕਟਰ ਬੀ.ਸੀ. ਵਿੱਚ ਬਿਨਾਂ ਕਿਸੇ ਹੋਰ ਮੁਲਾਂਕਣ, ਪ੍ਰੀਖਿਆ ਜਾਂ ਸਿਖਲਾਈ ਦੇ ਪੂਰਾ ਲਾਇਸੈਂਸ ਪ੍ਰਾਪਤ ਕਰ ਸਕਦੇ ਹਨ। ਨਰਸ ਹੁਣ ਤੀਜੀ ਧਿਰ ਦੇ ਮੁਲਾਂਕਣ ਤੋਂ ਲੰਘੇ ਬਿਨਾਂ ਸਿੱਧੇ ਆਪਣੇ ਲਾਇਸੈਂਸ ਲਈ ਅਰਜ਼ੀ ਦੇ ਸਕਦੇ ਹਨ।
- ਭਰਤੀ ਮੁਹਿੰਮ: ਬੀ.ਸੀ. ਨੇ ਇੱਕ ਇਸ਼ਤਿਹਾਰਬਾਜ਼ੀ ਮੁਹਿੰਮ ਚਲਾਈ ਜਿਸ ਵਿੱਚ ਅਮਰੀਕੀ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਬੀ.ਸੀ. ਵਿੱਚ ਆਕੇ ਕੈਰੀਅਰ ਬਣਾਉਣ ਲਈ ਸੱਦਾ ਦਿੱਤਾ ਗਿਆ।
- ਅੰਤਰਰਾਸ਼ਟਰੀ ਪੱਧਰ 'ਤੇ ਸਿੱਖਿਅਤ ਸਿਹਤ ਸੰਭਾਲ ਕਰਮਚਾਰੀਆਂ ਲਈ ਰੁਕਾਵਟਾਂ ਨੂੰ ਦੂਰ ਕਰਨਾ।
- ਨਵੇਂ ਸਿਹਤ ਕਰਮਚਾਰੀਆਂ ਨੂੰ ਆਕਰਸ਼ਿਤ ਕਰਨ ਲਈ ਭਰਤੀ ਪ੍ਰੋਤਸਾਹਨ ਯੋਜਨਾਵਾਂ ਮੁਹੱਈਆ ਕਰਵਾਉਣਾ।
- ਨਵੀਆਂ ਭਰਤੀਆਂ ਲਈ ਸ਼ੁਰੂਆਤੀ ਪ੍ਰਕਿਰਿਆ ਅਤੇ ਪ੍ਰੈਕਟਿਸ ਵਿੱਚ ਪਰਿਵਰਤਨ ਲਈ ਸਹਾਇਤਾ ਪ੍ਰਾਪਤ ਕਰਨ ਦੇ ਤਰੀਕਿਆਂ ਨੂੰ ਬਿਹਤਰ ਬਣਾਉਣਾ।
- ਨਿਊ ਗ੍ਰੈਜੂਏਟ ਟ੍ਰਾਂਜ਼ਿਸ਼ਨ ਪ੍ਰੋਗਰਾਮ (New Graduate Transition Program): ਸ਼ੁਰੂਆਤੀ ਸਾਲਾਂ ਵਿੱਚ ਟਰਨਓਵਰ (ਕਿਸੇ ਕੰਮ ਦੀ ਥਾਂ ‘ਤੇ ਕਰਮਚਾਰੀਆਂ ਦਾ ਬਾਰ-ਬਾਰ ਛੱਡ ਕੇ ਜਾਣਾ ਅਤੇ ਨਵੇਂ ਲੋਕਾਂ ਦਾ ਆਉਣਾ) ਘਟਾਉਣ ਲਈ ਨਵੇਂ ਗ੍ਰੈਜੂਏਟਾਂ ਨੂੰ ਮੈਂਟੋਰਸ਼ਿੱਪ (ਉਹ ਪ੍ਰਕਿਰਿਆ ਹੈ ਜਿਸ ਵਿੱਚ ਤਜਰਬੇਕਾਰ ਪੇਸ਼ੇਵਰ ਨਵੇਂ ਜਾਂ ਘੱਟ ਤਜਰਬੇ ਵਾਲਿਆਂ ਦੀ ਰਹਿਨੁਮਾਈ ਕਰਦੇ ਹਨ), ਪੀਅਰ ਸੁਪੋਰਟ (ਉਹ ਪ੍ਰਕਿਰਿਆ ਜਿਸ ਰਾਹੀਂ ਲੋਕ ਇੱਕੋ ਜਿਹੇ ਤਜਰਬੇ ਸਾਂਝੇ ਕਰਦੇ ਹਨ ਅਤੇ ਉਹਨਾਂ ਦੇ ਅਧਾਰ 'ਤੇ ਮਦਦ ਪ੍ਰਾਪਤ ਕਰਦੇ ਹਨ) ਅਤੇ ਸ਼ੁਰੂਆਤੀ ਕੈਰੀਅਰ ਸਿਖਲਾਈ ਦੇ ਕੇ ਮਦਦ ਕਰਦਾ ਹੈ।
ਹੋਰ ਜਾਣੋ
ਸਾਡੇ ਕੋਲ ਮੌਜੂਦ ਸਿਹਤ ਕਰਮਚਾਰੀਆਂ ਨੂੰ ਬਰਕਰਾਰ ਰੱਖਣਾ
ਬੀ.ਸੀ. ਇੱਕ ਅਜਿਹੀ ਸਿਹਤ ਸੰਭਾਲ ਪ੍ਰਣਾਲੀ ਬਣਾਉਣ ਲਈ ਸਖਤ ਮਿਹਨਤ ਕਰ ਰਿਹਾ ਹੈ ਜੋ ਮਰੀਜ਼ਾਂ ਅਤੇ ਸਿਹਤ ਸੰਭਾਲ ਪ੍ਰਦਾਨਕਾਂ ਲਈ ਕੰਮ ਕਰਦੀ ਹੋਵੇ।
ਇਸ ਵਿੱਚ ਵਧੇਰੇ ਕਾਮਿਆਂ ਦੀ ਭਰਤੀ ਕਰਨਾ, ਸਿਖਲਾਈ ਦੇ ਵਧੇਰੇ ਮੌਕੇ ਮੁਹੱਈਆ ਕਰਵਾਉਣਾ, ਸੁਰੱਖਿਆ ਵਿੱਚ ਸੁਧਾਰ ਲਿਆਉਣਾ, ਪ੍ਰੋਤਸਾਹਨ ਯੋਜਨਾਵਾਂ ਦੀ ਪੇਸ਼ਕਸ਼ ਕਰਨਾ, ਕਾਮਿਆਂ ਦੀ ਤੰਦਰੁਸਤੀ ਦਾ ਸਮਰਥਨ ਕਰਨਾ ਅਤੇ ਇੱਕ ਸੁਰੱਖਿਅਤ ਅਤੇ ਵਧੀਆ ਕੰਮ ਦਾ ਮਾਹੌਲ ਬਣਾਕੇ ਮੌਜੂਦਾ ਕਾਮਿਆਂ ਨੂੰ ਬਰਕਰਾਰ ਰੱਖਣਾ ਸ਼ਾਮਲ ਹੈ।
ਉਹ ਕਾਰਵਾਈਆਂ ਜੋ ਅਸੀਂ ਕਰ ਰਹੇ ਹਾਂ
- ਸਿਹਤ ਅਤੇ ਤੰਦਰੁਸਤੀ ਦਾ ਸਮਰਥਨ: ਸਰੀਰਕ ਅਤੇ ਮਾਨਸਿਕ ਸਿਹਤ ਅਤੇ ਸੁਰੱਖਿਆ ਮੁਹਿੰਮਾਂ ਲਈ ਸਹਾਇਤਾ ਵਧਾਉਣਾ, ਪ੍ਰਮੁੱਖ ਸਾਈਟਾਂ 'ਤੇ ਸੁਰੱਖਿਆ ਅਧਿਕਾਰੀ ਸ਼ਾਮਲ ਕਰਨਾ, ਹਿੰਸਾ ਰੋਕਣ ਅਤੇ ਟਰੌਮਾ-ਇਨਫ਼ੌਰਮਡ (ਕਿਸੇ ਸਦਮੇ ਦੇ ਭਾਵਨਾਤਮਕ ਅਤੇ ਮਾਨਸਿਕ ਸਿਹਤ ਸੰਬੰਧੀ ਪ੍ਰਭਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ) ਸਿਖਲਾਈ ਮੁਹੱਈਆ ਕਰਨੀ, ਅਤੇ ਮਾਨਸਿਕ ਸਿਹਤ ਅਤੇ ਪੀਅਰ ਸੁਪੋਰਟ ਪ੍ਰੋਗਰਾਮਾਂ ਨੂੰ ਵਧਾਉਣਾ।
- ਉੱਚ ਲੋੜਾਂ ਵਾਲੇ ਖੇਤਰਾਂ ਅਤੇ ਅਹੁਦਿਆਂ ਵਿੱਚ ਸਟਾਫ ਨੂੰ ਬਣਾਈ ਰੱਖਣਾ: ਕਰਮਚਾਰੀਆਂ ਨੂੰ ਬਰਕਰਾਰ ਰੱਖਣ ਲਈ ਪ੍ਰੋਤਸਾਹਨ ਯੋਜਨਾਵਾਂ, ਬਾਲ-ਸੰਭਾਲ ਅਤੇ ਰਿਹਾਇਸ਼ਾਂ ਲਈ ਸਹਿਯੋਗ, ਮੈਂਟੋਰਸ਼ਿੱਪ ਪ੍ਰੋਗਰਾਮ ਅਤੇ ਤਨਖਾਹ ਵਿੱਚ ਸੁਧਾਰ ਕਰਨਾ।
- ਰਿਕੰਸਲੀਏਸ਼ਨ (ਮੇਲ-ਮਿਲਾਪ) ਅਤੇ ਸੱਭਿਆਚਾਰਕ ਸੁਰੱਖਿਆ ਨੂੰ ਅਮਲ ਵਿੱਚ ਲਿਆਉਣਾ: ਇੰਡੀਜਨਸ ਸਿਹਤ ਕਰਮਚਾਰੀਆਂ ਦਾ ਸਮਰਥਨ ਕਰਨਾ, ਨਸਲਵਾਦ ਦਾ ਮੁਕਾਬਲਾ ਕਰਨਾ ਅਤੇ ਕਾਰਵਾਈਆਂ ਨੂੰ ਨਿਰਪੱਖਤਾ ਅਤੇ ਨਸਲਵਾਦ-ਵਿਰੋਧੀ ਸਿਧਾਂਤਾਂ ਦੇ ਅਨੁਕੂਲ ਕਰਨਾ।
- ਕਰਮਚਾਰੀਆਂ ਦੀ ਸ਼ਮੂਲੀਅਤ ਵਿੱਚ ਵਾਧਾ: ਸੰਤੁਸ਼ਟੀ ਅਤੇ ਕੰਮ ਦੀ ਗੁਣਵੱਤਾ ਬਿਹਤਰ ਕਰਨ ਲਈ ਕੰਮ ਦੇ ਵਾਤਾਵਰਨ ਬਾਰੇ ਜਾਣਕਾਰੀ ਇਕੱਠੀ ਕਰਨਾ।
ਹੋਰ ਜਾਣੋ
ਸਿਹਤ ਸੰਭਾਲ ਵਿੱਚ ਕੰਮ ਕਰਨ ਲਈ ਵਧੇਰੇ ਲੋਕਾਂ ਨੂੰ ਸਿਖਲਾਈ ਦੇਣਾ
ਬੀ.ਸੀ. ਸਿਹਤ ਸੰਭਾਲ ਕਰਮਚਾਰੀਆਂ ਦੀ ਅਗਲੀ ਪੀੜ੍ਹੀ ਨੂੰ ਸਿਖਲਾਈ ਦੇਣ, ਮੌਜੂਦਾ ਸਟਾਫ ਨੂੰ ਆਪਣੇ ਪੇਸ਼ਿਆਂ ਵਿੱਚ ਅੱਗੇ ਵਧਣ ਵਿੱਚ ਮਦਦ ਕਰਨ, ਅਤੇ ਕਾਰਜਬਲ ਨੂੰ ਹੋਰ ਵਿਭਿੰਨ ਅਤੇ ਢੁਕਵਾਂ ਬਣਾਉਣ ਲਈ ਨਵੇਂ ਮੌਕਿਆਂ ਵਿੱਚ ਨਿਵੇਸ਼ ਕਰ ਰਿਹਾ ਹੈ।
ਉਹ ਕਾਰਵਾਈਆਂ ਜੋ ਅਸੀਂ ਕਰ ਰਹੇ ਹਾਂ
- ਰੁਜ਼ਗਾਰ ਦੇਣ ਵਾਲਿਆਂ ਦੁਆਰਾ ਸਮਰਥਿਤ ਸਿਖਲਾਈ ਮਾਡਲਾਂ ਨੂੰ ਮਜ਼ਬੂਤ ਕਰਨਾ: ਸਿਹਤ ਖੇਤਰ ਵਿੱਚ ਕੈਰੀਅਰ ਸ਼ੁਰੂ ਕਰਨ ਲਈ ਵਧੇਰੇ ਮੌਕੇ ਪੈਦਾ ਕਰਨ ਲਈ ‘ਕਮਾਓ ਅਤੇ ਸਿੱਖੋ’ (earn-and-learn) ਪ੍ਰੋਗਰਾਮਾਂ ਨੂੰ ਵਧਾਵਾ ਦੇਣਾ, ਅਤੇ ਮੌਜੂਦਾ ਕਰਮਚਾਰੀਆਂ ਲਈ ਸਿਖਲਾਈ ਦੇ ਮੌਕੇ ਵਧਾ ਕੇ ਉਨ੍ਹਾਂ ਨੂੰ ਆਪਣੇ ਕਰੀਅਰ ਵਿੱਚ ਅੱਗੇ ਵਧਣ ਅਤੇ ਸੇਵਾਵਾਂ ਸੁਧਾਰਣ ਵਿੱਚ ਸਹਾਇਤਾ ਕਰਨੀ, ਜਿਵੇਂ ਕਿ:
- ਤਰਜੀਹੀ ਪ੍ਰੋਗਰਾਮਾਂ ਦਾ ਵਿਸਤਾਰ ਅਤੇ ਆਧੁਨਿਕਰਨ: ਵਧੇਰੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਸਿਖਲਾਈ ਦੇਣ ਅਤੇ ਸੂਬੇ ਭਰ ਵਿੱਚ ਘਾਟਾਂ ਨੂੰ ਪੂਰਾ ਕਰਨ ਲਈ ਮੈਡੀਕਲ, ਨਰਸਿੰਗ, ਮਿਡਵਾਈਫਰੀ ਅਤੇ ਸਹਾਇਕ ਸਿਹਤ ਸਿੱਖਿਆ ਪ੍ਰੋਗਰਾਮਾਂ ਵਿੱਚ ਸਿਖਲਾਈ ਦੀਆਂ ਥਾਂਵਾਂ ਵਿੱਚ ਵਾਧਾ ਕਰਨਾ, ਜਿਸ ਵਿੱਚ ਸ਼ਾਮਲ ਹਨ:
- ਪਿਛਲੇ 2 ਸਾਲਾਂ ਵਿੱਚ 40 ਨਵੀਆਂ ਮੈਡੀਕਲ ਅਤੇ 67 ਨਵੀਆਂ ਰਿਹਾਇਸ਼ੀ ਸੀਟਾਂ ਸ਼ਾਮਲ ਕਰਨਾ
- ਸਾਲ 2017 ਤੋਂ ਲੈਕੇ ਹੁਣ ਤੱਕ, 602 ਨਵੀਆਂ ਨਰਸਿੰਗ ਸਿਖਲਾਈ ਸੀਟਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਨਾਲ ਸੀਟਾਂ ਦੀ ਕੁੱਲ ਗਿਣਤੀ 2,751 ਹੋ ਗਈ
- ਐਕੀਊਟ ਅਤੇ ਪੋਸਟ-ਓਪਰੇਟਿਵ ਦੇਖਭਾਲ ਵਰਗੇ ਵਿਸ਼ੇਸ਼ ਖੇਤਰਾਂ ਵਿੱਚ ਉੱਚ-ਸਤਰ ਦੀ ਨਰਸ ਸਿਖਲਾਈ ਦੇ 1,000 ਮੌਕੇ
- UBC ਮਿਡਵਾਈਫਰੀ ਪ੍ਰੋਗਰਾਮ ਵਿੱਚ 20 ਨਵੀਆਂ ਸੀਟਾਂ ਸ਼ਾਮਲ ਕਰਨਾ, ਜਿਸ ਨਾਲ ਸੀਟਾਂ ਦੀ ਕੁੱਲ ਗਿਣਤੀ 48 ਹੋ ਗਈ
- ਰੇਡੀਏਸ਼ਨ ਥੈਰੇਪੀ ਸੀਟਾਂ ਨੂੰ ਤਿੰਨ ਗੁਣਾ ਕਰਨ, ਪੇਸ਼ੇਵਰ ਥੈਰੇਪੀ, ਫਾਰਮੇਸੀ ਟੈਕਨੀਸ਼ੀਅਨ, ਫਿਜ਼ੀਓਥੈਰੇਪੀ ਸੀਟਾਂ ਨੂੰ ਦੁੱਗਣਾ ਕਰਨ ਅਤੇ ਰੈਸਪੀਰੇਟੋਰੀ ਥੈਰੇਪੀ ਸੀਟਾਂ ਵਿੱਚ 25٪ ਦਾ ਵਾਧਾ ਕਰਨ ਲਈ ਸੈਂਕੜੇ ਹੋਰ ਸਹਾਇਕ ਸਿਹਤ ਸਿਖਲਾਈ ਸੀਟਾਂ
- ਉਹਨਾਂ ਲੋਕਾਂ ਲਈ ਵਿੱਤੀ ਪ੍ਰੋਤਸਾਹਨ ਯੋਜਨਾਵਾਂ ਮੁਹੱਈਆ ਕਰਨਾ ਜੋ ਤਰਜੀਹੀ ਸਿਹਤ ਸਿੱਖਿਆ ਪ੍ਰੋਗਰਾਮਾਂ ਵਿੱਚ ਸਿਖਲਾਈ ਲੈਣ ਦੀ ਇੱਛਾ ਰੱਖਦੇ ਹਨ, ਜਿੰਨ੍ਹਾਂ ਵਿੱਚ ਸ਼ਾਮਲ ਹਨ:
- 2026 ਵਿੱਚ ਇੱਕ ਨਵਾਂ ਮੈਡੀਕਲ ਸਕੂਲ ਖੋਲ੍ਹਣਾ:
- ਸਾਈਮਨ ਫਰੇਜ਼ਰ ਯੂਨੀਵਰਸਿਟੀ ਦਾ ਮੈਡੀਕਲ ਸਕੂਲ ਸਰ੍ਹੀ ਵਿੱਚ ਭਾਈਚਾਰਿਆਂ ਵਿੱਚ ਕੰਮ ਕਰਨ ਵਾਲੇ ਪਰਿਵਾਰਕ ਡਾਕਟਰਾਂ ਨੂੰ ਸਿਖਲਾਈ ਦੇਣ 'ਤੇ ਧਿਆਨ ਕੇਂਦਰਿਤ ਕਰੇਗਾ। 48 ਵਿਦਿਆਰਥੀਆਂ ਦੇ ਪਹਿਲੇ ਸਮੂਹ ਦੀਆਂ ਕਲਾਸਾਂ 2026 ਦੀਆਂ ਗਰਮੀਆਂ ਵਿੱਚ ਸ਼ੁਰੂ ਹੋਣਗੀਆਂ, ਅਤੇ 2036 ਤੱਕ ਸੀਟਾਂ ਦੀ ਗਿਣਤੀ 120 ਤੱਕ ਵਧਾਉਣ ਦੀ ਯੋਜਨਾ ਹੈ।
ਹੋਰ ਜਾਣੋ
ਹੋਰ ਬਿਹਤਰ, ਤੇਜ਼ ਦੇਖਭਾਲ ਮੁਹੱਈਆ ਕਰਨ ਲਈ ਕੰਮ ਕਰਨਾ
ਬੀ.ਸੀ. ਦੀਆਂ ਸਿਹਤ ਲੋੜਾਂ ਨੂੰ ਪੂਰਾ ਕਰਨਾ, ਸਿਰਫ ਵਧੇਰੇ ਕਾਮਿਆਂ ਨੂੰ ਰੱਖਣ ਬਾਰੇ ਨਹੀਂ ਹੈ, ਬਲਕਿ ਮਰੀਜ਼ਾਂ ਲਈ ਬਿਹਤਰ ਦੇਖਭਾਲ ਅਤੇ ਬਿਹਤਰ ਨਤੀਜੇ ਉਪਲਬਧ ਕਰਵਾਉਣ ਲਈ ਤਕਨਾਲੋਜੀ, ਸਾਂਝੇ ਕੰਮ ਅਤੇ ਕੰਮ ਕਰਨ ਦੇ ਨਵੇਂ ਤਰੀਕਿਆਂ ਦੀ ਵਰਤੋਂ ਕਰਨ ਬਾਰੇ ਵੀ ਹੈ।
ਉਹ ਕਾਰਵਾਈਆਂ ਜੋ ਅਸੀਂ ਕਰ ਰਹੇ ਹਾਂ
- ਕਾਗਜ਼ੀ ਕਾਰਵਾਈ ਨੂੰ ਘਟਾਉਣ ਦਾ ਮਤਲਬ ਹੈ ਮਰੀਜ਼ਾਂ ਲਈ ਵਧੇਰੇ ਸਮਾਂ: ਥੋੜ੍ਹੇ ਸਮੇਂ ਦੀ ਗੈਰਹਾਜ਼ਰੀ ‘ਤੇ ਕਾਮਿਆਂ ਨੂੰ ਬਿਮਾਰ ਹੋਣ ਦੀ ਲਿਖਤੀ ਨੋਟ ਲੈਣ ਦੀ ਜ਼ਰੂਰਤ ਖਤਮ ਕਰਨ, ਫੈਕਸ ਅਤੇ ਕਾਗਜ਼-ਅਧਾਰਿਤ ਪ੍ਰਕਿਰਿਆਵਾਂ ਨੂੰ ਡਿਜੀਟਲ ਸਿਸਟਮ ਨਾਲ ਬਦਲਣ, ਰੈਫਰਲ ਪ੍ਰਕਿਰਿਆਵਾਂ ਨੂੰ ਅਸਾਨ ਬਣਾਉਣ, ਫਾਰਮਾਂ ਨੂੰ ਮਜ਼ਬੂਤ ਅਤੇ ਮਿਆਰੀ ਬਣਾਉਣ ਅਤੇ ਪ੍ਰਦਾਨਕਾਂ ਵਿਚਕਾਰ ਜਾਣਕਾਰੀ ਸਾਂਝੀ ਕਰਨ ਵਿੱਚ ਸੁਧਾਰ ਕਰਨ ਨਾਲ ਡਾਕਟਰਾਂ ਨੂੰ ਮਰੀਜ਼ਾਂ ਨਾਲ ਵਧੇਰੇ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ।
- ਕੰਮ ਦੇ ਦਬਾਅ ਨੂੰ ਸੰਤੁਲਿਤ ਕਰਨਾ: ਸਟਾਫ ਨੂੰ ਭਰਤੀ ਕਰਨ ਅਤੇ ਬਰਕਰਾਰ ਰੱਖਣ ਲਈ ਕੰਮ ਦਾ ਉਚਿਤ ਭਾਰ ਹੋਣਾ ਅਤੇ ਕੰਮ ਦਾ ਵਧੀਆ ਵਾਤਾਵਰਨ ਹੋਣਾ ਜ਼ਰੂਰੀ ਹੈ। ਇਹ ਮਰੀਜ਼ਾਂ ਦੀ ਦੇਖਭਾਲ ਦੀ ਗੁਣਵੱਤਾ ਵਿੱਚ ਵੀ ਸੁਧਾਰ ਕਰਦਾ ਹੈ।
- ਟੀਮ-ਅਧਾਰਿਤ ਸੰਭਾਲ ਨੂੰ ਮਜ਼ਬੂਤ ਬਣਾਉਣਾ: ਸਿਹਤ ਸੰਭਾਲ ਪ੍ਰਦਾਨਕਾਂ ਨੂੰ ਮਰੀਜ਼ਾਂ ਦੀ ਦੇਖਭਾਲ ਵਿੱਚ ਸੁਧਾਰ ਕਰਨ ਅਤੇ ਕੰਮ ਦੇ ਦਬਾਅ ਨੂੰ ਸੰਤੁਲਿਤ ਕਰਨ ਲਈ ਅੰਤਰ-ਅਨੁਸ਼ਾਸਨੀ ਟੀਮਾਂ ਦੇ ਹਿੱਸੇ ਵਜੋਂ ਸੰਭਾਲ ਪ੍ਰਦਾਨ ਕਰਨ ਵਿੱਚ ਤਬਦੀਲੀ ਕਰਨ ਵਿੱਚ ਮਦਦ ਕਰਨਾ।
- ਕੰਮ ਦੇ ਦਾਇਰੇ ਦਾ ਵਿਸਤਾਰ ਕਰਨਾ: ਵਧੇਰੇ ਦੇਖਭਾਲ ਮੁਹੱਈਆ ਕਰਨ ਲਈ ਸਿਹਤ ਸੰਭਾਲ ਕਰਮਚਾਰੀਆਂ ਦੇ ਪੂਰੇ ਹੁਨਰਾਂ ਦੀ ਵੱਧ ਤੋਂ ਵੱਧ ਵਰਤੋਂ ਕਰਨਾ, ਡਾਕਟਰਾਂ ਦੇ ਅਸਿਸਟੈਂਟ, ਰਜਿਸਟਰਡ ਨਰਸਾਂ, ਫਾਰਮਾਸਿਸਟਾਂ ਅਤੇ ਐਮਰਜੈਂਸੀ ਮੈਡੀਕਲ ਅਸਿਸਟੈਂਟਾਂ ਦੀਆਂ ਭੂਮਿਕਾਵਾਂ ਨੂੰ ਵਿਕਸਤ ਕਰਨ ਅਤੇ ਵਧਾਉਣ ਤੋਂ ਸ਼ੁਰੂਆਤ ਕਰਨਾ।
- ਸਿਹਤ ਸੰਭਾਲ ਵਿੱਚ ਤਕਨਾਲੋਜੀ ਦਾ ਲਾਭ ਉਠਾਉਣਾ: ਵਿਸ਼ੇਸ਼ ਤੌਰ 'ਤੇ ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਪਹੁੰਚ ਅਤੇ ਕੁਸ਼ਲਤਾ ਵਿੱਚ ਸੁਧਾਰ ਕਰਨ ਲਈ ਵਰਚੁਅਲ ਸੰਭਾਲ ਅਤੇ ਟੈਲੀਹੈਲਥ ਸੇਵਾਵਾਂ ਦਾ ਵਿਸਤਾਰ ਕਰਨਾ, ਅਤੇ ਇਹ ਯਕੀਨੀ ਬਣਾਉਣਾ ਕਿ ਦੇਖਭਾਲ ਵਿਅਕਤੀਗਤ ਤੌਰ 'ਤੇ ਮੁਹੱਈਆ ਕੀਤੀ ਜਾ ਸਕਦੀ ਹੈ। AI ਵਰਗੀ ਨਵੀਂ ਤਕਨੀਕ ਦੀ ਵਰਤੋਂ ਕਰਨ ਨਾਲ ਦੇਖਭਾਲ ਉਪਲਬਧ ਕਰਵਾਉਣ ਦੀ ਪ੍ਰਕਿਰਿਆ ਵਿੱਚ ਸੁਧਾਰ ਹੋ ਸਕਦਾ ਹੈ, ਸਿਹਤ ਪ੍ਰਣਾਲੀਆਂ ਨੂੰ ਵਧੇਰੇ ਕੁਸ਼ਲ ਬਣਾਇਆ ਜਾ ਸਕਦਾ ਹੈ ਅਤੇ ਕੰਮ ਦੀਆਂ ਥਾਂਵਾਂ ਦੀ ਸੰਤੁਸ਼ਟੀ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ।
- ਕਰਮਚਾਰੀਆਂ ਨੂੰ ਆਪਣੇ ਤਰੀਕੇ ਨਾਲ ਕੰਮ ਕਰਨ ਦੀ ਅਜ਼ਾਦੀ ਵਧਾਉਣਾ: ਨਵੇਂ ਡਾਕਟਰਾਂ ਅਤੇ ਨਰਸ ਪ੍ਰੈਕਟੀਸ਼ਨਰਾਂ ਨੂੰ ਤਜਰਬਾ ਹਾਸਲ ਕਰਨ ਅਤੇ ਛੁੱਟੀ 'ਤੇ ਗਏ ਪ੍ਰਦਾਨਕਾਂ ਦੀਆਂ ਸੇਵਾਵਾਂ ਕਵਰ ਕਰਨ ਲਈ ਲੋਕਮ (locum) ਇਕਰਾਰਨਾਮੇ ਮੁਹੱਈਆ ਕਰਨਾ, ਅਤੇ ਸਿਹਤ ਸੰਭਾਲ ਕਰਮਚਾਰੀਆਂ ਲਈ ਖੇਤਰ ਭਰ ਦੇ ਹਸਪਤਾਲਾਂ ਵਿੱਚ ਕੰਮ ਕਰਨਾ ਅਸਾਨ ਬਣਾਉਣਾ।
- ਗੋਹੈਲਥ ਦਾ ਵਿਸਤਾਰ: ਪ੍ਰਾਈਵੇਟ ਸਟਾਫਿੰਗ ਏਜੰਸੀਆਂ ਅਤੇ ਓਵਰਟਾਈਮ 'ਤੇ ਨਿਰਭਰਤਾ ਘਟਾਉਣ ਲਈ, ਬੀ.ਸੀ. ਦੇ ਸੂਬਾਈ ਟ੍ਰੈਵਲ ਸਟਾਫਿੰਗ ਪ੍ਰੋਗਰਾਮ ਵਿੱਚ ਵਧੇਰੇ ਨਰਸਾਂ ਦੀ ਭਰਤੀ ਕਰਨਾ ਅਤੇ ਪੇਂਡੂ ਅਤੇ ਦੂਰ-ਦੁਰਾਡੇ ਦੇ ਭਾਈਚਾਰਿਆਂ ਵਿੱਚ ਸਿਹਤ ਪ੍ਰਦਾਨਕਾਂ ਤੱਕ ਪਹੁੰਚ ਵਧਾਉਣ ਲਈ ਮੈਡੀਕਲ ਲੈਬੌਰੇਟੋਰੀ ਟੈਕਨੌਲੋਜਿਸਟਾਂ ਵਰਗੇ ਸਹਾਇਕ ਸਿਹਤ ਕਰਮਚਾਰੀਆਂ ਨੂੰ ਸ਼ਾਮਲ ਕਰਕੇ ਪ੍ਰੋਗਰਾਮ ਦਾ ਵਿਸਤਾਰ ਕਰਨਾ।
- ਐਮਰਜੈਂਸੀ ਸਿਹਤ ਪ੍ਰਦਾਨਕ ਰਜਿਸਟਰੀ ਵਿੱਚ ਸੁਧਾਰ: ਬੀ.ਸੀ. ਭਰ ਵਿੱਚ ਐਮਰਜੈਂਸੀਆਂ ਦੌਰਾਨ ਸਿਹਤ ਕਰਮਚਾਰੀਆਂ ਦੀ ਨਿਗਰਾਨੀ ਕਰਨ ਅਤੇ ਤਾਇਨਾਤ ਕਰਨ ਦੇ ਤਰੀਕੇ ਵਿੱਚ ਸੁਧਾਰ ਕਰਨਾ।
ਹੋਰ ਜਾਣੋ

ਬਿਹਤਰ ਸਿਹਤ ਸੰਭਾਲ ਦਾ ਨਿਰਮਾਣ ਕਰਨਾ
ਅਸੀਂ ਸੂਬੇ ਭਰ ਦੇ ਭਾਈਚਾਰਿਆਂ ਵਿੱਚ ਵਧੇਰੇ ਹਸਪਤਾਲ, ਕਲੀਨਿਕ, ਕੈਂਸਰ ਸੈਂਟਰ ਅਤੇ ਲੌਂਗ-ਟਰਮ ਕੇਅਰ ਹੋਮ ਦਾ ਨਿਰਮਾਣ ਕਰਕੇ, ਤੁਹਾਡੇ ਘਰ ਦੇ ਨੇੜੇ ਲੋੜੀਂਦੀ ਸੰਭਾਲ ਹਾਸਲ ਕਰਨ ਵਿੱਚ ਤੁਹਾਡੀ ਮਦਦ ਕਰ ਰਹੇ ਹਾਂ।

ਬੀ.ਸੀ. ਆਪਣੇ ਇਤਿਹਾਸ ਵਿੱਚ ਪੂੰਜੀ ਪ੍ਰੋਜੈਕਟਾਂ ਵਿੱਚ ਸਭ ਤੋਂ ਵੱਡਾ ਨਿਵੇਸ਼ ਕਰ ਰਿਹਾ ਹੈ ਤਾਂ ਜੋ ਲੋਕਾਂ ਦੇ ਘਰ ਦੇ ਹੋਰ ਨੇੜੇ ਵਧੇਰੇ ਸਿਹਤ ਅਤੇ ਕੈਂਸਰ ਸੈਂਟਰ ਬਣਾਏ ਜਾ ਸਕਣ

ਸਰ੍ਹੀ ਦਾ ਨਵਾਂ ਮੈਡੀਕਲ ਸਕੂਲ ਵਧੇਰੇ ਪਰਿਵਾਰਕ ਡਾਕਟਰਾਂ (family doctors) ਨੂੰ ਸਿਖਲਾਈ ਦੇਣ ਲਈ ਸਾਲ 2026 ਵਿੱਚ ਖੁਲ੍ਹਣ ਜਾ ਰਿਹਾ ਹੈ - 55 ਸਾਲਾਂ ਵਿੱਚ ਇਹ ਪੱਛਮੀ ਕੈਨੇਡਾ ਦਾ ਪਹਿਲਾ ਨਵਾਂ ਸਕੂਲ ਹੈ

ਬੀ.ਸੀ. ਨੇ ਹੋਰ MRI ਅਤੇ CT ਸਕੈਨਰ ਸ਼ਾਮਲ ਕੀਤੇ, ਜਿਸ ਨਾਲ ਸਾਲ 2016 ਤੋਂ ਲੈ ਕੇ ਹੁਣ ਤੱਕ MRI ਜਾਂਚਾਂ ਵਿੱਚ 83% ਅਤੇ CT ਜਾਂਚਾਂ ਵਿੱਚ 43% ਦਾ ਵਾਧਾ ਦੇਖਣ ਨੂੰ ਮਿਲਿਆ
ਵਧੇਰੇ ਹਸਪਤਾਲਾਂ ਅਤੇ ਕੈਂਸਰ ਸੈਂਟਰਾਂ ਦਾ ਨਿਰਮਾਣ ਕਰਨਾ
ਅਸੀਂ ਸੂਬੇ ਭਰ ਦੇ ਭਾਈਚਾਰਿਆਂ ਵਿੱਚ ਹਸਪਤਾਲਾਂ, ਕਲੀਨਿਕਾਂ, ਕੈਂਸਰ ਸੈਂਟਰਾਂ ਅਤੇ ਕੇਅਰ ਹੋਮਾਂ ਦੇ ਨਿਰਮਾਣ ਲਈ ਸਿਹਤ ਅਥਾਰਿਟੀਆਂ ਨਾਲ ਕੰਮ ਕਰ ਰਹੇ ਹਾਂ, ਤਾਂ ਜੋ ਤੁਸੀਂ ਅਤੇ ਤੁਹਾਡਾ ਪਰਿਵਾਰ ਘਰ ਦੇ ਹੋਰ ਨੇੜੇ ਲੋੜੀਂਦੀ ਸੰਭਾਲ ਹਾਸਲ ਕਰ ਸਕੋ। ਬੀ.ਸੀ. ਦੇ ਇਤਿਹਾਸ ਵਿੱਚ ਸਿਹਤ ਪੂੰਜੀ ਪ੍ਰੋਜੈਕਟਾਂ ਵਿੱਚ ਇਹ ਅੱਜ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਹੈ।
ਉਹ ਕਾਰਵਾਈਆਂ ਜੋ ਅਸੀਂ ਕਰ ਰਹੇ ਹਾਂ
- ਨਿਰਮਾਣ ਜਾਂ ਸੁਧਾਰ ਕਰਨ ਲਈ ਇਨ੍ਹਾਂ ਦੀ ਉਸਾਰੀ ਦਾ ਕੰਮ ਸ਼ੁਰੂ ਜਾਂ ਮੁਕੰਮਲ ਕੀਤਾ:
- 30 ਹਸਪਤਾਲ ਜਾਂ ਸਿਹਤ ਫੈਸਿਲਿਟੀਆਂ, ਜਿਸ ਵਿੱਚ ਸਰ੍ਹੀ ਅਤੇ ਡੰਕਨ ਵਿੱਚ ਨਵੇਂ ਹਸਪਤਾਲ, ਅਤੇ ਫੋਰਟ ਸੇਂਟ ਜੇਮਜ਼, ਟੈਰੇਸ ਵਿੱਚ ਹੁਣੇ ਮੁਕੰਮਲ ਹੋਏ ਨਵੇਂ ਹਸਪਤਾਲ, ਅਤੇ ਨੌਰਥ ਵੈਨਕੂਵਰ ਦੇ ਲਾਇਨਜ਼ ਗੇਟ ਹਸਪਤਾਲ ਵਿੱਚ ਨਵਾਂ ਮਰੀਜ਼ ਸੰਭਾਲ ਟਾਵਰ ਸ਼ਾਮਲ ਹਨ।
- 33 ਪਬਲਿਕ ਅਤੇ ਪ੍ਰਾਈਵੇਟ ਲੌਂਗ-ਟਰਮ ਕੇਅਰ ਸੈਂਟਰ, ਜਿਨ੍ਹਾਂ ਵਿੱਚ ਕੈਂਪਬੈਲ ਰਿਵਰ, ਕਲੋਨਾ, ਪੈਂਟਿਕਟਨ ਅਤੇ ਰਿਚਮੰਡ ਦੇ ਨਵੇਂ ਸੈਂਟਰ ਸ਼ਾਮਲ ਹਨ।
- ਬਰਨਬੀ, ਕੈਮਲੂਪਸ, ਨਨਾਇਮੋ ਅਤੇ ਸਰ੍ਹੀ ਵਿੱਚ 4 ਕੈਂਸਰ ਸੈਂਟਰ।
- ਸੂਬੇ ਭਰ ਦੇ ਭਾਈਚਾਰਿਆਂ ਵਿੱਚ ਕਈ ਹੋਰ ਸਿਹਤ ਕਲੀਨਿਕ ਖੋਲ੍ਹਣਾ, ਜਿਸ ਵਿੱਚ ਅਰਜੈਂਟ ਅਤੇ ਪ੍ਰਾਇਮਰੀ ਕੇਅਰ ਸੈਂਟਰ, ਕਮਿਊਨਿਟੀ ਹੈਲਥ ਸੈਂਟਰ, ਫਾਊਂਡਰੀ ਸੈਂਟਰ ਅਤੇ ਫਰਸਟ ਨੇਸ਼ਨਜ਼ ਪ੍ਰਾਇਮਰੀ ਕੇਅਰ ਸੈਂਟਰ ਸ਼ਾਮਲ ਹਨ।
- ਸਿਹਤ ਸੰਭਾਲ ਫੈਸਿਲਿਟੀਆਂ ਨੂੰ ਸੁਰੱਖਿਅਤ ਅਤੇ ਸਵਾਗਤਮਈ ਬਣਾਈ ਰੱਖਣ ਲਈ ਰੱਖ-ਰੱਖਾਅ ਅਤੇ ਨਵੀਨੀਕਰਨ ਦੇ ਸੈਂਕੜੇ ਪ੍ਰੋਜੈਕਟਾਂ ਨੂੰ ਪੂਰਾ ਕਰਨਾ।
ਹੋਰ ਜਾਣੋ
ਲੰਮੀ ਮਿਆਦ ਦੀ ਸੰਭਾਲ ਅਤੇ ਬਜ਼ੁਰਗਾਂ ਲਈ ਵਧੇਰੇ ਸੇਵਾਵਾਂ ਜੋੜਨਾ
ਜਿਵੇਂ-ਜਿਵੇਂ ਲੋਕਾਂ ਦੀ ਉਮਰ ਵਧਦੀ ਹੈ, ਉਨ੍ਹਾਂ ਦੀ ਸਿਹਤ ਦੀਆਂ ਜ਼ਰੂਰਤਾਂ ਬਦਲ ਜਾਂਦੀਆਂ ਹਨ। ਅਸੀਂ ਬਜ਼ੁਰਗਾਂ ਲਈ ਸਹਾਇਤਾ ਵਿੱਚ ਸੁਧਾਰ ਕਰਨ ਲਈ ਕੰਮ ਕਰ ਰਹੇ ਹਾਂ, ਚਾਹੇ ਉਹ ਘਰ ਵਿੱਚ ਰਹਿੰਦੇ ਹੋਣ, ਅਸਿਸਟਿਡ ਲਿਵਿੰਗ (ਸਹਾਇਤਾ-ਪ੍ਰਾਪਤ ਰਹਿਣ ਦੀ ਥਾਂ) ਵਿੱਚ ਜਾਂ ਲੌਂਗ-ਟਰਮ ਕੇਅਰ (ਲੰਮੀ ਮਿਆਦ ਦੀ ਸੰਭਾਲ) ਵਿੱਚ, ਤਾਂ ਜੋ ਉਨ੍ਹਾਂ ਦੀ ਆਪਣੇ ਭਾਈਚਾਰਿਆਂ ਵਿੱਚ ਅਤੇ ਆਪਣੇ ਅਜ਼ੀਜ਼ਾਂ ਦੇ ਨੇੜੇ ਸਿਹਤਮੰਦ, ਸੰਪੂਰਨ ਜੀਵਨ ਜਿਉਣ ਵਿੱਚ ਮਦਦ ਕੀਤੀ ਜਾ ਸਕੇ।
ਉਹ ਕਾਰਵਾਈਆਂ ਜੋ ਅਸੀਂ ਕਰ ਰਹੇ ਹਾਂ
- ਲੌਂਗ-ਟਰਮ ਕੇਅਰ ਸੈਂਟਰ: 33 ਪਬਲਿਕ ਅਤੇ ਪ੍ਰਾਈਵੇਟ ਲੌਂਗ-ਟਰਮ ਕੇਅਰ ਹੋਮਜ਼ ਵਿੱਚ 5,400 ਤੋਂ ਵੱਧ ਨਵੇਂ ਬਿਸਤਰੇ ਸ਼ਾਮਲ ਕਰਨਾ ਜਾਂ ਪੁਰਾਣਿਆਂ ਨੂੰ ਬਦਲਣਾ, ਅਤੇ ਸੂਬੇ ਭਰ ਦੇ ਹਸਪਤਾਲਾਂ ਵਿੱਚ LTC ਬਿਸਤਰੇ ਸ਼ਾਮਲ ਕਰਨਾ।
- ਘਰ ਵਿੱਚ ਹਸਪਤਾਲ ਵਰਗੀ ਸੰਭਾਲ (Hospital at Home): ਇਸ ਪ੍ਰੋਗਰਾਮ ਦਾ ਵਿਸਤਾਰ 7 ਹਸਪਤਾਲਾਂ ਤੱਕ ਕਰਨਾ, ਤਾਂ ਜੋ ਡਾਕਟਰ ਜਾਂ ਨਰਸ ਰੋਜ਼ਾਨਾ ਵਿਅਕਤੀਗਤ ਜਾਂ ਵਰਚੁਅਲ ਅਪੌਇੰਟਮੈਂਟ ਦੀ ਪੇਸ਼ਕਸ਼ ਕਰ ਸਕਣ, ਜਿਸ ਨਾਲ ਮਰੀਜ਼ ਆਪਣੇ ਘਰ ਦੇ ਅਰਾਮਦਾਇਕ ਮਾਹੌਲ ਵਿੱਚ ਠੀਕ ਹੋ ਸਕਣ।
- ਘਰ ਵਿੱਚ ਲੰਮੀ-ਮਿਆਦ ਦੀ ਸੰਭਾਲ (Long-Term Care at Home): ਇਸ ਪ੍ਰੋਗਰਾਮ ਦੀ ਸ਼ੁਰੂਆਤੀ ਅਜ਼ਮਾਇਸ਼ ਲਈ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਨਾਲ ਲੌਂਗ-ਟਰਮ ਕੇਅਰ ਫੈਸਿਲਿਟੀ ਤੋਂ ਵਰਚੁਅਲ ਸਹਿਯੋਗ ਦੇਣਾ ਸੰਭਵ ਹੋਵੇਗਾ। ਇਸ ਨਾਲ ਘਰ ਵਿੱਚ ਹੀ ਬਜ਼ੁਰਗਾਂ ਦੀ ਸਿਹਤ ਦੇ ਮੁੱਖ ਸੰਕੇਤਾਂ (vitals) ਦੀ ਜਾਂਚ ਕੀਤੀ ਜਾਵੇਗੀ, ਡਿੱਗਣ ਤੋਂ ਬਚਾਅ ਲਈ ਉਨ੍ਹਾਂ ‘ਤੇ ਨਜ਼ਰ ਰੱਖੀ ਜਾਵੇਗੀ, ਉਨ੍ਹਾਂ ਦੀ ਗਤੀਵਿਧੀ ਦੇ ਪੱਧਰ ਵੇਖੇ ਜਾਣਗੇ, ਅਤੇ ਉਨ੍ਹਾਂ ਦੀਆਂ ਦਵਾਈਆਂ ਸਮੇਂ ਸਿਰ ਲੈਣ ਦੀ ਨਿਗਰਾਨੀ ਕੀਤੀ ਜਾਵੇਗੀ । ਇਸਦਾ ਟੀਚਾ ਹੈ ਕਿ 18 ਮਹੀਨਿਆਂ ਵਿੱਚ ਇਸਨੂੰ ਹੋਰ ਭਾਈਚਾਰਿਆਂ ਵਿੱਚ ਵਧਾਇਆ ਜਾਵੇ ਅਤੇ ਅਗਲੇ 4 ਸਾਲਾਂ ਵਿੱਚ 2,700 ਲੋਕਾਂ ਦੀ ਮਦਦ ਕੀਤੀ ਜਾਵੇ।
- ਘਰ ਅਤੇ ਭਾਈਚਾਰਕ ਸੰਭਾਲ: ਇਸ ਨਾਲ ਬਜ਼ੁਰਗਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਸੁਰੱਖਿਅਤ ਅਤੇ ਅਰਾਮਦਾਇਕ ਤਰੀਕੇ ਨਾਲ ਵੱਧਦੀ ਉਮਰ ਵਿੱਚ ਸਹਾਇਤਾ ਮਿਲੇਗੀ, ਅਤੇ ਉਹਨਾਂ ਦੇ ਜੀਵਨ ਦੀ ਗੁਣਵੱਤਾ, ਮਾਣ ਅਤੇ ਸੁਤੰਤਰਤਾ ਵਿੱਚ ਵੱਧ ਤੋਂ ਵੱਧ ਮਦਦ ਹੋਵੇਗੀ।
ਹੋਰ ਜਾਣੋ
ਵਧੇਰੇ MRI ਅਤੇ CT ਸਕੈਨਰਾਂ ਵਿੱਚ ਨਿਵੇਸ਼ ਕਰਨਾ
MRI ਅਤੇ CT ਸਕੈਨਰਾਂ ਦੀ ਵਰਤੋਂ ਦਿਮਾਗ ਦੀਆਂ ਸੱਟਾਂ, ਕੈਂਸਰ ਅਤੇ ਪੇਟ ਦੀਆਂ ਸਮੱਸਿਆਵਾਂ ਵਰਗੀਆਂ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਅਵਸਥਾਵਾਂ ਦੀ ਪਛਾਣ ਅਤੇ ਨਿਗਰਾਨੀ ਕਰਨ ਲਈ ਕੀਤੀ ਜਾਂਦੀ ਹੈ।
ਅਸੀਂ MRI ਅਤੇ CT ਜਾਂਚਾਂ ਤੱਕ ਪਹੁੰਚ ਵਿੱਚ ਸੁਧਾਰ ਕਰਨ ਲਈ ਕੰਮ ਕਰ ਰਹੇ ਹਾਂ, ਤਾਂ ਜੋ ਲੋਕ ਵਧੇਰੇ ਜਲਦੀ ਤਸ਼ਖੀਸ ਅਤੇ ਇਲਾਜ ਕਰਵਾ ਸਕਣ।
ਉਹ ਕਾਰਵਾਈਆਂ ਜੋ ਅਸੀਂ ਕਰ ਰਹੇ ਹਾਂ
- ਹੋਰ ਮਸ਼ੀਨਾਂ:
- ਸਾਲ 2017 ਤੋਂ ਲੈ ਕੇ ਸਾਲ 2024-25 ਤੱਕ ਸੂਬੇ ਭਰ ਦੇ ਭਾਈਚਾਰਿਆਂ ਵਿੱਚ 19 ਨਵੇਂ MRI ਸਕੈਨਰ ਅਤੇ 11 ਨਵੇਂ CT ਸਕੈਨਰ ਜੋੜਨਾ।
- ਤੇਜ਼, ਵਧੇਰੇ ਸਟੀਕ ਸਕੈਨ ਕਰਨ ਲਈ ਨਨਾਇਮੋ ਵਿੱਚ ਅਤਿ-ਆਧੁਨਿਕ ਹਾਈਬ੍ਰਿਡ ਗਾਮਾ SPEC-CT ਕੈਮਰੇ ਵਰਗੀ ਨਵੀਂ ਤਕਨਾਲੋਜੀ ਵਿੱਚ ਨਿਵੇਸ਼ ਕਰਨਾ।
- ਮੈਡੀਕਲ ਇਮੇਜਿੰਗ ਵਿੱਚ ਵਰਤੇ ਜਾਣ ਵਾਲੇ ਰੇਡੀਓਐਕਟਿਵ ਆਈਸੋਟੋਪਾਂ ਨੂੰ ਬਣਾਉਣ ਲਈ ਵੈਨਕੂਵਰ ਵਿੱਚ ਇੱਕ ਨਵੀਂ ਸਾਈਕਲੋਟ੍ਰੌਨ ਅਤੇ ਰੇਡੀਓਫਾਰਮੇਸੀ ਲੈਬੌਰੇਟੋਰੀ ਬਣਾ ਕੇ ਕੈਂਸਰ ਦਾ ਪਤਾ ਲਗਾਉਣ ਅਤੇ ਉਸ ਦੀ ਨਿਗਰਾਨੀ ਕਰਨ ਲਈ PET/CT ਸਕੈਨ ਤੱਕ ਪਹੁੰਚ ਦਾ ਵਿਸਤਾਰ ਕਰਨਾ।
- ਵਧੇਰੇ ਘੰਟੇ: ਮੌਜੂਦਾ ਸਕੈਨਰ ਹੁਣ ਪ੍ਰਤੀ ਹਫਤੇ ਵਧੇਰੇ ਘੰਟੇ ਕੰਮ ਕਰਦੇ ਹਨ। ਇਨ੍ਹਾਂ ਵਿੱਚੋਂ ਕਈ ਹਰ ਦਿਨ 16 ਘੰਟੇ, ਹਫਤੇ ਦੇ 7 ਦਿਨ ਕੰਮ ਕਰਦੇ ਹਨ।
- ਵਧੇਰੇ ਸਕੈਨ: ਸਾਲ 2023-24 ਵਿੱਚ, ਬੀ.ਸੀ. ਨੇ 322,000 ਤੋਂ ਵੱਧ MRI ਜਾਂਚਾਂ ਕੀਤੀਆਂ (ਸਾਲ 2016 ਤੋਂ 83% ਵੱਧ) ਅਤੇ 994,000 CT ਸਕੈਨ ਕੀਤੇ (43% ਦਾ ਵਾਧਾ)।
- ਵਧੇਰੇ ਸਟਾਫ: ਸਾਲ 2019 ਤੋਂ 2023-24 ਤੱਕ MRI ਟੈਕਨੋਲੌਜਿਸਟਾਂ ਦੀ ਗਿਣਤੀ ਵਿੱਚ 133% ਦਾ ਵਾਧਾ ਹੋਇਆ ਹੈ, ਅਤੇ ਹੋਰਾਂ ਨੂੰ ਵੀ ਭਰਤੀ, ਕੰਮ ‘ਤੇ ਬਰਕਰਾਰ ਰੱਖਣ ਅਤੇ ਸਿਖਲਾਈ ਦੇਣ ਲਈ ਨਵੀਆਂ ਪਹਿਲਕਦਮੀਆਂ ਲਾਗੂ ਕੀਤੀਆਂ ਗਈਆਂ ਹਨ:
- ਸਿਖਲਾਈ ਪ੍ਰੋਤਸਾਹਨ ਯੋਜਨਾਵਾਂ ਜਿਵੇਂ ਕਿ MRI ਤਕਨਾਲੋਜੀ ਪ੍ਰੋਗਰਾਮਾਂ ਵਿੱਚ ਵਿਦਿਆਰਥੀਆਂ ਲਈ $2,000 ਦੀ ਬਰਸਰੀ।
- ਹਰ ਸਾਲ 12 ਹੋਰ MRI ਟੈਕਨੋਲੌਜਿਸਟਾਂ ਨੂੰ ਸਿਖਲਾਈ ਦੇਣ ਲਈ BCIT ਵਿਖੇ ਨਵਾਂ ਡਾਇਰੈਕਟ-ਐਂਟਰੀ ਡਿਪਲੋਮਾ ਪ੍ਰੋਗਰਾਮ।
ਹੋਰ ਜਾਣੋ
ਸਾਲ 2023 ਵਿੱਚ ਸਰਜਰੀ ਅਤੇ ਡਾਇਗਨੌਸਟਿਕ ਇਮੇਜਿੰਗ ਵਰਗੀਆਂ ਤਰਜੀਹੀ ਪ੍ਰਕਿਰਿਆਵਾਂ ਲਈ, ਕੈਨੇਡਾ ਵਿੱਚ ਉਡੀਕ ਸਮਿਆਂ ਵਿੱਚ ਬੀ.ਸੀ. ਦੂਜੇ ਸਥਾਨ ‘ਤੇ ਸੀ। 90% ਮਰੀਜ਼ਾਂ ਨੇ ਆਪਣੀ MRI ਲਈ 159 ਦਿਨ ਜਾਂ ਇਸ ਤੋਂ ਘੱਟ ਸਮੇਂ ਦੀ ਉਡੀਕ ਕੀਤੀ।
ਸਾਈਮਨ ਫਰੇਜ਼ਰ ਯੂਨੀਵਰਸਿਟੀ (Simon Fraser University, SFU) ਸਰ੍ਹੀ ਵਿੱਚ ਇੱਕ ਨਵਾਂ ਮੈਡੀਕਲ ਸਕੂਲ ਖੋਲ੍ਹ ਰਹੀ ਹੈ ਤਾਂ ਜੋ ਬੀ.ਸੀ. ਦੇ ਭਾਈਚਾਰਿਆਂ ਵਿੱਚ ਕੰਮ ਕਰਨ ਲਈ ਵਧੇਰੇ ਪਰਿਵਾਰਕ ਡਾਕਟਰਾਂ ਨੂੰ ਸਿਖਲਾਈ ਦਿੱਤੀ ਜਾ ਸਕੇ। 55 ਸਾਲਾਂ ਵਿੱਚ ਪੱਛਮੀ ਕੈਨੇਡਾ ਵਿੱਚ ਖੁੱਲ੍ਹਣ ਵਾਲਾ ਇਹ ਪਹਿਲਾ ਮੈਡੀਕਲ ਸਕੂਲ ਹੈ।
ਸਕੂਲ ਦੇ ਵੇਰਵੇ
- ਪਾਠਕ੍ਰਮ, ਮੁੱਢਲੀ ਸੰਭਾਲ (primary care) ਮੁਹੱਈਆ ਕਰਨ 'ਤੇ ਕੇਂਦਰਿਤ ਤਿੰਨ ਸਾਲ ਦਾ ਪ੍ਰੋਗਰਾਮ ਪੇਸ਼ ਕਰਦਾ ਹੈ। ਇਸ ਵਿੱਚ ਇੰਡੀਜਨਸ (ਮੂਲ ਨਿਵਾਸੀ) ਗਿਆਨ ਪ੍ਰਣਾਲੀਆਂ ਅਤੇ ਦ੍ਰਿਸ਼ਟੀਕੋਣ ਸ਼ਾਮਲ ਕੀਤੇ ਜਾਣਗੇ।
- 48 ਵਿਦਿਆਰਥੀਆਂ ਦੇ ਪਹਿਲੇ ਸਮੂਹ ਲਈ ਕਲਾਸਾਂ ਸਾਲ 2026 ਦੀਆਂ ਗਰਮੀਆਂ ਵਿੱਚ ਸ਼ੁਰੂ ਹੋਣਗੀਆਂ। ਸਾਲ 2036 ਤੱਕ ਇਸ ਨੂੰ 120 ਸੀਟਾਂ ਤੱਕ ਵਧਾਉਣ ਦੀ ਯੋਜਨਾ ਹੈ।
- ਡਾ. ਡੇਵਿਡ ਜੇ. ਪ੍ਰਾਈਸ, ਇੱਕ ਫੈਮਿਲੀ ਮੈਡੀਸਿਨ ਮਾਹਰ, ਨੂੰ ਸਕੂਲ ਦੇ ਸੰਸਥਾਪਕ ਡੀਨ ਵਜੋਂ ਨਿਯੁਕਤ ਕੀਤਾ ਗਿਆ ਹੈ।
ਹੋਰ ਜਾਣੋ
ਬੀ.ਸੀ. ਸਰਕਾਰ SFU ਦੇ ਸਰ੍ਹੀ ਕੈਂਪਸ ਵਿੱਚ ਸਕੂਲ ਦੀ ਇਮਾਰਤ ਲਈ $27 ਮਿਲੀਅਨ ਅਤੇ ਸਕੂਲ ਦੀ ਸਥਾਪਨਾ ਅਤੇ ਚਲਾਉਣ ਵਿੱਚ ਸਹਾਇਤਾ ਲਈ $33.7 ਮਿਲੀਅਨ ਮੁਹੱਈਆ ਕਰ ਰਹੀ ਹੈ।
ਖੋਜ ਅਤੇ ਨਵੀਨਤਾਕਾਰੀ ਵਿੱਚ ਨਿਵੇਸ਼ ਕਰਨਾ
ਬੀ.ਸੀ. ਜੀਵਨ-ਬਦਲਣ ਵਾਲੇ ਇਲਾਜਾਂ ਅਤੇ ਤਕਨਾਲੋਜੀਆਂ ਦੀ ਉਸ ਖੋਜ ਅਤੇ ਵਿਕਾਸ ਵਿੱਚ ਦੇਸ਼ ਦੀ ਅਗਵਾਈ ਕਰਨਾ ਜਾਰੀ ਰੱਖ ਰਿਹਾ ਹੈ, ਜਿਸ ਨੇ ਇੱਥੇ ਅਤੇ ਦੁਨੀਆ ਭਰ ਦੇ ਲੋਕਾਂ ਲਈ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕੀਤਾ ਹੈ।
ਉਹ ਕਾਰਵਾਈਆਂ ਜੋ ਅਸੀਂ ਕਰ ਰਹੇ ਹਾਂ
- ਵਪਾਰਕ ਪੱਧਰ 'ਤੇ ਬਾਇਓਫਾਰਮਾਸਿਊਟੀਕਲ ਅਤੇ ਮੈਡੀਕਲ ਨਿਰਮਾਣ 'ਤੇ ਧਿਆਨ ਕੇਂਦਰਿਤ ਕਰਦੇ ਹੋਏ, ਬੀ.ਸੀ. ਨੂੰ ਜੀਵਨ ਵਿਗਿਆਨ ਅਤੇ ਬਾਇਓਮੈਨਿਊਫੈਕਚਰਿੰਗ ਵਿੱਚ ਇੱਕ ਵਿਸ਼ਵ-ਵਿਆਪੀ ਮੋਹਰੀ ਵਜੋਂ ਸਥਾਪਤ ਕਰਨਾ।
- ਸਿਹਤ ਅਥਾਰਿਟੀਆਂ ਵਿੱਚ ਖੋਜ ਅਧਿਐਨ ਪ੍ਰਵਾਨਗੀਆਂ ਲਈ ਸਮਾਂ-ਸੀਮਾ ਵਿੱਚ ਸੁਧਾਰ ਕਰਕੇ, ਬੀ.ਸੀ. ਨੂੰ ਸਿਹਤ ਖੋਜ ਲਈ ਇੱਕ ਆਕਰਸ਼ਕ ਥਾਂ ਵਜੋਂ ਸਥਾਪਤ ਕਰਨਾ।
- ਬਾਇਓਮੈਨਿਊਫੈਕਚਰਿੰਗ ਲਈ ਜ਼ਮੀਨ ਅਤੇ ਇਮਾਰਤਾਂ ਤੱਕ ਪਹੁੰਚ ਨੂੰ ਅਸਾਨ ਬਣਾਉਣ ਲਈ ਫਰਸਟ ਨੇਸ਼ਨਜ਼ ਅਤੇ ਨਗਰ ਪਾਲਿਕਾਵਾਂ ਨਾਲ ਕੰਮ ਕਰਨਾ, ਤਾਂ ਜੋ ਕੰਪਨੀਆਂ ਬੀ.ਸੀ. ਵਿੱਚ ਆਪਣੇ ਕਾਰੋਬਾਰ ਦਾ ਵਿਸਤਾਰ ਕਰਨ ਲਈ ਜਾਂ ਸਥਾਪਤ ਕਰਨ ਲਈ ਉਤਸ਼ਾਹਤ ਹੋ ਸਕਣ।
- ਨਵੀਆਂ ਖੋਜਾਂ ਨੂੰ ਤੇਜ਼ੀ ਨਾਲ ਲਾਭਕਾਰੀ ਉਤਪਾਦਾਂ ਅਤੇ ਪ੍ਰਕਿਰਿਆਵਾਂ ਵਿੱਚ ਬਦਲਣ ਲਈ ਖੋਜਕਰਤਾਵਾਂ ਅਤੇ ਉਦਯੋਗ ਵਿਚਕਾਰ ਤਾਲਮੇਲ ਵਿੱਚ ਸੁਧਾਰ ਕਰਨਾ।
- ਜੀਵਨ ਵਿਗਿਆਨ ਖੋਜਕਰਤਾਵਾਂ ਨੂੰ ਨਵੀਆਂ ਖੋਜਾਂ ਦੀ ਜਾਂਚ ਕਰਨ ਅਤੇ ਬੀ.ਸੀ. ਦੇ ਵਸਨੀਕਾਂ ਨੂੰ ਨਵੇਂ ਜੀਵਨ-ਰੱਖਿਅਕ ਇਲਾਜਾਂ ਤੱਕ ਪਹੁੰਚ ਲਈ ਵਧੇਰੇ ਕਲੀਨਿਕਲ ਟ੍ਰਾਇਲਜ਼ ਕਰਵਾਉਣਾ, ਜਿਸ ਨਾਲ ਪੜਾਅ 1 (ਮਨੁੱਖਾਂ ਵਿੱਚ ਪਹਿਲਾ) ਦੇ ਕਲੀਨਿਕਲ ਟ੍ਰਾਇਲਜ਼ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ।
- ਗੰਭੀਰ ਬਿਮਾਰੀਆਂ ਲਈ ਨਵੀਆਂ ਦਵਾਈਆਂ ਅਤੇ ਇਲਾਜਾਂ ਨੂੰ ਵਿਕਸਤ ਕਰਨ ਅਤੇ ਕਲੀਨਿਕਲ ਤੌਰ 'ਤੇ ਬਣਾਉਣ ਲਈ ਵਧੇਰੇ ਖੋਜਕਰਤਾਵਾਂ ਅਤੇ ਲੋੜੀਂਦੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨਾ।
- ਕਿਸੇ ਵਿਅਕਤੀ ਦੇ ਜੈਨੇਟਿਕ ਬਣਤਰ ਦੇ ਅਧਾਰ ‘ਤੇ ਵਿਅਕਤੀਗਤ ਇਲਾਜ ਵਿਕਸਤ ਕਰਨ ਵਿੱਚ ਮਦਦ ਕਰਨ ਲਈ 8 ਨਵੇਂ ਜੀਨੋਮਿਕ ਖੋਜ ਪ੍ਰੋਜੈਕਟਾਂ ਨਾਲ ਕੈਂਸਰ, ਦਿਲ ਦੀ ਬਿਮਾਰੀ, ਟ੍ਰਾਂਸਪਲਾਂਟ ਅਤੇ ਲਾਗਾਂ ਲਈ ਟੈਸਟਿੰਗ ਅਤੇ ਮਰੀਜ਼ਾਂ ਦੀ ਸੰਭਾਲ ਨੂੰ ਅੱਗੇ ਵਧਾਉਣਾ।
ਹੋਰ ਜਾਣੋ
ਬੀ.ਸੀ. ਕੈਨੇਡਾ ਦਾ ਸਭ ਤੋਂ ਤੇਜ਼ੀ ਨਾਲ ਵੱਧਣ ਵਾਲਾ ਜੀਵਨ ਵਿਗਿਆਨ ਖੇਤਰ ਹੈ, ਜਿਸ ਵਿੱਚ 2,000 ਤੋਂ ਵੱਧ ਸਰਗਰਮ ਕੰਪਨੀਆਂ ਬੀ.ਸੀ. ਵਿੱਚ 20,000 ਲੋਕਾਂ ਨੂੰ ਰੁਜ਼ਗਾਰ ਦਿੰਦੀਆਂ ਹਨ ਅਤੇ ਸਲਾਨਾ ਮਾਲੀਆ ਵਿੱਚ $5.4 ਬਿਲੀਅਨ ਦੀ ਆਮਦਨ ਪੈਦਾ ਕਰਦੀਆਂ ਹਨ।

ਲੋਕਾਂ ਨੂੰ ਸਿਹਤਮੰਦ ਰੱਖਣਾ
ਰੋਕਥਾਮ ਸਭ ਤੋਂ ਅਸਰਦਾਰ ਇਲਾਜ ਹੈ। ਅਸੀਂ ਤੁਹਾਨੂੰ ਸੱਟਾਂ ਅਤੇ ਬਿਮਾਰੀਆਂ ਤੋਂ ਬਚਣ ਲਈ ਜ਼ਰੂਰੀ ਸਾਧਨ ਮੁਹੱਈਆ ਕਰਵਾ ਰਹੇ ਹਾਂ, ਤਾਂ ਜੋ ਤੁਸੀਂ ਵਧੇਰੇ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਜੀ ਸਕੋ।

ਕੈਨੇਡਾ 'ਚ ਵੈਕਸੀਨ ਸ਼ੁਰੂ ਹੋਣ ਤੋਂ ਬਾਅਦ ਪੋਲੀਓ ਦੇ ਮਾਮਲਿਆਂ 'ਚ 100% ਦੀ ਗਿਰਾਵਟ ਆਈ ਹੈ

ਪਹਿਲੇ ਸਾਲ ਵਿੱਚ ਸਰਵੀਕਲ ਕੈਂਸਰ ਦੇ 119,000 ਸਵੈ-ਜਾਂਚ ਟੈਸਟ ਵੰਡੇ ਗਏ

2031 ਤੱਕ, ਬੀ.ਸੀ. ਵਿੱਚ ਲਗਭਗ ਹਰ 4 ਵਿੱਚੋਂ ਇੱਕ ਵਿਅਕਤੀ 65 ਸਾਲ ਤੋਂ ਵੱਧ ਉਮਰ ਦੇ ਹੋ ਜਾਵੇਗਾ
ਬਿਮਾਰੀਆਂ ਅਤੇ ਕੈਂਸਰ ਤੋਂ ਬਚਾਅ ਲਈ ਮੁਫ਼ਤ ਵੈਕਸੀਨ ਮੁਹੱਈਆ ਕਰਵਾਉਣਾ
ਵੈਕਸੀਨ ਜ਼ਿੰਦਗੀਆਂ ਬਚਾਉਂਦੇ ਹਨ। ਇਹ ਸਾਡੇ ਲਈ ਉਨ੍ਹਾਂ ਗੰਭੀਰ ਬਿਮਾਰੀਆਂ ਤੋਂ ਸੁਰੱਖਿਆ ਦਾ ਸਭ ਤੋਂ ਅਸਰਦਾਰ ਤਰੀਕਾ ਹਨ, ਜੋ ਸਾਨੂੰ ਬਹੁਤ ਬਿਮਾਰ ਕਰ ਸਕਦੀਆਂ ਹਨ, ਲੰਬੇ ਸਮੇਂ ਲਈ ਸਮੱਸਿਆਵਾਂ ਪੈਦਾ ਕਰ ਸਕਦੀਆਂ ਹਨ ਜਾਂ ਜਿਨ੍ਹਾਂ ਕਰਕੇ ਮੌਤ ਵੀ ਹੋ ਸਕਦੀ ਹੈ। ਬਿਨਾਂ ਵੈਕਸੀਨ ਦੇ, ਇਹ ਰੋਕਣਯੋਗ ਬਿਮਾਰੀਆਂ ਅਸਾਨੀ ਨਾਲ ਫੈਲ ਸਕਦੀਆਂ ਹਨ, ਰੋਗ ਦੇ ਉਭਾਰ ਦਾ ਕਾਰਨ ਬਣ ਸਕਦੀਆਂ ਹਨ ਅਤੇ ਸਾਡੀ ਸਿਹਤ ਸੇਵਾ ਪ੍ਰਣਾਲੀ ‘ਤੇ ਦਬਾਅ ਪੈਦਾ ਕਰ ਸਕਦੀਆਂ ਹਨ।
ਲੋਕਾਂ ਨੂੰ ਤੰਦਰੁਸਤ ਰੱਖਣ ਲਈ, ਬੀ.ਸੀ. ਵਿੱਚ ਹਰ ਕੋਈ ਮੁਫ਼ਤ ਵਿੱਚ ਰੁਟੀਨ ਵੈਕਸੀਨ ਲੈ ਸਕਦਾ ਹੈ।
ਬੀ.ਸੀ. ਦੇ ਟੀਕਾਕਰਣ ਪ੍ਰੋਗਰਾਮ
- ਨਵਜੰਮੇ ਬੱਚਿਆਂ ਅਤੇ ਸਕੂਲੀ ਉਮਰ ਦੇ ਬੱਚਿਆਂ ਲਈ ਵੈਕਸੀਨ: ਬੀ.ਸੀ. ਦਾ ਬਚਪਨ ਦਾ ਟੀਕਾਕਰਣ ਕਾਰਜਕ੍ਰਮ ਬੱਚਿਆਂ ਨੂੰ 14 ਗੰਭੀਰ ਬਿਮਾਰੀਆਂ – ਜਿਵੇਂ ਖਸਰਾ, ਪੋਲੀਓ ਅਤੇ ਪਰਟੂਸਿਸ (ਕਾਲੀ ਖੰਘ) – ਤੋਂ ਬਚਾਉਣ ਲਈ ਧਿਆਨਪੂਰਵਕ ਢੰਗ ਨਾਲ ਤਿਆਰ ਕੀਤਾ ਗਿਆ ਹੈ। ਇਹ ਟੀਕਾਕਰਣ ਜੀਵਨ ਦੇ ਉਸ ਸ਼ੁਰੂਆਤੀ ਦੌਰ ਵਿੱਚ ਕੀਤਾ ਜਾਂਦਾ ਹੈ ਜਦੋਂ ਬੱਚੇ ਜੋਖਮ ਪ੍ਰਤੀ ਕਮਜ਼ੋਰ ਹੁੰਦੇ ਹਨ ਅਤੇ ਹਾਲੇ ਬਿਮਾਰੀਆਂ ਦੇ ਸੰਪਰਕ ਵਿੱਚ ਨਹੀਂ ਆਏ ਹੁੰਦੇ।
- ਬਾਲਗਾਂ ਅਤੇ ਬਜ਼ੁਰਗਾਂ ਲਈ ਵੈਕਸੀਨ: ਜਿਵੇਂ-ਜਿਵੇਂ ਉਮਰ ਵਧਦੀ ਹੈ, ਸਾਡਾ ਇਮੀਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਅਤੇ ਗੰਭੀਰ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ, ਬਾਲਗਾਂ ਲਈ ਵੈਕਸੀਨ ਦੀਆਂ ਤਾਜ਼ਾ ਖੁਰਾਕਾਂ ਲੈਣਾ ਜ਼ਰੂਰੀ ਹੈ।
- ਸਾਹ ਦੀਆਂ ਬਿਮਾਰੀਆਂ ਦਾ ਮੌਸਮ: 6 ਮਹੀਨੇ ਜਾਂ ਇਸ ਤੋਂ ਵੱਧ ਉਮਰ ਵਾਲਾ ਹਰ ਵਿਅਕਤੀ ਹਰ ਸਾਲ ਅੱਪਡੇਟ ਕੀਤਾ ਇਨਫਲੂਐਂਜ਼ਾ (ਫਲੂ) ਅਤੇ ਕੋਵਿਡ-19 ਵੈਕਸੀਨ ਲੈ ਸਕਦਾ ਹੈ।
- ਕੈਂਸਰ ਤੋਂ ਬਚਾਅ ਵਾਲਾ HPV ਵੈਕਸੀਨ: 9 ਤੋਂ 18 ਸਾਲ ਦੇ ਸਾਰੇ ਨੌਜਵਾਨ HPV ਵੈਕਸੀਨ ਮੁਫ਼ਤ ਲੈ ਸਕਦੇ ਹਨ। ਜਦੋਂ ਇਹ ਛੋਟੀ ਉਮਰ ਵਿੱਚ ਲਗਾਇਆ ਜਾਂਦਾ ਹੈ, ਇਹ ਸਰਵੀਕਲ ਅਤੇ ਹੋਰ ਕੈਂਸਰ ਪੈਦਾ ਕਰਨ ਵਾਲੇ ਮਨੁੱਖੀ ਪੈਪਿਲੋਮਾ ਵਾਇਰਸ ਤੋਂ ਲਗਭਗ 100% ਸੁਰੱਖਿਆ ਦਿੰਦਾ ਹੈ।
- ਸਫ਼ਰ ਜਾਂ ਵਧੇਰੇ ਸੁਰੱਖਿਆ ਲਈ ਹੋਰ ਵੈਕਸੀਨ ਟ੍ਰੈਵਲ ਕਲੀਨਿਕਾਂ ਜਾਂ ਫਾਰਮੇਸੀਆਂ ਤੋਂ ਖਰੀਦੇ ਜਾ ਸਕਦੇ ਹਨ।
ਸੰਭਾਲ ਤੱਕ ਪਹੁੰਚ ਕਿਵੇਂ ਕਰਨੀ ਹੈ
ਹੋਰ ਜਾਣੋ
ਕੈਨੇਡਾ ਵਿੱਚ ਵੈਕਸੀਨ ਉਪਲਬਧ ਹੋਣ ਤੋਂ ਬਾਅਦ, ਪੋਲੀਓ ਦੇ ਕੇਸ 100% ਘਟ ਗਏ, ਖਸਰਾ, ਰੁਬੇਲਾ ਅਤੇ ਡਿਫਥੀਰੀਆ ਦੇ ਕੇਸ 99% ਤੋਂ ਜ਼ਿਆਦਾ ਘਟੇ, ਮੰਪਸ ਦੇ ਕੇਸ 98% ਘਟੇ, ਅਤੇ ਪਰਟੂਸਿਸ (ਕਾਲੀ ਖੰਘ) ਦੇ ਕੇਸ 87% ਘਟੇ।
ਸਿਹਤ ਸਮੱਸਿਆਵਾਂ ਅਤੇ ਕੈਂਸਰ ਨੂੰ ਹੋਰ ਜਲਦੀ ਲੱਭਣ ਲਈ ਸਕ੍ਰੀਨਿੰਗ (ਜਾਂਚ)
ਨਿਯਮਤ ਸਕ੍ਰੀਨ ਟੈਸਟ ਅਤੇ ਜਾਂਚਾਂ ਤੁਹਾਨੂੰ ਸਿਹਤਮੰਦ ਰਹਿਣ ਵਿੱਚ ਮਦਦ ਕਰ ਸਕਦੀਆਂ ਹਨ। ਸਕ੍ਰੀਨਿੰਗ ਟੈਸਟ ਸਿਹਤ ਸੰਭਾਲ ਪ੍ਰਦਾਨਕਾਂ ਨੂੰ ਲੱਛਣਾਂ ਦੇ ਉਭਰਣ ਤੋਂ ਪਹਿਲਾਂ ਕੁਝ ਬਿਮਾਰੀਆਂ ਜਾਂ ਕੈਂਸਰਾਂ ਦੀ ਭਾਲ ਕਰਨ ਵਿੱਚ ਮਦਦ ਕਰਦੇ ਹਨ। ਅਕਸਰ, ਜੇ ਕਿਸੇ ਬਿਮਾਰੀ ਦੀ ਜਲਦੀ ਪਛਾਣ ਹੋ ਜਾਂਦੀ ਹੈ, ਤਾਂ ਲੋਕਾਂ ਕੋਲ ਇਲਾਜ ਦੇ ਵਧੇਰੇ ਵਿਕਲਪ ਹੁੰਦੇ ਹਨ, ਸਿਹਤ ਸਮੱਸਿਆਵਾਂ ਨੂੰ ਰੋਕਣ ਜਾਂ ਟਾਲਣ ਦੀ ਸੰਭਾਵਨਾ ਹੁੰਦੀ ਹੈ, ਅਤੇ ਠੀਕ ਹੋਣ ਦੇ ਬਿਹਤਰ ਮੌਕੇ ਮਿਲਦੇ ਹਨ।
ਰੋਕਥਾਮ ਲਈ ਸਿਹਤ ਜਾਂਚਾਂ
- ਹਰ ਉਮਰ ਦੇ ਲੋਕਾਂ ਲਈ ਸਿਹਤ ਜਾਂਚ: ਤੁਹਾਡੀ ਉਮਰ, ਲਿੰਗ ਜਾਂ ਜੋਖਮ ਕਾਰਕਾਂ ਦੇ ਅਧਾਰ ‘ਤੇ, ਰੋਕਥਾਮ ਜਾਂਚਾਂ ਬੀ.ਸੀ. ਵਿੱਚ ਹਰ ਕਿਸੇ ਲਈ ਉਪਲਬਧ ਹਨ। ਇਹ ਬਿਮਾਰੀਆਂ ਅਤੇ ਸਿਹਤ ਅਵਸਥਾਵਾਂ ਦਾ ਜਲਦੀ ਪਤਾ ਲਗਾਉਣ ਅਤੇ ਇਲਾਜ ਕਰਨ ਵਿੱਚ ਮਦਦ ਕਰਦਾ ਹੈ। ਆਪਣੇ ਭਾਈਚਾਰੇ ਵਿੱਚ ਵਿਕਲਪਾਂ ਲਈ ਆਪਣੇ ਸਿਹਤ ਸੰਭਾਲ ਪ੍ਰਦਾਨਕ ਨਾਲ ਗੱਲ ਕਰੋ ਜਾਂ HealthLink BC ਨੂੰ 8-1-1 'ਤੇ ਕਾਲ ਕਰੋ।
ਬੀ ਸੀ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ
- ਬ੍ਰੈਸਟ ਸਕ੍ਰੀਨਿੰਗ (ਛਾਤੀ ਦੀ ਜਾਂਚ): ਜ਼ਿਆਦਾਤਰ ਔਰਤਾਂ ਅਤੇ 40 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲਿੰਗ-ਵਿਭਿੰਨਤਾ ਵਾਲੇ ਲੋਕ, ਜੋਖਮ ਕਾਰਕਾਂ ਦੇ ਅਧਾਰ ‘ਤੇ ਹਰ 1 ਤੋਂ 3 ਸਾਲਾਂ ਵਿੱਚ ਮੈਮੋਗ੍ਰਾਮ ਕਰਵਾ ਸਕਦੇ ਹਨ।
- ਸਰਵਿਕਸ (ਬੱਚੇਦਾਨੀ ਦਾ ਹੇਠਲਾ ਹਿੱਸਾ) ਦੀ ਜਾਂਚ: ਔਰਤਾਂ ਅਤੇ 25 ਤੋਂ 69 ਸਾਲ ਦੀ ਉਮਰ ਦੇ ਸਰਵਿਕਸ ਵਾਲੇ ਲੋਕ, ਹਰ 5 ਸਾਲ ਬਾਅਦ ਨਵੀਂ ਸਵੈ-ਸਕ੍ਰੀਨਿੰਗ ਕਿੱਟ ਮੰਗਵਾ ਸਕਦੇ ਹਨ; ਜੇ HPV, ਉਹ ਵਾਇਰਸ ਜੋ ਸਰਵਿਕਸ ਦੇ ਕੈਂਸਰ ਦਾ ਕਾਰਨ ਬਣ ਸਕਦਾ ਹੈ, ਦਾ ਪਤਾ ਨਹੀਂ ਲੱਗਦਾ। ਇਹ ਕਿੱਟ PAP ਟੈਸਟਾਂ ਨਾਲੋਂ ਵਧੇਰੇ ਸਟੀਕ ਹੈ ਅਤੇ ਘਰ ਵਿੱਚ ਵਰਤੀ ਜਾ ਸਕਦੀ ਹੈ।
- ਕੋਲਨ ਦੀ ਜਾਂਚ: 50 ਤੋਂ 74 ਸਾਲ ਦੀ ਉਮਰ ਵਾਲੇ ਲੋਕ, ਜਿਨ੍ਹਾਂ ਨੂੰ ਲੱਛਣ ਨਹੀਂ ਹਨ ਜਾਂ ਉੱਚ ਜੋਖਮ ਨਹੀਂ ਹੈ, ਹਰ 2 ਸਾਲ ਬਾਅਦ ਫੀਕਲ ਟੈਸਟ ਅਤੇ ਹਰ 5 ਸਾਲ ਬਾਅਦ ਕੋਲੋਨੌਸਕੋਪੀ ਕਰਵਾ ਸਕਦੇ ਹਨ।
- ਫੇਫੜਿਆਂ ਦੀ ਜਾਂਚ: ਉਨ੍ਹਾਂ ਲੋਕਾਂ ਲਈ ਉਪਲਬਧ ਜੋ ਫੇਫੜੇ ਦੇ ਕੈਂਸਰ ਦੇ ਉੱਚ ਜੋਖਮ ਵਿੱਚ ਹਨ ਪਰ ਜਿਨ੍ਹਾਂ ਨੂੰ ਕੋਈ ਲੱਛਣ ਨਹੀਂ ਹਨ, ਜਿਵੇਂ 55 ਤੋਂ 74 ਸਾਲ ਦੇ ਲੋਕ ਜਾਂ ਜੋ ਮੌਜੂਦਾ ਸਮੇਂ ਵਿੱਚ ਤੰਬਾਕੂਨੋਸ਼ੀ ਕਰ ਰਹੇ ਹਨ ਜਾਂ ਉਹ ਜਿਨ੍ਹਾਂ ਨੇ 20 ਸਾਲ ਜਾਂ ਵੱਧ ਤੱਕ ਤੰਬਾਕੂ ਦਾ ਸੇਵਨ ਕੀਤਾ ਹੈ।
ਸੰਭਾਲ ਤੱਕ ਪਹੁੰਚ ਕਿਵੇਂ ਕਰਨੀ ਹੈ
- ਕੈਂਸਰ ਸਕ੍ਰੀਨਿੰਗ ਪ੍ਰੋਗਰਾਮ ਉਨ੍ਹਾਂ ਯੋਗ ਲੋਕਾਂ ਲਈ ਹਨ ਜੋ ਲੱਛਣਾਂ ਦਾ ਅਨੁਭਵ ਨਹੀਂ ਕਰ ਰਹੇ ਹਨ।
- ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਯੋਗ ਹੋ, ਤਾਂ ਉਪਰ ਦਿੱਤੇ ਲਿੰਕਾਂ ‘ਤੇ ਦਿੱਤੀਆਂ ‘Get Screened’ ਹਦਾਇਤਾਂ ਦੀ ਪਾਲਣਾ ਕਰੋ। ਬੁੱਕ ਕਰਨ ਲਈ ਤੁਹਾਡੇ ਕੋਲ ਹੈਲਥ ਕੇਅਰ ਨੰਬਰ ਅਤੇ ਆਪਣੇ ਪ੍ਰਾਇਮਰੀ ਕੇਅਰ ਪ੍ਰਦਾਨਕ ਦਾ ਨਾਮ ਹੋਣਾ ਚਾਹੀਦਾ ਹੈ।
- ਜੇ ਤੁਹਾਡੇ ਕੋਲ ਕੋਈ ਪ੍ਰਾਇਮਰੀ ਕੇਅਰ ਪ੍ਰਦਾਨਕ (ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ) ਨਹੀਂ ਹੈ, ਤਾਂ ਬੀ ਸੀ ਕੈਂਸਰ ਸਕ੍ਰੀਨਿੰਗ ਰਿਫ਼ਰਲ ਲਈ ਮਰੀਜ਼ਾਂ ਨੂੰ ਸਵੀਕਾਰ ਕਰਨ ਵਾਲੇ ਕਲੀਨਿਕਾਂ ਦੀ ਇੱਕ ਸੂਚੀ ਮੁਹੱਈਆ ਕਰਦਾ ਹੈ।
- ਜੇ ਤੁਹਾਨੂੰ ਕੋਈ ਲੱਛਣ ਮਹਿਸੂਸ ਹੋ ਰਹੇ ਹਨ, ਤਾਂ ਆਪਣੇ ਪ੍ਰਾਈਮਰੀ ਕੇਅਰ ਪ੍ਰਦਾਨਕ ਨਾਲ ਸੰਪਰਕ ਕਰੋ। ਜੇ ਤੁਹਾਡਾ ਕੋਈ ਪ੍ਰਾਈਮਰੀ ਕੇਅਰ ਪ੍ਰਦਾਨਕ ਨਹੀਂ ਹੈ, ਤਾਂ ਆਪਣੇ ਭਾਈਚਾਰੇ ਵਿੱਚ ਵਿਕਲਪ ਜਾਣਨ ਲਈ HealthLink BC ਨੂੰ 8-1-1 ‘ਤੇ ਕਾਲ ਕਰੋ।
ਹੋਰ ਜਾਣੋ
ਬੀ.ਸੀ. ਸਰਵੀਕਲ ਸਵੈ-ਜਾਂਚ ਟੈਸਟਾਂ ਦੀ ਪੇਸ਼ਕਸ਼ ਕਰਨ ਵਾਲਾ ਪਹਿਲਾ ਸੂਬਾ ਹੈ, ਜੋ ਕੈਂਸਰ ਤੋਂ ਬਚਾਉਣ ਵਾਲੀ HPV ਵੈਕਸੀਨ ਦੇ ਨਾਲ ਮਿਲ ਕੇ ਅਗਲੇ ਇੱਕ ਦਹਾਕੇ ਵਿੱਚ ਸਰਵੀਕਲ ਕੈਂਸਰ ਨੂੰ ਖਤਮ ਕਰ ਸਕਦੇ ਹਨ।
ਬੱਚਿਆਂ ਨੂੰ ਸਿਹਤਮੰਦ ਅਤੇ ਚੁਸਤ ਰੱਖਣਾ
ਅਸੀਂ ਪਰਿਵਾਰਾਂ ਦੀ ਉਸ ਸਹਾਇਤਾ ਤੱਕ ਪਹੁੰਚ ਕਰਨ ਵਿੱਚ ਮਦਦ ਕਰ ਰਹੇ ਹਾਂ ਜੋ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਜ਼ਿੰਦਗੀ ਵਿੱਚ ਚੰਗੀ ਸ਼ੁਰੂਆਤ ਦੇਣ ਲਈ ਲੋੜੀਂਦੀ ਹੈ।
ਬਚਪਨ ਦੇ ਸਿਹਤ ਪ੍ਰੋਗਰਾਮ
- ਨਵਜੰਮੇ ਬੱਚੇ ਦੀ ਜਾਂਚ ਲਈ ਪ੍ਰੋਗਰਾਮ: ਬੀ.ਸੀ. ਵਿੱਚ ਹਰ ਨਵਜੰਮੇ ਬੱਚੇ ਦਾ ਜਨਮ ਤੋਂ 24 ਤੋਂ 48 ਘੰਟਿਆਂ ਵਿਚਕਾਰ ਖੂਨ ਦਾ ਇੱਕ ਟੈਸਟ ਕੀਤਾ ਜਾਂਦਾ ਹੈ। ਇਹ ਟੈਸਟ ਹਸਪਤਾਲ ਵਿੱਚ ਜਾਂ ਮਿਡਵਾਈਫ਼ ਦੁਆਰਾ ਘਰ ਵਿੱਚ ਕੀਤਾ ਜਾ ਸਕਦਾ ਹੈ। ਇਹ ਟੈਸਟ 27 ਵਿਰਲੇ ਪਰ ਇਲਾਜਯੋਗ ਵਿਕਾਰਾਂ ਦੀ ਜਾਂਚ ਲਈ ਹੁੰਦਾ ਹੈ। ਜੇ ਇਸ ਟੈਸਟ ਰਾਹੀਂ ਵਿਕਾਰ ਦਾ ਪਹਿਲਾਂ ਹੀ ਪਤਾ ਲਗ ਜਾਂਦਾ ਹੈ ਤਾਂ ਇਲਾਜ ਨਾਲ ਗੰਭੀਰ ਸਿਹਤ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ ਜਾਂ ਉਨ੍ਹਾਂ ਨੂੰ ਕੁਝ ਸਮੇਂ ਤੱਕ ਟਾਲਿਆ ਜਾ ਸਕਦਾ ਹੈ।
- ‘ਪ੍ਰੀਵੈਂਟ ਸ਼ੇਕਨ ਬੇਬੀ ਸਿਨਡ੍ਰੋਮ ਬੀ ਸੀ’: ਉਹ ਲੋਕ ਜੋ ਹੁਣੇ ਮਾਪੇ ਬਣੇ ਹਨ, ਉਨ੍ਹਾਂ ਨੂੰ ਬੱਚੇ ਦੇ ਜ਼ਿਆਦਾ ਰੋਣ ਬਾਰੇ, ਬੱਚੇ ਨੂੰ ਸ਼ਾਂਤ ਕਰਨ ਦੀਆਂ ਤਕਨੀਕਾਂ, ਮਾਪੇ ਬਣਨ ਦੇ ਸੰਘਰਸ਼ਾਂ ਨਾਲ ਨਜਿੱਠਣ ਦੇ ਤਰੀਕਿਆਂ ਅਤੇ ਬੱਚਿਆਂ ਨੂੰ ਜ਼ੋਰ ਨਾਲ ਹਿਲਾਉਣ ਦੇ ਖਤਰਿਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।
- ਸ਼ੁਰੂਆਤੀ ਬਚਪਨ ਵਿੱਚ ਸਿਹਤ ਅਤੇ ਜਾਂਚ ਪ੍ਰੋਗਰਾਮ: ਖੇਤਰੀ ਸਿਹਤ ਅਥਾਰਿਟੀਆਂ ਪਰਿਵਾਰਾਂ ਨੂੰ ਸ਼ੁਰੂਆਤੀ ਬਚਪਨ (ਜਨਮ ਤੋਂ 5 ਸਾਲ) ਵਿੱਚ ਦੰਦਾਂ, ਸੁਣਨ ਦੀ ਸਮਰੱਥਾ, ਦ੍ਰਿਸ਼ਟੀ ਅਤੇ ਨੀਂਦ ਦੀਆਂ ਚਿੰਤਾਵਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨਾਲ ਨਜਿੱਠਣ ਵਿੱਚ ਮਦਦ ਕਰਨ ਲਈ ਪ੍ਰੋਗਰਾਮ ਮੁਹੱਈਆ ਕਰਦੀਆਂ ਹਨ। ਆਪਣੇ ਨੇੜੇ ਕੋਈ ਪ੍ਰੋਗਰਾਮ ਲੱਭਣ ਲਈ HealthLink BC ਨੂੰ 8-1-1 'ਤੇ ਕਾਲ ਕਰੋ।
- ਹੈਲਥੀ ਕਿਡਜ਼ ਪ੍ਰੋਗਰਾਮ: ਪ੍ਰਤੀ ਸਾਲ $42,000 ਤੋਂ ਘੱਟ ਨੈਟ ਆਮਦਨੀ ਵਾਲੇ ਪਰਿਵਾਰ 19 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਦੰਦਾਂ, ਔਪਟੀਕਲ (ਅੱਖਾਂ ਸਬੰਧੀ) ਅਤੇ ਸੁਣਨ ਦੀ ਸੰਭਾਲ ਦੇ ਖ਼ਰਚਿਆਂ ਵਿੱਚ ਸਹਾਇਤਾ ਲੈ ਸਕਦੇ ਹਨ। ਅਰਜ਼ੀ ਦੇਣ ਲਈ 1-866-866-0800 ‘ਤੇ ਕਾਲ ਕਰੋ।
- ਬਾਲ ਵਿਵਹਾਰ ਅਤੇ ਵਿਕਾਸ ਦੇ ਮਹੱਤਵਪੂਰਨ ਪੜਾਅ: ਬੱਚਿਆਂ ਦੇ ਵੱਡੇ ਹੋਣ ਅਤੇ ਉਨ੍ਹਾਂ ਦੇ ਵਿਕਾਸ ਦੇ ਮਹੱਤਵਪੂਰਨ ਪੜਾਅ ਤੁਹਾਨੂੰ ਇਹ ਜਾਣਨ ਵਿੱਚ ਮਦਦ ਕਰ ਸਕਦੇ ਹਨ ਕਿ ਉਹਨਾਂ ਤੋਂ ਕੀ ਉਮੀਦ ਕਰਨੀ ਚਾਹੀਦੀ ਹੈ, ਅਤੇ ਇਹ ਨਿਰਧਾਰਤ ਕਰਨ ਵਿੱਚ ਮਦਦ ਕਰ ਸਕਦੇ ਹਨ ਕਿ ਕੀ ਤੁਹਾਡਾ ਬੱਚਾ ਸਹੀ ਰਸਤੇ 'ਤੇ ਹੈ ਜਾਂ ਉਸ ਨੂੰ ਹੋਰ ਮਦਦ ਦੀ ਲੋੜ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬੱਚੇ ਨੂੰ ਜ਼ਿਆਦਾ ਬੋਲਣਾ ਸ਼ੁਰੂ ਕਰਨਾ ਚਾਹੀਦਾ ਹੈ, ਜਲਦੀ ਤੁਰਨਾ ਚਾਹੀਦਾ ਹੈ ਜਾਂ ਵੱਖਰਾ ਵਿਵਹਾਰ ਕਰਨਾ ਚਾਹੀਦਾ ਹੈ, ਤਾਂ ਆਪਣੇ ਡਾਕਟਰ ਨਾਲ ਗੱਲ ਕਰੋ ਜਾਂ ਮੁਲਾਂਕਣ ਲਈ ਕਿਸੇ ਪਬਲਿਕ ਹੈਲਥ ਯੂਨਿਟ ਵਿੱਚ ਜਾਓ।
- ਬਾਲ ਅਤੇ ਸ਼ੁਰੂਆਤੀ ਬਚਪਨ ਦੇ ਦਖਲਅੰਦਾਜ਼ੀ ਪ੍ਰੋਗਰਾਮ: ਜੇ ਤੁਹਾਡਾ ਬੱਚਾ ਵਿਕਾਸ ਵਿੱਚ ਦੇਰੀ ਜਾਂ ਅਪੰਗਤਾ ਦੇ ਲੱਛਣ ਦਿਖਾ ਰਿਹਾ ਹੈ ਜਾਂ ਇਨ੍ਹਾਂ ਦੇ ਖਤਰੇ ਵਿੱਚ ਹੈ, ਤਾਂ ਤੁਹਾਨੂੰ ਉਹਨਾਂ ਪ੍ਰੋਗਰਾਮਾਂ ਵਿੱਚ ਭੇਜਿਆ ਜਾ ਸਕਦਾ ਹੈ ਜੋ ਤੁਹਾਡੀਆਂ ਲੋੜਾਂ ਮੁਤਾਬਕ ਸਹਾਇਤਾ ਕਰਦੇ ਹਨ।
ਸਰੀਰ ਦੀ ਕਸਰਤ ਸਬੰਧੀ ਪ੍ਰੋਗਰਾਮ
- ਐਪੇਟਾਈਟ ਟੂ ਪਲੇਅ: ਮਾਪਿਆਂ, ਸੰਭਾਲ ਦੇਣ ਵਾਲਿਆਂ ਅਤੇ ਬਚਪਨ ਦੀ ਮੁੱਢਲੀ ਸੰਭਾਲ ਪ੍ਰਦਾਨਕਾਂ ਨੂੰ ਬੱਚਿਆਂ ਨੂੰ ਸਰੀਰਕ ਕਸਰਤ ਕਰਨ, ਅਤੇ ਉਨ੍ਹਾਂ ਨੂੰ ਪੌਸ਼ਟਿਕ ਭੋਜਨ ਖਾਣ ਲਈ ਉਤਸ਼ਾਹਤ ਕਰਨ ਲਈ ਮਦਦ ਭਰੀ ਜਾਣਕਾਰੀ ਦਿੰਦਾ ਹੈ। ਅਤੇ ਅਜਿਹਾ ਕਰਨ ਦੇ ਮਜ਼ੇਦਾਰ ਤਰੀਕਿਆਂ ਦੇ ਸੁਝਾਅ ਦਿੰਦਾ ਹੈ।
- ਯੂਥ ਸਪੋਰਟਸ ਗ੍ਰਾਂਟ: 18 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਬੱਚੇ ਇੱਕ ਯੋਗ ਖੇਡ ਪ੍ਰੋਗਰਾਮ ਲਈ $400/ਸਾਲ ਤੱਕ ਦੀ ਮਦਦ ਲੈ ਸਕਦੇ ਹਨ। ਪ੍ਰੋਗਰਾਮ ਦੇ ਸ਼ੁਰੂ ਹੋਣ ਤੋਂ ਪਹਿਲਾਂ ‘ਕਿਡ ਸਪੋਰਟ ਬੀ.ਸੀ.’ ਰਾਹੀਂ ਆਨਲਾਈਨ ਅਰਜ਼ੀ ਦਿਓ।
- ਖੇਡ ਸੁਰੱਖਿਆ: ਖੇਡ ਅਤੇ ਮਨੋਰੰਜਕ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ, ਨੌਜਵਾਨਾਂ ਅਤੇ ਬਾਲਗਾਂ ਨੂੰ ਆਮ ਸੱਟਾਂ, ਖਤਰੇ ਦੇ ਕਾਰਕਾਂ ਅਤੇ ਸੱਟ ਤੋਂ ਬਚਾਅ ਬਾਰੇ ਜਾਣਕਾਰੀ ਦੇਣ ਲਈ ਸਰੋਤ।
- ਖੇਡ ਦੌਰਾਨ ਲਗੀਆਂ ਦਿਮਾਗੀ ਸੱਟਾਂ ਬਾਰੇ ਜਾਣੂ ਰਹਿਣ ਲਈ ਸਿਖਲਾਈ ਸਾਧਨ: ਸਿਰ ਵਿੱਚ ਸੱਟ ਲੱਗਣ ਕਾਰਨ ਹੋਣ ਵਾਲੀਆਂ ਦਿਮਾਗੀ ਸੱਟਾਂ ਦੀ ਪਛਾਣ, ਨਿਦਾਨ, ਇਲਾਜ ਅਤੇ ਪ੍ਰਬੰਧਨ ਵਿੱਚ ਮਦਦ ਕਰਨ ਲਈ ਆਨਲਾਈਨ ਸਿਖਲਾਈ ਮਾਡਿਊਲ ਅਤੇ ਸਰੋਤਾਂ ਦੀ ਇੱਕ ਲੜੀ।
- ਸਿਹਤਮੰਦ ਸਕੂਲ: ਸਰੀਰਕ ਹਿੱਲ-ਜੁਲ, ਪੌਸ਼ਟਿਕ ਭੋਜਨ, ਮਾਨਸਿਕ ਸਿਹਤ ਸਹਾਇਤਾ, ਅਤੇ ਤੰਬਾਕੂ-ਮੁਕਤ ਥਾਂਵਾਂ ਰਾਹੀਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਰੀਰਕ, ਮਾਨਸਿਕ, ਸਮਾਜਕ ਅਤੇ ਬੌਧਿਕ ਵਿਕਾਸ ਨੂੰ ਉਤਸ਼ਾਹਤ ਕਰਨ ਵਿੱਚ ਮਦਦ ਕਰਨਾ।
ਨਸ਼ੀਲੇ ਪਦਾਰਥਾਂ ਅਤੇ ਉਨ੍ਹਾਂ ਦੀ ਵਰਤੋਂ ਦੀ ਰੋਕਥਾਮ ਸਬੰਧੀ ਪ੍ਰੋਗਰਾਮ
- ਐਂਟੀ-ਵੇਪਿੰਗ ਪਹਿਲਕਦਮੀਆਂ: ਬੱਚਿਆਂ ਅਤੇ ‘ਟੀਨੇਜ’ ਉਮਰ ਦੇ ਮੁੰਡੇ-ਕੁੜੀਆਂ ਨਾਲ ਵੇਪਿੰਗ ਦੇ ਖ਼ਤਰਿਆਂ ਬਾਰੇ ਗੱਲ ਕਰਨ ਵਿੱਚ ਮਦਦ ਲਓ ਅਤੇ ਉਹਨਾਂ ਦੇ ਤੰਬਾਕੂਨੋਸ਼ੀ ਛੱਡਣ ਵਿੱਚ ਮਦਦ ਕਰਨ ਵਾਲੇ ਪ੍ਰੋਗਰਾਮਾਂ ਨਾਲ ਜੁੜੋ।
- ਬੱਕਲ (ਮੂੰਹ ਰਾਹੀਂ ਲਏ ਜਾਣ ਵਾਲੇ) ਨਿਕੋਟੀਨ ਪਾਊਚ ਦੀ ਵਿਕਰੀ ਨੂੰ ਸੀਮਤ ਕਰਨਾ: ਜਦੋਂ ਮੂੰਹ ਰਾਹੀਂ ਲਏ ਜਾਣ ਵਾਲੇ ਨਿਕੋਟੀਨ ਦੇ ਪਾਊਚ ਨੂੰ ਉਨ੍ਹਾਂ ਦੇ ਨਿਰਧਾਰਤ ਮੰਤਵ ਲਈ ਵਰਤਿਆ ਜਾਂਦਾ ਹੈ, ਤਾਂ ਇਹ ਲੋਕਾਂ ਨੂੰ ਤੰਬਾਕੂਨੋਸ਼ੀ ਛੱਡਣ ਵਿੱਚ ਮਦਦ ਕਰ ਸਕਦੇ ਹਨ। ਹਾਲਾਂਕਿ, ਕੁਝ ਨੌਜਵਾਨ ਇਨ੍ਹਾਂ ਨੂੰ ਮਨੋਰੰਜਨ ਲਈ ਵਰਤ ਰਹੇ ਹਨ। ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ, ਇਹ ਨਸ਼ੀਲੇ ਪਦਾਰਥ ਹੁਣ ਸਿਰਫ ਇੱਕ ਫਾਰਮੇਸਿਸਟ ਦੁਆਰਾ ਹੀ ਵੇਚੇ ਜਾ ਸਕਦੇ ਹਨ ਅਤੇ ਇਨ੍ਹਾਂ ਪਦਾਰਥਾਂ ਨੂੰ ਕਾਉਂਟਰ ਦੇ ਪਿੱਛੇ ਰੱਖਣਾ ਲਾਜ਼ਮੀ ਹੈ।
- ਨੌਜਵਾਨਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਰੋਕਥਾਮ: ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੀ ਸਪਲਾਈ, ਆਪਣੇ ਬੱਚਿਆਂ ਨਾਲ ਇਨ੍ਹਾਂ ਬਾਰੇ ਕਿਵੇਂ ਗੱਲ ਕਰਨੀ ਹੈ, ਅਤੇ ਮਦਦ ਲਈ ਕਿੱਥੇ ਜਾਣਾ ਹੈ, ਇਸ ਬਾਰੇ ਸਹੀ ਜਾਣਕਾਰੀ ਲਓ।
ਸੰਭਾਲ ਤੱਕ ਪਹੁੰਚ ਕਿਵੇਂ ਕਰਨੀ ਹੈ
ਸਿਹਤਮੰਦ ਖੁਰਾਕ ਅਤੇ ਤਾਜ਼ਾ ਭੋਜਨ ਤੱਕ ਪਹੁੰਚ ਕਰਨਾ
ਸਿਹਤਮੰਦ ਖਾਣਾ ਹਰ ਉਮਰ ਦੇ ਲੋਕਾਂ ਨੂੰ ਚੰਗਾ ਮਹਿਸੂਸ ਕਰਨ ਵਿੱਚ ਮਦਦ ਕਰਦਾ ਹੈ ਅਤੇ ਬਿਮਾਰੀ ਦੇ ਜੋਖਮ ਨੂੰ ਘੱਟ ਕਰਦਾ ਹੈ। ਅਸੀਂ ਬੀ.ਸੀ. ਵਿੱਚ ਭੋਜਨ ਸਪਲਾਈ ਮਜ਼ਬੂਤ ਕਰਨ, ਲੋਕਾਂ ਲਈ ਤਾਜ਼ਾ ਭੋਜਨ ਉਪਲਬਧ ਕਰਨ ਅਤੇ ਸਿਹਤਮੰਦ ਖੁਰਾਕ ਚੁਣਨ ਵਿੱਚ ਮਦਦ ਕਰਨ ਲਈ ਵੱਡੇ ਨਿਵੇਸ਼ ਕਰ ਰਹੇ ਹਾਂ।
ਸਿਹਤਮੰਦ ਭੋਜਨ ਪ੍ਰੋਗਰਾਮ
- ਫਾਰਮਰਜ਼ ਮਾਰਕਿਟ ਨਿਊਟ੍ਰੀਸ਼ਨ ਕੂਪਨ ਪ੍ਰੋਗਰਾਮ (Farmers’ Market Nutrition Coupon Program): ਘੱਟ-ਆਮਦਨ ਵਾਲੇ ਬਜ਼ੁਰਗਾਂ, ਪਰਿਵਾਰਾਂ ਅਤੇ ਗਰਭਵਤੀ ਲੋਕਾਂ ਨੂੰ ਸਥਾਨਕ ਤੌਰ 'ਤੇ ਉਗਾਏ ਗਏ ਉਤਪਾਦਾਂ ਅਤੇ ਭੋਜਨ ਉਤਪਾਦਾਂ ਤੱਕ ਪਹੁੰਚ ਕਰਨ ਵਿੱਚ ਮਦਦ ਕਰਦਾ ਹੈ।
- ਫੂਡ ਸਕਿੱਲਜ਼ ਫ਼ੌਰ ਫੈਮਿਲੀਜ਼ (Food Skills for Families): ਆਪਣੇ ਹੱਥੀਂ ਖਾਣਾ ਪਕਾਉਣਾ ਸਿੱਖਣ ਦਾ ਪ੍ਰੋਗਰਾਮ ਘੱਟ-ਆਮਦਨ ਵਾਲੇ ਪਰਿਵਾਰਾਂ ਨੂੰ ਸਿਹਤਮੰਦ ਭੋਜਨ ਦੀ ਚੋਣ ਕਰਨਾ ਅਤੇ ਤਿਆਰ ਕਰਨਾ ਸਿਖਾਉਂਦਾ ਹੈ।
- ਜਨਰੇਸ਼ਨ ਹੈਲਥ ਕਲੀਨਿਕ (Generation Health Clinic): ਇੱਕ ਪਰਿਵਾਰ-ਕੇਂਦਰਿਤ ਸਿਹਤਮੰਦ ਜੀਵਨ ਪ੍ਰੋਗਰਾਮ, ਜੋ 6 ਤੋਂ 17 ਸਾਲ ਦੇ ਉਨ੍ਹਾਂ ਬੱਚਿਆਂ ਅਤੇ ਨੌਜਵਾਨਾਂ ਲਈ ਹੈ, ਜੋ ਹੱਦ ਤੋਂ ਵੱਧ ਭਾਰ, ਮੋਟਾਪੇ ਜਾਂ ਹੋਰ ਸਿਹਤ ਚਿੰਤਾਵਾਂ ਨਾਲ ਜੂਝ ਰਹੇ ਹਨ । ਇਸ ਵਿੱਚ ਪਰਿਵਾਰ ਡਾਕਟਰਾਂ, ਡਾਇਟੀਸ਼ੀਅਨਾਂ ਅਤੇ ਮਾਨਸਿਕ ਸਿਹਤ ਮਾਹਿਰਾਂ ਦੀ ਟੀਮ ਨਾਲ ਮਿਲ ਕੇ ਵਿਆਪਕ ਮੁਲਾਂਕਣ ਕਰਦੇ ਹਨ ਅਤੇ ਆਪਣੇ ਲਈ ਵਿਅਕਤੀਗਤ ਦੇਖਭਾਲ ਯੋਜਨਾ ਤਿਆਰ ਕਰਦੇ ਹਨ।
- ਲਾਈਵ 5-2-1-0 ਐਪ (Live 5-2-1-0 App): ਇਹ ਐਪ ਪਰਿਵਾਰਾਂ ਨੂੰ ਪੌਸ਼ਟਿਕ ਭੋਜਨ ਖਾਣ, ਕਸਰਤ ਕਰਨ ਅਤੇ ਸਕ੍ਰੀਨ ਟਾਈਮ ਘਟਾਉਣ ਲਈ ਟੀਚੇ ਨਿਰਧਾਰਤ ਕਰਨ ਵਿੱਚ ਮਦਦ ਕਰਦੀ ਹੈ। ਸਿਹਤ ਸੰਭਾਲ ਪ੍ਰਦਾਨਕ ਆਪਣੇ ਮਰੀਜ਼ਾਂ ਦੇ ਵਿਵਹਾਰ ਵਿੱਚ ਹੋ ਰਹੀਆਂ ਤਬਦੀਲੀਆਂ ਦੀ ਅਸਾਨੀ ਨਾਲ ਨਿਗਰਾਨੀ ਕਰ ਸਕਦੇ ਹਨ।
- ਫਰੈਸ਼ ਫੌਰ ਕਿਡਜ਼ (FRESH for KIDS): ਇਸ ਰਾਹੀਂ ਭਾਗ ਲੈਣ ਵਾਲੇ ਸਕੂਲਾਂ ਨੂੰ ਬੀ.ਸੀ. ਵਿੱਚ ਉਗਾਏ ਗਏ ਫਲ, ਸਬਜ਼ੀਆਂ, ਡੇਅਰੀ ਅਤੇ ਉਬਲੇ ਹੋਏ ਅੰਡੇ ਪਹੁੰਚਾਏ ਜਾਂਦੇ ਹਨ।
- ਫ਼ਾਰਮ ਟੂ ਸਕੂਲ ਬੀ ਸੀ (Farm to School BC): ਇਹ ਪ੍ਰੋਗਰਾਮ ਸਥਾਨਕ ਕਿਸਾਨਾਂ ਨਾਲ ਭਾਈਚਾਰਕ ਸਾਂਝ ਰਾਹੀਂ ਪੌਸ਼ਟਿਕ, ਸਥਾਨਕ ਖਾਣਾ ਸਕੂਲਾਂ ਤੱਕ ਲਿਆਉਂਦਾ ਹੈ ਅਤੇ ਵਿਦਿਆਰਥੀਆਂ ਨੂੰ ਭੋਜਨ ਪ੍ਰਣਾਲੀ ਬਾਰੇ ਸਿੱਖਣ ਵਿੱਚ ਮਦਦ ਕਰਦਾ ਹੈ।
- ਫੀਡਿੰਗ ਫਿਊਚਰਜ਼ ਸਕੂਲ ਫੂਡ ਪ੍ਰੋਗਰਾਮ (Feeding Futures School Food Programs): ਸਕੂਲ ਜ਼ਿਲ੍ਹਿਆਂ ਦੀ ਸਥਾਨਕ ਸਕੂਲੀ ਭੋਜਨ ਪ੍ਰੋਗਰਾਮਾਂ ਨੂੰ ਸਥਾਪਤ ਕਰਨ ਜਾਂ ਉਨ੍ਹਾਂ ਦਾ ਵਿਸਤਾਰ ਕਰਨ ਵਿੱਚ ਸਹਾਇਤਾ ਕਰਨਾ ਤਾਂ ਜੋ ਸਿਹਤਮੰਦ ਭੋਜਨ ਅਤੇ ਸਨੈਕਸ ਮੁਹੱਈਆ ਕੀਤੇ ਜਾ ਸਕਣ। ਇਸ ਦੇ ਨਾਲ ਵਿਦਿਆਰਥੀ ਭੁੱਖੇ ਪੇਟ ਦੀ ਬਜਾਏ ਸਿੱਖਣ 'ਤੇ ਧਿਆਨ ਕੇਂਦਰਤ ਕਰ ਸਕਣਗੇ।
- ਸਟੂਡੈਂਟ ਅਤੇ ਫੈਮਿਲੀ ਅਫੋਰਡੇਬਿਲਿਟੀ ਫੰਡ (Student and Family Affordability Fund): ਇਹ, ਰਹਿਣ-ਸਹਿਣ ਦੇ ਖ਼ਰਚਿਆਂ ਨਾਲ ਸੰਘਰਸ਼ ਕਰ ਰਹੇ ਪਰਿਵਾਰਾਂ ਨੂੰ ਸਕੂਲ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਪੌਸ਼ਟਿਕ ਭੋਜਨ ਦੇ ਨਾਲ-ਨਾਲ ਸਕੂਲ-ਸਬੰਧਤ ਹੋਰ ਖ਼ਰਚਿਆਂ ਤੱਕ ਪਹੁੰਚ ਕਰਨ ਵਿੱਚ ਮਦਦ ਕਰਦਾ ਹੈ। ਇਸ ਗੁਪਤ, ਬਦਨਾਮੀ ਦੇ ਡਰ ਤੋਂ ਮੁਕਤ ਪ੍ਰੋਗਰਾਮ ਤੱਕ ਪਹੁੰਚ ਕਰਨ ਲਈ ਆਪਣੇ ਸਕੂਲ ਦੇ ਪ੍ਰਿੰਸੀਪਲ ਨਾਲ ਸੰਪਰਕ ਕਰੋ।
ਸੰਭਾਲ ਤੱਕ ਪਹੁੰਚ ਕਿਵੇਂ ਕਰੀਏ
- ਮੁਫ਼ਤ ਹੈਲਥਲਿੰਕ ਡਾਇਟੀਸ਼ੀਅਨ ਸੇਵਾਵਾਂ: ਰਜਿਸਟਰਡ ਡਾਇਟੀਸ਼ੀਅਨ ਨਾਲ ਗੱਲ ਕਰਕੇ ਆਪਣੀਆਂ ਭੋਜਨ ਅਤੇ ਪੋਸ਼ਣ ਦੀਆਂ ਜ਼ਰੂਰਤਾਂ ਮੁਤਾਬਕ ਮੁਫ਼ਤ ਸਲਾਹ ਅਤੇ ਸਹਾਇਤਾ ਲਓ ਅਤੇ ਆਪਣੇ ਭਾਈਚਾਰੇ ਵਿੱਚ ਉਪਲਬਧ ਪ੍ਰੋਗਰਾਮਾਂ ਬਾਰੇ ਜਾਣਕਾਰੀ ਲਓ।
ਹੋਰ ਜਾਣੋ
ਸਿਹਤਮੰਦ, ਚੁਸਤ ਭਾਈਚਾਰਿਆਂ ਦਾ ਨਿਰਮਾਣ ਕਰਨਾ
ਸਿਹਤਮੰਦ ਭਾਈਚਾਰੇ ਹਰ ਉਮਰ ਦੇ ਲੋਕਾਂ ਨੂੰ ਸਿਹਤਮੰਦ ਰਹਿਣ ਵਿੱਚ ਮਦਦ ਕਰਦੇ ਹਨ। ਇਹ ਖੇਡਣ ਲਈ ਵਧੇਰੇ ਥਾਂਵਾਂ, ਹੋਰ ਲੋਕਾਂ ਨਾਲ ਜੁੜਨ ਦੇ ਮੌਕੇ, ਅਤੇ ਪੈਦਲ ਚਲਣ, ਸਾਈਕਲ ਚਲਾਉਣ ਜਾਂ ਜਨਤਕ ਆਵਾਜਾਈ ਵਰਤਣ ਦੇ ਵਿਕਲਪ ਮੁਹੱਈਆ ਕਰਦੇ ਹਨ।
ਸਰੀਰਕ ਗਤੀਵਿਧੀਆਂ ਕਈ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਅਤੇ ਨਿਯੰਤਰਣ ਕਰਨ ਵਿੱਚ ਮਦਦ ਕਰਦੀਆਂ ਹਨ, ਜਿਵੇਂ ਕਿ ਦਿਲ ਦੀਆਂ ਬਿਮਾਰੀਆਂ, ਟਾਈਪ 2 ਡਾਇਬਿਟੀਜ਼, ਕੁਝ ਕਿਸਮ ਦੇ ਕੈਂਸਰ, ਹੱਡੀਆਂ ਦੀ ਕਮਜ਼ੋਰੀ ਅਤੇ ਡਿਪ੍ਰੈਸ਼ਨ। ਗਤੀਵਿਧੀ ਵਧਾਉਣ ਨਾਲ ਮਾਨਸਿਕ ਸਿਹਤ ਅਤੇ ਜੀਵਨ ਦੀ ਗੁਣਵੱਤਾ ਵੀ ਬਿਹਤਰ ਹੁੰਦੀ ਹੈ।
ਅਸੀਂ ਕਈ ਸਮੂਹਾਂ ਅਤੇ ਸਾਰੇ ਸਰਕਾਰੀ ਪੱਧਰਾਂ ਨਾਲ ਮਿਲ ਕੇ ਅਜਿਹੇ ਭਾਈਚਾਰੇ ਬਣਾਉਂਦੇ ਹਾਂ ਜਿੱਥੇ ਬ੍ਰਿਟਿਸ਼ ਕੋਲੰਬੀਆ ਦੇ ਲੋਕ ਚੁਸਤ ਅਤੇ ਸਿਹਤਮੰਦ ਜੀਵਨ ਜੀ ਸਕਣ।
ਸਿਹਤਮੰਦ, ਚੁਸਤ ਭਾਈਚਾਰਕ ਪ੍ਰੋਗਰਾਮ
- ਬੀ ਸੀ ਹੈਲਥੀ ਕਮੀਊਨੀਟੀਜ਼ (BC Healthy Communities): ਸਥਾਨਕ ਭਾਈਚਾਰਿਆਂ ਨੂੰ ਅਜਿਹੀਆਂ ਨੀਤੀਆਂ ਅਤੇ ਸੇਵਾਵਾਂ ਬਣਾਉਣ ਵਿੱਚ ਮਦਦ ਕਰਨ ਲਈ ਪਲਾਨ H (Plan H) ਅਤੇ ਏਜ-ਫਰੈਂਡਲੀ ਕਮਿਊਨਿਟੀਜ਼ (Age-friendly Communities) ਵਰਗੇ ਪ੍ਰੋਗਰਾਮਾਂ ਰਾਹੀਂ ਸਥਾਨਕ ਸਰਕਾਰਾਂ ਅਤੇ ਇੰਡੀਜਨਸ ਭਾਈਚਾਰਿਆਂ ਨੂੰ ਫ਼ੰਡ ਸਹਾਇਤਾ ਅਤੇ ਸਹਿਯੋਗ ਦੀ ਪੇਸ਼ਕਸ਼ ਕਰਦਾ ਹੈ ਜੋ ਚੁਸਤ ਜੀਵਨ ਨੂੰ ਉਤਸ਼ਾਹਤ ਕਰਦੇ ਹਨ ਅਤੇ ਬਜ਼ੁਰਗ ਬਾਲਗਾਂ ਨੂੰ ਚੁਸਤ, ਸੁਤੰਤਰ ਅਤੇ ਸਮਾਜਿਕ ਤੌਰ 'ਤੇ ਰੁਝੇਵੇਂ ਵਾਲੇ ਜੀਵਨ ਜਿਉਣ ਵਿੱਚ ਮਦਦ ਕਰਦੇ ਹਨ। ਆਪਣੇ ਨੇੜੇ ਉਪਲਬਧ ਸਹਾਇਤਾਵਾਂ ਬਾਰੇ ਜਾਣਨ ਲਈ ਆਪਣੀ ਨਗਰਪਾਲਿਕਾ ਨਾਲ ਸੰਪਰਕ ਕਰੋ।
- ਇੰਡੀਜਨਸ ਹੈਲਥੀ ਲਿਵਿੰਗ ਐਕਟੀਵਿਟੀਜ਼ (Indigenous Healthy Living Activities): ਇੰਡੀਜਨਸ ਸਪੋਰਟ ਫੀਜ਼ੀਕਲ ਐਕਟਿਵਿਟੀ ਐਂਡ ਰਿਕ੍ਰੀਏਸ਼ਨ ਕੌਂਸਿਲ (ISPARC) ਸਰੀਰਕ ਗਤੀਵਿਧੀ, ਪੌਸ਼ਟਿਕ ਭੋਜਨ, ਤੰਬਾਕੂ ਨੂੰ ਸਿਰਫ਼ ਉਸਦੀ ਰਵਾਇਤੀ ਅਤੇ ਪਵਿੱਤਰ ਵਰਤੋਂ ਲਈ ਵਰਤਣਾ, ਅਤੇ ਸਿਹਤਮੰਦ ਭਾਈਚਾਰਿਆਂ ਨਾਲ ਜੁੜੇ ਪ੍ਰੋਗਰਾਮ ਤਿਆਰ ਕਰਦੀ ਅਤੇ ਚਲਾਉਂਦੀ ਹੈ। ਇਹਨਾਂ ਵਿੱਚ ਔਨਰ ਯੌਰ ਹੈਲਥ ਚੈਲੈਂਜ (Honour Your Health Challenge), Indigenous RunWalkWheel ਅਤੇ FitNation ਵਰਗੇ ਪ੍ਰੋਗਰਾਮ ਸ਼ਾਮਲ ਹਨ।
- ਸਿਹਤ ਸੁਰੱਖਿਆ ਸੇਵਾਵਾਂ: ਇੰਸਪੈਕਟਰ ਭਾਈਚਾਰਿਆਂ ਨਾਲ ਮਿਲ ਕੇ ਸਿਹਤ ਨੂੰ ਨੁਕਸਾਨ ਪਹੁੰਚਾ ਸਕਣ ਵਾਲੀਆਂ ਚੀਜ਼ਾਂ ਤੋਂ ਬਚਾਅ ਕਰਦੇ ਹਨ। ਉਹ ਓਪਰੇਟਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹਨ ਅਤੇ ਪੀਣ ਵਾਲੇ ਪਾਣੀ ਦੇ ਸਿਸਟਮ, ਖਾਣ-ਪੀਣ ਦੀਆਂ ਥਾਵਾਂ ਅਤੇ ਸਵਿਮਿੰਗ ਪੂਲਾਂ ਦੀ ਜਾਂਚ ਕਰਦੇ ਹਨ। ਉਹ ਤੰਬਾਕੂ ਅਤੇ ਵੇਪਿੰਗ ਸਬੰਧੀ ਨਿਯਮਾਂ ਨੂੰ ਵੀ ਲਾਗੂ ਕਰਦੇ ਹਨ।
ਸੰਭਾਲ ਤੱਕ ਪਹੁੰਚ ਕਿਵੇਂ ਕਰੀਏ
ਹੋਰ ਜਾਣੋ
ਵੱਡੀ ਉਮਰ ਦੇ ਬਾਲਗਾਂ ਦੀ ਚੁਸਤ, ਆਤਮ-ਨਿਰਭਰ ਜੀਵਨ ਜਿਉਣ ਵਿੱਚ ਮਦਦ ਕਰਨਾ
ਬੀ.ਸੀ. ਵਿੱਚ ਰਹਿਣ ਵਾਲੇ ਲਗਭਗ 40% ਲੋਕ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ। ਅਸੀਂ ਵੱਡੀ ਉਮਰ ਦੇ ਬਾਲਗਾਂ ਨੂੰ ਆਪਸ ਵਿੱਚ ਸਮਾਜਕ ਤੌਰ 'ਤੇ ਜੁੜੇ ਰਹਿਣ, ਵਧੇਰੇ ਚੁਸਤ ਰਹਿਣ, ਸਿਹਤਮੰਦ ਭੋਜਨ ਖਾਣ ਅਤੇ ਆਪਣੇ ਘਰਾਂ ਨੂੰ ਸੁਰੱਖਿਅਤ ਬਣਾ ਕੇ ਵਧੇਰੇ ਲੰਮੀ, ਸਿਹਤਮੰਦ ਜ਼ਿੰਦਗੀ ਜਿਉਣ ਵਿੱਚ ਸਹਾਇਤਾ ਕਰ ਰਹੇ ਹਾਂ।
ਏਜ ਫਾਰਵਰਡ: ਬੀ ਸੀ ਦੀ 50+ ਸਿਹਤ ਕਾਰਜਨੀਤੀ (Age Forward: BC's 50+ Health Strategy) ਇਹ ਯੋਜਨਾ ਰੋਕਥਾਮ ‘ਤੇ ਕੇਂਦਰਿਤ ਹੈ ਅਤੇ ਪਹਿਲਾਂ ਤੋਂ ਕਦਮ ਚੁੱਕਣ ਲਈ ਬਣਾਈ ਗਈ ਹੈ, ਤਾਂ ਜੋ ਲੋਕ ਹੋਰ ਸਾਲ ਚੰਗੀ ਸਿਹਤ ਨਾਲ ਜੀ ਸਕਣ।
ਵੱਡੀ ਉਮਰ ਦੇ ਬਾਲਗਾਂ ਲਈ ਪ੍ਰੋਗਰਾਮ
ਸੰਭਾਲ ਤੱਕ ਪਹੁੰਚ ਕਿਵੇਂ ਕਰਨੀ ਹੈ
- ਆਪਣੇ ਮੁੱਢਲੀ ਸੰਭਾਲ ਪ੍ਰਦਾਨਕ (ਪਰਿਵਾਰਕ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ) ਨਾਲ ਗੱਲ ਕਰੋ
- 24/7 ਸਿਹਤ ਸਲਾਹ ਲਈ ਜਾਂ ਸਿਹਤ ਸੇਵਾਵਾਂ ਲੱਭਣ ਵਿੱਚ ਮਦਦ ਲਈ ਹੈਲਥਲਿੰਕ ਬੀ ਸੀ ਨੂੰ 8-1-1 'ਤੇ ਕਾਲ ਕਰੋ
- ਭਾਈਚਾਰਕ ਸੇਵਾਵਾਂ ਲੱਭਣ ਵਿੱਚ ਮਦਦ ਲਈ ਯੂਨਾਈਟਿਡ ਵੇਅ ਬੀ.ਸੀ. ਨੂੰ 2-1-1 'ਤੇ ਕਾਲ ਕਰੋ
ਹੋਰ ਜਾਣੋ
ਸਬੰਧਤ ਤਰਜੀਹਾਂ
ਤਾਜ਼ਾ ਜਾਣਕਾਰੀ ਲਓ
ਬਿਹਤਰ, ਵਧੇਰੇ ਤੇਜ਼ ਸਿਹਤ ਸੰਭਾਲ ਉਪਲਬਧ ਕਰਵਾਉਣ ਲਈ ਅਸੀਂ ਜੋ ਕੰਮ ਕਰ ਰਹੇ ਹਾਂ ਉਸ ਬਾਰੇ ਤਾਜ਼ਾ ਜਾਣਕਾਰੀ ਲਓ, ਅਤੇ ਜਾਣੋ ਕਿ ਇਹ ਬ੍ਰਿਟਿਸ਼ ਕੋਲੰਬੀਆ ਵਾਸੀਆਂ ਲਈ ਕਿਵੇਂ ਫਰਕ ਲਿਆ ਰਿਹਾ ਹੈ।