ਜਬਰਨ ਵਸੂਲੀ ਨੂੰ ਰੋਕਣਾ

Last updated on December 10, 2025

ਇਕੱਠੇ ਮਿਲ ਕੇ ਜਬਰਨ ਵਸੂਲੀ ਨੂੰ ਰੋਕਣਾ ਅਤੇ ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣਾ।

English | Français | ਪੰਜਾਬੀ 

ਧਮਕੀ ਦੀ ਰਿਪੋਰਟ ਕਰੋ

ਜੇ ਤੁਹਾਨੂੰ ਧਮਕੀ ਦਿੱਤੀ ਜਾ ਰਹੀ ਹੈ – ਪੈਸੇ ਨਾ ਦਿਓ। ਇਸ ਦੀ ਰਿਪੋਰਟ ਕਰੋ।


blurred police lights

ਤਾਜ਼ਾ ਜਾਣਕਾਰੀ

ਬ੍ਰਿਟਿਸ਼ ਕੋਲੰਬੀਆ ਸੂਬਾ, ਬੀ.ਸੀ. ਐਕਸਟੋਰਸ਼ਨ ਟਾਸਕ ਫੋਰਸ, ਪੁਲਿਸ ਸੇਵਾਵਾਂ, ਫੈਡਰਲ ਅਤੇ ਮਿਊਂਨਿਸੀਪਲ ਭਾਈਵਾਲ ਇਕੱਠੇ ਮਿਲ ਕੇ ਕੰਮ ਕਰ ਰਹੇ ਹਨ ਤਾਂ ਜੋ ਸਾਡੇ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਜਬਰਨ ਵਸੂਲੀ ਦੇ ਅਪਰਾਧਾਂ ਦੀ ਜਾਂਚ-ਪੜਤਾਲ, ਰੋਕਥਾਮ ਅਤੇ ਖਾਤਮਾ ਕੀਤਾ ਜਾ ਸਕੇ।

 

ਜਬਰਨ ਵਸੂਲੀ ਨਾਲ ਨਜਿੱਠਣ ਲਈ ਬੀ.ਸੀ. ਦੀਆਂ ਕਾਰਵਾਈਆਂ

  • ਜਬਰਨ ਵਸੂਲੀ ਨਾਲ ਨਜਿੱਠਣ ਲਈ ਖ਼ਾਸ ਬੀ.ਸੀ. ਐਕਸਟੋਰਸ਼ਨ ਟਾਸਕ ਫੋਰਸ। ਜਬਰਨ ਵਸੂਲੀ ਇੱਕ ਰਾਸ਼ਟਰੀ ਮੁੱਦਾ ਹੈ। ਸੂਬਾ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਿਹਾ ਹੈ ਕਿ ਸਾਰੀਆਂ ਏਜੰਸੀਆਂ ਮਿਲ ਕੇ ਜਬਰਨ ਵਸੂਲੀ ਦੀਆਂ ਧਮਕੀਆਂ ਦਾ ਮੁਕਾਬਲਾ ਕਰਨ। ਇਸ ਟਾਸਕ ਫੋਰਸ ਦੀ ਅਗਵਾਈ B.C. RCMP ਕਰ ਰਹੀ ਹੈ। ਇਸ ਵਿੱਚ ਸ਼ਾਮਲ ਹੈ:
    • ਐਬਟਸਫੋਰਡ ਪੁਲਿਸ ਡਿਪਾਰਟਮੈਂਟ
    • ਕੰਬਾਈਨਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ – ਬੀ.ਸੀ. (CFSEU-BC)
    • ਡੈਲਟਾ ਪੁਲਿਸ ਡਿਪਾਰਟਮੈਂਟ
    • ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲਿਸ
    • ਸਰ੍ਹੀ ਪੁਲਿਸ ਸਰਵਿਸ, ਅਤੇ
    • ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA)

ਬੀ.ਸੀ. ਐਕਸਟੋਰਸ਼ਨ ਟਾਸਕ ਫੋਰਸ ਹੋਰ ਸੂਬਿਆਂ ਦੀਆਂ ਕਾਨੂੰਨ-ਲਾਗੂਕਰਨ ਵਾਲੀਆਂ ਏਜੰਸੀਆਂ ਨਾਲ ਮਿਲਕੇ ਕੰਮ ਕਰਦੀ ਹੈ।
 

  • ਜਬਰਨ ਵਸੂਲੀ ਦੇ ਪੀੜਤਾਂ ਲਈ ਵਿੱਤੀ ਸਹਾਇਤਾ। ਸੂਬਾਈ ਅਤੇ ਫੈਡਰਲ ਸਰਕਾਰਾਂ ਵੱਲੋਂ ਮੁਹੱਈਆ ਕੀਤੀ ਜਾ ਰਹੀ ਸਾਂਝੀ ਫੰਡਿੰਗ, ਪੀੜਤਾਂ ਲਈ ਸਹਾਇਤਾ ਨੂੰ ਮਜ਼ਬੂਤ ਕਰ ਰਹੀ ਹੈ। ਇਸ ਉਪਰਾਲੇ ਦੇ ਤਹਿਤ, ਕੈਨੇਡਾ ਸਰਕਾਰ ਅਤੇ ਬੀ.ਸੀ. ਸਰਕਾਰ ਜਬਰਨ ਵਸੂਲੀ ਦੇ ਪੀੜਤਾਂ ਦੀ ਸਹਾਇਤਾ ਲਈ $1 ਮਿਲੀਅਨ ਦੀ ਵਚਨਬੱਧਤਾ ਕਰ ਰਹੀਆਂ ਹਨ। ਸੂਬਾ ਲੋਅਰ ਮੇਨਲੈਂਡ ਦੇ ਭਾਈਚਾਰਿਆਂ, ਖ਼ਾਸ ਕਰਕੇ ਐਬਟਸਫੋਰਡ, ਡੈਲਟਾ ਅਤੇ ਸਰ੍ਹੀ ਵਿੱਚ, ਪੀੜਤਾਂ ਲਈ ਸੇਵਾਵਾਂ ਨੂੰ ਮਜ਼ਬੂਤ ਕਰਨ ਅਤੇ ਭਾਈਚਾਰੇ ਤੱਕ ਜਾਣਕਾਰੀ ਪਹੁੰਚਾਉਣ ਦੇ ਯਤਨਾਂ ਨੂੰ ਵਧਾਉਣ ਲਈ $500,000 ਨਿਵੇਸ਼ ਕਰੇਗਾ। ਪੁਲਿਸ ਲਈ ਫੰਡਿਗ, ਸੁਰੱਖਿਆ ਯੋਜਨਾ ਬਣਾਉਣ ਅਤੇ ਪੀੜਤਾਂ ਦੀ ਸੁਰੱਖਿਆ ਵਧਾਉਣ ਲਈ ਸਾਜ਼ੋ-ਸਾਮਾਨ ਖਰੀਦਣ ਵਿੱਚ ਮਦਦ ਕਰੇਗੀ।
  • ਸੰਗਠਿਤ ਅਪਰਾਧ ਰੋਕਣ ਲਈ ਸਲਾਨਾ ਵਿੱਤੀ ਸਹਾਇਤਾ। ਬੀ.ਸੀ. ਹਰ ਸਾਲ $100 ਮਿਲੀਅਨ ਤੋਂ ਵੱਧ ਦਾ ਨਿਵੇਸ਼ ਕਰਦਾ ਹੈ ਤਾਂ ਜੋ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਗੰਭੀਰ ਅਤੇ ਸੰਗਠਿਤ ਅਪਰਾਧ ਤੋਂ ਸੁਰੱਖਿਅਤ ਰੱਖਿਆ ਜਾ ਸਕੇ। ਇਸ ਵਿੱਚ ਗੈਂਗਾਂ, ਹਥਿਆਰਾਂ ਅਤੇ ਸੰਗਠਿਤ ਅਪਰਾਧਕ ਗਤੀਵਿਧੀਆਂ ਜਿਵੇਂ ਕਿ ਜਬਰਨ ਵਸੂਲੀ ਨੂੰ ਨਿਸ਼ਾਨਾ ਬਣਾਉਣ ਵਾਲੇ ਵਿਸ਼ੇਸ਼ ਲਾਗੂਕਰਨ ਅਤੇ ਖੁਫੀਆ ਪ੍ਰੋਗਰਾਮ ਸ਼ਾਮਲ ਹਨ। ਫੈਡਰਲ ‘ਗਨ ਐਂਡ ਗੈਂਗ ਵਾਇਲੈਂਸ ਐਕਸ਼ਨ ਫੰਡ’ ਤੋਂ ਵਧੇਰੇ ਵਿੱਤੀ ਸਹਾਇਤਾ ਨਾਲ ਮਿਊਂਨਿਸੀਪਲ ਪੁਲਿਸ ਫੋਰਸਿਸ ਨੂੰ ਉਹਨਾਂ ਜਬਰਨ ਵਸੂਲੀ ਦੇ ਮਾਮਲਿਆਂ ਦੀ ਜਾਂਚ ਕਰਨ ਵਿੱਚ ਮਦਦ ਮਿਲਦੀ ਹੈ ਜੋ ਟਾਸਕ ਫੋਰਸ ਦੇ ਦਾਇਰੇ ਤੋਂ ਬਾਹਰ ਹਨ।
  • ਜਾਂਚ-ਪੜਤਾਲ ਅਤੇ ਲਾਗੂਕਰਨ ਦੀਆਂ ਕਾਰਵਾਈਆਂ ਵਿੱਚ ਵਾਧਾ। ਪੁਲਿਸ ਨੂੰ ਅਪਰਾਧ ਨਾਲ ਨਜਿੱਠਣ ਲਈ ਆਪਣੀਆਂ ਜਾਂਚ-ਪੜਤਾਲ ਅਤੇ ਲਾਗੂਕਰਨ ਕਾਰਵਾਈਆਂ ਮਜ਼ਬੂਤ ਕਰਨ ਵਾਸਤੇ ਸੂਬਾ ਸਾਧਨ ਅਤੇ ਸਰੋਤ ਮੁਹੱਈਆ ਕਰਵਾ ਰਿਹਾ ਹੈ। ਸਪੈਸ਼ਲ ਇਨਵੈਸਟੀਗੇਸ਼ਨ ਐਂਡ ਟਾਰਗੇਟਿਡ ਇਨਫੋਰਸਮੈਂਟ (SITE) ਪ੍ਰੋਗਰਾਮ ਲਈ ਫੰਡਿੰਗ ਨਾਲ ਪੁਲਿਸ ਨੂੰ ਅਪਰਾਧ ਦੁਹਰਾਉਣ ਵਾਲਿਆਂ ਅਤੇ ਹਿੰਸਕ ਅਪਰਾਧੀਆਂ ਨੂੰ ਨਿਸ਼ਾਨਾ ਬਣਾਉਣ ਵਿੱਚ ਮਦਦ ਮਿਲਦੀ ਹੈ, ਜਿਸ ਵਿੱਚ ਜਾਂਚ-ਪੜਤਾਲਾਂ ਨੂੰ ਮਜ਼ਬੂਤ ਕਰਨਾ, ਤਾਲਮੇਲ ਸੁਧਾਰਨਾ ਅਤੇ ਉੱਚ-ਜੋਖਮ ਵਾਲੇ ਵਿਅਕਤੀਆਂ ਦੀ ਨਜ਼ਦੀਕੀ ਨਿਗਰਾਨੀ ਕਰਨਾ ਸ਼ਾਮਲ ਹੈ।
  • ਅਪਰਾਧ ਦੇ ਪੀੜਤਾਂ ਦੀ ਸਹਾਇਤਾ ਕਰਨਾ। ਅਸੀਂ ਬੀ ਸੀ ਕ੍ਰਾਈਮ ਸਟੌਪਰਜ਼ ਨਾਲ ਮਿਲ ਕੇ ਲੋਕਾਂ ਅਤੇ ਕਾਰੋਬਾਰਾਂ ਨੂੰ ਜਬਰਨ ਵਸੂਲੀ ਦੇ ਸੰਕੇਤਾਂ ਬਾਰੇ ਜਾਣਕਾਰੀ ਦੇ ਰਹੇ ਹਾਂ ਅਤੇ ਪੀੜਤਾਂ ਨੂੰ ਧਮਕੀਆਂ ਦੀ ਰਿਪੋਰਟ ਕਰਨ ਲਈ ਉਤਸ਼ਾਹਿਤ ਕਰ ਰਹੇ ਹਾਂ। ਇਸ ਨਾਲ ਪੁਲਿਸ ਨੂੰ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਰੋਕਣ ਵਿੱਚ ਮਦਦ ਮਿਲੇਗੀ। ਪੀੜਤ ਅਤੇ ਉਹਨਾਂ ਦੇ ਪਰਿਵਾਰ, ਰਿਕਵਰੀ ਲਈ ਸਹਾਇਤਾ ਬੈਨਿਫ਼ਿਟਾਂ ਲਈ ਯੋਗ ਹੋ ਸਕਦੇ ਹਨ।
 

ਫੈਡਰਲ ਤਾਲਮੇਲ ਅਤੇ ਸਹਾਇਤਾ

ਬੀ.ਸੀ. ਐਕਸਟੋਰਸ਼ਨ ਟਾਸਕ ਫੋਰਸ ਨੂੰ ਫੈਡਰਲ ਪੁਲਿਸਿੰਗ ਪ੍ਰੋਗਰਾਮਾਂ ਤੋਂ ਸਹਾਇਤਾ ਮਿਲਦੀ ਹੈ।

  • ਰੀਜਨਲ ਇੰਟੀਗ੍ਰੇਟਡ ਡਰੱਗ ਇਨਫੋਰਸਮੈਂਟ ਟੀਮ। ਕੈਨੇਡਾ ਦੀ ਸਰਕਾਰ, ਬੀ.ਸੀ. ਸਰਕਾਰ ਨਾਲ ਸਹਿਯੋਗ ਕਰਦੇ ਹੋਏ, ਇੱਕ ਰੀਜਨਲ ਇੰਟੀਗ੍ਰੇਟਡ ਡਰੱਗ ਇਨਫੋਰਸਮੈਂਟ ਟੀਮ (RIDET) ਤਿਆਰ ਕਰ ਰਹੀ ਹੈ। ਕੈਨੇਡਾ ਦੇ ‘ਬਾਰਡਰ ਪਲਾਨ’ ਰਾਹੀਂ ਚਾਰ ਸਾਲਾਂ ਵਿੱਚ ਮੁਹੱਈਆ ਕੀਤੇ $4 ਮਿਲੀਅਨ ਦੇ ਨਿਵੇਸ਼ ਨਾਲ, ਇਹ ਟੀਮ ਕਈ ਏਜੰਸੀਆਂ ਤੋਂ ਕਾਨੂੰਨ ਅਤੇ ਬਾਰਡਰ ਲਾਗੂਕਰਨ ਵਾਲੇ ਸਰੋਤਾਂ ਨੂੰ ਇਕੱਠਾ ਕਰੇਗੀ ਤਾਂ ਜੋ ਸੰਗਠਿਤ ਡਰੱਗ ਅਪਰਾਧ ਨਾਲ ਲੜਿਆ ਜਾ ਸਕੇ ਅਤੇ ਜਬਰਨ ਵਸੂਲੀ ਨੂੰ ਰੋਕਿਆ ਜਾ ਸਕੇ।
  • ਯੋ ਬਰੋ ਯੋ ਗਰਲ ਯੂਥ ਇਨੀਏਸ਼ਿਟਿਵ। ਅਪਰਾਧ ਵਾਪਰਨ ਤੋਂ ਪਹਿਲਾਂ ਹੀ ਉਸ ਨੂੰ ਰੋਕਣ ਦੀ ਮਹੱਤਤਾ ਨੂੰ ਸਮਝਦੇ ਹੋਏ, ਕੈਨੇਡਾ ਦੀ ਸਰਕਾਰ ਪਬਲਿਕ ਸੇਫ਼ਟੀ ਕੈਨੇਡਾ ਦੇ ‘ਕ੍ਰਾਈਮ ਪ੍ਰਿਵੈਨਸ਼ਨ ਐਕਸ਼ਨ ਫੰਡ’ ਰਾਹੀਂ ‘ਯੋ ਬਰੋ ਯੋ ਗਰਲ ਯੂਥ ਇਨੀਏਸ਼ਿਟਿਵ’ (Yo Bro Yo Girl Youth Initiative) ਲਈ $1.5 ਮਿਲੀਅਨ ਦੀ ਵਚਨਬੱਧਤਾ ਕਰ ਰਹੀ ਹੈ। ਇਹ ਸੰਸਥਾ ਸਰ੍ਹੀ ਵਿੱਚ ਇੱਕ ਯੂਥ ਇਨਗੇਜਮੈਂਟ ਹੱਬ ਸ਼ੁਰੂ ਕਰੇਗੀ, ਜੋ ਜੋਖਮ ਪ੍ਰਤੀ ਕਮਜ਼ੋਰ ਨੌਜਵਾਨਾਂ ਨੂੰ ਗੈਂਗਾਂ ਅਤੇ ਸੰਗਠਿਤ ਅਪਰਾਧ ਤੋਂ ਦੂਰ ਰੱਖਣ ਲਈ ਪ੍ਰੋਗਰਾਮਾਂ, ਮਾਰਗਦਰਸ਼ਨ, ਰੁਜ਼ਗਾਰ ਸਿਖਲਾਈ ਅਤੇ 1,000 ਤੱਕ ਨੌਜਵਾਨਾਂ ਨੂੰ ਕਾਊਂਸਲਿੰਗ ਰਾਹੀਂ ਸਹਾਇਤਾ ਮੁਹੱਈਆ ਕਰੇਗੀ।
  • RCMP ਦੀ ਨੈਸ਼ਨਲ ਕੋ-ਆਰਡੀਨੇਸ਼ਨ ਐਂਡ ਸੁਪੋਰਟ ਟੀਮ (NCST): ਇਹ ਟੀਮ ਪ੍ਰਭਾਵਿਤ ਸੂਬਿਆਂ, ਜਿਵੇਂ ਕਿ ਬੀ.ਸੀ., ਐਲਬਰਟਾ ਅਤੇ ਓਨਟਾਰੀਓ ਵਿੱਚ ਕਾਨੂੰਨ-ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਜਬਰਨ ਵਸੂਲੀ ਦੇ ਮਾਮਲਿਆਂ ‘ਤੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕਰਨ ਲਈ ਤਾਲਮੇਲ ਵਾਲੀ ਸਹਾਇਤਾ ਮੁਹੱਈਆ ਕਰਦੀ ਹੈ।
 

ਮਿਊਂਨਿਸੀਪਲ ਪੱਧਰ ‘ਤੇ ਤਾਲਮੇਲ ਅਤੇ ਸਹਾਇਤਾ

  • ਸਿਟੀ ਆਫ ਸਰ੍ਹੀ, ਸਰ੍ਹੀ ਪੁਲਿਸ ਸਰਵਿਸ ਨੂੰ $250,000 ਦੀ ਇਨਾਮੀ ਰਕਮ ਮੁਹੱਈਆ ਕਰ ਰਹੀ ਹੈ, ਤਾਂ ਜੋ ਸ਼ਹਿਰ ਦੇ ਅੰਦਰ ਵਿਅਕਤੀਆਂ ਅਤੇ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਚੱਲ ਰਹੇ ਜਬਰਨ ਵਸੂਲੀ ਦੇ ਮਾਮਲਿਆਂ ਵਿੱਚ ਦੋਸ਼ੀਆਂ ਦਾ ਪਤਾ ਲਗਾਉਣ  ਵਾਲੀ ਜਾਣਕਾਰੀ ਮਿਲ ਸਕੇ।
    • ਜੋ ਲੋਕ ਧਮਕੀਆਂ ਦੀ ਰਿਪੋਰਟ ਕਰਦੇ ਹਨ, ਉਹਨਾਂ ਨੂੰ ਇਨਾਮੀ ਰਕਮ ਮਿਲ ਸਕਦੀ ਹੈ, ਜੇ ਉਹਨਾਂ ਵੱਲੋਂ ਦਿੱਤੀ ਸੂਚਨਾ ਸਿੱਧੇ ਤੌਰ ‘ਤੇ ਅਪਰਾਧੀ ਦੀ ਪਛਾਣ, ਉਸ ‘ਤੇ ਮੁਕੱਦਮਾ ਚਲਾਉਣ ਅਤੇ ਦੋਸ਼ ਸਾਬਤ ਕਰਨ ਵਿੱਚ ਸਹਾਇਕ ਹੋਵੇ।
  • ਐਬਟਸਫੋਰਡ ਪੁਲਿਸ ਡਿਪਾਰਟਮੈਂਟ ਨੇ ‘ਓਪਰੇਸ਼ਨ ਕਮਿਊਨਿਟੀ ਸ਼ੀਲਡ’ ਸ਼ੁਰੂ ਕੀਤਾ ਹੈ, ਜੋ ਇੱਕ ਸਮਰਪਿਤ ਅੰਦਰੂਨੀ ਟਾਸਕ ਫੋਰਸ ਹੈ ਜੋ ਸੂਬਾਈ ਅਤੇ ਫੈਡਰਲ ਅਧਿਕਾਰੀਆਂ ਨਾਲ ਮਿਲ ਕੇ ਸਾਰੀਆਂ ਜਬਰਨ ਵਸੂਲੀ ਰਿਪੋਰਟਾਂ ਦੀ ਜਾਂਚ ਕਰਦੀ ਹੈ ਅਤੇ ਨਿਵਾਸੀਆਂ ਅਤੇ ਕਾਰੋਬਾਰਾਂ ਨੂੰ ਸ਼ੱਕੀ ਗਤੀਵਿਧੀ ਦੀ ਰਿਪੋਰਟ ਕਰਨ ਲਈ ਅਪੀਲ ਕਰਦੀ ਹੈ।
  • ਡੈਲਟਾ ਪੁਲਿਸ ਡਿਪਾਰਟਮੈਂਟ ਇੱਕ ਸਮਰਪਿਤ ਟੀਮ ਰਾਹੀਂ ਸਾਰੀਆਂ ਜਬਰਨ ਵਸੂਲੀ ਦੀਆਂ ਰਿਪੋਰਟਾਂ ਦੀ ਜਾਂਚ ਕਰਦਾ ਹੈ, ਅਤੇ ਬੀ.ਸੀ. ਐਕਸਟੋਰਸ਼ਨ ਟਾਸਕ ਫੋਰਸ ਅਤੇ ਹੋਰ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਦਾ ਹੈ, ਤਾਂ ਜੋ ਧਮਕੀਆਂ ਨਾਲ ਤੁਰੰਤ ਨਜਿੱਠਿਆ ਜਾ ਸਕੇ ਅਤੇ ਨਿਵਾਸੀਆਂ ਅਤੇ ਕਾਰੋਬਾਰਾਂ ਨੂੰ ਸਹਾਇਤਾ ਮਿਲ ਸਕੇ, ਅਤੇ ਨਾਲ ਹੀ ਲੋਕਾਂ ਨੂੰ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਰਿਪੋਰਟ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ।

“ਜਬਰਨ ਵਸੂਲੀ ਨਾਲ ਨਜਿੱਠਣਾ ਜਨਤਕ ਸੁਰੱਖਿਆ ਲਈ ਸਾਡੀ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ, ਅਤੇ ਅਸੀਂ ਪੁਲਿਸ ਨੂੰ ਹਰ ਉਹ ਸਰੋਤ ਮੁਹੱਈਆ ਕਰਨ ਲਈ ਵਚਨਬੱਧ ਹਾਂ ਜੋ ਉਹਨਾਂ ਦੀ ਇਹਨਾਂ ਅਪਰਾਧੀਆਂ ਨੂੰ ਨਿਆਂ ਦੇ ਘੇਰੇ ਵਿੱਚ ਲਿਆਉਣ ਵਿੱਚ ਸਹਾਇਤਾ ਕਰ ਸਕੇ।“ 

- ਸੌਲਿਸਿਟਰ ਜਨਰਲ ਅਤੇ ਜਨਤਕ ਸੁਰੱਖਿਆ ਮੰਤਰੀ, ਨੀਨਾ ਕਰੀਗਰ


ਬੀ.ਸੀ. ਐਕਸਟੋਰਸ਼ਨ ਟਾਸਕ ਫੋਰਸ ਬਾਰੇ

ਜਬਰਨ ਵਸੂਲੀ ਦੀਆਂ ਧਮਕੀਆਂ ਦਾ ਮੁਕਾਬਲਾ ਕਰਨ ਲਈ ਸਾਡੇ ਨਿਵੇਸ਼ਾਂ ਦੇ ਹਿੱਸੇ ਵਜੋਂ, ਸੂਬੇ ਨੇ ਬੀ.ਸੀ. ਐਕਸਟੋਰਸ਼ਨ ਟਾਸਕ ਫੋਰਸ ਸਥਾਪਿਤ ਕੀਤੀ ਹੈ, ਜੋ ਜਾਂਚਾਂ ਨੂੰ ਅੱਗੇ ਵਧਾਉਣ ਅਤੇ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਉਣ ਲਈ ਵਚਨਬੱਧ ਹੈ। ਬੀ.ਸੀ. ਐਕਸਟੋਰਸ਼ਨ ਟਾਸਕ ਫੋਰਸ ਕਾਨੂੰਨ-ਲਾਗੂ ਕਰਨ ਵਾਲੇ ਭਾਈਵਾਲਾਂ ਨੂੰ ਇਕੱਠਾ ਕਰਕੇ, ਤਾਲਮੇਲ ਵਾਲੀਆਂ ਜਾਂਚਾਂ ਲਈ ਵੱਖ-ਵੱਖ ਅਧਿਕਾਰ ਖੇਤਰਾਂ ਵਾਲੀ ਸੰਗਠਿਤ ਪਹੁੰਚ ਨੂੰ ਯਕੀਨੀ ਬਣਾਉਂਦੀ ਹੈ।

 

ਟਾਸਕ ਫੋਰਸ ਦੀਆਂ ਤਰਜੀਹਾਂ

ਸਤੰਬਰ 2025 ਵਿੱਚ ਟਾਸਕ ਫੋਰਸ ਸਥਾਪਿਤ ਕੀਤੇ ਜਾਣ ਤੋਂ ਬਾਅਦ, ਟੀਮ ਨੇ ਹੇਠ ਲਿਖੇ ਮਾਮਲਿਆਂ ‘ਤੇ ਧਿਆਨ ਕੇਂਦਰਿਤ ਕੀਤਾ ਹੈ:

  • ਜਨਤਕ ਸੁਰੱਖਿਆ 'ਤੇ ਸਭ ਤੋਂ ਵੱਡਾ ਖ਼ਤਰਾ ਪੈਦਾ ਕਰਨ ਵਾਲਿਆਂ ਦੀ ਜਾਂਚ-ਪੜਤਾਲ ਕਰਨਾ
  • ਪ੍ਰਭਾਵਿਤ ਭਾਈਚਾਰਿਆਂ ਵਿੱਚ ਹੋ ਰਹੀ ਹਿੰਸਾ ਨੂੰ ਰੋਕਣਾ
  • ਵੱਖ-ਵੱਖ ਫ਼ਾਈਲਾਂ ਵਿਚਕਾਰ ਆਪਸੀ ਸੰਬੰਧਾਂ ਨੂੰ ਸਮਝਣਾ
  • ਸਬੂਤਾਂ ਦੇ ਅਧਾਰ ‘ਤੇ, ਮਾਮਲਿਆਂ ਨੂੰ ਆਪਸ ਵਿੱਚ ਜੋੜਦਿਆਂ, ਜਾਂਚਾਂ ਦੀ ਲੜੀ ਸਥਾਪਿਤ ਕਰਨਾ
  • ਸ਼ੱਕੀ ਵਿਅਕਤੀਆਂ ਅਤੇ ਸ਼ੱਕੀ ਗਿਰੋਹਾਂ ਦੀ ਪਛਾਣ ਕਰਨਾ
  • ਸੂਬੇ ਅਤੇ ਦੇਸ਼ ਭਰ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਭਾਈਵਾਲਾਂ ਨਾਲ ਤਾਲਮੇਲ ਬਣਾਉਣਾ
  • ਪੀੜਤਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਹਾਇਤਾ ਮੁਹੱਈਆ ਕਰਨਾ ਅਤੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ

 

 

ਟਾਸਕ ਫੋਰਸ ਦੇ ਮੈਂਬਰ

ਬੀ.ਸੀ. ਐਕਸਟੋਰਸ਼ਨ ਟਾਸਕ ਫੋਰਸ ਵਿੱਚ ਮਿਊਂਨਿਸੀਪਲ, ਸੂਬਾਈ ਅਤੇ ਫੈਡਰਲ ਏਜੰਸੀਆਂ ਦੇ 40 ਤੋਂ ਵੱਧ ਪੁਲਿਸ ਪ੍ਰਤੀਨਿਧ ਸ਼ਾਮਲ ਹਨ, ਜਿਨ੍ਹਾਂ ਵਿੱਚ ਸ਼ਾਮਲ ਹਨ:

  • B.C. RCMP
  • ਸਰ੍ਹੀ ਪੁਲਿਸ ਸਰਵਿਸ
  • ਡੈਲਟਾ ਪੁਲਿਸ
  • ਐਬਟਸਫੋਰਡ ਪੁਲਿਸ
  • ਕੰਬਾਈਨਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਆਫ ਬ੍ਰਿਟਿਸ਼ ਕੋਲੰਬੀਆ (CFSEU-BC) 
  • ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲਿਸ
  • ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ

ਉਹਨਾਂ ਨੂੰ B.C. RCMP ਦੇ ਖਾਸ ਸਰੋਤਾਂ ਤੋਂ ਵੀ ਸਹਾਇਤਾ ਮਿਲਦੀ ਹੈ, ਜਿਸ ਵਿੱਚ ਸ਼ਾਮਲ ਹਨ:

  • CFSEU-BC ਦੀ ਯੁਨੀਫ਼ਾਰਮ ਗੈਂਗ ਇਨਫੋਰਸਮੈਂਟ ਟੀਮ
  • ਬੀ.ਸੀ. ਹਾਈਵੇਅ ਪਟਰੋਲ
  • ਐਮਰਜੈਂਸੀ ਰਿਸਪਾਂਸ ਟੀਮਾਂ
  • ਪੁਲਿਸ ਡੌਗ ਸੇਵਾਵਾਂ
 

ਜਬਰਨ ਵਸੂਲੀ ਦੀਆਂ ਧਮਕੀਆਂ ਦੀ ਜਾਂਚ

ਜਬਰਨ ਵਸੂਲੀ ਦੀਆਂ ਜਾਂਚਾਂ ਗੁੰਝਲਦਾਰ ਹੁੰਦੀਆਂ ਹਨ। ਬੀ.ਸੀ. ਐਕਸਟੋਰਸ਼ਨ ਟਾਸਕ ਫੋਰਸ ਅਪਰਾਧਾਂ ਦੀ ਜਾਂਚ ਅਤੇ ਰੋਕਥਾਮ ਲਈ ਪਹਿਲਾਂ ਤੋਂ ਤਿਆਰ ਕੀਤੀਆਂ ਅਤੇ ਜਵਾਬੀ ਕਾਰਵਾਈਆਂ ਵਰਤਦੀ ਹੈ, ਜੋ ਖ਼ੁਫੀਆ ਜਾਣਕਾਰੀ 'ਤੇ ਅਧਾਰਿਤ ਹੁੰਦੀਆਂ ਹਨ।

ਇਹ ਸਬੂਤ-ਅਧਾਰਿਤ ਤਫ਼ਤੀਸ਼ਾਂ ਪੁਲਿਸ ਨੂੰ ਮਿਲੀ ਜਾਣਕਾਰੀ ‘ਤੇ ਨਿਰਭਰ ਕਰਦੀਆਂ ਹਨ। ਬੀ.ਸੀ. ਐਕਸਟੋਰਸ਼ਨ ਟਾਸਕ ਫੋਰਸ ਅਤੇ ਸਥਾਨਕ ਪੁਲਿਸ ਕੋਲ ‘ਲੀਏਜ਼ੌਨ ਅਫਸਰ’ (ਪੁਲਿਸ ਅਤੇ ਪੀੜਤਾਂ ਦਰਮਿਆਨ ਸੰਪਰਕ ਕਾਇਮ ਕਰਨ ਵਾਲੇ ਵਿਅਕਤੀ) ਹੁੰਦੇ ਹਨ ਜੋ ਪੀੜਤਾਂ, ਗਵਾਹਾਂ ਅਤੇ ਸਥਾਨਕ ਪੁਲਿਸ ਨਾਲ ਮਿਲ ਕੇ ਸਬੂਤ ਇਕੱਠੇ ਕਰਦੇ ਹਨ ਅਤੇ ਲੋੜ ਅਨੁਸਾਰ ਸੁਰੱਖਿਆ ਯੋਜਨਾਵਾਂ ਲਾਗੂ ਕਰਦੇ ਹਨ।

ਟਾਸਕ ਫੋਰਸ ਲਈ ਲਾਜ਼ਮੀ ਹੈ ਕਿ ਚੱਲ ਰਹੀਆਂ ਜਾਂਚਾਂ ਦੀ ਸੱਚਾਈ ਅਤੇ ਸਫਲਤਾ ਨੂੰ ਸੁਰੱਖਿਅਤ ਰੱਖਣ ਲਈ, ਜਨਤਾ ਨਾਲ ਸਾਂਝੀ ਕੀਤੀ ਜਾਣ ਵਾਲੀ ਜਾਣਕਾਰੀ ਨੂੰ ਸੀਮਿਤ ਰੱਖੇ।

ਜੇ ਤੁਸੀਂ ਜਬਰਨ ਵਸੂਲੀ ਦੇ ਸ਼ਿਕਾਰ ਹੋ, ਤਾਂ:

  • ਇਸ ਦੀ ਰਿਪੋਰਟ ਪੁਲਿਸ ਜਾਂ ਕ੍ਰਾਈਮ ਸਟੌਪਰਜ਼ ਨੂੰ 1-800-222-TIPS [8477] ‘ਤੇ ਕਰੋ
  • ਧਮਕੀਆਂ ਸਬੰਧੀ ਹੋਈ ਸਾਰੀ ਗੱਲਬਾਤ ਅਤੇ ਸਬੂਤ ਸੰਭਾਲ ਕੇ ਰੱਖੋ
  • ਧਮਕੀਆਂ ਦਾ ਜਵਾਬ ਨਾ ਦਿਓ
  • ਮੰਗਾਂ ਨੂੰ ਨਾ ਮੰਨੋ

ਬੀ.ਸੀ. ਐਕਸਟੋਰਸ਼ਨ ਟਾਸਕ ਫੋਰਸ ਵਿੱਚ ਸ਼ਾਮਲ ਏਜੰਸੀਆਂ ਦਾ ਇਨਫੋਗ੍ਰਾਫਿਕ

“ਬੀ.ਸੀ. ਐਕਸਟੋਰਸ਼ਨ ਟਾਸਕ ਫੋਰਸ ਇੱਕ ਸਪੱਸ਼ਟ ਅਤੇ ਮਜ਼ਬੂਤ ਸੁਨੇਹਾ ਭੇਜਦੀ ਹੈ: ਜੇ ਤੁਸੀਂ ਸਾਡੇ ਭਾਈਚਾਰਿਆਂ ਵਿੱਚ ਨੁਕਸਾਨ ਪਹੁੰਚਾਉਣ ਦੀ ਚੋਣ ਕਰਦੇ ਹੋ, ਤਾਂ ਅਸੀਂ ਤੁਹਾਨੂੰ ਲੱਭਕੇ, ਜਵਾਬਦੇਹ ਠਹਿਰਾਵਾਂਗੇ।”

- ਸੌਲਿਸਿਟਰ ਜਨਰਲ ਅਤੇ ਜਨਤਕ ਸੁਰੱਖਿਆ ਮੰਤਰੀ, ਨੀਨਾ ਕਰੀਗਰ


two people looking at closed off area wearing a jacket that says Victim Services

ਧਮਕੀ ਦੀ ਰਿਪੋਰਟ ਕਿਵੇਂ ਕਰਨੀ ਹੈ

ਜੇ ਤੁਹਾਨੂੰ ਧਮਕੀ ਦਿੱਤੀ ਜਾ ਰਹੀ ਹੈ – ਪੈਸੇ ਨਾ ਦਿਓ। ਇਸ ਦੀ ਰਿਪੋਰਟ ਕਰੋ।

ਧਮਕੀ ਦੀ ਰਿਪੋਰਟ ਕਰਨ ਨਾਲ ਤੁਹਾਡੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਮਦਦ ਮਿਲਦੀ ਹੈ ਅਤੇ ਤੁਹਾਨੂੰ ਸਰੋਤਾਂ ਨਾਲ ਜੋੜਿਆ ਜਾ ਸਕਦਾ ਹੈ।

ਭਾਵੇਂ ਕੁਝ ਮਾਮੂਲੀ ਜਾਂ ਨਜ਼ਰਅੰਦਾਜ਼ ਕਰਨ ਯੋਗ ਲੱਗੇ, ਇਸ ਦੀ ਰਿਪੋਰਟ ਜ਼ਰੂਰ ਕਰੋ। ਇੱਕ ਛੋਟੀ ਜਿਹੀ ਜਾਣਕਾਰੀ ਵੱਡੀਆਂ ਤਫ਼ਤੀਸ਼ਾਂ ਨੂੰ ਜੋੜਨ ਵਿੱਚ ਮਦਦ ਕਰ ਸਕਦੀ ਹੈ, ਸ਼ੱਕੀ ਵਿਅਕਤੀਆਂ ਦੀ ਪਛਾਣ ਕਰ ਸਕਦੀ ਹੈ, ਜਾਂ ਹੋਰ ਅਪਰਾਧ ਹੋਣ ਤੋਂ ਰੋਕ ਸਕਦੀ ਹੈ।

ਉਹ ਕਦਮ ਜੋ ਤੁਸੀਂ ਚੁੱਕ ਸਕਦੇ ਹੋ

  1. ਜੇ ਤੁਸੀਂ ਤੁਰੰਤ ਖਤਰੇ ਵਿੱਚ ਹੋ ਤਾਂ 9-1-1 ‘ਤੇ ਕਾਲ ਕਰੋ।
  2. ਜੋ ਵੀ ਸਬੂਤ ਤੁਹਾਡੇ ਕੋਲ ਹਨ, ਉਹਨਾਂ ਨੂੰ ਸੰਭਾਲ ਕੇ ਰੱਖੋ।
  3. ਹੇਠਾਂ ਦਿੱਤੇ ਵਿਕਲਪਾਂ ਵਿੱਚੋਂ ਕਿਸੇ ਇੱਕ ਰਾਹੀਂ ਪੁਲਿਸ ਨੂੰ ਰਿਪੋਰਟ ਕਰੋ:
  4. ਧਮਕੀਆਂ ਦਾ ਜਵਾਬ ਨਾ ਦਿਓ ਅਤੇ ਪੈਸੇ ਨਾ ਦਿਓ।

ਜੇ ਤੁਸੀਂ ਅਪਰਾਧ ਦੀ ਰਿਪੋਰਟ ਕਰਨ ਵਿੱਚ ਝਿਜਕ ਰਹੇ ਹੋ, ਤਾਂ ਗੁਪਤ ਸਹਾਇਤਾ ਲਈ VictimLink BC ਨਾਲ ਸੰਪਰਕ ਕਰੋ।

  • ਕਾਲ ਜਾਂ ਟੈਕਸਟ: 1-800-563-0808, 240 ਤੋਂ ਵੱਧ ਭਾਸ਼ਾਵਾਂ ਵਿੱਚ 24/7 ਉਪਲਬਧ

ਜਦੋਂ ਤੁਸੀਂ ਰਿਪੋਰਟ ਕਰਦੇ ਹੋ ਤਾਂ ਕੀ ਹੁੰਦਾ ਹੈ – ਤੁਸੀਂ ਕਿਵੇਂ ਮਦਦ ਕਰ ਸਕਦੇ ਹੋ

ਪੁਲਿਸ ਜਾਂ ਕ੍ਰਾਈਮ ਸਟੌਪਰਜ਼ ਨਾਲ ਸਾਂਝੀ ਕੀਤੀ ਜਾਣਕਾਰੀ ਸਿੱਧੇ ਉਹਨਾਂ ਜਾਂਚਕਰਤਾਵਾਂ ਤੱਕ ਜਾਂਦੀ ਹੈ ਜੋ ਜਬਰਨ ਵਸੂਲੀ ਫਾਈਲਾਂ ‘ਤੇ ਕੰਮ ਕਰ ਰਹੇ ਹਨ। ਜਾਂਚਕਰਤਾ ਸਬੂਤਾਂ ਦੀ ਜਾਂਚ ਕਰਦੇ ਹਨ, ਖੁਫੀਆ ਜਾਣਕਾਰੀ ਵਿਚਕਾਰ ਤਾਲਮੇਲ ਬਣਾਉਂਦੇ ਹਨ ਅਤੇ ਅਗਲੀਆਂ ਕਾਰਵਾਈਆਂ ਕਰਦੇ ਹਨ।

ਹਰ ਭਰੋਸੇਯੋਗ ਸੁਰਾਗ ਪੁਲਿਸ ਨੂੰ ਫਾਈਲਾਂ ਵਿਚਕਾਰ ਸੰਬੰਧ ਲੱਭਣ, ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ, ਅਤੇ ਨਿਆਂ ਪ੍ਰਕਿਰਿਆ ਵਿੱਚ ਯੋਗਦਾਨ ਪਾਉਣ ਵਿੱਚ ਮਦਦ ਕਰਦਾ ਹੈ।

ਜਾਣੋ ਕਿ ਅਪਰਾਧਾਂ ਦੀ ਜਾਂਚ ਕਿਵੇਂ ਕੀਤੀ ਜਾਂਦੀ ਹੈ ਅਤੇ ਦੋਸ਼ਾਂ ਦਾ ਮੁਲਾਂਕਣ ਕਿਵੇਂ ਹੁੰਦਾ ਹੈ:

ਸਰੋਤ


ਪੀੜਤਾਂ ਅਤੇ ਪਰਿਵਾਰਾਂ ਲਈ ਸਹਾਇਤਾ

ਜੇ ਤੁਸੀਂ ਜਬਰਨ ਵਸੂਲੀ ਦੇ ਸ਼ਿਕਾਰ ਹੋਏ ਹੋ, ਤਾਂ ਤੁਸੀਂ ਡਰੇ ਹੋਏ, ਘਬਰਾਏ ਹੋਏ ਹੋ ਸਕਦੇ ਹੋ ਜਾਂ ਹੋ ਸਕਦਾ ਹੈ ਕਿ ਤੁਹਾਨੂੰ ਸਮਝ ਨਾ ਆ ਰਿਹਾ ਹੋਵੇ ਕਿ ਕੀ ਕਰਨਾ ਹੈ। ਤੁਹਾਨੂੰ ਇਸ ਸਭ ਦਾ ਸਾਹਮਣਾ ਇਕੱਲੇ ਕਰਨ ਦੀ ਲੋੜ ਨਹੀਂ ਹੈ। ਤੁਹਾਡੇ ਸਹਿਯੋਗ ਲਈ ਸਹਾਇਤਾ ਉਪਲਬਧ ਹੈ

ਪੀੜਤ ਸੇਵਾਵਾਂ (Victim Services) ਵਿੱਚ ਕੰਮ ਕਰਨ ਵਾਲਿਆਂ ਕੋਲ ਵਿਸ਼ੇਸ਼ ਸਿਖਲਾਈ ਹੁੰਦੀ ਹੈ, ਜਿਸ ਨਾਲ ਉਹ ਅਪਰਾਧ, ਪੀੜਾ, ਅਤੇ ਸਦਮੇ ਨਾਲ ਪ੍ਰਭਾਵਿਤ ਲੋਕਾਂ ਨੂੰ ਜਾਣਕਾਰੀ ਅਤੇ ਭਾਵਨਾਤਮਕ ਸਹਾਇਤਾ ਦੇ ਸਕਣ। ਸੇਵਾਵਾਂ ਵਿੱਚ ਸ਼ਾਮਲ ਹਨ:

  • ਸੰਕਟ ਪ੍ਰਤੀਕਿਰਿਆ ਅਤੇ ਸੁਰੱਖਿਆ ਯੋਜਨਾ ਬਣਾਉਣਾ
  • ਪੁਲਿਸ ਦੀ ਜਾਂਚ-ਪੜਤਾਲ ਪ੍ਰਕਿਰਿਆ ਬਾਰੇ ਜਾਣਕਾਰੀ
  • ਕ੍ਰਾਈਮ ਵਿਕਟਿਮ ਅਸਿਸਟੈਂਸ ਪ੍ਰੋਗਰਾਮ ਦੀਆਂ ਅਰਜ਼ੀਆਂ ਅਤੇ ਹੋਰ ਸੰਬੰਧਿਤ ਫਾਰਮ ਭਰਨ ਲਈ ਵਿਹਾਰਕ ਸਹਾਇਤਾ
  • ਅਪਰਾਧਿਕ ਨਿਆਂ ਪ੍ਰਣਾਲੀ ਬਾਰੇ ਜਾਣਕਾਰੀ ਅਤੇ ਅਦਾਲਤੀ ਪ੍ਰਕਿਰਿਆ ਦੌਰਾਨ ਸਹਾਇਤਾ
  • ਹੋਰ ਭਾਈਚਾਰਕ ਸਰੋਤਾਂ ਲਈ ਰੈਫਰਲ

ਅਪਰਾਧ ਦੇ ਪੀੜ੍ਹਤਾਂ ਲਈ ਜਾਣਕਾਰੀ:

 

ਪੀੜਤਾਂ ਲਈ ਸਹਾਇਤਾ

  • VictimLink BC ਬੀ.ਸੀ. ਭਰ ਵਿੱਚ ਅਪਰਾਧ ਅਤੇ ਸਦਮੇ ਨਾਲ ਪ੍ਰਭਾਵਿਤ ਲੋਕਾਂ ਲਈ ਇੱਕ ਮੁਫ਼ਤ, ਅਤੇ ਗੁਪਤ ਸੇਵਾ ਹੈ। ਇਹ ਤੁਹਾਨੂੰ ਉਹਨਾਂ ਸਿਖਲਾਈ-ਪ੍ਰਾਪਤ ਪੀੜਤ ਸੇਵਾ ਕਰਮਚਾਰੀਆਂ ਨਾਲ ਜੋੜਦੀ ਹੈ, ਜੋ ਪੀੜਤਾਂ ਨੂੰ ਸੁਰੱਖਿਅਤ ਰੱਖਣ ਅਤੇ ਅਪਰਾਧਿਕ ਨਿਆਂ ਪ੍ਰਣਾਲੀ ਨੂੰ ਸਮਝਣ ਵਿੱਚ ਵਿਸ਼ੇਸ਼ ਸਹਾਇਤਾ ਮੁਹੱਈਆ ਕਰ ਸਕਦੇ ਹਨ।
    • ਕਾਲ ਜਾਂ ਟੈਕਸਟ: 1-800-563-0808
    • 240 ਤੋਂ ਵੱਧ ਭਾਸ਼ਾਵਾਂ ਵਿੱਚ 24/7 ਉਪਲਬਧ, ਜਿਸ ਵਿੱਚ ਪੰਜਾਬੀ ਅਤੇ ਹਿੰਦੀ ਸ਼ਾਮਲ ਹਨ
  • ਸਥਾਨਕ ਪੀੜਤ ਸੇਵਾ ਪ੍ਰੋਗਰਾਮ: ਕਈ ਭਾਈਚਾਰਿਆਂ ਵਿੱਚ ਪੀੜਤ ਸੇਵਾ ਪ੍ਰੋਗਰਾਮ ਉਪਲਬਧ ਹਨ। ਤੁਸੀਂ ਹੋਰ ਜਾਣਕਾਰੀ ਜਾਂ ਸਹਾਇਤਾ ਲਈ ਉਹਨਾਂ ਨਾਲ ਸਿੱਧੇ ਸੰਪਰਕ ਕਰ ਸਕਦੇ ਹੋ।
  • ਐਬਟਸਫੋਰਡ ਪੁਲਿਸ ਪੀੜਤ ਸੇਵਾਵਾਂ
 

ਕ੍ਰਾਈਮ ਵਿਕਟਿਮ ਅਸਿਸਟੈਂਸ ਪ੍ਰੋਗਰਾਮ

ਜਬਰਨ ਵਸੂਲੀ ਦੇ ਪੀੜਤ ਲੋਕ, ਕ੍ਰਾਈਮ ਵਿਕਟਿਮ ਅਸਿਸਟੈਂਸ ਪ੍ਰੋਗਰਾਮ ਰਾਹੀਂ ਲਾਭਾਂ ਲਈ ਯੋਗ ਹੋ ਸਕਦੇ ਹਨ, ਜਿਸ ਵਿੱਚ ਸ਼ਾਮਲ ਹਨ:

  • ਕਾਊਂਸਲਿੰਗ ਸੇਵਾਵਾਂ
  • ਸੁਰੱਖਿਆ ਉਪਾਅ – ਨਵੇਂ ਤਾਲਿਆਂ ਜਾਂ ਸਿਕਿਉਰਿਟੀ ਸਿਸਟਮ ਵਰਗੇ ਸੁਰੱਖਿਆ ਉਪਕਰਣਾਂ ਲਈ $3,000 ਤੱਕ ਦੀ ਰਕਮ ਮੁਹੱਈਆ ਕੀਤੀ ਜਾ ਸਕਦੀ ਹੈ
  • ਕੁਝ ਖਾਸ ਪਰਿਸਥਿਤੀਆਂ ਵਿੱਚ ਨਵੀਂ ਥਾਂ ‘ਤੇ ਜਾ ਕੇ, ਜ਼ਿੰਦਗੀ ਦੁਬਾਰਾ ਸ਼ੁਰੂ ਕਰਨ ਸੰਬੰਧੀ ਖ਼ਰਚਿਆਂ ਵਿੱਚ ਮਦਦ ਕੀਤੀ ਜਾ ਸਕਦੀ ਹੈ।

ਨਜ਼ਦੀਕੀ ਪਰਿਵਾਰਕ ਮੈਂਬਰ ਅਤੇ ਗਵਾਹ ਵੀ ਕਾਊਂਸਲਿੰਗ ਬੈਨਿਫ਼ਿਟਸ ਲਈ ਯੋਗ ਹੋ ਸਕਦੇ ਹਨ।

ਜਾਣਕਾਰੀ ਲਈ ਅਤੇ ਅਰਜ਼ੀ ਦੇਣ ਲਈ, ਸਿੱਧੇ ਤੌਰ ‘ਤੇ ਕ੍ਰਾਈਮ ਵਿਕਟਿਮ ਅਸਿਸਟੈਂਸ ਪ੍ਰੋਗਰਾਮ ਨਾਲ ਸੰਪਰਕ ਕਰੋ।

  • ਕਾਲ: 1-866-660-3888, ਸਟਾਫ਼ ਮੈਂਬਰ ਨਾਲ ਗੱਲ ਕਰਨ ਲਈ 5 ਦਬਾਓ
  • ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 8:30 ਤੋਂ ਸ਼ਾਮ 4:30 ਵਜੇ ਤੱਕ ਉਪਲਬਧ

ਸੋਸ਼ਲ ਮੀਡੀਆ

Contact information

ਪੀੜਤ ਸੇਵਾਵਾਂ

ਕਾਲ ਜਾਂ ਟੈਕਸਟ: ਟੋਲ ਫ਼੍ਰੀ Toll Free
1-800-563-0808
ਵੈਬਸਾਈਟ:
http://www.victimlinkbc.ca