ਬੀ.ਸੀ. ਵਿੱਚ ਰਿਕੰਸਲੀਏਸ਼ਨ: ਸਾਂਝੇਦਾਰੀ ਰਾਹੀਂ ਇੱਕ ਮਜ਼ਬੂਤ ਸੂਬੇ ਦਾ ਨਿਰਮਾਣ

Last updated on October 26, 2026

ਅਸੀਂ ਫਰਸਟ ਨੇਸ਼ਨਜ਼ ਨਾਲ ਮਿਲ ਕੇ ਆਪਣੀ ਆਰਥਿਕਤਾ ਨੂੰ ਵਧਾਉਣ, ਨੌਕਰੀਆਂ ਅਤੇ ਮੌਕੇ ਸਿਰਜਣ, ਅਤੇ ਬੀ.ਸੀ. ਵਿੱਚ ਹਰ ਕਿਸੇ ਲਈ ਜੀਵਨ ਨੂੰ ਹੋਰ ਬਿਹਤਰ ਬਣਾਉਣ ਲਈ ਕੰਮ ਕਰ ਰਹੇ ਹਾਂ।

ਕੁਝ ਸਮੱਗਰੀ ਸਿਰਫ਼ ਅੰਗਰੇਜ਼ੀ ਵਿੱਚ ਹੀ ਉਪਲਬਧ ਹੈ।

English | 繁體中文 | 简体中文 | Français | ਪੰਜਾਬੀ 


ਸੰਖੇਪ ਜਾਣਕਾਰੀ

ਫਰਸਟ ਨੇਸ਼ਨਜ਼ ਨਾਲ ਮਿਲ ਕੇ ਕੰਮ ਕਰਨਾ ਹਮੇਸ਼ਾ ਤੋਂ ਬੀ.ਸੀ. ਅਤੇ ਕੈਨੇਡਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਮਹੱਤਵਪੂਰਨ ਰਿਹਾ ਹੈ।

1700 ਅਤੇ 1800 ਦੇ ਦਹਾਕਿਆਂ ਦੌਰਾਨ ਕ੍ਰਾਊਨ ਅਤੇ ਫਰਸਟ ਨੇਸ਼ਨਜ਼ ਵਿਚਕਾਰ ਹਸਤਾਖਰ ਕੀਤੀਆਂ ਗਈਆਂ ਟ੍ਰੀਟੀਜ਼ (ਸੰਧੀਆਂ) ਨੇ ਮਹੱਤਵਪੂਰਨ ਭਾਈਵਾਲੀਆਂ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਇਨ੍ਹਾਂ ਨੇ ਸ਼ੁਰੂਆਤੀ ਖੁਸ਼ਹਾਲੀ ਅਤੇ ਸੁਰੱਖਿਆ ਦੀ ਨੀਂਹ ਰੱਖੀ ਅਤੇ ਕੌਨਫੈਡਰੇਸ਼ਨ ਅਤੇ ਕੈਨੇਡਾ ਵਿੱਚ ਕਾਨੂੰਨ ਦੇ ਰਾਜ ਨੂੰ ਸੰਭਵ ਬਣਾਉਣ ਵਿੱਚ ਮਦਦ ਕੀਤੀ। ਅੱਜ, ਫਰਸਟ ਨੇਸ਼ਨਜ਼ ਨਾਲ ਮਿਲ ਕੇ ਕੰਮ ਕਰਨਾ ਸੰਸਾਰ ਦੇ ਅਨਿਸ਼ਚਿਤ ਹਾਲਾਤਾਂ ਵਿੱਚ ਸਾਡੇ ਸਾਰਿਆਂ ਦੇ ਭਵਿੱਖ ਨੂੰ ਹੋਰ ਸੁਰੱਖਿਅਤ ਬਣਾਉਣ ਵਿੱਚ ਮਦਦ ਕਰਦਾ ਹੈ।

ਕੈਨੇਡਾ ਦੇ ਹੋਰ ਹਿੱਸਿਆਂ ਦੇ ਉਲਟ, ਬੀ.ਸੀ. ਵਿੱਚ ਕੌਨਫੈਡਰੇਸ਼ਨ ਤੋਂ ਪਹਿਲਾਂ ਬਹੁਤ ਘੱਟ ਸੰਧੀਆਂ ਉੱਤੇ ਹਸਤਾਖਰ ਕੀਤੇ ਗਏ ਸਨ। ਇਸ ਕਾਰਨ ਭੂਮੀ ਅਤੇ ਸਰੋਤਾਂ ਨਾਲ ਸੰਬੰਧਿਤ ਕਈ ਮਹੱਤਵਪੂਰਨ ਸਵਾਲ ਅਣਸੁਲਝੇ ਰਹਿ ਗਏ। ਇਸ ਤੋਂ ਬਾਅਦ, ਸਰਕਾਰ ਨੇ ਇੰਡੀਜਨਸ (ਮੂਲ ਨਿਵਾਸੀ) ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬੇਦਖ਼ਲ ਕੀਤਾ, ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਵੱਖ ਕੀਤਾ ਅਤੇ ਉਨ੍ਹਾਂ ਦੇ ਅਧਿਕਾਰਾਂ ਅਤੇ ਆਜ਼ਾਦੀਆਂ ਉੱਤੇ ਪਾਬੰਦੀਆਂ ਲਗਾਈਆਂ।

ਮੇਲ-ਮਿਲਾਪ ਇਨ੍ਹਾਂ ਮੁੱਦਿਆਂ ਨਾਲ ਨਜਿੱਠਣ ਅਤੇ ਅਨਿਸ਼ਚਿਤਤਾ ਨੂੰ ਦੂਰ ਕਰਨ ਬਾਰੇ ਹੈ। ਇਹ ਇਕੱਠੇ ਅੱਗੇ ਵਧਣ, ਬਾਹਰੀ ਖਤਰਿਆਂ ਦਾ ਸਾਹਮਣਾ ਕਰਨ ਅਤੇ ਬੀ.ਸੀ. ਨੂੰ ਸਾਡੇ ਸਾਰਿਆਂ ਲਈ ਇੱਕ ਹੋਰ ਬਿਹਤਰ ਸਥਾਨ ਬਣਾਉਣ ਬਾਰੇ ਹੈ।

1990 ਦੇ ਦਹਾਕੇ ਤੋਂ, ਸਰਕਾਰ ਅਤੇ ਫਰਸਟ ਨੇਸ਼ਨਜ਼ ਜਨਤਕ ਭਾਗੀਦਾਰੀ ਨੂੰ ਸ਼ਾਮਲ ਕਰਨ ਵਾਲੀ ਇੱਕ ਪਾਰਦਰਸ਼ੀ ਪ੍ਰਕਿਰਿਆ ਰਾਹੀਂ ਆਧੁਨਿਕ ਸੰਧੀਆਂ ਅਤੇ ਸਮਝੌਤਿਆਂ ਉੱਤੇ ਗੱਲਬਾਤ ਕਰ ਰਹੇ ਹਨ। ਇਸ ਸਹਿਯੋਗ ਨੇ ਬੀ.ਸੀ. ਨੂੰ ਕੈਨੇਡਾ ਦੀ ਸਭ ਤੋਂ ਤੇਜ਼ੀ ਨਾਲ ਵਿਕਸਤ ਹੋ ਰਹੀ ਆਰਥਿਕਤਾ ਬਣਾਉਣ ਵਿੱਚ ਮਦਦ ਕੀਤੀ ਹੈ।

ਮੇਲ-ਮਿਲਾਪ ਦਾ ਵਿਕਲਪ ਨਾ ਤਾਂ ਮੌਜੂਦਾ ਸਥਿਤੀ ਨੂੰ ਕਾਇਮ ਰੱਖਣਾ ਹੈ ਅਤੇ ਨਾ ਹੀ ਅਤੀਤ ਵਿੱਚ ਹੋਏ ਨੁਕਸਾਨਾਂ ਨੂੰ ਠੀਕ ਕਰਨ ਤੋਂ ਇਨਕਾਰ ਕਰਨਾ ਹੈ। ਇਹ ਵਿਕਲਪ ਸਾਡੇ ਸੂਬੇ ਨੂੰ ਕਮਜ਼ੋਰ ਕਰਦਾ ਹੈ ਅਤੇ ਵੰਡ ਪੈਦਾ ਕਰਦਾ ਹੈ। ਇਸ ਦਾ ਮਤਲਬ ਹੋਵੇਗਾ ਆਰਥਿਕ ਪ੍ਰੋਜੈਕਟਾਂ ਦਾ ਰੱਦ ਹੋਣਾ, ਵਧੇਰੇ ਲਾਗਤਾਂ ਅਤੇ ਬੇਅੰਤ ਮੁਕੱਦਮੇਬਾਜ਼ੀ, ਜਿਸ ਵਿੱਚ ਚੁਣੀਆਂ ਹੋਈਆਂ ਸਰਕਾਰਾਂ ਦੀ ਬਜਾਏ ਅਦਾਲਤਾਂ ਫੈਸਲੇ ਕਰਨਗੀਆਂ, ਕਿਉਂਕਿ ਸਰਕਾਰਾਂ ਕੈਨੇਡਾ ਦੇ ਕਾਮਨ ਲਾਅ ਅਤੇ ਸੰਵਿਧਾਨ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀਆਂ।

ਵੰਡ ਅਤੇ ਟਕਰਾਅ ਅਨਿਸ਼ਚਿਤਤਾ ਪੈਦਾ ਕਰਦੇ ਹਨ। ਸਾਡੀਆਂ ਸਰਹੱਦਾਂ ਤੋਂ ਬਾਹਰ ਮੌਜੂਦ ਖਤਰਿਆਂ ਦੇ ਮੱਦੇਨਜ਼ਰ, ਅਸੀਂ ਉਨ੍ਹਾਂ ਤੱਤਾਂ ਨੂੰ ਕਮਜ਼ੋਰ ਕਰਨ ਦਾ ਜੋਖ਼ਮ ਨਹੀਂ ਲੈ ਸਕਦੇ ਜੋ ਬੀ.ਸੀ. ਨੂੰ ਮਜ਼ਬੂਤ ਬਣਾਉਂਦੇ ਹਨ।

ਇਸ ਲਈ ਆਓ, ਅਸੀਂ ਮਿਲਕੇ ਸਾਰਿਆਂ ਲਈ ਬੀ.ਸੀ. ਨੂੰ ਅੱਗੇ ਵਧਾਉਣਾ ਜਾਰੀ ਰੱਖੀਏ। ਹੇਠਾਂ ਜਾਣੋ ਕਿ ਮੇਲ-ਮਿਲਾਪ ਕਿਸ ਤਰ੍ਹਾਂ ਬ੍ਰਿਟਿਸ਼ ਕੋਲੰਬੀਆ ਦੇ ਸਾਰੇ ਲੋਕਾਂ ਲਈ ਲਾਭਦਾਇਕ ਸਾਬਤ ਹੋ ਰਿਹਾ ਹੈ। ਹੋਰ ਨੌਕਰੀਆਂ ਅਤੇ ਮੌਕੇ, ਵਧੇਰੇ ਸਾਫ਼ ਹਵਾ ਅਤੇ ਪਾਣੀ, ਅਤੇ ਹੋਰ ਮਜ਼ਬੂਤ ਭਾਈਚਾਰੇ।


ਮੇਲ-ਮਿਲਾਪ ਬੀ.ਸੀ. ਦੇ ਲੋਕਾਂ ਲਈ ਕਿਸ ਤਰ੍ਹਾਂ ਲਾਭਦਾਇਕ ਹੈ

ਮੇਲ-ਮਿਲਾਪ ਦਾ ਮਤਲਬ ਭਾਈਚਾਰਿਆਂ ਨੂੰ ਆਰਥਿਕ ਵਿਕਾਸ ਦੇ ਲਾਭਾਂ ਵਿੱਚ ਹਿੱਸੇਦਾਰ ਬਣਾਉਣਾ ਅਤੇ ਬੀ.ਸੀ. ਵਿੱਚ ਸਾਰਿਆਂ ਦੇ ਜੀਵਨ ਨੂੰ ਬਿਹਤਰ ਬਣਾਉਣਾ ਹੈ। ਇਹ ਹੋਰ ਨੌਕਰੀਆਂ ਅਤੇ ਮੌਕੇ ਪੈਦਾ ਕਰਦਾ ਹੈ, ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ, ਭਾਈਚਾਰਿਆਂ ਨੂੰ ਹੋਰ ਸੁਰੱਖਿਅਤ ਬਣਾਉਂਦਾ ਹੈ ਅਤੇ ਭੂਮੀ ਅਤੇ ਪਾਣੀ ਦੀ ਬਿਹਤਰ ਸੰਭਾਲ ਵਿੱਚ ਮਦਦ ਕਰਦਾ ਹੈ।

ਹੋਰ ਜਾਣਕਾਰੀ ਲਈ, ਇਹ ਪੜ੍ਹੋ: ਮੇਲ-ਮਿਲਾਪ ਵਿੱਚ ਤਰੱਕੀ ਲਈ ਇੰਡੀਜਨਸ ਲੋਕ ਅਤੇ ਬੀ.ਸੀ. ਮਿਲ ਕੇ ਕੰਮ ਕਰ ਰਹੇ ਹਨ

ਵਧੀਆ ਨੌਕਰੀਆਂ ਪੈਦਾ ਕਰਨ ਲਈ ਹੋਰ ਮੁੱਖ ਪ੍ਰੋਜੈਕਟ

ਬੀ.ਸੀ. ਪਹਿਲਾਂ ਹੀ ਫਰਸਟ ਨੇਸ਼ਨਜ਼ ਨਾਲ ਮਿਲ ਕੇ 41 ਮੁੱਖ ਪ੍ਰੋਜੈਕਟਾਂ, ਜਿਸ ਵਿੱਚ ਵਾਤਾਵਰਨ ਪੱਖੋਂ ਸਾਫ਼ ਊਰਜਾ, ਅਹਿਮ ਖਣਿਜ, ਖਣਨ ਅਤੇ ਨੈਚੁਰਲ ਗੈਸ ਪ੍ਰੋਜੈਕਟ ਸ਼ਾਮਲ ਹਨ, ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਲਈ ਕੰਮ ਕਰ ਰਿਹਾ ਹੈ, ਜੋ 50,000 ਤੋਂ ਵੱਧ ਵਧੀਆ ਤਨਖ਼ਾਹ ਵਾਲੀਆਂ ਨੌਕਰੀਆਂ ਪੈਦਾ ਕਰਨਗੇ।

ਮਜ਼ਬੂਤ ਅਤੇ ਸੁਰੱਖਿਅਤ ਭਾਈਚਾਰੇ

ਫਰਸਟ ਨੇਸ਼ਨ ਭਾਈਵਾਲੀਆਂ ਜੰਗਲੀ ਅੱਗਾਂ ਦੇ ਖਤਰਿਆਂ ਨੂੰ ਘਟਾਉਣ, ਐਮਰਜੈਂਸੀ ਯੋਜਨਾਬੰਦੀ ਦਾ ਸਮਰਥਨ ਕਰਨ, ਨਿਆਂ ਅਤੇ ਦਖਲਅੰਦਾਜ਼ੀ ਪ੍ਰੋਗਰਾਮ ਸਥਾਪਿਤ ਕਰਨ, ਅਤੇ ਭਾਈਚਾਰਿਆਂ ਦੀ ਤੰਦਰੁਸਤੀ ਵਿੱਚ ਸੁਧਾਰ ਲਈ ਮਾਨਸਿਕ ਸਿਹਤ ਅਤੇ ਇਲਾਜ ਸੇਵਾਵਾਂ ਮੁਹੱਈਆ ਕਰਨ ਲਈ ਕੰਮ ਕਰ ਰਹੀਆਂ ਹਨ।

ਸੁਰੱਖਿਅਤ ਭੂਮੀ, ਪਾਣੀ ਅਤੇ ਕੁਦਰਤੀ ਥਾਵਾਂ

ਬੀ.ਸੀ. ਟਿਕਾਊ ਵਿਕਾਸ ਨੂੰ ਸਮਰਥਨ ਦੇਣ ਅਤੇ ਸਾਡੇ ਜੰਗਲਾਂ, ਜਲ ਸਰੋਤਾਂ ਅਤੇ ਜੰਗਲੀ ਜੀਵਨ ਨੂੰ ਸਿਹਤਮੰਦ ਬਣਾਈ ਰੱਖਣ ਲਈ ਇੰਡੀਜਨਸ ਗਿਆਨ, ਸਥਾਨਕ ਯੋਗਦਾਨ ਅਤੇ ਵਿਗਿਆਨ ਦੀ ਇਕੱਠਿਆਂ ਵਰਤੋਂ ਕਰ ਰਿਹਾ ਹੈ।

ਕਾਰੋਬਾਰੀ ਨਿਵੇਸ਼ਕਾਂ ਲਈ ਵਧੇਰੇ ਨਿਸ਼ਚਿਤਤਾ

ਗੱਲਬਾਤ ਰਾਹੀਂ ਤੈਅ ਕੀਤੇ ਗਏ ਸਪੱਸ਼ਟ ਸਮਝੌਤੇ ਦੇਰੀਆਂ ਨੂੰ ਘਟਾਉਣ ਅਤੇ ਇੱਕ ਅਨੁਮਾਨਯੋਗ ਕਾਰੋਬਾਰੀ ਮਾਹੌਲ ਬਣਾਉਣ ਵਿੱਚ ਮਦਦ ਕਰਦੇ ਹਨ, ਤਾਂ ਜੋ ਰੁਜ਼ਗਾਰ ਮੁਹੱਈਆ ਕਰਨ ਵਾਲੇ ਵਧੇਰੇ ਭਰੋਸੇ ਨਾਲ ਨਿਵੇਸ਼ ਕਰ ਸਕਣ, ਲੋਕਾਂ ਨੂੰ ਨੌਕਰੀਆਂ ਦੇ ਸਕਣ ਅਤੇ ਪ੍ਰੋਜੈਕਟਾਂ ਦਾ ਨਿਰਮਾਣ ਕਰ ਸਕਣ।

ਵਧੇਰੇ ਰਿਹਾਇਸ਼ਾਂ, ਸਿਹਤ ਸੰਭਾਲ ਅਤੇ ਜਨਤਕ ਸੇਵਾਵਾਂ

ਫਰਸਟ ਨੇਸ਼ਨਜ਼, ਸਰਕਾਰਾਂ ਅਤੇ ਸੰਸਥਾਵਾਂ ਨਾਲ ਸਾਂਝੇਦਾਰੀ ਕਰਕੇ ਵਧੇਰੇ ਰਿਹਾਇਸ਼ਾਂ, ਸਿਹਤ ਸੰਭਾਲ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਮੁਹੱਈਆ ਕਰ ਰਹੇ ਹਨ, ਜਿਨ੍ਹਾਂ ‘ਤੇ ਬੀ.ਸੀ. ਭਰ ਦੇ ਲੋਕ ਅਤੇ ਪਰਿਵਾਰ ਹਰ ਰੋਜ਼ ਨਿਰਭਰ ਹਨ।

ਨਿੱਜੀ ਪ੍ਰੌਪਰਟੀ ਅਧਿਕਾਰਾਂ ਦੀ ਸੁਰੱਖਿਆ ਕੀਤੀ ਜਾ ਰਹੀ ਹੈ

ਗੱਲਬਾਤ ਰਾਹੀਂ ਤੈਅ ਕੀਤੇ ਗਏ ਸਮਝੌਤੇ ਨਿੱਜੀ ਜ਼ਮੀਨ, ਘਰਾਂ ਜਾਂ ਕਾਰੋਬਾਰਾਂ ਦੀ ਮਲਕੀਅਤ ਵਿੱਚ ਕੋਈ ਤਬਦੀਲੀ ਨਹੀਂ ਕਰਦੇ। ਇਹ ਜਨਤਕ ਜ਼ਮੀਨ ਦੀ ਵਰਤੋਂ ਨਾਲ ਸੰਬੰਧਿਤ ਫ਼ੈਸਲਿਆਂ, ਮਨਜ਼ੂਰੀ ਪ੍ਰਕਿਰਿਆਵਾਂ, ਭੂਮੀ ਦੀ ਸੰਭਾਲ ਅਤੇ ਵਿਵਾਦ ਨਿਪਟਾਰੇ ਲਈ ਸਪੱਸ਼ਟ ਨਿਯਮ ਤੈਅ ਕਰਕੇ ਅਨਿਸ਼ਚਿਤਤਾ ਨੂੰ ਦੂਰ ਕਰਦੇ ਹਨ।


ਫਰਸਟ ਨੇਸ਼ਨਜ਼ ਨਾਲ ਸਾਂਝੇਦਾਰੀਆਂ ਰਾਹੀਂ ਸਾਰਿਆਂ ਲਈ ਸਾਂਝੀ ਖੁਸ਼ਹਾਲੀ ਦਾ ਨਿਰਮਾਣ

ਕਾਰੋਬਾਰ ਅਤੇ ਫਰਸਟ ਨੇਸ਼ਨਜ਼ ਮੁੱਖ ਪ੍ਰੋਜੈਕਟਾਂ ਉੱਤੇ ਮਿਲ ਕੇ ਕੰਮ ਕਰ ਰਹੇ ਹਨ, ਜੋ ਵਾਤਾਵਰਨ ਪੱਖੋਂ ਸਾਫ਼ ਊਰਜਾ, ਮਹੱਤਵਪੂਰਨ ਖਣਿਜਾਂ ਅਤੇ ਨੈਚੁਰਲ ਗੈਸ ਦੀ ਉਸ ਮੰਗ ਨੂੰ ਪੂਰਾ ਕਰਨ ਵਿੱਚ ਮਦਦ ਕਰਨਗੇ ਜਿਸ ਦੀ ਦੁਨੀਆ ਨੂੰ ਲੋੜ ਹੈ। ਇਸਦੇ ਨਾਲ ਹੀ ਇਹ ਪ੍ਰੋਜੈਕਟ ਸਾਡੀ ਭੂਮੀ ਅਤੇ ਪਾਣੀ ਦੀ ਸੁਰੱਖਿਆ ਵੀ ਕਰਨਗੇ।

ਸਰਕਾਰ ਮਨਜ਼ੂਰੀ ਪ੍ਰਕਿਰਿਆਵਾਂ ਨੂੰ ਤੇਜ਼ ਕਰ ਰਹੀ ਹੈ ਅਤੇ ਦੇਰੀਆਂ ਨੂੰ ਘਟਾ ਰਹੀ ਹੈ, ਤਾਂ ਜੋ ਪ੍ਰੋਜੈਕਟਾਂ ਨੂੰ ਯੋਜਨਾਬੰਦੀ ਦੇ ਪੜਾਅ ਤੋਂ ਉਸਾਰੀ ਦੇ ਪੜਾਅ ਤੱਕ ਹੋਰ ਤੇਜ਼ੀ ਨਾਲ ਲਿਜਾਇਆ ਜਾ ਸਕੇ। ਇਹ ਪ੍ਰੋਜੈਕਟ ਹਜ਼ਾਰਾਂ ਨੌਕਰੀਆਂ ਪੈਦਾ ਕਰਨਗੇ ਅਤੇ ਮਜ਼ਬੂਤ ਜਨਤਕ ਸੇਵਾਵਾਂ ਦਾ ਸਮਰਥਨ ਕਰਨਗੇ।

 

ਰਾਸ਼ਟਰ-ਨਿਰਮਾਣ ਰਾਹੀਂ ਆਰਥਿਕ ਵਿਕਾਸ ਦੀ ਅਗਵਾਈ ਕਰਨਾ

ਬੀ.ਸੀ. ਵਿਸ਼ਵ-ਵਿਆਪੀ ਖਤਰਿਆਂ ਦੇ ਮੱਦੇਨਜ਼ਰ ਕੈਨੇਡਾ ਦੀ ਆਰਥਿਕ ਸੁਰੱਖਿਆ ਨੂੰ ਵਧੇਰੇ ਮਜ਼ਬੂਤ ਕਰਨ ਲਈ ਲੋੜੀਂਦੇ ਬੁਨਿਆਦੀ ਢਾਂਚੇ, ਊਰਜਾ ਅਤੇ ਸਰੋਤਾਂ ਨਾਲ ਸੰਬੰਧਿਤ ਪ੍ਰੋਜੈਕਟਾਂ ਦੇ ਨਿਰਮਾਣ ਲਈ ਰਾਸ਼ਟਰੀ ਯਤਨਾਂ ਦੀ ਅਗਵਾਈ ਕਰ ਰਿਹਾ ਹੈ।

ਫੈਡਰਲ ਸਰਕਾਰ ਵੱਲੋਂ ਰਾਸ਼ਟਰੀ ਮਹੱਤਤਾ ਰੱਖਣ ਵਾਲੇ ਐਲਾਨੇ ਗਏ ਮੁੱਖ ਪ੍ਰੋਜੈਕਟਾਂ ਵਿੱਚੋਂ ਲਗਭਗ 40% ਬੀ.ਸੀ. ਵਿੱਚ ਸਥਿਤ ਹਨ।

ਸਰਕਾਰ, ਕਾਰੋਬਾਰ ਅਤੇ ਫਰਸਟ ਨੇਸ਼ਨਜ਼ ਰੁਜ਼ਗਾਰ ਪੈਦਾ ਕਰਨ ਅਤੇ ਸਾਡੀ ਆਰਥਿਕਤਾ ਨੂੰ ਵਧਾਉਣ ਲਈ ਮਿਲ ਕੇ ਕੰਮ ਕਰ ਰਹੇ ਹਨ। ਅੱਜ ਬੀ.ਸੀ. ਵਿੱਚ ਅੱਗੇ ਵਧ ਰਹੇ ਹਰ ਮੁੱਖ ਪ੍ਰੋਜੈਕਟ ਵਿੱਚ ਫਰਸਟ ਨੇਸ਼ਨਜ਼ ਲੋਕ ਭਾਈਵਾਲਾਂ, ਸਮਰਥਕਾਂ ਜਾਂ ਨਿਵੇਸ਼ਕਾਂ ਵਜੋਂ ਸ਼ਾਮਲ ਹਨ।

ਜਾਣੋ ਕਿ ਅਸੀਂ ਮੁੱਖ ਪ੍ਰੋਜੈਕਟਾਂ ਨੂੰ ਹੋਰ ਤੇਜ਼ੀ ਨਾਲ ਕਿਵੇਂ ਅੱਗੇ ਵਧਾ ਰਹੇ ਹਾਂ

 

ਵਪਾਰਕ ਸਬੰਧਾਂ ਦਾ ਵਿਸਤਾਰ ਅਤੇ ਹੋਰ ਮਜ਼ਬੂਤ ਆਰਥਿਕਤਾ ਦਾ ਨਿਰਮਾਣ

ਬੀ.ਸੀ. ਕੋਲ ਉਹ ਸਰੋਤ ਹਨ ਜਿਨ੍ਹਾਂ ਦੀ ਦੁਨੀਆ ਨੂੰ ਲੋੜ ਹੈ, ਉਨ੍ਹਾਂ ਨੂੰ ਬਾਜ਼ਾਰਾਂ ਤੱਕ ਪਹੁੰਚਾਉਣ ਲਈ ਬੰਦਰਗਾਹ ਹਨ ਅਤੇ ਇਸ ਸਭ ਨੂੰ ਸੰਭਵ ਬਣਾਉਣ ਲਈ ਲੋਕ ਹਨ।

ਅਸੀਂ ਇਨ੍ਹਾਂ ਖੂਬੀਆਂ ਦੀ ਵਰਤੋਂ ਨਵੇਂ ਵਪਾਰਕ ਭਾਈਵਾਲ ਲੱਭਣ ਅਤੇ ਦੁਨੀਆ ਭਰ ਤੋਂ ਨਿਵੇਸ਼ ਆਕਰਸ਼ਿਤ ਕਰਨ ਲਈ ਕਰ ਰਹੇ ਹਾਂ, ਜਿਵੇਂ ਕਿ Ksi Lisims LNG, ਜਿਸ ਨੇ ਜਰਮਨੀ ਅਤੇ ਆਸਟ੍ਰੇਲੀਆ ਨੂੰ ਨੈਚੁਰਲ ਗੈਸ ਦੀ ਸਪਲਾਈ ਕਰਨ ਲਈ 20 ਸਾਲਾਂ ਦਾ ਸਮਝੌਤਾ ਕੀਤਾ ਹੈ।

ਇੰਡੀਜਨਸ ਉੱਦਮਕਰਤਾਵਾਂ ਅਤੇ ਫਰਸਟ ਨੇਸ਼ਨਜ਼ ਨਾਲ ਮਜ਼ਬੂਤ ਸਾਂਝੇਦਾਰੀਆਂ ਨਿਵੇਸ਼ਕਾਂ ਲਈ ਵਧੇਰੇ ਨਿਸ਼ਚਿਤਤਾ, ਨਵੇਂ ਕਾਰੋਬਾਰੀ ਮੌਕੇ ਅਤੇ ਬੀ.ਸੀ. ਭਰ ਦੇ ਲੋਕਾਂ ਲਈ ਵਧੀਆ ਨੌਕਰੀਆਂ ਪੈਦਾ ਕਰ ਰਹੀਆਂ ਹਨ।

ਜਾਣੋ ਕਿ ਅਸੀਂ ਹੋਰ ਮਜ਼ਬੂਤ ਆਰਥਿਕਤਾ ਦਾ ਨਿਰਮਾਣ ਕਿਵੇਂ ਕਰ ਰਹੇ ਹਾਂ

 

ਵਾਤਾਵਰਨ ਪੱਖੋਂ ਸਾਫ਼ ਊਰਜਾ ਪ੍ਰੋਜੈਕਟਾਂ ਰਾਹੀਂ ਵਿਕਾਸ ਨੂੰ ਹੁਲਾਰਾ ਦੇਣਾ

ਬੀ.ਸੀ. ਕੋਲ ਵਾਤਾਵਰਨ ਪੱਖੋਂ ਦੁਨੀਆ ਦੀਆਂ ਸਭ ਤੋਂ ਸਾਫ਼ ਅਤੇ ਸਭ ਤੋਂ ਕਿਫ਼ਾਇਤੀ ਬਿਜਲੀ ਸਪਲਾਈਆਂ ਵਿੱਚੋਂ ਇੱਕ ਉਪਲਬਧ ਹੈ, ਜਿਸ ਦਾ 98% ਹਿੱਸਾ ਨਵਿਆਉਣਯੋਗ ਸਰੋਤਾਂ ਤੋਂ ਆਉਂਦਾ ਹੈ।

ਰੁਜ਼ਗਾਰ ਪੈਦਾ ਕਰਨ ਵਾਲੇ ਕਾਰੋਬਾਰ ਵਾਤਾਵਰਨ ਪੱਖੋਂ ਸਾਫ਼ ਊਰਜਾ ਦੀ ਭਾਲ ਕਰ ਰਹੇ ਹਨ। ਜਿਵੇਂ-ਜਿਵੇਂ ਹੋਰ ਕੰਪਨੀਆਂ ਵਾਤਾਵਰਨ ਪੱਖੋਂ ਸਾਫ਼ ਊਰਜਾ ਵੱਲ ਰੁਖ ਕਰ ਰਹੀਆਂ ਹਨ, ਬੀ.ਸੀ. ਨਿਵੇਸ਼ ਕਰਨ ਅਤੇ ਕਾਰੋਬਾਰ ਕਰਨ ਲਈ ਇੱਕ ਪ੍ਰਮੁੱਖ ਚੋਣ ਬਣਦਾ ਜਾ ਰਿਹਾ ਹੈ।

ਅਸੀਂ ਫਰਸਟ ਨੇਸ਼ਨਜ਼ ਨਾਲ ਸਾਂਝੇਦਾਰੀ ਕਰਕੇ ਆਪਣੀ ਵਾਤਾਵਰਨ ਪੱਖੋਂ ਸਾਫ਼ ਊਰਜਾ ਸਪਲਾਈ ਦਾ ਵਿਸਤਾਰ ਕਰ ਰਹੇ ਹਾਂ। ਇਸ ਵਿੱਚ ਨੌਰਥ ਕੋਸਟ ਟ੍ਰਾਂਸਮਿਸ਼ਨ ਲਾਈਨ, 14 ਵਿੰਡ ਅਤੇ ਸੋਲਰ ਪ੍ਰੋਜੈਕਟ, ਅਤੇ Cedar LNG ਵਰਗੇ ਵਾਤਾਵਰਨ ਪੱਖੋਂ ਸਾਫ਼ ਊਰਜਾ ਨਾਲ ਸੰਚਾਲਿਤ ਨੈਚੁਰਲ ਗੈਸ ਪ੍ਰੋਜੈਕਟ ਸ਼ਾਮਲ ਹਨ, ਜੋ ਦੁਨੀਆ ਦੀ ਪਹਿਲੀ ਇੰਡੀਜਨਸ ਬਹੁਮਤ ਮਲਕੀਅਤ ਵਾਲੀ LNG ਫੈਸੀਲਿਟੀ ਹੈ।

ਜਾਣੋ ਕਿ ਬੀ.ਸੀ. ਵਾਤਾਵਰਨ ਪੱਖੋਂ ਸਾਫ਼ ਊਰਜਾ ਦੇ ਖੇਤਰ ਵਿੱਚ ਮੋਹਰੀ ਕਿਵੇਂ ਬਣ ਰਿਹਾ ਹੈ

 

ਜਾਣੋ ਕਿ ਅਸੀਂ ਬੀ.ਸੀ. ਦੇ ਲੋਕਾਂ ਲਈ ਨਤੀਜੇ ਕਿਵੇਂ ਲਿਆ ਰਹੇ ਹਾਂ

ਫਰਸਟ ਨੇਸ਼ਨਜ਼ ਨਾਲ ਮਿਲ ਕੇ ਕੰਮ ਕਰਨ ਦੇ ਕੁਝ ਅਜਿਹੇ ਤਰੀਕਿਆਂ ਦੀਆਂ ਮੁੱਖ ਝਲਕੀਆਂ, ਜੋ ਬੀ.ਸੀ. ਭਰ ਵਿੱਚ ਸਾਡੀ ਆਰਥਿਕਤਾ ਨੂੰ ਵਧਾਉਣ ਅਤੇ ਰੁਜ਼ਗਾਰ ਪੈਦਾ ਕਰਨ ਵਿੱਚ ਮਦਦ ਕਰ ਰਹੇ ਹਨ।

  • ਐਸਕੇ ਕ੍ਰੀਕ (Eskay Creek) ਸੋਨੇ-ਚਾਂਦੀ ਦੀ ਖਾਣ ਨੂੰ ਮੁੜ ਖੋਲ੍ਹਣਾ। ਸੂਬੇ ਅਤੇ Tahltan Nation ਨੇ ਡੈਕਲੇਰੇਸ਼ਨ ਐਕਟ (DRIPA) ਅਧੀਨ ਸੈਕਸ਼ਨ 7 ਸਮਝੌਤੇ ਰਾਹੀਂ ਖਾਣ ਨੂੰ ਮੁੜ ਖੋਲ੍ਹਣ ਲਈ ਸਾਂਝੀ ਮਨਜ਼ੂਰੀ ਦਿੱਤੀ। ਇਹ ਖਾਣ ਹਜ਼ਾਰਾਂ ਨੌਕਰੀਆਂ ਪੈਦਾ ਕਰੇਗੀ, ਸੂਬੇ ਲਈ $1.19 ਬਿਲੀਅਨ ਤੋਂ ਵੱਧ ਆਮਦਨ ਲਿਆਵੇਗੀ ਅਤੇ ਉੱਚ ਵਾਤਾਵਰਣੀ ਮਿਆਰਾਂ ਨੂੰ ਪੂਰਾ ਕਰੇਗੀ।
  • ਘੱਟ ਨਿਕਾਸ ਵਾਲੇ LNG ਉਤਪਾਦਨ ਨੂੰ ਅੱਗੇ ਵਧਾਉਣਾ। ‘ਸਕੁਆਮਿਸ਼ ਨੇਸ਼ਨ ਇਨਵਾਇਰਨਮੈਂਟਲ ਅਸੈਸਮੈਂਟ’ ਸਮਝੌਤੇ ਰਾਹੀਂ, Woodfibre LNG 2027 ਤੱਕ ਦੁਨੀਆ ਦੀ ਪਹਿਲੀ ਨੈਟ-ਜ਼ੀਰੋ ਲਿਕੁਇਫਾਈਡ ਨੈਚੁਰਲ ਗੈਸ (LNG) ਫੈਸੀਲਿਟੀ ਬਣਨ ਦੇ ਰਾਹ 'ਤੇ ਹੈ। ਉਮੀਦ ਕੀਤੀ ਜਾਂਦੀ ਹੈ ਕਿ ਇਹ ਰਵਾਇਤੀ ਫੈਸੀਲਿਟਿਆਂ ਦੇ ਮੁਕਾਬਲੇ ਨੌਂ ਗੁਣਾ ਘੱਟ ਨਿਕਾਸ ਪੈਦਾ ਕਰੇਗੀ, ਨਾਲ ਹੀ ਰੁਜ਼ਗਾਰ ਅਤੇ ਆਰਥਿਕ ਵਿਕਾਸ ਦਾ ਸਮਰਥਨ ਵੀ ਕਰੇਗੀ।
  • ਨੌਰਥ ਕੋਸਟ ਟ੍ਰਾਂਸਮਿਸ਼ਨ ਲਾਈਨ ਰਾਹੀਂ ਬੀ.ਸੀ. ਨੂੰ ਊਰਜਾ ਮੁਹੱਈਆ ਕਰਨਾ। ਬੀ ਸੀ ਹਾਇਡਰੋ ਉੱਤਰੀ ਬੀ.ਸੀ. ਵਿੱਚ 340 ਕਿਲੋਮੀਟਰ ਲੰਬੇ, 2,200 ਮੈਗਾਵਾਟ ਸਮਰੱਥਾ ਵਾਲੇ ਇਸ ਬਿਜਲੀ ਪ੍ਰੋਜੈਕਟ ਦੇ ਹਿੱਸਿਆਂ ਦੇ ਵਿਕਾਸ ਅਤੇ ਨਿਰਮਾਣ ਲਈ ਫਰਸਟ ਨੇਸ਼ਨਜ਼ ਨਾਲ ਮਿਲ ਕੇ ਕੰਮ ਕਰ ਰਹੀ ਹੈ। ਉਮੀਦ ਹੈ ਕਿ ਇਹ ਪ੍ਰੋਜੈਕਟ ਇਸ ਖੇਤਰ ਦੀ ਬਿਜਲੀ ਉਤਪਾਦਨ ਸਮਰੱਥਾ ਨੂੰ ਦੁੱਗਣੇ ਤੋਂ ਵੀ ਵੱਧ ਕਰੇਗਾ, ਜਿਸ ਨਾਲ ਘਰਾਂ ਅਤੇ ਉਦਯੋਗਾਂ ਨੂੰ ਬਿਜਲੀ ਮੁਹੱਈਆ ਹੋਵੇਗੀ ਅਤੇ 9,700 ਤੋਂ ਵੱਧ ਫੁੱਲ-ਟਾਈਮ ਨੌਕਰੀਆਂ ਉਪਲਬਧ ਹੋਣਗੀਆਂ।

 


ਮੇਲ-ਮਿਲਾਪ ਰਾਹੀਂ ਸਾਡੀ ਭੂਮੀ ਅਤੇ ਪਾਣੀ ਦੀ ਸੁਰੱਖਿਆ

ਫਰਸਟ ਨੇਸ਼ਨਜ਼ ਨਾਲ ਮਿਲ ਕੇ ਕੰਮ ਕਰਨਾ ਸਾਨੂੰ ਇਸ ਬਾਰੇ ਬਿਹਤਰ ਫ਼ੈਸਲੇ ਕਰਨ ਵਿੱਚ ਮਦਦ ਕਰਦਾ ਹੈ ਕਿ ਅਸੀਂ ਆਪਣੀ ਭੂਮੀ ਅਤੇ ਪਾਣੀ ਦੀ ਸੰਭਾਲ ਕਿਸ ਤਰ੍ਹਾਂ ਕਰੀਏ।

ਇੰਡੀਜਨਸ ਗਿਆਨ ਨੂੰ ਵਿਗਿਆਨ ਅਤੇ ਸਥਾਨਕ ਯੋਗਦਾਨ ਨਾਲ ਜੋੜਨਾ ਸਾਨੂੰ ਵਾਤਾਵਰਨ ਦੀ ਸੁਰੱਖਿਆ ਲਈ ਮਜ਼ਬੂਤ ਮਿਆਰ ਤੈਅ ਕਰਨ ਵਿੱਚ ਮਦਦ ਕਰਦਾ ਹੈ। ਇਸ ਨਾਲ ਭਵਿੱਖ ਦੀਆਂ ਪੀੜ੍ਹੀਆਂ ਲਈ ਵਾਟਰਸ਼ੈਡਾਂ ਦੀ ਬਿਹਤਰ ਸੰਭਾਲ, ਜੰਗਲੀ ਜੀਵਾਂ ਲਈ ਬਿਹਤਰ ਕੁਦਰਤੀ ਆਵਾਸ ਅਤੇ ਵਧੇਰੇ ਮਜ਼ਬੂਤ ਜੰਗਲ ਯਕੀਨੀ ਬਣਦੇ ਹਨ।

 

ਸਮੁੰਦਰੀ ਜੀਵ-ਜੰਤੂਆਂ ਦੀ ਸੰਭਾਲ ਅਤੇ ਤੱਟਵਰਤੀ ਇਲਾਕਿਆਂ ਦੀਆਂ ਆਰਥਿਕਤਾਵਾਂ ਨੂੰ ਸਹਿਯੋਗ ਦੇਣਾ

ਬੀ.ਸੀ. ਤੱਟਵਰਤੀ ਫਰਸਟ ਨੇਸ਼ਨਜ਼ ਨਾਲ ਮਿਲ ਕੇ ਸਮੁੰਦਰੀ ਪਰਿਆਵਰਣ ਪ੍ਰਣਾਲੀਆਂ ਨੂੰ ਵਧੇਰੇ ਮਜ਼ਬੂਤ ਬਣਾਉਣ, ਖੁਰਾਕ ਪ੍ਰਣਾਲੀਆਂ ਦਾ ਸਮਰਥਨ ਕਰਨ, ਪ੍ਰਦੂਸ਼ਣ ਨੂੰ ਘਟਾਉਣ ਅਤੇ ਤੱਟਵਰਤੀ ਇਲਾਕਿਆਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੰਮ ਕਰ ਰਿਹਾ ਹੈ।

‘ਗ੍ਰੇਟ ਬੇਅਰ ਸੀ’ ਸਾਂਝੇਦਾਰੀ ਰਾਹੀਂ, ਕੈਨੇਡਾ, ਬੀ.ਸੀ. ਅਤੇ 17 ਫਰਸਟ ਨੇਸ਼ਨਜ਼ ਸਮੁੰਦਰੀ ਸੰਭਾਲ, ਭੂਮੀ ਅਤੇ ਪਾਣੀ ਦੀ ਸੰਭਾਲ, ਅਤੇ ਟਿਕਾਊ ਆਰਥਿਕ ਵਿਕਾਸ ਪ੍ਰੋਜੈਕਟਾਂ ਵਿੱਚ $335 ਮਿਲੀਅਨ ਦਾ ਨਿਵੇਸ਼ ਕਰ ਰਹੇ ਹਨ।

ਅਸੀਂ ਫਰਸਟ ਨੇਸ਼ਨਜ਼ ਨਾਲ ਮਿਲ ਕੇ ਬੀ.ਸੀ. ਵਿੱਚ ਸਮੁੰਦਰੀ ਜਹਾਜ਼ਾਂ ਦੇ ਰੀਸਾਈਕਲਿੰਗ ਉਦਯੋਗ ਦਾ ਨਿਰਮਾਣ ਕਰਨ ਲਈ ਵੀ ਕੰਮ ਕਰ ਰਹੇ ਹਾਂ, ਤਾਂ ਜੋ ਸਾਡੇ ਵਾਤਾਵਰਨ ਦੀ ਸੁਰੱਖਿਆ ਕੀਤੀ ਜਾ ਸਕੇ ਅਤੇ ਇੱਥੇ ਵਧੀਆ ਨੌਕਰੀਆਂ ਪੈਦਾ ਕੀਤੀਆਂ ਜਾ ਸਕਣ।

ਬੀ.ਸੀ. ਦੀ ਤੱਟਵਰਤੀ ਸਮੁੰਦਰੀ ਕਾਰਜਨੀਤੀ ਬਾਰੇ ਜਾਣੋ

 

ਭਾਈਵਾਲਾਂ ਵਜੋਂ ਐਮਰਜੈਂਸੀ ਸਥਿਤੀਆਂ ਦਾ ਪ੍ਰਬੰਧਨ ਕਰਨਾ

ਬ੍ਰਿਟਿਸ਼ ਕੋਲੰਬੀਆ ਦੇ ਲੋਕ ਜੰਗਲੀ ਅੱਗਾਂ, ਹੜ੍ਹਾਂ ਅਤੇ ਸੋਕੇ ਵਰਗੀਆਂ ਵਧੇਰੇ ਗੰਭੀਰ ਮੌਸਮੀ ਅਤੇ ਜਲਵਾਯੂ ਤਬਦੀਲੀ ਸੰਬੰਧੀ ਘਟਨਾਵਾਂ ਦੇ ਸਿੱਧੇ ਪ੍ਰਭਾਵਾਂ ਦਾ ਸਾਹਮਣਾ ਕਰ ਰਹੇ ਹਨ।

ਬੀ.ਸੀ. ਦੇ ਆਧੁਨਿਕ ਬਣਾਏ ਗਏ ‘ਐਮਰਜੈਂਸੀ ਐਂਡ ਡਿਜ਼ਾਸਟਰ ਮੈਨੇਜਮੈਂਟ ਐਕਟ’ ਵਿੱਚ, ਐਮਰਜੈਂਸੀ ਯੋਜਨਾਬੰਦੀ, ਰੋਕਥਾਮ, ਜਵਾਬੀ ਕਾਰਵਾਈ ਅਤੇ ਮੁੜ-ਬਹਾਲੀ ਵਿੱਚ ਫਰਸਟ ਨੇਸ਼ਨਜ਼ ਨੂੰ ਰਸਮੀ ਤੌਰ 'ਤੇ ਭਾਈਵਾਲਾਂ ਵਜੋਂ ਮਾਨਤਾ ਦਿੱਤੀ ਗਈ ਹੈ।

ਅਸੀਂ ਮਿਲ ਕੇ ਛੇਤੀ ਜਵਾਬੀ ਕਾਰਵਾਈ ਕਰ ਸਕਦੇ ਹਾਂ, ਹੋਰ ਤੇਜ਼ੀ ਨਾਲ ਮੁੜ-ਬਹਾਲੀ ਕਰ ਸਕਦੇ ਹਾਂ ਅਤੇ ਭਵਿੱਖ ਲਈ ਵਧੇਰੇ ਤਿਆਰ ਰਹਿ ਸਕਦੇ ਹਾਂ।

ਬੀ.ਸੀ. ਵਿੱਚ ਐਮਰਜੈਂਸੀ ਪ੍ਰਬੰਧਨ ਬਾਰੇ ਜਾਣੋ

 

ਟਿਕਾਊ ਜੰਗਲਾਤ ਅਤੇ ਜੰਗਲੀ ਜੀਵਾਂ ਦੇ ਕੁਦਰਤੀ ਆਵਾਸ ਦੀ ਸੁਰੱਖਿਆ

ਪਿਛਲੇ ਦਹਾਕੇ ਦੌਰਾਨ, ਬੀ.ਸੀ. ਨੇ ਜੰਗਲਾਂ ਦੀ ਮੁੜ-ਬਹਾਲੀ ਨਾਲ ਸੰਬੰਧਿਤ ਲਗਭਗ 500 ਪ੍ਰੋਜੈਕਟਾਂ ਨੂੰ ਸਹਿਯੋਗ ਦਿੱਤਾ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਪ੍ਰੋਜੈਕਟਾਂ ਵਿੱਚ ਫਰਸਟ ਨੇਸ਼ਨਜ਼ ਵੀ ਸ਼ਾਮਲ ਸਨ। ਇਸ ਨਾਲ ਜੰਗਲਾਂ ਦੀ ਸੰਭਾਲ ਵਿੱਚ ਸੁਧਾਰ ਹੁੰਦਾ ਹੈ, ਜਿਸ ਨਾਲ ਆਰਥਿਕਤਾ, ਮਨੋਰੰਜਨ ਅਤੇ ਸੈਰ-ਸਪਾਟੇ ਨੂੰ ਲਾਭ ਮਿਲਦਾ ਹੈ।

ਇੰਡੀਜਨਸ ਲੋਕ ਹਜ਼ਾਰਾਂ ਸਾਲਾਂ ਤੋਂ ਭੂਮੀ ਦੀ ਸੰਭਾਲ ਲਈ ਅੱਗ ਦੀ ਵਰਤੋਂ ਵੀ ਕਰਦੇ ਆ ਰਹੇ ਹਨ।

ਅਸੀਂ ਫਰਸਟ ਨੇਸ਼ਨਜ਼ ਨਾਲ ਸਾਂਝੇਦਾਰੀ ਕਰਕੇ, ਜਿੱਥੇ ਉਚਿਤ ਹੋਵੇ, ਰਵਾਇਤੀ ਅਤੇ ਨਿਯੰਤਰਿਤ ਅੱਗ ਲਗਾਉਣ (prescribed burning) ਦੇ ਤਰੀਕਿਆਂ ਦਾ ਸਮਰਥਨ ਕਰ ਰਹੇ ਹਾਂ। ਇਹ ਜੰਗਲਾਂ ਦੀ ਮੁੜ-ਬਹਾਲੀ ਕਰਨ, ਜੰਗਲੀ ਜੀਵਾਂ ਲਈ ਕੁਦਰਤੀ ਆਵਾਸ ਨੂੰ ਬਿਹਤਰ ਬਣਾਉਣ ਅਤੇ ਜੰਗਲੀ ਅੱਗ ਦੇ ਖਤਰੇ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।

ਸਾਡੇ ਜੰਗਲਾਂ ਦੇ ਪ੍ਰਬੰਧਨ ਬਾਰੇ ਜਾਣੋ

 

ਭੂਮੀ ਦੀ ਵਰਤੋਂ ਦੀ ਯੋਜਨਾਬੰਦੀ ਅਤੇ ਸੰਭਾਲ

ਅਸੀਂ ਫਰਸਟ ਨੇਸ਼ਨਜ਼, ਉਦਯੋਗ ਅਤੇ ਭਾਈਚਾਰਿਆਂ ਨਾਲ ਮਿਲ ਕੇ ਭੂਮੀ ਦੀ ਵਰਤੋਂ ਸੰਬੰਧੀ ਯੋਜਨਾਵਾਂ ਤਿਆਰ ਕਰ ਰਹੇ ਹਾਂ, ਜੋ ਇਹ ਦਿਸ਼ਾ-ਨਿਰਦੇਸ਼ ਦਿੰਦੀਆਂ ਹਨ ਕਿ ਜ਼ਮੀਨੀ ਖੇਤਰ ਉੱਤੇ ਕਿਹੜੀਆਂ ਗਤੀਵਿਧੀਆਂ ਕੀਤੀਆਂ ਜਾ ਸਕਦੀਆਂ ਹਨ।

ਇਹ ਯੋਜਨਾਵਾਂ ਉਹਨਾਂ ਖੇਤਰਾਂ ਦੀ ਪਛਾਣ ਕਰਨ ਵਿੱਚ ਮਦਦ ਕਰਦੀਆਂ ਹਨ ਜਿੱਥੇ ਜ਼ਿੰਮੇਵਾਰ ਤਰੀਕੇ ਨਾਲ ਵਿਕਾਸ ਕੀਤਾ ਜਾ ਸਕਦਾ ਹੈ, ਨਾਲ ਹੀ ਮਹੱਤਵਪੂਰਨ ਵਾਟਰਸ਼ੈਡਾਂ, ਜੰਗਲੀ ਜੀਵਾਂ ਲਈ ਕੁਦਰਤੀ ਆਵਾਸਾਂ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਸੁਰੱਖਿਆ ਵੀ ਕੀਤੀ ਜਾ ਸਕਦੀ ਹੈ।

ਮਿਲ ਕੇ ਯੋਜਨਾਬੰਦੀ ਕਰਨ ਰਾਹੀਂ, ਅਸੀਂ ਟਿਕਾਊ ਆਰਥਿਕ ਵਿਕਾਸ, ਵਧੀਆ ਨੌਕਰੀਆਂ ਅਤੇ ਮਜ਼ਬੂਤ ਸਥਾਨਕ ਭਾਈਚਾਰਿਆਂ ਲਈ ਮੌਕੇ ਪੈਦਾ ਕਰਦੇ ਹਾਂ।

ਭੂਮੀ ਦੀ ਮੌਜੂਦਾ ਵਰਤੋਂ ਸੰਬੰਧੀ ਯੋਜਨਾਬੰਦੀ ਸ਼ਮੂਲੀਅਤਾਂ ਬਾਰੇ ਜਾਣੋ

 

ਜਾਣੋ ਕਿ ਅਸੀਂ ਬੀ.ਸੀ. ਦੇ ਲੋਕਾਂ ਲਈ ਨਤੀਜੇ ਕਿਵੇਂ ਲਿਆ ਕਰ ਰਹੇ ਹਾਂ

ਫਰਸਟ ਨੇਸ਼ਨਜ਼ ਨਾਲ ਮਿਲ ਕੇ ਕੰਮ ਕਰਨ ਦੇ ਕੁਝ ਅਜਿਹੇ ਤਰੀਕਿਆਂ ਦੀਆਂ ਮੁੱਖ ਝਲਕੀਆਂ, ਜੋ ਵਾਤਾਵਰਨ ਦੀ ਸੁਰੱਖਿਆ ਕਰਨ ਅਤੇ ਟਿਕਾਊ ਵਿਕਾਸ ਨੂੰ ਸਮਰਥਨ ਦੇਣ ਵਿੱਚ ਮਦਦ ਕਰ ਰਹੇ ਹਨ।

  • 30x30 ਟੀਚੇ ਰਾਹੀਂ ਭੂਮੀ ਅਤੇ ਪਾਣੀ ਦੇ ਜ਼ਿਆਦਾ ਹਿੱਸਿਆਂ ਦੀ ਸੰਭਾਲ ਕਰਨਾ। ਕੈਨੇਡਾ, ਬੀ.ਸੀ. ਅਤੇ ਫਰਸਟ ਨੇਸ਼ਨਜ਼ ਲੀਡਰਸ਼ਿਪ ਕੌਂਸਲ ਦਰਮਿਆਨ ਹੋਇਆ ਇੱਕ ਇਤਿਹਾਸਕ ਸਮਝੌਤਾ, ਸਾਲ 2030 ਤੱਕ ਬੀ.ਸੀ. ਦੀ 30% ਭੂਮੀ ਦੀ ਸੁਰੱਖਿਆ ਕਰਨ ਦੇ ਯਤਨਾਂ ਨੂੰ ਅੱਗੇ ਵਧਾ ਰਿਹਾ ਹੈ। ਇਸ ਵਚਨਬੱਧਤਾ ਵਿੱਚ ਉੱਤਰ-ਪੱਛਮੀ ਬੀ.ਸੀ. ਵਿੱਚ ਭੂਮੀ ਦੀ ਵਰਤੋਂ ਸੰਬੰਧੀ ਯੋਜਨਾਬੰਦੀ, ਕਲੇਯੋਕੁਆਟ ਸਾਊਂਡ ਸੰਭਾਲ ਖੇਤਰਾਂ (Clayoquot Sound conservancies) ਰਾਹੀਂ 76,000 ਹੈਕਟੇਅਰ ਭੂਮੀ ਦੀ ਸੁਰੱਖਿਆ ਅਤੇ Klinse-za/ ਟਵਿਨ ਸਿਸਟਰਜ਼ ਸੰਭਾਲ ਪਹਿਲਕਦਮੀ ਰਾਹੀਂ ਲਗਭਗ 200,000 ਹੈਕਟੇਅਰ ਭੂਮੀ ਦੀ ਸੁਰੱਖਿਆ ਸ਼ਾਮਲ ਹੈ।
  • ‘ਗ੍ਰੇਟ ਬੇਅਰ ਰੇਨਫੋਰੈਸਟ’ ਦੀ ਸੁਰੱਖਿਆ ਕਰਨਾ। ਕੋਸਟਲ ਫਰਸਟ ਨੇਸ਼ਨਜ਼ ਅਤੇ ਸਥਾਨਕ ਭਾਈਚਾਰਿਆਂ ਨਾਲ ਮਿਲ ਕੇ ਤਿਆਰ ਕੀਤੀ ਗਈ ਭੂਮੀ ਦੀ ਵਰਤੋਂ ਸੰਬੰਧੀ ਇੱਕ ਯੋਜਨਾ ਬੀ.ਸੀ. ਦੀਆਂ ਸਭ ਤੋਂ ਕੀਮਤੀ ਜ਼ਮੀਨਾਂ ਅਤੇ ਵਾਟਰਸ਼ੈਡਾਂ ਵਿੱਚੋਂ ਕੁਝ ਦੀ ਸੁਰੱਖਿਆ ਕਰ ਰਹੀ ਹੈ, ਨਾਲ ਹੀ ਟਿਕਾਊ ਜੰਗਲਾਤ, ਸੈਰ-ਸਪਾਟੇ ਅਤੇ ਮਨੋਰੰਜਨ ਦੇ ਮੌਕਿਆਂ ਦਾ ਸਮਰਥਨ ਵੀ ਕਰ ਰਹੀ ਹੈ।
  • ਉੱਤਰ-ਪੱਛਮੀ ਬੀ.ਸੀ. ਵਿੱਚ ਜ਼ਿੰਮੇਵਾਰ ਤਰੀਕੇ ਨਾਲ ਵਿਕਾਸ ਲਈ ਯੋਜਨਾਬੰਦੀ ਕਰਨਾ। ਸੂਬਾ ਉੱਤਰ-ਪੱਛਮੀ ਬੀ.ਸੀ. ਵਿੱਚ ਲਗਭਗ 16 ਮਿਲੀਅਨ ਹੈਕਟੇਅਰ ਖੇਤਰ ਵਿੱਚ ਭੂਮੀ ਦੀ ਵਰਤੋਂ ਸੰਬੰਧੀ ਯੋਜਨਾਬੰਦੀ ਲਈ Tahltan, Taku River Tlingit, Kaska, Gitanyow ਅਤੇ Nisga'a Nations ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਭਵਿੱਖ ਵਿੱਚ ਸੰਭਾਲ ਅਤੇ ਵਿਕਾਸ ਨਾਲ ਸੰਬੰਧਿਤ ਫ਼ੈਸਲਿਆਂ ਲਈ ਦਿਸ਼ਾ-ਨਿਰਦੇਸ਼ ਦੇਣ ਵਾਲੀਆਂ ਭੂਮੀ ਦੀ ਵਰਤੋਂ ਸੰਬੰਧੀ ਮਸੌਦਾ ਯੋਜਨਾਵਾਂ ਬਾਰੇ ਜਨਤਾ ਨੂੰ ਆਪਣਾ ਯੋਗਦਾਨ ਦੇਣ ਲਈ ਸੱਦਾ ਦਿੱਤਾ ਗਿਆ ਸੀ।
  • ਫਰਸਟ ਨੇਸ਼ਨਜ਼ ਗਾਰਡੀਅਨਜ਼ ਨੂੰ ਸਹਿਯੋਗ ਦੇਣਾ। ਗਾਰਡੀਅਨ ਪ੍ਰੋਗਰਾਮ ਵਾਤਾਵਰਨ ਦੀ ਨਿਗਰਾਨੀ, ਜਨਤਕ ਸੁਰੱਖਿਆ, ਸਿੱਖਿਆ ਅਤੇ ਗਿਆਨ ਸਾਂਝਾ ਕਰਨ ਰਾਹੀਂ ਫਰਸਟ ਨੇਸ਼ਨਜ਼ ਨੂੰ ਭੂਮੀ ਅਤੇ ਪਾਣੀ ਦੀ ਸੰਭਾਲ ਅਤੇ ਸਰਪ੍ਰਸਤੀ ਕਰਨ ਵਿੱਚ ਮਦਦ ਕਰ ਰਹੇ ਹਨ।
  • ਖਤਰੇ ਹੇਠ ਆਏ ਕੈਰੀਬੂ ਦੇ ਕੁਦਰਤੀ ਆਵਾਸ ਦੀ ਸੁਰੱਖਿਆ ਕਰਨਾ। ਉੱਤਰ-ਪੂਰਬੀ ਬੀ.ਸੀ. ਵਿੱਚ ਲਗਭਗ 45,000 ਹੈਕਟੇਅਰ ਖੇਤਰ ਨੂੰ ਸੁਰੱਖਿਅਤ ਕੀਤਾ ਗਿਆ ਹੈ, ਤਾਂ ਜੋ ਵਾਤਾਵਰਨਕ ਮੁੜ-ਬਹਾਲੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਜੰਗਲੀ ਜੀਵਾਂ ਦੀ ਸਿਹਤਮੰਦ ਆਬਾਦੀ ਦਾ ਸਮਰਥਨ ਕੀਤਾ ਜਾ ਸਕੇ। Doig River First Nation ਨਾਲ ਭੂਮੀ ਦੀ ਵਰਤੋਂ ਸੰਬੰਧੀ ਯੋਜਨਾਬੰਦੀ ਜਾਰੀ ਹੈ, ਤਾਂ ਜੋ ਮਹੱਤਵਪੂਰਨ ਸੱਭਿਆਚਾਰਕ ਸਥਾਨਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਅਤੇ ਨਾਲ ਹੀ ਉਚਿਤ ਆਰਥਿਕ ਮੌਕਿਆਂ ਦਾ ਸਮਰਥਨ ਕੀਤਾ ਜਾ ਸਕੇ।
  • ਵੈੱਟਲੈਂਡਜ਼ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ ਕਰਨਾ। ਸੂਬਾ ਉੱਤਰੀ ਬੀ.ਸੀ. ਵਿੱਚ ਫਰਸਟ ਨੇਸ਼ਨਜ਼ ਨਾਲ ਮਿਲ ਕੇ ਵੈੱਟਲੈਂਡ ਅਤੇ ਜੰਗਲੀ ਜੀਵ ਪ੍ਰਬੰਧਨ ਖੇਤਰਾਂ ਦੀ ਸਥਾਪਨਾ ਕਰਨ ਜਾਂ ਉਨ੍ਹਾਂ ਦਾ ਵਿਸਤਾਰ ਕਰਨ ਲਈ ਕੰਮ ਕਰ ਰਿਹਾ ਹੈ, ਤਾਂ ਜੋ ਪਰਵਾਸੀ ਪੰਛੀਆਂ, ਮੱਛੀਆਂ ਅਤੇ ਹੋਰ ਪ੍ਰਜਾਤੀਆਂ ਲਈ ਮਹੱਤਵਪੂਰਨ ਕੁਦਰਤੀ ਆਵਾਸਾਂ ਦੀ ਸੁਰੱਖਿਆ ਕੀਤੀ ਜਾ ਸਕੇ। ਇਸ ਵਿੱਚ ਨਵਾਂ Meteor Lake Wetland ਅਤੇ ਵਿਸਤਾਰ ਕੀਤਾ ਗਿਆ Cranberry Marsh/Starratt Wildlife Management Area ਸ਼ਾਮਲ ਹਨ।

 


ਮੇਲ-ਮਿਲਾਪ ਰਾਹੀਂ ਮਜ਼ਬੂਤ, ਸੁਰੱਖਿਅਤ ਅਤੇ ਸਿਹਤਮੰਦ ਭਾਈਚਾਰਿਆਂ ਦਾ ਨਿਰਮਾਣ

ਫਰਸਟ ਨੇਸ਼ਨਜ਼ ਨਾਲ ਸਾਂਝੇਦਾਰੀ ਕਰਕੇ, ਅਸੀਂ ਇੰਡੀਜਨਸ ਅਤੇ ਗੈਰ-ਇੰਡੀਜਨਸ ਲੋਕਾਂ ਲਈ ਰਿਹਾਇਸ਼ਾਂ, ਸਿਹਤ ਸੰਭਾਲ ਅਤੇ ਹੋਰ ਭਾਈਚਾਰਕ ਸੇਵਾਵਾਂ ਤੱਕ ਪਹੁੰਚ ਦਾ ਵਿਸਤਾਰ ਕਰਨ ਦੇ ਸਮਰੱਥ ਹੋਏ ਹਾਂ।

 

ਵਧੇਰੇ ਕਿਫ਼ਾਇਤੀ ਰਿਹਾਇਸ਼ਾਂ ਮੁਹੱਈਆ ਕਰਨਾ

ਫਰਸਟ ਨੇਸ਼ਨਜ਼, ਗੈਰ-ਮੁਨਾਫ਼ਾ ਸੰਸਥਾਵਾਂ ਅਤੇ ਸਰਕਾਰਾਂ ਵਿਚਕਾਰ ਰਿਹਾਇਸ਼ਾਂ ਸੰਬੰਧੀ ਸਾਂਝੇਦਾਰੀਆਂ ਸਦਕਾ, ਰਿਜ਼ਰਵ ਖੇਤਰਾਂ ਦੇ ਅੰਦਰ ਅਤੇ ਬਾਹਰ, ਕਿਰਾਏ ਵਾਲੀਆਂ ਅਤੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਵਧੇਰੇ ਰਿਹਾਇਸ਼ਾਂ ਦਾ ਨਿਰਮਾਣ ਹੋਰ ਤੇਜ਼ੀ ਨਾਲ ਹੋ ਰਿਹਾ ਹੈ।

ਭੂਮੀ, ਵਿੱਤੀ ਸਹਾਇਤਾ ਅਤੇ ਵਿਕਾਸ ਦੇ ਮੌਕਿਆਂ ਨੂੰ ਉਪਲਬਧ ਕਰਵਾ ਕੇ, ਅਸੀਂ ਰਿਹਾਇਸ਼ਾਂ ਦੀ ਸਪਲਾਈ ਵਧਾ ਰਹੇ ਹਾਂ ਅਤੇ ਹਰ ਕਿਸੇ ਲਈ ਘਰਾਂ ਨੂੰ ਹੋਰ ਕਿਫ਼ਾਇਤੀ ਬਣਾ ਰਹੇ ਹਾਂ।

ਫਰਸਟ ਨੇਸ਼ਨਜ਼ ਅਤੇ ਗੈਰ-ਮੁਨਾਫ਼ਾ ਸੰਸਥਾਵਾਂ ਦੀ ਭੂਮੀ ਦੀ ਵਰਤੋਂ ਕਰਦੇ ਹੋਏ, ‘ਬੀ ਸੀ ਬਿਲਡਜ਼’ ਤਹਿਤ 5,200 ਤੋਂ ਵੱਧ ਨਵੀਆਂ ਕਿਰਾਏ ਵਾਲੀਆਂ ਰਿਹਾਇਸ਼ਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ ਜਾਂ ਨਿਰਮਾਣ ਅਧੀਨ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਰਿਹਾਇਸ਼ਾਂ ਦੇ ਕਿਰਾਏ ਬਾਜ਼ਾਰ ਦਰ ਨਾਲੋਂ 20% ਘੱਟ ਤੱਕ ਸੀਮਿਤ ਰੱਖੇ ਗਏ ਹਨ।

ਜਾਣੋ ਕਿ ਅਸੀਂ ਬੀ.ਸੀ. ਵਿੱਚ ਵਧੇਰੇ ਘਰ ਕਿਵੇਂ ਉਪਲਬਧ ਕਰ ਰਹੇ ਹਾਂ

 

ਸਿਹਤ ਸੰਭਾਲ ਤੱਕ ਪਹੁੰਚ ਵਿੱਚ ਸੁਧਾਰ ਕਰਨਾ

ਪੇਂਡੂ, ਦੂਰ-ਦੁਰਾਡੇ ਅਤੇ ਇੰਡੀਜਨਸ ਭਾਈਚਾਰਿਆਂ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਸਿਹਤ ਸੰਭਾਲ ਤੱਕ ਪਹੁੰਚ ਨਾਲ ਸੰਬੰਧਿਤ ਵਿਲੱਖਣ ਲੋੜਾਂ ਅਤੇ ਚੁਣੌਤੀਆਂ ਹਨ।

ਬੀ.ਸੀ., ਫਰਸਟ ਨੇਸ਼ਨਜ਼ ਦੀ ਅਗਵਾਈ ਵਾਲੀਆਂ ਸੰਸਥਾਵਾਂ ਨਾਲ ਸਾਂਝੇਦਾਰੀ ਕਰਕੇ ਸੰਭਾਲ ਸੇਵਾਵਾਂ ਦੀ ਸਮਰੱਥਾ ਅਤੇ ਉਨ੍ਹਾਂ ਤੱਕ ਪਹੁੰਚ ਦਾ ਵਿਸਤਾਰ ਕਰ ਰਿਹਾ ਹੈ, ਜਿਸ ਨਾਲ ਛੋਟੇ ਭਾਈਚਾਰਿਆਂ ਵਿੱਚ ਰਹਿਣ ਵਾਲੇ ਹਰ ਵਿਅਕਤੀ ਨੂੰ ਲਾਭ ਮਿਲਦਾ ਹੈ।

ਇਸ ਵਿੱਚ 15 ਫਰਸਟ ਨੇਸ਼ਨਜ਼ ਮੁੱਢਲੀ ਸੰਭਾਲ ਮੁਹੱਈਆ ਕਰਨ ਵਾਲੇ ਕੇਂਦਰ, ਵਰਚੁਅਲ ਸੰਭਾਲ ਸੇਵਾਵਾਂ, ਮਿਡਵਾਈਫ਼ਰੀ ਅਤੇ ਮੈਟਰਨਿਟੀ ਸੰਬੰਧੀ ਸੇਵਾਵਾਂ, ਅਤੇ ‘ਗੋ ਹੈਲਥ’ ਦੇ ਟ੍ਰੈਵਲ ਨਰਸ ਸ਼ਾਮਲ ਹਨ।

ਸਿਹਤ ਸੰਭਾਲ ਨੂੰ ਵਧੇਰੇ ਮਜ਼ਬੂਤ ਬਣਾਉਣ ਲਈ ਸਾਡੇ ਹੋਰ ਯਤਨਾਂ ਬਾਰੇ ਜਾਣੋ

 

ਬੁਨਿਆਦੀ ਢਾਂਚੇ ਅਤੇ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣਾ

ਫਰਸਟ ਨੇਸ਼ਨਜ਼ ਨਾਲ ਸਾਂਝੇਦਾਰੀ ਵਿੱਚ, ਬੀ.ਸੀ. ਭਰ ਵਿੱਚ ਲਗਭਗ $15 ਬਿਲੀਅਨ ਦੇ ਬੁਨਿਆਦੀ ਢਾਂਚੇ ਨਾਲ ਸੰਬੰਧਿਤ ਪ੍ਰੋਜੈਕਟ ਅੱਗੇ ਵੱਧ ਰਹੇ ਹਨ।

ਅਸੀਂ ਮਿਲ ਕੇ ਸੜਕਾਂ, ਬਰਿੱਜਾਂ, ਵਾਤਾਵਰਨ ਪੱਖੋਂ ਸਾਫ਼ ਊਰਜਾ, ਹਾਈ-ਸਪੀਡ ਇੰਟਰਨੈਟ, ਪਾਣੀ ਪ੍ਰਣਾਲੀਆਂ, ਸਕੂਲਾਂ, ਸਿਹਤ ਸੰਭਾਲ ਫੈਸਿਲਿਟੀਆਂ ਅਤੇ ਹੋਰ ਅਜਿਹੇ ਪ੍ਰੋਜੈਕਟਾਂ ਵਿੱਚ ਨਿਵੇਸ਼ ਕਰ ਰਹੇ ਹਾਂ ਜੋ ਵਧ ਰਹੇ ਭਾਈਚਾਰਿਆਂ ਦੀ ਸਹਾਇਤਾ ਕਰਦੇ ਹਨ।

ਇਸ ਨਾਲ ਬੀ.ਸੀ. ਭਰ ਦੇ ਲੋਕਾਂ ਅਤੇ ਭਾਈਚਾਰਿਆਂ ਲਈ ਸੇਵਾਵਾਂ ਤੱਕ ਪਹੁੰਚ ਵਿੱਚ ਸੁਧਾਰ ਹੁੰਦਾ ਹੈ ਅਤੇ ਨੌਕਰੀਆਂ ਅਤੇ ਆਰਥਿਕ ਮੌਕੇ ਪੈਦਾ ਹੁੰਦੇ ਹਨ।

ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਬਾਰੇ ਜਾਣੋ

ਢੋਆ-ਢੁਆਈ ਦੇ ਪ੍ਰੋਜੈਕਟਾਂ ਬਾਰੇ ਜਾਣੋ

ਬ੍ਰੌਡਬੈਂਡ ਕੁਨੈਕਟਿਵਿਟੀ ਬਾਰੇ ਜਾਣੋ

 

ਬੱਚਿਆਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣਾ

ਗੱਲਬਾਤ ਰਾਹੀਂ ਕੀਤੇ ਗਏ ਸਮਝੌਤਿਆਂ ਅਤੇ ਵਿਧਾਨਕ ਤਬਦੀਲੀਆਂ ਦੇ ਸਦਕਾ, ਫਰਸਟ ਨੇਸ਼ਨਜ਼ ਇੰਡੀਜਨਸ ਬੱਚਿਆਂ ਅਤੇ ਪਰਿਵਾਰਾਂ ਲਈ ਬਾਲ ਅਤੇ ਪਰਿਵਾਰਕ ਸੇਵਾਵਾਂ ਦੀ ਜ਼ਿੰਮੇਵਾਰੀ ਵਿੱਚ ਵਧਦੀ ਭੂਮਿਕਾ ਨਿਭਾ ਰਹੇ ਹਨ।

ਇਸ ਨਾਲ ਬੱਚੇ ਸੁਰੱਖਿਅਤ ਰਹਿੰਦੇ ਹਨ ਅਤੇ ਆਪਣੇ ਪਰਿਵਾਰਾਂ ਅਤੇ ਭਾਈਚਾਰਿਆਂ ਨਾਲ ਜੁੜੇ ਰਹਿੰਦੇ ਹਨ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਦੇ ਜੀਵਨ ਵਿੱਚ ਵਧੇਰੇ ਸਥਿਰਤਾ ਆਉਂਦੀ ਹੈ ਅਤੇ ਉਨ੍ਹਾਂ ਦੀ ਮੁੜ ਸੰਭਾਲ ਪ੍ਰਣਾਲੀ ਵਿੱਚ ਦਾਖਲ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ।

ਤਬਦੀਲੀਆਂ ਤੋਂ ਬਾਅਦ ਦੀ ਪਹਿਲੀ ਰਿਪੋਰਟਿੰਗ ਮਿਆਦ ਵਿੱਚ, ਸੁਰੱਖਿਆ ਦੀ ਲੋੜ ਵਾਲੇ 90% ਤੋਂ ਵੱਧ ਇੰਡੀਜਨਸ ਬੱਚੇ ਸਹਾਇਤਾ ਹਾਸਲ ਕਰਨ ਤੋਂ ਬਾਅਦ ਆਪਣੇ ਪਰਿਵਾਰਾਂ ਨਾਲ ਸੁਰੱਖਿਅਤ ਢੰਗ ਨਾਲ ਮੁੜ ਰਹਿਣ ਦੇ ਯੋਗ ਹੋਏ।

ਇੰਡੀਜਨਸ ਬਾਲ ਅਤੇ ਪਰਿਵਾਰਕ ਵਿਕਾਸ ਵਿੱਚ ਹੋਈ ਪ੍ਰਗਤੀ ਬਾਰੇ ਹੋਰ ਜਾਣੋ

 

ਸਾਡੇ ਵਿਲੱਖਣ ਇਤਿਹਾਸ ਅਤੇ ਜੀਵਨ ਢੰਗ ਦੀ ਸੁਰੱਖਿਆ ਕਰਨਾ

ਫਰਸਟ ਨੇਸ਼ਨਜ਼ ਦੀਆਂ ਭਾਸ਼ਾਵਾਂ, ਕਲਾਵਾਂ, ਸੱਭਿਆਚਾਰ ਅਤੇ ਵਿਰਸੇ ਵਿੱਚ ਕੀਤੇ ਜਾ ਰਹੇ ਨਿਵੇਸ਼ ਅਹਿਮ ਭਾਸ਼ਾ ਅਤੇ ਸੱਭਿਆਚਾਰਕ ਸੰਭਾਲ ਸੰਬੰਧੀ ਪ੍ਰੋਜੈਕਟਾਂ ਅਤੇ ਪ੍ਰੋਗਰਾਮਾਂ ਦਾ ਸਮਰਥਨ ਕਰ ਰਹੇ ਹਨ।

ਖ਼ਾਸ ਕਰਕੇ ਬੱਚਿਆਂ ਲਈ, ਅਧਿਐਨਾਂ ਨੇ ਦਰਸਾਇਆ ਹੈ ਕਿ ਭਾਸ਼ਾਵਾਂ ਅਤੇ ਸੱਭਿਆਚਾਰਾਂ ਨੂੰ ਮੁੜ-ਸੁਰਜੀਤ ਕਰਨ ਨਾਲ ਮਾਨਸਿਕ ਸਿਹਤ ਵਿੱਚ ਸੁਧਾਰ ਆ ਸਕਦਾ ਹੈ, ਵਿੱਦਿਅਕ ਪ੍ਰਾਪਤੀਆਂ ਨੂੰ ਹੁਲਾਰਾ ਮਿਲ ਸਕਦਾ ਹੈ, ਪਛਾਣ ਅਤੇ ਸਮਾਜਿਕ ਸਬੰਧ ਹੋਰ ਮਜ਼ਬੂਤ ਹੋ ਸਕਦੇ ਹਨ, ਅਤੇ ਇੱਥੋਂ ਤੱਕ ਕਿ ਸਰੀਰਕ ਸਿਹਤ ਵਿੱਚ ਵੀ ਸੁਧਾਰ ਹੋ ਸਕਦਾ ਹੈ।

1990 ਵਿੱਚ ਸਥਾਪਿਤ ਇੱਕ ਸੂਬਾਈ ਕ੍ਰਾਊਨ ਕਾਰਪੋਰੇਸ਼ਨ, ‘ਬੀ.ਸੀ. ਦੀ ਫਰਸਟ ਪੀਪਲਜ਼ ਕਲਚਰਲ ਕੌਂਸਲ’ ਦੇ ਕੰਮ ਬਾਰੇ ਜਾਣੋ

 

ਨਸਲਵਾਦ ਅਤੇ ਵਿਤਕਰੇ ਦਾ ਖਾਤਮਾ ਕਰਨਾ

ਐਂਟੀ-ਰੈਸਿਜ਼ਮ ਐਕਟ ਦੇ ਤਹਿਤ, ਬੀ.ਸੀ. ਵਿੱਚ ਇੰਡੀਜਨਸ ਲੋਕਾਂ ਨੂੰ ਜਨਤਕ ਪ੍ਰੋਗਰਾਮਾਂ ਅਤੇ ਸੇਵਾਵਾਂ ਤੱਕ ਪਹੁੰਚ ਕਰਦੇ ਸਮੇਂ ਘੱਟ ਪ੍ਰਣਾਲੀਗਤ ਰੁਕਾਵਟਾਂ ਦਾ ਸਾਹਮਣਾ ਕਰਨਾ ਪਵੇਗਾ।

ਇਹ ਐਕਟ ਸੂਬੇ ਲਈ ਹਸਪਤਾਲਾਂ, ਸਕੂਲਾਂ, ਅਦਾਲਤਾਂ ਅਤੇ ਹੋਰ ਜਨਤਕ ਥਾਵਾਂ ਵਿੱਚ ਮੁਹੱਈਆ ਕੀਤੇ ਜਾਂਦੇ ਆਪਣੇ ਪ੍ਰੋਗਰਾਮਾਂ ਅਤੇ ਸੇਵਾਵਾਂ ਵਿੱਚ ਨਿਗਰਾਨੀ ਅਤੇ ਜਵਾਬਦੇਹੀ ਦੀਆਂ ਵਿਵਸਥਾਵਾਂ ਨੂੰ ਹੋਰ ਮਜ਼ਬੂਤ ਕਰਨਾ ਲਾਜ਼ਮੀ ਬਣਾਉਂਦਾ ਹੈ, ਜਿਸ ਨਾਲ ਬੀ.ਸੀ. ਸਾਰਿਆਂ ਲਈ ਇੱਕ ਸੁਆਗਤਯੋਗ ਥਾਂ ਬਣਦਾ ਹੈ।

ਬੀ.ਸੀ. ਦੇ ਨਸਲਵਾਦ ਵਿਰੋਧੀ ਵਿਧਾਨ ਬਾਰੇ ਹੋਰ ਜਾਣੋ

 

ਨਿਆਂ ਅਤੇ ਦਖਲਅੰਦਾਜ਼ੀ ਸੇਵਾਵਾਂ ਦਾ ਸਮਰਥਨ ਕਰਨਾ

ਫਰਸਟ ਨੇਸ਼ਨਜ਼ ਨਾਲ ਸਾਂਝੇਦਾਰੀ ਵਿੱਚ, ਅਸੀਂ ਲੋਕਾਂ ਨੂੰ ਬਿਹਤਰ ਰਾਹ ਉੱਤੇ ਅੱਗੇ ਵਧਣ ਵਿੱਚ ਮਦਦ ਕਰਨ ਲਈ ਸਦਮੇ (ਟਰੌਮਾ) ਦੇ ਪ੍ਰਭਾਵਾਂ ਨੂੰ ਧਿਆਨ ਵਿੱਚ ਰੱਖਣ ਵਾਲੀਆਂ ਕਾਨੂੰਨੀ ਅਤੇ ਦਖਲਅੰਦਾਜ਼ੀ ਸੇਵਾਵਾਂ ਤੱਕ ਪਹੁੰਚ ਦਾ ਵਿਸਤਾਰ ਕਰ ਰਹੇ ਹਾਂ।

ਇਸ ਵਿੱਚ 17 ਇੰਡੀਜਨਸ ਜਸਟਿਸ ਸੈਂਟਰ, 58 ਕਮਿਊਨਿਟੀ ਸੇਫਟੀ ਸਿਚੂਏਸ਼ਨ ਟੇਬਲ ਅਤੇ ਇੰਟਰਵੈਂਸ਼ਨ ਸਰਕਲਜ਼, ਅਤੇ 8 ਨਵੇਂ ਅਤੇ ਵਿਸਤਾਰ ਕੀਤੇ ਗਏ ਫਰਸਟ ਨੇਸ਼ਨਜ਼ ਟ੍ਰੀਟਮੈਂਟ ਅਤੇ ਹੀਲਿੰਗ ਕੇਂਦਰ ਸ਼ਾਮਲ ਹਨ।

ਲੋਕਾਂ ਨੂੰ ਸੁਰੱਖਿਅਤ ਰੱਖਣ ਅਤੇ ਭਾਈਚਾਰਿਆਂ ਨੂੰ ਮਜ਼ਬੂਤ ਬਣਾਈ ਰੱਖਣ ਲਈ ਸਾਡੇ ਹੋਰ ਯਤਨਾਂ ਬਾਰੇ ਜਾਣੋ

 

ਜਾਣੋ ਕਿ ਅਸੀਂ ਬੀ.ਸੀ. ਦੇ ਲੋਕਾਂ ਲਈ ਨਤੀਜੇ ਕਿਵੇਂ ਲਿਆ ਰਹੇ ਹਾਂ

ਫਰਸਟ ਨੇਸ਼ਨਜ਼ ਨਾਲ ਮਿਲ ਕੇ ਕੰਮ ਕਰਨ ਦੇ ਕੁਝ ਅਜਿਹੇ ਤਰੀਕਿਆਂ ਦੀਆਂ ਮੁੱਖ ਝਲਕੀਆਂ, ਜੋ ਰਿਹਾਇਸ਼ਾਂ, ਸਿਹਤ ਸੰਭਾਲ ਅਤੇ ਭਾਈਚਾਰਕ ਸੇਵਾਵਾਂ ਤੱਕ ਪਹੁੰਚ ਦਾ ਵਿਸਤਾਰ ਕਰਨ ਵਿੱਚ ਮਦਦ ਕਰ ਰਹੇ ਹਨ।

  • ਬੀ.ਸੀ. ਦੇ ਲੋਕਾਂ ਲਈ ਉੱਚ ਤਨਖ਼ਾਹਾਂ। ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਬੀ.ਸੀ. ਦੀਆਂ ਸ਼ੁਰੂਆਤੀ ਆਧੁਨਿਕ ਸੰਧੀਆਂ ਨੇ ਖੇਤਰ ਵਿੱਚ ਆਰਥਿਕ ਵਿਕਾਸ ਨੂੰ ਹੁਲਾਰਾ ਦਿੱਤਾ, ਜਿਸ ਦੇ ਨਤੀਜੇ ਵਜੋਂ ਇੰਡੀਜਨਸ ਅਤੇ ਗੈਰ-ਇੰਡੀਜਨਸ, ਲੋਕਾਂ ਲਈ ਔਸਤ ਨਾਲੋਂ ਵੱਧ ਤਨਖ਼ਾਹ ਵਾਧਾ ਹੋਇਆ। ਜਿਵੇਂ-ਜਿਵੇਂ ਹੋਰ ਸਮਝੌਤੇ ਗੱਲਬਾਤ ਰਾਹੀਂ ਤੈਅ ਕੀਤੇ ਗਏ ਹਨ, ਬੀ.ਸੀ. ਤਨਖ਼ਾਹ ਵਾਧੇ ਦੇ ਮਾਮਲੇ ਵਿੱਚ ਦੇਸ਼ ਦੀ ਅਗਵਾਈ ਕਰਨਾ ਜਾਰੀ ਰੱਖ ਰਿਹਾ ਹੈ।
  • ਲੋਕਾਂ ਲਈ ਪਹਿਲਾ ਘਰ ਖਰੀਦਣਾ ਹੋਰ ਸੁਖਾਲਾ ਬਣਾਉਣਾ। ਫਰਸਟ ਨੇਸ਼ਨਜ਼ ਅਤੇ ਇੰਡੀਜਨਸ ਸੰਸਥਾਵਾਂ ਨਾਲ ਸਾਂਝੇਦਾਰੀ ਵਿੱਚ ਹਜ਼ਾਰਾਂ ਰਿਹਾਇਸ਼ਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਵਿੱਚ Musqueam, Squamish ਅਤੇ Tsleil-Waututh Nations ਨਾਲ ਮਿਲ ਕੇ ਚਲਾਈ ਜਾ ਰਹੀ Heather Lands Initiative ਵੀ ਸ਼ਾਮਲ ਹੈ। ਵੈਨਕੂਵਰ ਵਿੱਚ ਛੋਟੇ ਬੱਚਿਆਂ ਵਾਲੇ ਪਰਿਵਾਰਾਂ ਨੂੰ ਆਪਣਾ ਪਹਿਲਾ ਘਰ ਖਰੀਦਣ ਵਿੱਚ ਮਦਦ ਦੇਣ ਲਈ ਲਗਭਗ 2,600 ਸਟ੍ਰਾਟਾ ਰਿਹਾਇਸ਼ਾਂ ਬਾਜ਼ਾਰ ਕੀਮਤ ਨਾਲੋਂ 40% ਘੱਟ ਕੀਮਤ 'ਤੇ ਵੇਚੀਆਂ ਜਾਣਗੀਆਂ।
  • ਸਿਹਤ ਸੰਭਾਲ ਦੀ ਵਧੇਰੇ ਸਮਰੱਥਾ ਅਤੇ ਸਰੋਤ। 2017 ਤੋਂ ਲੈ ਕੇ ਹੁਣ ਤੱਕ, ਬੀ.ਸੀ. ਨੇ 30 ਹਸਪਤਾਲ ਪ੍ਰੋਜੈਕਟਾਂ, 4 ਨਵੇਂ ਕੈਂਸਰ ਕੇਂਦਰਾਂ ਅਤੇ ਇੱਕ ਨਵੇਂ ਮੈਡੀਕਲ ਸਕੂਲ ਦੀ ਸ਼ੁਰੂਆਤ ਕੀਤੀ ਹੈ ਜਾਂ ਉਨ੍ਹਾਂ ਨੂੰ ਪੂਰਾ ਕੀਤਾ ਹੈ। ਇਨ੍ਹਾਂ ਪਹਿਲਕਦਮੀਆਂ ਨੂੰ ਸਥਾਨਕ ਫਰਸਟ ਨੇਸ਼ਨਜ਼ ਅਤੇ ਇੰਡੀਜਨਸ ਭਾਈਚਾਰਿਆਂ ਵੱਲੋਂ ਯੋਜਨਾਬੰਦੀ, ਡਿਜ਼ਾਇਨ ਅਤੇ ਸੇਵਾਵਾਂ ਮੁਹੱਈਆ ਕਰਨ ਸਬੰਧੀ ਸਮਰਥਨ ਮਿਲਿਆ ਹੈ।
  • ਵਧੇਰੇ ਕਿਫ਼ਾਇਤੀ ਬਾਲ ਸੰਭਾਲ। ਦਰਜਨਾਂ ਇੰਡੀਜਨਸ ਬਾਲ ਸੰਭਾਲ ਪ੍ਰਦਾਨਕ ‘ਚਾਈਲਡ ਕੇਅਰ ਬੀ ਸੀ’ ਦੀ ਫੀਸ ਘਟਾਉਣ ਵਾਲੀ ਪਹਿਲਕਦਮੀ ਵਿੱਚ ਭਾਗ ਲੈ ਰਹੇ ਹਨ, ਜੋ ਉੱਚ-ਗੁਣਵੱਤਾ ਵਾਲੀ ਅਤੇ ਕਿਫ਼ਾਇਤੀ ਬਾਲ ਸੰਭਾਲ ਮੁਹੱਈਆ ਕਰਕੇ ਹਜ਼ਾਰਾਂ ਪਰਿਵਾਰਾਂ ਦੀ ਸਹਾਇਤਾ ਕਰ ਰਹੀ ਹੈ।
  • ਵਧੇਰੇ ਆਧੁਨਿਕ ਬੁਨਿਆਦੀ ਢਾਂਚਾ

ਮੇਲ-ਮਿਲਾਪ ਵਿੱਚ ਕੀ ਸ਼ਾਮਲ ਹੈ ਅਤੇ ਕੀ ਨਹੀਂ ਹੈ - ਅਤੇ ਇਹ ਮਹੱਤਵਪੂਰਨ ਕਿਉਂ ਹੈ

ਮੇਲ-ਮਿਲਾਪ, ਇੰਡੀਜਨਸ ਲੋਕਾਂ ਨਾਲ ਮਿਲ ਕੇ ਕੰਮ ਕਰਨ ਦੀ ਇੱਕ ਪ੍ਰਕਿਰਿਆ ਹੈ। ਸੰਧੀਆਂ ਅਤੇ ਹੋਰ ਸਮਝੌਤੇ ਅਧਿਕਾਰਾਂ ਨੂੰ ਮਾਨਤਾ ਦਿੰਦੇ ਹਨ, ਅਤੀਤ ਅਤੇ ਮੌਜੂਦਾ ਸਮੇਂ ਵਿੱਚ ਹੋਏ ਨੁਕਸਾਨਾਂ ਦਾ ਹੱਲ ਕਰਨ ਵਿੱਚ ਮਦਦ ਕਰਦੇ ਹਨ, ਅਤੇ ਭੂਮੀ, ਸਰੋਤਾਂ ਅਤੇ ਸੇਵਾਵਾਂ ਨਾਲ ਸੰਬੰਧਿਤ ਫ਼ੈਸਲੇ ਮਿਲ ਕੇ ਕਰਨ ਨੂੰ ਯਕੀਨੀ ਬਣਾਉਂਦੇ ਹਨ, ਤਾਂ ਜੋ ਹਰ ਕੋਈ ਇੱਕ ਹੋਰ ਸਥਿਰ, ਨਿਰਪੱਖ ਅਤੇ ਸਾਂਝੇ ਭਵਿੱਖ ਦਾ ਲਾਭ ਲੈ ਸਕੇ।

 

ਮੇਲ-ਮਿਲਾਪ ਵਿੱਚ ਕੀ ਸ਼ਾਮਲ ਹੈ

  • ਮੇਲ-ਮਿਲਾਪ ਦਾ ਅਰਥ ਸਪੱਸ਼ਟ, ਜਨਤਕ ਅਤੇ ਜਵਾਬਦੇਹ ਪ੍ਰਕਿਰਿਆਵਾਂ ਦੇ ਤਹਿਤ ਮਿਲ ਕੇ ਕੰਮ ਕਰਨਾ ਹੈ।
  • ਮੇਲ-ਮਿਲਾਪ ਆਧੁਨਿਕ ਸੰਧੀਆਂ, ਸਮਝੌਤਿਆਂ ਅਤੇ ਵਿਧਾਨਕ ਪ੍ਰਕਿਰਿਆਵਾਂ ਰਾਹੀਂ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਮਿਲ ਕੇ ਵਿਕਸਿਤ ਕੀਤਾ ਜਾਂਦਾ ਹੈ, ਜਿਨ੍ਹਾਂ ਵਿੱਚ ਜਨਤਕ ਯੋਗਦਾਨ ਸ਼ਾਮਲ ਹੁੰਦਾ ਹੈ ਅਤੇ ਜਿਨ੍ਹਾਂ ਨੂੰ ਜਨਤਕ ਤੌਰ 'ਤੇ ਪ੍ਰਕਾਸ਼ਿਤ ਕੀਤਾ ਜਾਂਦਾ ਹੈ, ਤਾਂ ਜੋ ਹਰ ਕੋਈ ਪ੍ਰਗਤੀ ਬਾਰੇ ਜਾਣਕਾਰੀ ਲੈ ਸਕੇ।
  • ਮੇਲ-ਮਿਲਾਪ ਸੂਬੇ ਨੂੰ ਕਾਨੂੰਨ ਦੀ ਪਾਲਣਾ ਕਰਨ, ਇੰਡੀਜਨਸ ਅਧਿਕਾਰਾਂ ਨੂੰ ਮਾਨਤਾ ਦੇਣ, ਅਤੇ ਅਜਿਹੇ ਸਮਝੌਤੇ ਤਿਆਰ ਕਰਨ ਵਿੱਚ ਮਦਦ ਕਰਦਾ ਹੈ ਜੋ ਭਾਈਚਾਰਿਆਂ, ਕਾਰੋਬਾਰਾਂ ਅਤੇ ਕਾਮਿਆਂ ਲਈ ਵਧੇਰੇ ਨਿਸ਼ਚਿਤਤਾ ਪੈਦਾ ਕਰਦੇ ਹਨ।

 

 

ਮੇਲ-ਮਿਲਾਪ ਵਿੱਚ ਕੀ ਸ਼ਾਮਲ ਨਹੀਂ ਹੈ

  • ਮੇਲ-ਮਿਲਾਪ ਤੁਹਾਡੀ ਨਿੱਜੀ ਜ਼ਮੀਨ, ਘਰ, ਫਾਰਮ ਜਾਂ ਕਾਰੋਬਾਰ ਦੀ ਮਲਕੀਅਤ ਵਿੱਚ ਕੋਈ ਤਬਦੀਲੀ ਨਹੀਂ ਕਰਦਾ। ਸਮਝੌਤਿਆਂ ਵਿੱਚ ਨਿੱਜੀ ਪ੍ਰੌਪਰਟੀ ਅਧਿਕਾਰਾਂ ਦੀ ਸੁਰੱਖਿਆ ਕੀਤੀ ਜਾਂਦੀ ਹੈ।
  • ਮੇਲ-ਮਿਲਾਪ ਸਰਕਾਰੀ ਫ਼ੈਸਲਿਆਂ ਉੱਤੇ ਫਰਸਟ ਨੇਸ਼ਨਜ਼ ਨੂੰ ਵੀਟੋ (veto) ਦਾ ਅਧਿਕਾਰ ਨਹੀਂ ਦਿੰਦਾ।
 

ਮੇਲ-ਮਿਲਾਪ ਦੀ ਲੋੜ ਕਿਉਂ ਹੈ

ਜਦੋਂ ਬ੍ਰਿਟਿਸ਼ ਕ੍ਰਾਊਨ ਨੇ ਉਸ ਖੇਤਰ ਵਿੱਚ ਆਪਣਾ ਰਾਜ ਕਾਇਮ ਕੀਤਾ ਜਿਸ ਨੂੰ ਅੱਜ ਕੈਨੇਡਾ ਕਿਹਾ ਜਾਂਦਾ ਹੈ, ਤਾਂ ਇਸ ਨੇ ਉਨ੍ਹਾਂ ਲੱਖਾਂ ਇੰਡੀਜਨਸ ਲੋਕਾਂ ਨੂੰ ਹਿੰਸਕ ਤਰੀਕੇ ਨਾਲ ਜਿੱਤਣ ਦੀ ਕੋਸ਼ਿਸ਼ ਨਹੀਂ ਕੀਤੀ ਸੀ, ਜੋ ਪਹਿਲਾਂ ਹੀ ਇਨ੍ਹਾਂ ਭੂਮੀਆਂ ’ਤੇ ਵੱਸਦੇ ਅਤੇ ਇਨ੍ਹਾਂ ’ਤੇ ਆਪਣਾ ਹੱਕ ਰੱਖਦੇ ਸਨ।

ਕ੍ਰਾਊਨ ਨੇ ਇੰਡੀਜਨਸ ਲੋਕਾਂ ਉੱਤੇ ਵਪਾਰਕ ਭਾਈਵਾਲਾਂ ਅਤੇ ਸਹਿਯੋਗੀਆਂ ਵਜੋਂ ਭਰੋਸਾ ਕੀਤਾ।

1763 ਦੇ ਰੌਇਲ ਪ੍ਰੌਕਲੇਮੇਸ਼ਨ (Royal Proclamation) ਰਾਹੀਂ, ਕ੍ਰਾਊਨ ਨੇ ਇੰਡੀਜਨਸ ਲੋਕਾਂ ਦੀ ਭੂਮੀ ਉੱਤੇ ਮਲਕੀਅਤ ਅਤੇ ਕਬਜ਼ੇ ਨੂੰ ਮਾਨਤਾ ਦਿੱਤੀ। ਇਸ ਨੇ ਸ਼ੁਰੂਆਤੀ ਵਸੇਬੇ ਸਥਾਪਤ ਕਰਨ ਲਈ, ਆਪਸੀ ਸਹਿਮਤੀ ਨਾਲ ਖਰੀਦਦਾਰ ਅਤੇ ਵਿਕਰੇਤਾ ਦੇ ਆਧਾਰ ’ਤੇ, ਸੰਧੀਆਂ ਅਤੇ ਭੂਮੀ ਖਰੀਦ ਸਮਝੌਤਿਆਂ ਬਾਰੇ ਗੱਲਬਾਤ ਕਰਨ ਦਾ ਅਧਿਕਾਰ ਦਿੱਤਾ।

ਇਹ ਸਮਝੌਤੇ ਕੈਨੇਡਾ ਦੀ ਹੋਂਦ ਅਤੇ ਸਾਡੇ ਕਾਨੂੰਨ ਦੇ ਰਾਜ ਦੀ ਨੀਂਹ ਹਨ। ਅਦਾਲਤਾਂ ਨੇ ਪੁਸ਼ਟੀ ਕੀਤੀ ਹੈ ਕਿ ਐਬੋਰਿਜਨਲ ਅਧਿਕਾਰ ਅਤੇ ਮਲਕੀਅਤ (Aboriginal rights and title) ਕਾਮਨ ਲਾਅ ਵਿੱਚ ਮੌਜੂਦ ਹਨ, ਸੰਵਿਧਾਨ ਦੁਆਰਾ ਮਾਨਤਾ ਪ੍ਰਾਪਤ ਹਨ, ਅਤੇ ਉਨ੍ਹਾਂ ਦਾ ਸਤਿਕਾਰ ਕੀਤਾ ਜਾਣਾ ਲਾਜ਼ਮੀ ਹੈ।

ਪਰ ਜਦੋਂ ਅਮੀਰ ਬਸਤੀਵਾਦੀਆਂ (colonists) ਦੀ ਇੰਡੀਜਨਸ ਲੋਕਾਂ ਦੀ ਭੂਮੀ ਅਤੇ ਸਰੋਤਾਂ ਵਿੱਚ ਦਿਲਚਸਪੀ ਵਧਦੀ ਗਈ, ਉਦੋਂ ਮਾਨਤਾ ਅਤੇ ਸਹਿਯੋਗ ਦੀ ਥਾਂ ਭ੍ਰਿਸ਼ਟਾਚਾਰ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੇ ਲੈ ਲਈ।

  • ਰਿਜ਼ਰਵ ਪ੍ਰਣਾਲੀ ਨੇ ਇੰਡੀਜਨਸ ਲੋਕਾਂ ਨੂੰ ਜਬਰਨ ਅਜਿਹੀਆਂ ਭੂਮੀਆਂ ਤੱਕ ਸੀਮਿਤ ਕਰ ਦਿੱਤਾ ਜੋ ਆਰਥਿਕ ਪੱਖੋਂ ਸਭ ਤੋਂ ਘੱਟ ਲਾਭਕਾਰੀ ਸਨ, ਜੋ ਕਿ ਕਈ ਮਾਮਲਿਆਂ ਵਿੱਚ ਉਨ੍ਹਾਂ ਦੇ ਰਾਸ਼ਟਰ ਦੀ ਕੁੱਲ ਟੈਰੀਟੋਰੀ ਦਾ ਸਿਰਫ਼ 0.2% ਹਿੱਸਾ ਹੀ ਸੀ।
  • ਇੰਡੀਅਨ ਐਕਟ (Indian Act) ਨੇ ਇੰਡੀਜਨਸ ਲੋਕਾਂ ਦੀ ਪਛਾਣ, ਸ਼ਾਸਨ ਪ੍ਰਣਾਲੀ ਅਤੇ ਆਵਾਜਾਈ ਦੀ ਆਜ਼ਾਦੀ ਉੱਤੇ ਨਿਯੰਤਰਣ ਨੂੰ ਕੇਂਦਰ ਦੇ ਅਧੀਨ ਕਰ ਦਿੱਤਾ ਸੀ।
  • ਰੈਜ਼ੀਡੈਂਸ਼ੀਅਲ ਸਕੂਲਾਂ ਦਾ ਉਦੇਸ਼ ਇੰਡੀਜਨਸ ਬੱਚਿਆਂ ਨੂੰ ਉਨ੍ਹਾਂ ਦੇ ਸੱਭਿਆਚਾਰ ਤੋਂ ਵੱਖ ਕਰਨਾ ਅਤੇ ਵੱਡੇ ਕਾਰੋਬਾਰਾਂ ਲਈ ਘੱਟ ਤਨਖਾਹ ‘ਤੇ ਲੇਬਰ ਮੁਹੱਈਆ ਕਰਵਾਉਣ ਵਾਸਤੇ ਮਜ਼ਦੂਰਾਂ ਦਾ ਇੱਕ ਸਰੋਤ ਤਿਆਰ ਕਰਨਾ ਸੀ।
  • ਭੁੱਖਮਰੀ ਨੂੰ ਦਬਾਅ ਪਾਉਣ ਦੀ ਇੱਕ ਕਾਰਜਨੀਤੀ ਵਜੋਂ ਵਰਤਿਆ ਗਿਆ, ਤਾਂ ਜੋ ਇੰਡੀਜਨਸ ਲੋਕਾਂ ਨੂੰ ਜਬਰਨ ਹੋਰ ਥਾਵਾਂ 'ਤੇ ਵੱਸਣ ਲਈ ਮਜਬੂਰ ਕੀਤਾ ਜਾ ਸਕੇ ਅਤੇ ਕਾਰਪੋਰੇਟ ਜ਼ਮੀਨੀ ਅਧਿਕਾਰਾਂ (land tenures) ਲਈ ਰਾਹ ਬਣਾਇਆ ਜਾ ਸਕੇ।
  • ਸਭ ਤੋਂ ਵੱਧ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਇੰਡੀਅਨ ਐਕਟ ਦੀ ਧਾਰਾ 141 ਨੇ ਇੰਡੀਜਨਸ ਲੋਕਾਂ ਲਈ ਕਾਨੂੰਨੀ ਸਲਾਹਕਾਰਾਂ ਦੀਆਂ ਸੇਵਾਵਾਂ ਲੈਣ ਜਾਂ ਜ਼ਮੀਨ ਨਾਲ ਸੰਬੰਧਿਤ ਦਾਅਵਿਆਂ ਲਈ ਆਰਥਿਕ ਸਹਾਇਤਾ ਇਕੱਠੀ ਕਰਨ ਨੂੰ ਗੈਰ-ਕਾਨੂੰਨੀ ਬਣਾ ਦਿੱਤਾ ਸੀ।

ਨਤੀਜੇ ਵਜੋਂ, ਦਹਾਕਿਆਂ ਤੱਕ ਕੈਨੇਡਾ ਦੀਆਂ ਸਰਕਾਰਾਂ ਫਰਸਟ ਨੇਸ਼ਨਜ਼ ਨਾਲ ਕੀਤੀਆਂ ਸੰਧੀਆਂ ਅਤੇ ਸਮਝੌਤਿਆਂ ਦੀਆਂ ਸ਼ਰਤਾਂ ਨੂੰ ਨਜ਼ਰਅੰਦਾਜ਼ ਕਰਨ ਜਾਂ ਉਨ੍ਹਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੇ ਯੋਗ ਰਹੀਆਂ, ਜਦਕਿ 1990 ਦੇ ਦਹਾਕੇ ਤੱਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਗਭਗ ਬਿਨਾਂ ਕਿਸੇ ਜਵਾਬਦੇਹੀ ਦੇ ਜਾਰੀ ਰਹੀ।

 

ਬੀ.ਸੀ. ਨੂੰ ਕੀ ਵਿਲੱਖਣ ਬਣਾਉਂਦਾ ਹੈ

  • ਕੈਨੇਡਾ ਦੇ ਬਹੁਤ ਸਾਰੇ ਹਿੱਸਿਆਂ ਦੇ ਉਲਟ, ਬੀ.ਸੀ. ਦਾ ਵੱਡਾ ਹਿੱਸਾ ਇਤਿਹਾਸਕ ਸੰਧੀਆਂ ਦੇ ਦਾਇਰੇ ਵਿੱਚ ਨਹੀਂ ਆਉਂਦਾ ਸੀ।
  • ਇਸ ਦਾ ਅਰਥ ਹੈ ਕਿ ਜਿਸ ਭੂਮੀ ਨੂੰ ਕ੍ਰਾਊਨ ਨੇ ਇੰਡੀਜਨਸ ਲੋਕਾਂ ਦੀ ਭੂਮੀ ਵਜੋਂ ਮਾਨਤਾ ਦਿੱਤੀ ਸੀ, ਉਸ ਦਾ ਇੱਕ ਵੱਡਾ ਹਿੱਸਾ ਕਦੇ ਵੀ ਕਾਨੂੰਨੀ ਤੌਰ 'ਤੇ ਹਵਾਲੇ (ceded) ਨਹੀਂ ਕੀਤਾ ਗਿਆ ਸੀ।
  • ਕੈਨੇਡਾ ਦੇ ਕਾਨੂੰਨ ਅਨੁਸਾਰ, ਬੀ.ਸੀ. ਲਈ ਇਹ ਲਾਜ਼ਮੀ ਹੈ ਕਿ ਉਹ ਗੈਰ-ਇਜਾਜ਼ਤ ਲਈਆਂ ਜ਼ਮੀਨਾਂ (unceded land) ਉੱਤੇ ਇੰਡੀਜਨਸ ਅਧਿਕਾਰਾਂ ਅਤੇ ਮਲਕੀਅਤ (title) ਨੂੰ ਮਾਨਤਾ ਦੇਵੇ।
  • ਅਦਾਲਤਾਂ ਨੇ ਵਾਰ-ਵਾਰ ਇਹ ਕਿਹਾ ਹੈ ਕਿ ਅਧਿਕਾਰ ਅਤੇ ਮਲਕੀਅਤ, ਬ੍ਰਿਟਿਸ਼ ਕ੍ਰਾਊਨ ਤੋਂ ਵਿਰਾਸਤ ਵਿੱਚ ਮਿਲੇ ਕਾਮਨ ਲਾਅ ਅਧੀਨ ਮੌਜੂਦ ਹਨ ਅਤੇ ਉਨ੍ਹਾਂ ਦਾ ਸਤਿਕਾਰ ਕੀਤਾ ਜਾਣਾ ਲਾਜ਼ਮੀ ਹੈ।
 

ਮੇਲ-ਮਿਲਾਪ ਕਿਸ ਤਰ੍ਹਾਂ ਹੁੰਦਾ ਹੈ

  • ਪਿਛਲੇ 30 ਸਾਲਾਂ ਦੌਰਾਨ, ਬੀ.ਸੀ. ਫਰਸਟ ਨੇਸ਼ਨਜ਼ ਨਾਲ ਆਧੁਨਿਕ ਸੰਧੀਆਂ ਅਤੇ ਹੋਰ ਸਮਝੌਤਿਆਂ ਉੱਤੇ ਗੱਲਬਾਤ ਕਰਕੇ ਲੰਬੇ ਸਮੇਂ ਤੋਂ ਅਣਸੁਲਝੇ ਮੁੱਦਿਆਂ ਦਾ ਨਿਪਟਾਰਾ ਕਰਨ ਲਈ ਕੈਨੇਡਾ ਦੇ ਹੋਰ ਹਿੱਸਿਆਂ ਨਾਲ ਕਦਮ ਮਿਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
  • ਜਿੱਥੇ ਅਜੇ ਤੱਕ ਸੰਧੀਆਂ ਅਤੇ ਹੋਰ ਸਮਝੌਤੇ ਮੌਜੂਦ ਨਹੀਂ ਹਨ, ਉੱਥੇ ‘ਡੈਕਲਾਰੇਸ਼ਨ ਔਨ ਦ ਰਾਈਟਸ ਔਫ ਇੰਡਿਜਨਸ ਪੀਪਲਜ਼ ਐਕਟ’ (ਜਿਸਨੂੰ ਡੈਕਲੇਰੇਸ਼ਨ ਐਕਟ ਜਾਂ DRIPA ਵੀ ਕਿਹਾ ਜਾਂਦਾ ਹੈ) ਇਨ੍ਹਾਂ ਅਧਿਕਾਰਾਂ ਨੂੰ ਬਰਕਰਾਰ ਰੱਖਣ ਲਈ ਇੱਕ ਵਿਧਾਨਕ ਢਾਂਚਾ ਮੁਹੱਈਆ ਕਰਦਾ ਹੈ, ਤਾਂ ਜੋ ਸਰਕਾਰ ਭਰੋਸੇ, ਪਾਰਦਰਸ਼ਤਾ ਅਤੇ ਅਨੁਮਾਨਯੋਗਤਾ ਨਾਲ ਅੰਤਿਮ ਫ਼ੈਸਲੇ ਲੈ ਸਕੇ।
  • ਡੈਕਲੇਰੇਸ਼ਨ ਐਕਟ ਜਾਂ DRIPA:
    • 2019 ਵਿੱਚ ਵਿਧਾਨ ਸਭਾ ਦੇ ਸਾਰੇ ਦਲਾਂ ਦੇ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਇੱਕ ਕਾਨੂੰਨ ਹੈ।
    • ਇਹ ਮਾਨਤਾ ਦਿੰਦਾ ਹੈ ਕਿ ਇੰਡੀਜਨਸ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਕਾਨੂੰਨ ਅਤੇ ਫ਼ੈਸਲੇ ਉਨ੍ਹਾਂ ਦੇ ਨਾਲ ਮਿਲ ਕੇ ਕੀਤੇ ਜਾਣੇ ਚਾਹੀਦੇ ਹਨ, ਨਾ ਕਿ ਉਨ੍ਹਾਂ ਤੋਂ ਬਿਨਾਂ।
    • ਇਹ ਦਰਸਾਉਂਦਾ ਹੈ ਕਿ ਇਹ ਕੰਮ ਕਿਸ ਤਰ੍ਹਾਂ ਕਾਨੂੰਨੀ ਅਤੇ ਪਾਰਦਰਸ਼ੀ ਪ੍ਰਕਿਰਿਆਵਾਂ ਰਾਹੀਂ ਕੀਤਾ ਜਾਂਦਾ ਹੈ।
 

ਸੰਧੀਆਂ ਅਤੇ ਹੋਰ ਸਮਝੌਤੇ ਮਹੱਤਵਪੂਰਨ ਕਿਉਂ ਹਨ

  • ਗੱਲਬਾਤ ਰਾਹੀਂ ਤੈਅ ਕੀਤੇ ਗਏ ਸਮਝੌਤੇ ਭੂਮੀ ਦੀ ਵਰਤੋਂ, ਉਨ੍ਹਾਂ ਸਰੋਤਾਂ ਦੇ ਵਿਕਾਸ ਅਤੇ ਸੇਵਾਵਾਂ ਮੁਹੱਈਆ ਕਰਨ ਲਈ ਹੋਰ ਸਪੱਸ਼ਟ ਨਿਯਮ ਸਥਾਪਿਤ ਕਰਕੇ ਹਰ ਕਿਸੇ ਦੀ ਸੁਰੱਖਿਆ ਕਰਦੇ ਹਨ, ਜਿਨ੍ਹਾਂ ਉੱਤੇ ਲੋਕ ਭਰੋਸਾ ਕਰ ਸਕਦੇ ਹਨ।
  • ਗੱਲਬਾਤ ਰਾਹੀਂ ਤੈਅ ਕੀਤੇ ਗਏ ਸਮਝੌਤਿਆਂ ਦਾ ਵਿਕਲਪ ਸਾਲਾਂ ਤੱਕ ਚੱਲਣ ਵਾਲੀ ਅਦਾਲਤੀ ਕਾਰਵਾਈ ਹੈ, ਜੋ ਆਰਥਿਕ ਤਰੱਕੀ ਵਿੱਚ ਦੇਰੀ ਕਰਦੀ ਹੈ ਅਤੇ ਜਿਸ ਵਿੱਚ ਭਾਈਚਾਰਿਆਂ ਜਾਂ ਚੁਣੀਆਂ ਹੋਈਆਂ ਸਰਕਾਰਾਂ ਦੀ ਬਜਾਏ ਜੱਜ ਅੰਤਿਮ ਫ਼ੈਸਲੇ ਲੈਂਦੇ ਹਨ।
 

ਮੇਲ-ਮਿਲਾਪ ਦਾ ਤੁਹਾਡੇ ਲਈ ਕੀ ਅਰਥ ਹੈ

  • ਨਿੱਜੀ ਪ੍ਰੌਪਰਟੀ ਅਧਿਕਾਰਾਂ ਦੀ ਸੁਰੱਖਿਆ ਕੀਤੀ ਜਾਂਦੀ ਹੈ।
  • ਜਨਤਕ ਭੂਮੀਆਂ ਦਾ ਪ੍ਰਬੰਧਨ ਪਹੁੰਚ, ਸਰੋਤਾਂ ਦੇ ਵਿਕਾਸ, ਸੰਭਾਲ ਅਤੇ ਸਾਂਝੇ ਫ਼ੈਸਲੇ ਲੈਣ ਲਈ ਹੋਰ ਸਪੱਸ਼ਟ ਨਿਯਮਾਂ ਰਾਹੀਂ ਕੀਤਾ ਜਾਂਦਾ ਹੈ।
  • ਕਾਰੋਬਾਰਾਂ, ਕਾਮਿਆਂ ਅਤੇ ਭਾਈਚਾਰਿਆਂ ਨੂੰ ਅਨੁਮਾਨਯੋਗ ਜਨਤਕ ਸ਼ਮੂਲੀਅਤ, ਮਨਜ਼ੂਰੀ ਪ੍ਰਕਿਰਿਆਵਾਂ ਅਤੇ ਵਿਵਾਦ ਨਿਪਟਾਰਾ ਪ੍ਰਕਿਰਿਆਵਾਂ ਦਾ ਲਾਭ ਮਿਲਦਾ ਹੈ।
  • ਸਰਕਾਰਾਂ ਅਤੇ ਫਰਸਟ ਨੇਸ਼ਨਜ਼ ਕੋਲ ਸਾਂਝੀਆਂ ਤਰਜੀਹਾਂ ਉੱਤੇ ਮਿਲ ਕੇ ਕੰਮ ਕਰਨ ਲਈ ਹੋਰ ਸਪੱਸ਼ਟ ਢਾਂਚੇ ਹੁੰਦੇ ਹਨ।

 


ਵਿਸ਼ੇਸ਼ ਕਹਾਣੀਆਂ

 

ਇੰਡੀਜਨਸ ਆਰਥਿਕ ਵਿਕਾਸ ਨੂੰ ਅੱਗੇ ਵਧਾਉਣਾ

‘ਫਰਸਟ ਨੇਸ਼ਨਜ਼ ਸੈਂਟਰ ਔਫ ਐਕਸੀਲੈਂਸ ਫਾਰ ਇਕੋਨੌਮਿਕ ਡਿਵੈਲਪਮੈਂਟ’ ਇੰਡੀਜਨਸ ਭਾਈਚਾਰਿਆਂ ਨੂੰ ਕਾਰੋਬਾਰੀ ਸਮਰੱਥਾ ਵਿਕਸਿਤ ਕਰਨ ਅਤੇ ਮੁੱਖ ਪ੍ਰੋਜੈਕਟਾਂ ਵਿੱਚ ਭਾਈਵਾਲਾਂ, ਨਿਵੇਸ਼ਕਾਂ ਜਾਂ ਸਮਰਥਕਾਂ ਵਜੋਂ ਭਾਗ ਲੈਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਬੀ.ਸੀ. ਦੇ ਲੋਕਾਂ ਲਈ ਹੋਰ ਨੌਕਰੀਆਂ ਪੈਦਾ ਹੁੰਦੀਆਂ ਹਨ।

 

ਮੇਲ-ਮਿਲਾਪ ਸਮਝੌਤੇ ਰਾਹੀਂ ਇਤਿਹਾਸ ਸਿਰਜਣਾ

ਬੀ.ਸੀ. ਅਤੇ Tahltan ਕੇਂਦਰੀ ਸਰਕਾਰ ਨੇ ਸੂਬੇ ਦੇ ਪਹਿਲੇ ਸਹਿਮਤੀ-ਆਧਾਰਿਤ ਫ਼ੈਸਲਾ ਲੈਣ ਵਾਲੇ ਸਮਝੌਤੇ ਰਾਹੀਂ ਇਤਿਹਾਸ ਸਿਰਜਿਆ ਹੈ। ਇਹ ਸਾਡੀਆਂ ਕੁਦਰਤੀ ਸੰਪਤੀਆਂ ਦੇ ਪ੍ਰਬੰਧਨ ਅਤੇ ਉਨ੍ਹਾਂ ਤੋਂ ਮਿਲਣ ਵਾਲੇ ਲਾਭਾਂ ਨੂੰ ਸਾਂਝਾ ਕਰਨ ਲਈ ਮਿਲ ਕੇ ਕੰਮ ਕਰਨ ਦਾ ਇੱਕ ਨਵਾਂ ਮਾਡਲ ਹੈ।

 

ਭਾਈਚਾਰਿਆਂ ਨੂੰ ਹਾਈ-ਸਪੀਡ ਇੰਟਰਨੈਟ ਨਾਲ ਜੋੜਨਾ

ਪੇਂਡੂ, ਦੂਰ-ਦੁਰਾਡੇ ਅਤੇ ਫਰਸਟ ਨੇਸ਼ਨਜ਼ ਭਾਈਚਾਰਿਆਂ ਵਿੱਚ ਬਿਹਤਰ ਹਾਈ-ਸਪੀਡ ਇੰਟਰਨੈਟ ਰੋਜ਼ਾਨਾ ਜੀਵਨ ਵਿੱਚ ਬਦਲਾਅ ਲਿਆ ਰਿਹਾ ਹੈ। ਇਹ ਲੋਕਾਂ ਨੂੰ ਆਪਸ ਵਿੱਚ ਜੋੜਦਾ ਹੈ, ਵਰਚੁਅਲ ਸਿਹਤ ਸੰਭਾਲ ਤੱਕ ਪਹੁੰਚ ਵਿੱਚ ਸੁਧਾਰ ਕਰਦਾ ਹੈ ਅਤੇ ਰਿਮੋਟ ਕੰਮ ਅਤੇ ਆਨਲਾਈਨ ਸਿੱਖਿਆ ਦੇ ਮੌਕੇ ਪੈਦਾ ਕਰਦਾ ਹੈ।

 

ਬੱਚਿਆਂ, ਨੌਜਵਾਨਾਂ ਅਤੇ ਪਰਿਵਾਰਾਂ ਲਈ ਬਦਲਾਅ ਲਿਆਉਣਾ

ਇੰਡੀਜਨਸ ਯੂਥ ਵੈਲਨੇਸ ਵਰਕਰ ਆਪਣੇ ਗਿਆਨ ਅਤੇ ਤਜਰਬੇ ਸਾਂਝੇ ਕਰ ਰਹੇ ਹਨ, ਤਾਂ ਜੋ ਇੰਡੀਜਨਸ ਬੱਚਿਆਂ, ਨੌਜਵਾਨਾਂ ਅਤੇ ਪਰਿਵਾਰਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਪ੍ਰੇਰਣਾ ਮਿਲ ਸਕੇ।

 

'ਕਮਿੰਗ ਹੋਮ ਟੂ ਗ੍ਰੈਂਡਮਦਰਜ਼ ਕਿਚਨ' (ਪੂਰਖਿਆਂ ਦੀ ਭੂਮੀ ਅਤੇ ਗਿਆਨ ਨਾਲ ਮੁੜ ਜੁੜਨਾ)

ਇੰਡੀਜਨਸ ਅਤੇ ਪੱਛਮੀ ਗਿਆਨ ਅਤੇ ਸੰਭਾਲ ਦੇ ਤਰੀਕਿਆਂ ਨੂੰ ਇਕੱਠਿਆਂ ਵਰਤਣਾ, ਵੈਨਕੂਵਰ ਆਇਲੈਂਡ ਉੱਤੇ ਖਤਰੇ ਹੇਠ ਆਆਈਆਂ p’hwulhp (Garry Oak) ਪਰਿਆਵਰਣਕ ਪ੍ਰਣਾਲੀਆਂ ਦੀ ਸੁਰੱਖਿਆ ਕਰਨ ਵਿੱਚ ਮਦਦ ਕਰ ਰਿਹਾ ਹੈ।

 

ਨਿਯੰਤਰਿਤ ਅੱਗ ਲਗਾਉਣ ਦੀ ਸਿਖਲਾਈ (prescribed fire training) ਰਾਹੀਂ ਜੰਗਲਾਂ ਦੀ ਸੁਰੱਖਿਆ ਕਰਨਾ

Ktunaxa Nation ਨਾਲ ਇੱਕ ਸਿਖਲਾਈ ਵਟਾਂਦਰਾ ਪਹਿਲਕਦਮੀ ਦੌਰਾਨ, ਰਵਾਇਤੀ ਇੰਡੀਜਨਸ ਅੱਗ-ਸੰਬੰਧੀ ਗਿਆਨ ਦੀ ਵਰਤੋਂ ਵਾਧੂ ਬਨਸਪਤੀ ਨੂੰ ਘਟਾਉਣ ਲਈ ਕੀਤੀ ਗਈ, ਤਾਂ ਜੋ ਗੰਭੀਰ ਜੰਗਲੀ ਅੱਗਾਂ ਨੂੰ ਰੋਕਿਆ ਜਾ ਸਕੇ ਅਤੇ ਹੋਰ ਸਿਹਤਮੰਦ ਜੰਗਲਾਂ ਅਤੇ ਪਰਿਆਵਰਣਕ ਪ੍ਰਣਾਲੀਆਂ ਦਾ ਸਮਰਥਨ ਕੀਤਾ ਜਾ ਸਕੇ।


ਤਾਜ਼ਾ ਜਾਣਕਾਰੀ ਲਓ

ਮੇਲ-ਮਿਲਾਪ ਸੰਬੰਧੀ ਚੱਲ ਰਹੇ ਕੰਮ ਅਤੇ ਇਹ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਦੇ ਜੀਵਨ ਵਿੱਚ ਕਿਸ ਤਰ੍ਹਾਂ ਬਦਲਾਅ ਲਿਆ ਰਿਹਾ ਹੈ, ਇਸ ਬਾਰੇ ਤਾਜ਼ਾ ਜਾਣਕਾਰੀ ਲੈਂਦੇ ਰਹੋ।